ਪਿੰਡ ਦੀ ਗੋਦ / ਮੋਹਨ ਲਾਲ ਫਿਲੌਰੀਆ

ਭਲਾ ਪਿੰਡ ਨੂੰ ਵੀ ਗੋਦ ਲਿਆ ਜਾ ਸਕਦਾ ਹੈ?
ਕਿਉਂ ਪਿੰਡ ਨੂੰ ਕਿਉਂ ਨਹੀਂ ਗੋਦ ਲਿਆ ਜਾ ਸਕਦਾ?
ਨਹੀਂ, ਪਿੰਡ ਦੀ ਗੋਦ ਵਿਚ ਵਸਿਆ ਜਾ ਸਕਦਾ ਹੈ। ਗੋਦ ਪਿੰਡ ਦੀ ਹੁੰਦੀ ਹੈ-ਪਿੰਡ ਪਿੰਡ ਹੁੰਦਾ ਹੈ। ਪਿੰਡ ਦੀ ਵਿਸ਼ਾਲ ਗੋਦ ਹੁੰਦੀ ਹੈ। ਪਿੰਡ ਨੂੰ ਗੋਦ ਲੈਣਾ ਪਿੰਡ ਨਾਲ ਮਜ਼ਾਕ ਹੈ। ਬਹੁਤ ਵੱਡਾ ਮਜ਼ਾਕ। ਲਓ ਜੀ ਫੁਰਮਾਨ ਆਇਆ ਕਿ ਹਰ ਸੰਸਦ ਮੈਂਬਰ, ‘ਆਪਣੇ ਆਪਣੇ ਇਲਾਕੇ ਵਿਚ ਜਾ ਕੇ ਇਕ ਇਕ ਪਿੰਡ ਗੋਦ ਲਵੇਗਾ।’ ਅੰਦਾਜ਼ਾ ਲਗਾਓ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਇਕ ਸਾਧਾਰਨ ਮਨੁੱਖ ਦੀ ਗੋਦ ਕਿੱਡੀ ਵੱਡੀ ਹੋ ਜਾਂਦੀ ਹੈ, ਜਿਸ ਵਿਚ ਇਕ ਪਿੰਡ ਵੀ ਸਮਾ ਸਕੇਗਾ।
ਹਾਂ ਖਿਆਲ ਆਇਆ ਕਿ ਕੁਝ ਬੰਦੇ ਤਾਂ ਪਹਿਲਾਂ ਹੀ ਵੱਡੇ ਹੁੰਦੇ ਹਨ। ਸੰਸਦ ਮੈਂਬਰ ਬਣਨ ਤੋਂ ਬਾਅਦ ਉਹ ਹੋਰ ਵੀ ਵੱਡੇ ਹੋ ਜਾਂਦੇ ਹਨ। ਫਿਰ ਉਨ੍ਹਾਂ ਦੀ ਦੋਗ ਵਿਚ ਕੁਝ ਵੀ ਆ ਸਕਦਾ ਹੈ। ਜੇਕਰ ਗੋਦ ਵਿਚ ਪਿੰਡ ਨਹੀਂ ਆ ਸਕਦਾ ਤਾਂ ਬੜਾ ਕੁਝ ਹੈ ਜੋ ਇਕ ਸੰਸਦ ਮੈਂਬਰ ਦੀ ਗੋਦ ਵਿਚ ਆ ਸਕਦਾ ਹੈ। ਸੰਸਦ ਮੈਂਬਰ ਨੇ ਕੀ ਕਰਨਾ ਹੈ। ਦਿੱਲੀ ਬੈਠ ਕੇ ‘ਫੋਨ’ ਹੀ ਕਰਨੇ ਹਨ। ਪਿੰਡ ਦੇ ਵੋਟਰਾਂ ਦੀ ਲਿਸਟ ਹੱਥ ਵਿਚ ਰੱਖਣੀ ਹੈ। ਕਿਹੜੇ ਵੋਟਰਾਂ ਨੂੰ ਫੋਨ ਕਰਨੇ ਹਨ। ਪਿੰਡ ਦੇ ਸਰਪੰਚ ਦਾ ਫੋਨ ਖ਼ਾਸ ਕਰ ਕੇ ਸਾਹਮਣੇ ਰੱਖਣਾ ਹੈ ਤਾਂ ਕਿ ਉਹ ਧਿਆਨ ਰੱਖੇ ਕਿ ਪਿੰਡ ਵਿਚ ਖ਼ੁਸ਼ੀ ਗਮੀ ਦਾ ਕਿੱਥੇ ਤੇ ਕਿਹਦੇ ਮੌਕਾ ਆਇਆ ਹੈ। ਕਿਹੜੀਆਂ ਕੁੜੀਆਂ ਦੇ ਵਿਆਹ ਧਰੇ ਹਨ, ਜਿਨ੍ਹਾਂ ਨੂੰ ਸ਼ਗਨ ਸਕੀਮ ਤਹਿਤ ਪੈਸੇ ਮਿਲਣੇ ਹਨ।
”ਨਹੀਂ ਯਾਰ ਬਹੁਤ ਚੰਗੀ ਗੱਲ ਹੈ। ਚਲੋ ਮੰਨ ਲਓ ਗੱਲ ਸੱਚੀ ਹੋਵੇਗੀ ਪਿੰਡ ਨੂੰ ਗੋਦ ਲਿਆ ਜਾਵੇਗਾ। ਗੋਦ ਬੰਦੇ ਦੀ ਵੱਡੀ ਹੋਵੇਗੀ ਸਾਨੂੰ ਕੀ ਫ਼ਰਕ ਪੈਂਦਾ ਹੈ। ਜੇਕਰ ਪਿੰਡ ਕਿਸੇ ਦੀ ਗੋਦ ਵਿਚ ਚਲਾ ਜਾਵੇ ਤੇ ਪਿੰਡ ਦਾ ਜੇ ਏਦਾਂ ਵੀ ਸੁਧਾਰ ਹੋ ਜਾਵੇ ਤਾਂ ਕੀ ਮਾੜਾ।”
ਵੈਸੇ ਸੋਚਿਆ ਜਾਵੇ ਤਾਂ ਪਿੰਡ ਧਰਤੀ ‘ਤੇ ਵਸਿਆ ਹੋਇਆ ਹੈ। ਧਰਤੀ ਦੀ ਗੋਦ ਵਿਚ ਪਿੰਡ ਪਹਿਲਾਂ ਹੀ ਹੈ; ਜਿਥੇ ਪਿੰਡ ਜੰਮਿਆ-ਪੈਦਾ ਹੋਇਆ ਤੇ ਵਧਿਆ ਫੈਲਿਆ-ਪਿੰਡਾਂ ਦੇ ਪਿੰਡ ਵਸੇ। ਪਿੰਡਾਂ ਨੇ ਆਪਣੇ ‘ਨਾਮ’ ਪੈਦਾ ਕੀਤੇ। ਪਿੰਡ ਨੇ ਹੀ ਸਿਆਣੇ ਸੂਝਵਾਨ ਰਿਸ਼ੀ ਮੁਨੀ ਦੇਵੀ ਦੇਵਤੇ ਪੈਦਾ ਕੀਤੇ। ਪਿੰਡ ਦੀ ਗੋਦ ਵਿਚ ਰਹਿ ਉਹ ਵੱਡੇ ਹੋਏ। ਦੁਨੀਆ ਨੂੰ ਉਪਦੇਸ਼ ਦਿੱਤੇ। ਉਪਦੇਸ਼ ਇਹ ਵੀ ਦਿੱਤੇ ਕਿ ‘ਪਿੰਡ’ ਦਾ ਖ਼ਿਆਲ ਰੱਖੋ। ਫਿਰ ਉਪਦੇਸ਼ ਦਿੱਤਾ ਕਿ ‘ਪਿੰਡੀ ਵੱਸਣ ਦੇਵਤੇ, ਸ਼ਹਿਰੀ ਵੱਸਣ ਮਨੁੱਖ…।”
”ਗੱਲ ਤੇ ਪਿੰਡ ਨੂੰ ਗੋਦ ਲੈਣ ਦੀ ਹੋ ਰਹੀ ਸੀ।”
”ਗੋਦ ਦੀ ਗੱਲ ਕਰ ਰਹੇ ਹਾਂ।”
”ਗੋਦ ਦੀ ਗੱਲ ਹਾਂ…?”
”ਬੰਦੇ ਦੀ ਗੋਦ ਦੇ ਸਾਹਮਣੇ ਪਿੰਡ ਦੀ ਗੋਦ ਦੀ ਗੱਲ? -ਏਡਾ ਵੱਡਾ ਮਜ਼ਾਕ?”
”ਇਨ੍ਹਾਂ ਬੰਦਿਆਂ ਦੀ ਗੋਦ ਦੇ ਸਾਹਮਣੇ ਭਲਾ ਪਿੰਡ ਦੀ ਗੋਦ ਕੀ ਹੁੰਦੀ ਹੈ। ਜਿਹਦੇ ਕੋਲ ਪੈਸਾ ਹੈ ਜਿਹਦੇ ਕੋਲ ‘ਬੰਦੇ’ ਹਨ ਤੇ ਬੰਦਿਆਂ ਦੇ ਅੱਗੋਂ ‘ਬੰਦੇ’ ਹਨ ਤੇ ਅੱਗੋਂ ਹੋਰ ਬੰਦੇ ਉਹ ਇਕ ਪਿੰਡ ਕੀ ਕਈ ਪਿੰਡਾਂ ਨੂੰ ਆਪਣੀ ਗੋਦ ਵਿਚ ਸਮਾ ਸਕਦੇ ਹਨ। ਉਨ੍ਹਾਂ ਨੇ ਤਾਂ ਅਖ਼ਬਾਰ ਵਿਚ ਬਿਆਨ ਹੀ ਤਾਂ ਦੇਣਾ ਹੈ ਜਾਂ ਟੈਲੀਵਿਜ਼ਨ ‘ਤੇ ਫ਼ੋਟੋ ਖਿਚਵਾਉਣੀ ਹੈ। ਪਿੰਡ ਦਾ ਨਾਮ ਬਦਲਣਾ ਹੈ।”
”ਭਲਾ ਪਿੰਡ ਦਾ ਕੀ ਨਾਮ ਰੱਖਣਾ ਹੈ?”
”ਪਿੰਡ ਦਾ ਨਾਮ ਬਦਲ ਕੇ ‘ਗੋਦ ਗਾਂਓ’ ਰੱਖਣਾ ਹੈ। ਹਰਿਆਣੇ ਦੇ ਇਕ ‘ਨੇਤਾ’ ਇਹੀ ਕਹਿ ਰਹੇ ਸਨ ਅੱਜ ਤੋਂ ਇਸ ਪਿੰਡ ਦਾ ਨਾਮ ‘ਗੋਦ ਗਾਂਓ’ ਹੋਵੇਗਾ…। ਗੋਦ ਵਿਚ ਵੱਸਦਾ ਗਾਂਓ..।”
”ਪੰਜਾਬ ਵਾਲੇ ਕੀ ਕਹਿਣਗੇ…?”
”ਕਰਤੀ ਨਾ ਹਿੰਦੀ-ਪੰਜਾਬੀ ਦੀ ਗੱਲ।”
”ਪੰਜਾਬ ਵਾਲੇ ਕਹਿਣਗੇ ਗੋਦ ਲਿਆ ਹੋਇਆ ਪਿੰਡ….।”
”ਪਰ ਸਵਾਲ ਇਕ ਐਮ.ਪੀ. ਦੀ ਗੋਦ ਵਿਚ ਪਿੰਡ ਕਿਵੇਂ ਆਵੇਗਾ।”
”ਇਹ ਨਹੀਂ ਹੋ ਸਕਦਾ-ਬੰਦਾ ਕਿੱਡਾ ਵੀ ਵੱਡਾ ਹੋਵੇ, ਜਿੰਨੀਆਂ ਮਰਜ਼ੀ ਗੱਲਾਂ ਕਰ ਕੇ ਵੱਡਾ ਬਣੇ, ਉਸ ਦੀ ਗੋਦ ਏਨੀ ਵੱਡੀ ਨਹੀਂ ਹੋਈ ਕਿ ਉਹ ਪਿੰਡ ਨੂੰ ਗੋਦ ਲੈ ਸਕੇ।”
”ਪਿੰਡ ਨੂੰ ਗੋਦ ਲੈ ਕੇ ਕਰਨਾ ਕੀ ਹੈ..?”
”ਕਰਨਾ ਕੀ ਹੈ…? ਤੈਨੂੰ ਨਹੀਂ ਪਤਾ…?”
”ਪਤਾ,…?”
‘ਫਿਰ’
”ਫਿਰ ਕੀ…ਪਿੰਡਾਂ ਦੇ ਦੇਵਤਿਆਂ ਨੂੰ ਹੁਣ ਬੰਦੇ ਬਣਾਇਆ ਜਾਵੇਗਾ।’
‘ਉਹ ਕਿੱਦਾਂ…? ਪਰ ਸਵਾਲ ਇਹ ਵੀ ਹੈ ਕਿ ਦੇਵਤਾ ਵੱਡਾ ਹੋਇਆ ਕਿ ਮਨੁੱਖ?”
