fbpx Nawidunia - Kul Sansar Ek Parivar

ਜੇ ਜਿੱਤ ਦਾ ਪਰਚਮ …/ ਕਿਰਨ ਪਾਹਵਾ

ਜੇ ਜਿੱਤ ਦਾ ਪਰਚਮ ਲੈ ਕੇ ਘਰ ਆ ਜਾਏ ਕਿਸਾਨ,
ਫਿਰ ਹੋਲੀ ਦੇ ਰੰਗਾਂ ਦਾ ਵੀ ਦੂਣਾ ਹੋ ਜਾਏ ਮਾਣ।
ਸਾਰੇ ਝਗੜੇ ਝੇੜੇ ਮੁੱਕਣ ਸਾਰੇ ਇੱਕ ਹੋ ਜਾਵਣ,
ਸਾਰੇ ਲੋਕੀ ਹੱਸਣ ਵੱਸਣ ਗੀਤ ਖੁਸ਼ੀ ਦੇ ਗਾਵਣ,
’ਕੱਠੇ ਹੋ ਕੇ ਕਰਨ ਕਲੋਲਾਂ ਢੋਲੇ ਮਾਹੀਏ ਗਾਣ।
ਜੇ ਜਿੱਤ ਦਾ ਪਰਚਮ…


ਇਹ ਗਰੀਬ ਅਮੀਰ ਵਾਲੇ ਜੇ ਪਾੜੇ ਸਾਰੇ ਮੁੱਕਣ,
ਸਾਰੇ ਰਲ਼ ਕੇ ਦੇਸ਼ ਮੇਰੇ ਦੀ ਧੌਣ ਉੱਚੀ ਚੁੱਕਣ,
ਕੁੱਲ ਆਲਮ ਦੇ ਅੰਦਰ ਸਾਡਾ ਹੋ ਜਾਏ ਦੇਸ਼ ਮਹਾਨ।
ਜੇ ਜਿੱਤ ਦਾ ਪਰਚਮ…


ਨਾ ਕੋਈ ਹਿੰਦੂ ਮੁਸਲਿਮ ਵਾਲਾ ਫਿਰੇ ਵਜਾਉਂਦਾ ਢੋਲ,
ਸਭਨਾਂ ਦੇ ਦਿਲ ਅੰਦਰ ਮੌਲਾ ਦੇਵੇ ਮਿਸ਼ਰੀ ਘੋਲ,
ਹਰ ਇੱਕ ਬੰਦਾ ਚਮਕੇ ਐਦਾਂ ਜਿਉਂ ਹੀਰੇ ਦੀ ਖਾਨ।
ਜੇ ਜਿੱਤ ਦਾ ਪਰਚਮ…


ਚਾਰੇ ਪਾਸੇ ਖੁਸ਼ੀਆਂ ਹੋਵਣ ਹੋਵੇ ਨਵਾਂ ਸਵੇਰਾ,
ਸਮਝ ਜਾਣ ਜੇ ਸਾਰੇ ਲੋਕੀਂ ਕੁੱਝ ਨਹੀਂ ਤੇਰਾ ਮੇਰਾ,
ਉਹੀ ਮੰਜ਼ਿਲ ਸਰ ਕਰਦੇ ਨੇ ਜੋ ਤੁਰਦੇ ਵਾਂਗ ਤੂਫ਼ਾਨ।
ਜੇ ਜਿੱਤ ਦਾ ਪਰਚਮ…


ਫਿਰ ਤੋਂ ਸਾਡੇ ਖੇਤਾਂ ਵਿਚੋਂ ਆਉਣ ਪਿਆਰੀਆਂ ਮਹਿਕਾਂ,
ਆਉਂਦੇ ਜਾਂਦੇ ਰਾਹੀਆਂ ਨੂੰ ਵੀ ਛਾਵਾਂ ਦੇਣ ਧਰੇਕਾਂ,
ਵੇਖੀਂ ਪਿੱਪਲਾਂ ਉੱਤੇ ਬਹਿ ਕੇ ਪੰਛੀ ਮਿਸ਼ਰੇ ਗਾਣ।
ਜੇ ਜਿੱਤ ਦਾ ਪਰਚਮ…

  • ਪੀ.ਐੱਚ.ਡੀ. ਸਕਾਲਰ,
    ਪੰਜਾਬੀ ਯੂਨੀਵਰਸਿਟੀ ਪਟਿਆਲਾ

Share this post

Leave a Reply

Your email address will not be published. Required fields are marked *