fbpx Nawidunia - Kul Sansar Ek Parivar

ਹਰ ਦਿਨ, ਹਰ ਪਲ ਹੀ ਰੰਗਮੰਚ ਦਿਵਸ / ਸੰਜੀਵਨ ਸਿੰਘ

ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ (I.T.I.)  ਨੇ ਰੰਗਮੰਚ ਦੀ ਲੋੜ, ਕਦਰ ਤੇ ਮਹੱਤਵ ਨੂੰ ਸਮਝਣ ਲਈ ਵਿਸ਼ਵ ਰੰਗਮੰਚ ਦਿਹਾੜਾ ਵਿਸ਼ਵ ਭਰ ਵਿਚ ਮਨਾਉਣਾ ਉਣਾਹਠ ਸਾਲ ਪਹਿਲਾਂ 1961 ਵਿਚ ਆਰੰਭ ਕੀਤਾ। ਇਸ ਦਿਨ ਇਕ ਮਸ਼ਹੂਰ ਰੰਗਮੰਚੀ ਕਲਾਕਾਰ ਦਾ ਰੰਗਮੰਚ ਦੇ ਵਰਤਮਾਨ ਤੇ ਭਵਿਖ ਬਾਰੇ ਵਿਚਾਰ/ਸੰਦੇਸ਼ ਸਾਂਝਾ ਕਰਦਾ ਹੈ। ਰੰਗਮੰਚ ਬਾਬਤ ਪਹਿਲਾਂ ਵਿਚਾਰ/ਸੰਦੇਸ਼ ਬਿਹਤਰੀਨ ਅੰਤਰਰਾਸ਼ਟਰੀ ਪ੍ਰਸਿੱਧੀ ਰੰਗਕਰਮੀ ਜੀਨ ਕੋਕਟੋ (Jean Cocteau)  ਨੇ ਅਠਵੰਜਾ ਸਾਲ ਪਹਿਲਾਂ 1962 ਵਿਚ ਵਿਸ਼ਵ ਭਰ ਦੇ ਰੰਗਕਰਮੀਆਂ ਨਾਲ ਸਾਂਝਾ ਕੀਤਾ। ਜੋ 50 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਸੰਸਾਰ ਭਰ ਦੇ ਸੈਂਕੜੇ ਅਖ਼ਬਾਰਾਂ/ਰਸਾਲਿਆਂ ਵਿਚ ਛਪ ਕੇ ਦੁਨੀਆ ਦੇ ਕੋਨੇ ਕੋਨੇ ਵਿਚ ਪਹੁੰਚਿਆ। ਜੀਨ ਕੋਕਟੋ ਦੇ ਸੰਦੇਸ਼ ਦੇ ਕੁੱਝ ਅੰਸ਼ ”…ਮੇਰਾ ਰੰਗਮੰਚੀ ਸੰਸਾਰ ਉਨ੍ਹਾਂ ਦਰਸ਼ਕਾਂ ਨੂੰ ਮਿਲਣ ਦੇ ਉਨ੍ਹਾਂ ਪਲਾਂ/ਛਿਣਾਂ ਵਿਚ ਪਿਆ ਹੈ, ਜਿਹੜੇ ਰੰਗਮੰਚੀ ਥੜ੍ਹੇ ਉੱਤੇ ਰਾਤ ਨੂੰ ਮੇਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਹਨ, ਕੁੱਝ ਘੰਟੇ, ਕੁੱਝ ਪਲ, ਕੁੱਝ ਛਿਣ ਸਾਂਝੇ ਕਰਨ ਲਈ। ਆਪਣੇ ਆਪ ਵਿਚ ਰਹਿਣ, ਆਪਣੇ ਆਪ ਲਈ ਜਿਊਣ, ਆਪਣੇ ਆਪ ਲਈ ਦੁਖੀ ਹੋਣ ਤੋਂ ਮੁਕਤ ਹੋ ਕੇ ਮੇਰੀ ਰੰਗਮੰਚੀ ਜ਼ਿੰਦਗੀ ਬਣੀ ਹੈ। ਰੰਗਮੰਚ ਦੇ ਅਰਥ, ਪ੍ਰਭਾਵ ਅਤੇ ਸ਼ੁੱਧ ਅਲੌਕਿਕ ਸਚਾਈ ਦੇ ਪਲਾਂ ਵਿਚ ਜੀਅ ਕੇ, ਸਮਝ ਕੇ ਮੇਰਾ ਤਕਰੀਬਨ ਮੁੜ ਜਨਮ ਹੀ ਹੁੰਦਾ ਹੈ…।”

ਵੈਸੇ ਤਾਂ ਮਨੁੱਖ ਦੇ ਹੋਂਦ ਵਿਚ ਆਉਂਦੀ ਸਾਰ ਹੀ ਰੰਗਮੰਚ ਨੂੰ ਹੋਂਦ ਵਿਚ ਆਉਣਾ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਬੋਲਣ ਤੋਂ ਪਹਿਲਾਂ ਮਨੁੱਖ ਦਾ ਇਸ਼ਾਰਿਆਂ/ਹਾਵਾਂ-ਭਾਵਾਂ ਨਾਲ ਆਪਣੀ ਮਨੋਭਾਵਨਾਂ ਵਿਅਕਤ ਕਰਨਾ ਰੰਗਮੰਚ ਤਾਂ ਹੀ ਸੀ ਪਰ ਵਿਧੀਬੱਧ ਤੌਰ ‘ਤੇ ਵਿਸ਼ਵ ਰੰਗਮੰਚ ਛੇਵੀਂ ਸਦੀ (ਬੀ.ਸੀ.) ਦੌਰਾਨ ਪ੍ਰਾਚੀਨ ਯੂਨਾਨੀ ਨਾਟਕੀ ਮੰਚਨ ਰਾਹੀਂ ਹੋਂਦ ਵਿਚ ਆਇਆ। ਭਾਰਤੀ ਰੰਗਮੰਚ ਪੰਦ੍ਹਰਵੀਂ ਸਦੀ (ਬੀ.ਸੀ.) ਦੌਰਾਨ ਹੋਂਦ ਵਿਚ ਆਇਆ। ਪਹਿਲੀ ਸਦੀ ਵਿਚਕਾਰ ਉੱਭਰਿਆ ਤੇ ਪਹਿਲੀ ਸਦੀ ਅਤੇ ਦਸਵੀਂ ਸਦੀ ਦਰਮਿਆਨ ਵਿਕਸਤ ਹੋਇਆ। ਇਹ ਸਮਾਂ ਭਾਰਤ ਦੇ ਇਤਿਹਾਸ ਦਾ ਸ਼ਾਂਤੀਪੂਰਨ ਸਮਾਂ ਸੀ ਅਤੇ ਇਸ ਦੌਰਾਨ ਸੈਂਕੜੇ ਨਾਟਕ ਲਿਖੇ ਤੇ ਮੰਚਿਤ ਹੋਏ। ਭਾਰਤੀ ਰੰਗਮੰਚ ਦਾ ਮੂਲ-ਰੂਪ ਸੰਸਕ੍ਰਿਤ ਰੰਗਮੰਚ ਸੀ। ਦਰਅਸਲ ਵਿਸ਼ਵ ਰੰਗਮੰਚ ਪੰਚੀ ਸੌ ਸਾਲਾਂ ਦੌਰਾਨ ਵਿਗਸਿਆ, ਪਣਪਿਆ ਤੇ ਪ੍ਰਵਾਨ ਚੜ੍ਹਿਆ।

ਪੰਜਾਬੀ ਰੰਗਮੰਚ ਦੀ ਉਮਰ ਵੀ ਇਕ ਸਦੀ ਤੋਂ ਉੱਪਰ ਦੀ ਹੋ ਚੁੱਕੀ ਹੈ। ਪੰਜਾਬ ਦੀ ਜ਼ਮੀਨ ‘ਤੇ ਪੰਜਾਬੀ ਰੰਗਮੰਚ ਦੀ ਬੀਜ ਨੋਰਾ ਰਿਚਰਡਜ਼ ਨੇ ਬੀਜਿਆ। ਜੋ ਆਇਰਸ਼ ਰਾਸ਼ਟਰੀ ਰੰਗਮੰਚ ਨਾਲ ਅਦਾਕਾਰਾ ਵਜੋਂ ਜੁੜੇ ਹੋਏ ਸਨਨੋਰਾ ਰਿਚਰਡਜ਼ ਆਪਣੇ ਪ੍ਰੋਫੈਸਰ ਪਤੀ ਐਡਵਰਡ ਰਿਚਰਡਜ਼ ਨਾਲ ਆਏ ਸਨ। ਐਡਵਰਡ ਰਿਚਰਡਜ਼ ਲਾਹੌਰ ਦੇ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦੇ ਸਨ। ਪਹਿਲੇ ਪੰਜਾਬੀ ਨਾਟਕਕਾਰ ਆਈ.ਸੀ. ਨੰਦਾ ਸਨ, ਜਿਨ੍ਹਾਂ ਬਾਲ ਵਿਆਹ ਦੀ ਗੱਲ ਕਰਦਾ ਨਾਟਕ ”ਸੁਹਾਗ” ਰਚ ਕੇ ਮੰਚਿਤ ਕੀਤਾ।

Norah Richard’s home in Andretta

ਕਲਾ ਦੀ ਕਿਸੇ ਵੀ ਵਿਧਾ (ਚਾਹੇ ਉਹ ਰੰਗਮੰਚ ਹੋਵੇ, ਸਾਹਿਤ ਹੋਵੇ, ਭਾਸ਼ਾ ਹੋਵੇ, ਗਾਇਕੀ ਜਾਂ ਸ਼ਿਲਪਕਾਰੀ ਹੋਵੇ) ਦੇ ਪਨਪਣ, ਵਿਗਸਣ ਤੇ ਪ੍ਰਵਾਨ ਚੜ੍ਹਨ ਦੀ ਪਹਿਲੀ ਸ਼ਰਤ ਹੁੰਦੀ ਹੈ, ਉਸ ਖ਼ਿੱਤੇ ਵਿਚ ਮਾਹੌਲ ਸ਼ਾਂਤ ਹੋਵੇ, ਦੂਜੀ ਸ਼ਰਤ ਹੈ ਹਾਕਮ ਦੀ ਨੀਅਤ ਅਤੇ ਰਾਜਨੀਤਿਕ ਇੱਛਾ ਸ਼ਕਤੀ ਹੋਵੇ ਅਤੇ ਤੀਸਰੀ ਸ਼ਰਤ ਹੈ ਸਰੋਤੇ/ਪਾਠਕ/ਦਰਸ਼ਕ ਦਾ ਹਾਂ-ਪੱਖੀ ਤੇ ਉਤਸ਼ਾਹਜਨਕ ਹੁੰਗਾਰਾ/ਰਵੱਈਆ ਹੋਵੇ। ਕਹਿੰਦੇ ਨੇ ”ਲਾਹੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ” ਮੁਲਕ ਦਾ ਬੂਹਾ ਹੋਣ ਕਾਰਣ ਹਮਲਾਵਰ ਦਾ ਪਹਿਲਾ ਵਾਰ ਪੰਜਾਬ/ਪੰਜਾਬੀਆਂ ਨੇ ਹੀ ਆਪਣੀ ਛਾਤੀ ‘ਤੇ ਝੱਲਿਆ। ਹਮਲਾਵਰ ਵੀ ਇਕ ਨਹੀਂ ਕਈ। ਇਸ ਲਈ ਪਹਿਲੀ ਸ਼ਰਤ ਹੀ ਪੰਜਾਬ ਦੇ ਪੱਖ ਵਿਚ ਨਹੀਂ। ਕਲਾ ਵੱਲ ਹਾਕਮ ਦੀ ਵੀ ਕਦੇ ਨਜ਼ਰ ਸਵੱਲੀ ਨਹੀਂ ਰਹੀ। ਕਦੇ ਵੀ ਜ਼ਰਖੇਜ਼ ਤੇ ਸੁਖਾਵਾਂ ਮਾਹੌਲ ਮੁਹੱਈਆ ਨਹੀ ਕਰਵਾਇਆ, ਕਾਰਣ ਸਪਸ਼ਟ ਹੈ। ਉਸਾਰੂ, ਸਿਹਤਮੰਦ, ਨਿਰੋਈ ਕਲਾ ਲੋਕਾਂ ਨੂੰ ਜਾਗਰੂਕ ਕਰਦੀ ਹੈ, ਹਾਕਮ ਨੂੰ ਜਾਗਰੂਕ ਅਵਾਮ ਰਾਸ ਨਹੀਂ ਆਉਂਦੀ। ਰਹੀ ਗੱਲ ਲੋਕਾਂ ਦੀ, ਲੋਕਾਂ ਨੂੰ ਵੀ ਸ਼ਾਇਦ ਆਪਣੀ ਵਿਥਿਆ ਸੁਣਨੀ/ਪੜ੍ਹਨੀ/ਵੇਖਣੀ ਘੱਟ ਹੀ ਪਸੰਦ ਹੈ। ਉਹ ਵੀ ਸ਼ਾਇਦ ਆਪਣੀ ਹਾਉਮੇ ਨੂੰ ਪੱਠੇ ਪਾਉਂਦਾ ਤੇ ਚੱਕ ਲਓ, ਚੱਕ ਲਓ ਕਿਸਮ ਦੀਆਂ ਬਾਤਾਂ ਸੁਣਨੀਆਂ/ਪੜ੍ਹਨੀਆਂ/ਵੇਖਣੀਆਂ ਹੀ ਪਸੰਦ ਹਨ। ਅਜਿਹੇ ਨਾ-ਸਾਜ਼ਗਾਰ ਤੇ ਨਾਖ਼ੁਸ਼ਗਵਾਰ ਮਾਹੌਲ ਦੇ ਬਾਵਜੂਦ ਪੰਜਾਬੀ ਰੰਗਮੰਚ ਨੇ ਜੋ ਮੁਕਾਮ ਹਾਸਲ ਕੀਤਾ ਹੈ, ਜੋ ਬੁਲੰਦੀਆਂ ਛੋਹੀਆਂ ਹਨ ਉਨ੍ਹਾਂ ਦਾ ਜ਼ਿਕਰ ਵੀ ਕਰਨਾ ਬਣਦਾ ਹੈ, ਉਨ੍ਹਾਂ ਉੱਤੇ ਮਾਣ ਵੀ ਕਰਨਾ ਵਾਜਬ ਹੈ।

ਪੰਜਾਬੀ ਰੰਗਮੰਚ ਬਾਰੇ ਅਕਸਰ ਹੀ ਕੁੱਝ ਦੋਸਤ ਇਹ ਵਿਚਾਰ ਬਿਨਾਂ ਝਿਜਕ ਪ੍ਰਗਟ ਕਰਦੇ ਹਨ, ”ਪੰਜਾਬੀ ਰੰਗਮੰਚ ਵਿਸ਼ਵ ਤੇ ਹਿੰਦੁਸਤਾਨੀ ਰੰਗਮੰਚ ਦੇ ਮੁਕਾਬਲੇ ਪਛੜਿਆ ਹੋਇਆ ਹੈ, ਗ਼ਰੀਬ ਹੈ।” ਹੈਰਾਨੀ ਦੀ ਹੱਦ ਉਦੋਂ ਨਹੀਂ ਰਹਿੰਦੀ ਜਦੋਂ ਇਹ ਰਾਏ ਅਜਿਹੇ ਦੋਸਤਾਂ ਦੀ ਹੁੰਦੀ ਹੈ, ਜਿਨ੍ਹਾਂ ਨਾ ਤਾਂ ਵਿਸ਼ਵ, ਨਾ ਹੀ ਹਿੰਦੁਸਤਾਨੀ ਅਮੀਰ ਤੇ ਵਿਕਸਤ ਰੰਗਮੰਚ ਨੂੰ ਤਾਂ ਕੀ, ਕਦੇ ਪੰਜਾਬੀ ਰੰਗਮੰਚ ਨੂੰ ਵੀ ਦੇਖਿਆ/ਪੜ੍ਹਿਆ ਨਹੀਂ ਹੁੰਦਾ। ਮਰਹੂਮ ਰੰਗਕਰਮੀ ਆਈ.ਸੀ. ਨੰਦਾ, ਬਲਵੰਤ ਗਾਰਗੀ, ਗੁਰਦਿਆਲ ਸਿੰਘ ਫੁਲ ਆਦਿ ਨੇ ਆਪਣੀ ਸੂਝ-ਬੂਝ ਤੇ ਕਲਾਮਈ ਨਾਟਕੀ ਕਿਰਤਾਂ ਰਾਹੀਂ ਪੰਜਾਬੀ ਰੰਗਮੰਚ ਨੂੰ ਅਮੀਰੀ ਬਖ਼ਸ਼ੀ। ਮਰਹੂਮ ਗੁਰਸ਼ਰਨ ਭਾ ਜੀ ਅਤੇ ਅਜਮੇਰ ਔਲਖ ਹੋਰਾਂ ਪੰਜਾਬੀ ਨਾਟਕ ਨੂੰ ਚਾਹੇ ਆਪਣੇ ਵਿਚਾਰ ਪ੍ਰਗਟ ਕਰਨ ਤੇ ਆਪਣੀ ਸੋਚ ਨੂੰ ਵਿਅਕਤ ਕਰਨ ਦਾ ਜ਼ਰੀਆ ਬਣਾਇਆ ਹੈ ਪਰ ਉਨ੍ਹਾਂ ਪੰਜਾਬੀ ਨਾਟਕ ਨੂੰ ਸ਼ਹਿਰਾਂ ਵਿਚੋਂ ਕੱਢ ਕੇ ਪਿੰਡਾਂ ਵਿਚ ਵੀ ਮਕਬੂਲ ਕੀਤਾ। ਪੰਜਾਬ ਦੇ ਸ਼ਹਿਰੀਆਂ ਨੂੰ ਭਾਵੇਂ ਨਾਟਕ, ਫ਼ਿਲਮਾਂ ਤੇ ਟੀ.ਵੀ. ਸੀਰੀਅਲਾਂ ਵਿਚ ਕੋਈ ਬਹੁਤਾ ਫ਼ਰਕ ਨਾ ਮਹਿਸੂਸ ਹੁੰਦਾ ਹੋਵੇ, ਪਰ ਪਿੰਡਾਂ ਤੇ ਕਸਬਿਆਂ ਦੇ ਲੋਕਾਂ ਨੂੰ ਇਨ੍ਹਾਂ ਵਿਚ ਫ਼ਰਕ ਵੀ ਪਤਾ ਹੈ ਤੇ ਮਹੱਤਵ ਵੀ। ਤਾਂ ਹੀ ਉਹ ਮੀਲਾਂ ਦਾ ਫ਼ਾਸਲਾ ਤੈਅ ਕਰਕੇ ਨਾਟਕ ਦੇਖਣ ਵੀ ਜਾਂਦੇ ਹਨ, ਆਨੰਦ ਵੀ ਮਾਣਦੇ ਹਨ, ਸੋਚਣ ਵੀ ਲੱਗਦੇ ਹਨ। ਪਰ ਇਹ ਕਾਰਜ ਏਨਾ ਸਹਿਜ ਤੇ ਆਸਾਨ ਨਾ ਹੁੰਦਾ ਜੇ ਇਪਟਾ ਦੇ ਸਿਰੜੀ ਰੰਗਕਰਮੀਆਂ ਨੇ ਰੰਗਮੰਚੀ ਜ਼ਮੀਨ ਤਿਆਰ ਨਾ ਕੀਤੀ ਹੁੰਦੀ। ਤੇਰਾ ਸਿੰਘ ਚੰਨ, ਸੁਰਿੰਦਰ ਕੌਰ (ਲੋਕ-ਗਾਇਕਾ), ਜਗਦੀਸ਼ ਫ਼ਰਿਆਦੀ, ਨਿਰੰਜਨ ਸਿੰਘ ਮਾਨ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ, ਅਮਰਜੀਤ ਗੁਰਦਾਸ ਪੁਰੀ, ਪ੍ਰੀਤ ਮਾਨ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਡਾ. ਪ੍ਰਿਥੀਪਾਲ ਸਿੰਘ ਮੈਣੀ, ਡਾ. ਇਕਬਾਲ ਕੌਰ, ਓਮਾ ਗੁਰਬਖ਼ਸ਼ ਸਿੰਘ, ਦਲਬੀਰ ਕੌਰ, ਕੇ.ਐਸ. ਸੂਰੀ, ਨਰਿੰਦਰ ਕੌਰ, ਉਰਮਿਲਾ ਆਨੰਦ, ਡਾ. ਹਰਸ਼ਰਨ ਸਿੰਘ ਸਮੇਤ ਅਨੇਕਾਂ ਰੰਗਕਰਮੀਆਂ ਨੇ ਪੰਜਾਬੀ ਰੰਗਮੰਚ ਰੂਪੀ ਉੱਭੜ-ਖਾਬੜ, ਹਨੇਰੇ ਤੇ ਬੀਆਬਾਨ ਰਸਤਿਆਂ ਵਿਚ ਆਪਣੇ ਜਿਗਰ ਦਾ ਖ਼ੂਨ ਬਾਲ ਕੇ ਚਿਰਾਗ਼ ਰੌਸ਼ਨ ਨਾ ਕੀਤੇ ਹੁੰਦੇ। ਜੇ ਕਰਤਾਰ ਸਿੰਘ ਦੁੱਗਲ, ਹਰਪਾਲ ਟਿਵਾਣਾ, ਸੰਤ ਸਿੰਘ ਸੇਖੋਂ, ਡਾ. ਹਰਚਰਨ ਸਿੰਘ, ਕਪੂਰ ਸਿੰਘ ਘੁੰਮਣ, ਸੁਰਜੀਤ ਸਿੰਘ ਸੇਠੀ ਤੇ ਹਰਸ਼ਰਨ ਸਿੰਘ ਵਰਗੇ ਚਾਨਣ ਮੁਨਾਰੇ ਨਾ ਹੁੰਦੇ ਤੇ ਉਨ੍ਹਾਂ ਪਿੱਛੇ ਡਾ. ਆਤਮਜੀਤ, ਦੇਵਿੰਦਰ ਦਮਨ, ਰਾਣੀ ਬਲਬੀਰ, ਨੀਲਮ ਮਾਨ ਸਿੰਘ, ਡਾ.ਸੀ.ਡੀ. ਸਿੱਧੂ, ਚਰਨ ਸਿੰਘ ਸ਼ਿੰਦਰਾ, ਕੇਵਲ ਧਾਲੀਵਾਲ, ਜਤਿੰਦਰ ਬਰਾੜ, ਦਵਿੰਦਰ ਕੁਮਾਰ, ਪ੍ਰਾਣ ਸਭਰਵਾਲ, ਸੈਮੂਅਲ ਜੋਨ, ਬਲਦੇਵ ਸਿੰਘ ਮੋਗਾ, ਡਾ. ਸਤੀਸ਼ ਵਰਮਾ, ਟੋਨੀ ਬਾਤਿਸ਼, ਪਾਲੀ ਭੁਪਿੰਦਰ, ਫੁਲਵੰਤ ਮਨੌਚਾ ਵਰਗੇ ਅਨੇਕਾਂ ਉਦਮੀ ਤੇ ਸਿਰੜੀ ਰੰਗਕਰਮੀਆਂ ਦਾ ਕਾਫ਼ਲਾ ਨਾ ਹੁੰਦਾ। ਇਸ ਕਾਫ਼ਲੇ ਵਿਚ ਇਹ ਖ਼ੁਦ ਹੀ ਸ਼ਾਮਿਲ ਨਹੀਂ ਹੋਏ, ਇਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਇਨ੍ਹਾਂ ਨਾਲ ਹੋ ਤੁਰੇ। ਕੀ ਪੰਜਾਬੀ ਰੰਗਮੰਚ ਇਨ੍ਹਾਂ ਆਪਣੀ ਲਗਨ ਵਿਚ ਮਗਨ ਰੰਗਕਰਮੀਆਂ ਦੇ ਹੁੰਦੇ ਗਰੀਬ ਹੋ ਸਕਦਾ ਹੈ ਜਿਨ੍ਹਾਂ ਇਕ ਦੋ ਦਰਜਨ ਨਹੀਂ ਸੈਂਕੜੇ ਨਾਟ-ਪੁਸਤਕਾਂ ਪੰਜਾਬੀ ਰੰਗਮੰਚ ਦੀ ਝੋਲੀ ਪਾਈਆਂ। ਜਿਨ੍ਹਾਂ ਨੇ ਸੈਂਕੜੇ ਨਹੀਂ ਹਜ਼ਾਰਾਂ ਨਾਟਕਾਂ ਦਾ ਮੰਚਨ ਕਰਕੇ ਪੰਜਾਬੀ ਰੰਗਮੰਚ ਦਾ ਭੰਡਾਰਾ ਭਰਿਆ। ਜੇ ਅਸੀਂ ਹਾਲੇ ਵੀ ਪੰਜਾਬੀ ਰੰਗਮੰਚ ਨੂੰ ਪਛੜਿਆ ਹੋਇਆ ਸਮਝਦੇ ਰਹੀਏ, ਗ਼ਰੀਬ ਸਮਝਦੇ ਰਹੀਏ ਫੇਰ ਤਾਂ ਰੱਬ ਹੀ ਰਾਖਾ।

ਸਾਹਿਤ ਦੀਆਂ ਸਾਰੀਆਂ ਵਿਧਾਵਾਂ ਵਿਚੋਂ ਨਾਟਕ ਹੀ ਹੈ ਜੋ ਸਭ ਤੋਂ ਔਖੀ ਤੇ ਕਠਿਨ ਵਿਧਾ ਹੈ। ਨਾਟਕ ਲਿਖਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਦੌਰ ਔਕੜਾਂ ਦਾ, ਦੁਸ਼ਵਾਰੀਆਂ ਦਾ। ਢੁਕਵੇਂ ਪਾਤਰਾਂ ਲੱਭਣੇ, ਰਿਹਰਸਲ ਲਈ ਥਾਂ ਤਲਾਸ਼ਣੀ, ਗੀਤ-ਸੰਗੀਤ ਦੇ ਬੰਦੋਬਸਤ ਕਰਨ, ਸੈੱਟ, ਕਾਸਟਊਮ ਤੇ ਹੋਰ ਅਨੇਕਾਂ ਕਿਸਮ ਦੇ ਪ੍ਰਬੰਧ ਕਰਨੇ, ਨਾਟਕ ਦੇ ਮੰਚਨ ਵਾਸਤੇ ਮੰਚ ਭਾਲਣਾ। ਨਾਟਕ ਦੇ ਹਰ ਮੰਚਨ ਸਮੇਂ ਰੰਗਕਰਮੀ ਨੂੰ ਨਿੱਤ ਨਵੀਂ ਮੁਸ਼ਕਲ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਕਦੇ ਮੌਕੇ ‘ਤੇ ਕਿਸੇ ਕਲਾਕਾਰ ਦਾ ਇਨਕਾਰ ਕਰ ਦੇਣਾ, ਬਿਮਾਰ ਹੋ ਜਾਣਾ ਜਾਂ ਬਿਨਾਂ ਦੱਸੇ ਗ਼ਾਇਬ ਹੋ ਜਾਣਾ। ਕਦੇ ਢੁਕਵਾਂ ਮੰਚ ਨਹੀਂ ਮਿਲਦਾ। ਜਿਵੇਂ-ਕਿਵੇਂ ਕਰਕੇ ਫਸੀ ਨਿਬੇੜਨੀ ਪੈਂਦੀ ਹੈ ਜੋ ਦਿੱਕਤ ਹਰ ਨਾਟ-ਮੰਡਲੀ ਨੂੰ ਪੇਸ਼ ਆਉਂਦੀ ਹੈ, ਉਹ ਹੈ ਵਿੱਤੀ ਸਾਧਨਾ ਦੀ। ਵਿੱਤੀ ਸਰੋਤ ਹਰ ਨਾਟ ਮੰਡਲੀ ਦੇ ਮੋਹਰੀ ਨੂੰ ਆਪ ਹੀ ਤਲਾਸ਼ਣੇ ਪੈਂਦੇ ਹਨ ਕਿਉਂਕਿ ਸਰਕਾਰੀ ਅਦਾਰਿਆਂ ਦਿਆਂ ਭੜੋਲਿਆਂ ਵਿਚ ਦਾਣੇ ਤਾਂ ਅਕਸਰ ਮੁੱਕੇ ਹੀ ਰਹਿੰਦੇ ਹਨ।
ਘਰੋ-ਘਰੀ ਜਾ ਕੇ ਟਿਕਟਾਂ ਵੇਚਣ ਨੂੰ ਪੇਸ਼ੇਵਾਰ ਰੰਗਮੰਚ ਨਹੀਂ ਕਹਿੰਦੇ। ਪੇਸ਼ਾਵਰ ਨਾਟਕ ਕਹਿੰਦੇ ਹਨ, ਜਦੋਂ ਦਰਸ਼ਕ ਖਿੜਕੀ ਤੋਂ ਟਿਕਟ ਖ਼ਰੀਦ ਕੇ ਨਾਟਕ ਵੇਖੇ। ਪੇਸ਼ਾਵਰ ਰੰਗਮੰਚ ਹੋ ਰਿਹਾ ਹੈ ਬੰਗਾਲ ਵਿਚ, ਮਹਾਰਾਸ਼ਟਰ ਵਿਚ, ਗੁਜਰਾਤ ਵਿਚ ਜਿੱਥੇ ਨਾਟਕ ਦੌਰਾਨ ਭੀੜ ਉਮੜ ਕੇ ਪੈ ਜਾਂਦੀ ਹੈ। ਕਈ ਕਈ ਹਫ਼ਤੇ, ਮਹੀਨੇ ਲਗਾਤਾਰ ਨਾਟਕ ਚੱਲਦਾ ਹੈ। ਪੇਸ਼ਾਵਰ ਨਾਟਕ ਹੁੰਦਾ ਹੈ ਇੰਗਲੈਂਡ ਵਿਚ, ਅਮਰੀਕਾ ਵਿਚ, ਕਨੈਡਾ ਜਾਂ ਹੋਰ ਮੁਲਕਾਂ ਵਿਚ, ਜਿੱਥੇ ਇਕ ਇਕ ਨਾਟਕ ਸਾਲਾਂ-ਬੱਧੀ ਚੱਲਦਾ ਹੈ। ਨਾਟਕ ਦਾ ਲੇਖਕ, ਨਾਟਕ ਦਾ ਨਿਰਦੇਸ਼ਕ, ਨਾਟਕ ਵਿਚ ਕੰਮ ਕਰ ਰਹੇ ਕਲਾਕਾਰ ਬੱਚਿਆਂ ਤੋਂ ਜੁਆਨ ਤੇ ਜੁਆਨਾਂ ਤੋਂ ਬੁੱਢੇ ਹੋ ਜਾਂਦੇ ਹਨ। ਪਰ ਨਾਟਕ ਲਗਾਤਾਰ ਚੱਲਦਾ ਹੈ। ਕੁੱਝ ਇਸ ਜਹਾਨ ਨੂੰ ਅਲਵਿਦਾ ਵੀ ਕਹਿ ਦਿੰਦੇ ਹਨ। ਪਰ ਨਾਟਕ ਫੇਰ ਵੀ ਚੱਲਦਾ ਹੈ। ਰੰਗਕਰਮੀਆਂ ਦੇ ਘਰ ਦਾ ਗੁਜ਼ਾਰਾ ਵੀ ਚੱਲਦਾ ਹੈ ਤੇ ਨਾਟਕ ਵੀ ਚੱਲਦਾ ਹੈ।

ਦੁਸ਼ਵਾਰੀਆਂ ਤੇ ਔਕੜਾਂ ਭਰੇ ਪੰਜਾਬੀ ਰੰਗਮੰਚ ਦੇ ਰਾਹ ਤੁਰੇ ਸੈਂਕੜੇ ਨਾਟ-ਟੋਲੀਆਂ ਤੇ ਹਜ਼ਾਰਾਂ ਨਾਟ-ਕਰਮੀਆਂ ਦੇ ਸਿਰੜ ਤੇ ਸਿਦਕ ਨੂੰ ਸਲਾਮ। ਵੈਸੇ ਤਾਂ ਵਿਸ਼ਵ ਦੇ ਹਰ ਰੰਗਮੰਚੀ ਕਾਮੇ ਲਈ ਸਾਲ ਦਾ ਹਰ ਦਿਨ, ਹਰ ਪਲ, ਹਰ ਛਿਣ ਹੀ ਰੰਗਮੰਚ ਦਿਵਸ ਹੁੰਦਾ ਹੈ ਪਰ ਫੇਰ ਵੀ ਵਿਸ਼ਵ ਰੰਗਮੰਚ ਦਿਵਸ ਦੀਆਂ ਸੰਸਾਰ ਦੇ ਹਰ ਰੰਗਕਰਮੀ ਨੂੰ ਮੁਬਾਰਕਾਂ।

94174-60656

Share this post

Leave a Reply

Your email address will not be published. Required fields are marked *