”ਚਿੱਟਾ ਵੇਚਿਆ ਜਾਵੇਗਾ। ਪਿੰਡ ਦਾ ਚਿੱਟਾ ਦੁੱਧ ਪਹਿਲਾਂ ਦੀ ਤਰ੍ਹਾਂ ਸ਼ਹਿਰ ਜਾਵੇਗਾ। ਪਿੰਡ ਵਾਲਿਆਂ ਦੇ ਭਾਗੀਂ ਨਹੀਂ ਹੋਵੇਗਾ। ਪਿੰਡ ਵਾਲਿਆਂ ਨੂੰ ਰੁਜ਼ਗਾਰ ਦੇਣ ਦੀ ਜਗ੍ਹਾ ਇਕ ਰੁਪਏ ਕਿਲੋ ਵਾਲਾ ਅਨਾਜ ਦਿੱਤਾ ਜਾਵੇਗਾ। ਪਿੰਡ ਦੇ ਲੋਕ ਇਕ ਰੁਪਏ ਵਾਲਾ ਅਨਾਜ ਲੈਣ ਲਈ ਲਾਈਨ ਵਿਚ ਲਗ ਕੇ ਲੜਨਗੇ। ਉਹ ਸੁਸਰੀ ਲੱਗਿਆ ਅਨਾਜ ਚੁੱਪ ਕਰ ਕੇ ਲੈ ਜਾਣਗੇ। ਸਰਕਾਰ ਦੇ ਗੁਣ ਗਾਉਣਗੇ-ਜੀਵੇ-ਜੀਵੇ-ਸਰਕਾਰ। ਜੀਵੇ। ਲਰਕਾਰ ਦੇ ਬੱਚੇ ਜਿਉਣ, ਸਰਕਾਰ ਦੀਆਂ ਸਰਕਾਰਾਂ ਜਿਉਣ। ਉਨ੍ਹਾਂ ਨੂੰ ਕੋਇਲੇ ਦੀ ਜ਼ਰੂਰਤ ਨਹੀਂ, ਉਨ੍ਹਾਂ ਨੂੰ ਰੇਤੇ ਦੀ ਜ਼ਰੂਰਤ ਨਹੀਂ। ਉਨ੍ਹਾਂ ਨੂੰ ਨਹੀਂ ਚਾਹੀਦੀ ਬਜਰੀ। ਉਨ੍ਹਾਂ ਨੂੰ ਲੇਬਰ ਚੌਕ ਵਿਚੋਂ ਨਾ ਮਜ਼ਦੂਰ ਚਾਹੀਦਾ ਹੈ। ਨਾ ਮਿਸਤਰੀ, ਉਨ੍ਹਾਂ ਨੂੰ ਤਾਂ ਸਰਕਾਰ ਦੀ ਮਿਹਰਬਾਨੀ ਚਾਹੀਦੀ ਹੈ। ਉਨ੍ਹਾਂ ਦੇ ਕਿਸੇ ਬੱਚੇ ਨੂੰ ਪੁਲੀਸ ਚੁੱਕ ਕੇ ਨਾ ਲੈ ਜਾਵੇ।”
‘ਨਹੀਂ ਯਾਰ ਐਸੀ ਵੀ ਗੱਲ ਨਹੀਂ..।’
‘ਫਿਰ ਕੀ ਗੱਲ ਹੈ?’
‘ਇਹ ਪ੍ਰਧਾਨ ਮੰਤਰੀ ਦਾ ਫੁਰਮਾਨ ਹੈ।’
”ਭਾਵੇਂ ਇਹ ਪ੍ਰਧਾਨ ਮੰਤਰੀ ਦਾ ਫੁਰਮਾਨ ਹੈ, ਇਹ ਫੁਰਮਾਨ ਬਿਲਕੁਲ ਗ਼ਲਤ ਹੈ।”
‘ਫਿਰ ਇਹ ਫੁਰਮਾਨ ਕੀ ਹੋਣਾ ਚਾਹੀਦਾ ਸੀ?’
‘ਇਹ ਫੁਰਮਾਨ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਕਿ ਹਰ ਇਕ ਸੰਸਦ ਮੈਂਬਰ ਆਪਣੇ ਆਪਣੇ ਘਰ ਛੱਡ ਕੇ ਪਿੰਡ ਦੀ ਗੋਦ ਵਿਚ ਜਾ ਕੇ ਰਹੇਗਾ। ਜਿਵੇਂ ਘਰੋਂ ਕਮਾਉਣ ਗਿਆ ਪੁੱਤ ਮਾਂ ਨੂੰ ਮਿਲਣ ਨਹੀਂ ਆਉਂਦਾ-ਪੈਸੇ ਭੇਜਦਾ ਹੈ-ਮਾਂ ਦੀ ਤਸੱਲੀ ਨਹੀਂ ਹੁੰਦੀ। ਸਵਾਲ ਇਹ ਹੈ, ਬੰਦੇ ਦੀ ਗੋਦ ਵਿਚ ਪਿੰਡ ਨੇ ਜਾਣਾ ਹੈ ਜਾਂ ਪਿੰਡ ਦੀ ਗੋਦ ਵਿਚ ਬੰਦਾ ਜਾਵੇਗਾ। ਜੇਕਰ ਬੰਦੇ ਦੀ ਗੋਦ ਵਿਚ ਪਿੰਡ ਚਲਾ ਗਿਆ ਤਾਂ ਬੰਦੇ ਨੇ ਪਿੰਡ ਨੂੰ ਖਾ ਜਾਣਾ ਹੈ। ਵੈਸੇ ਵੀ ਬਚਿਆ ਵੀ ਕੀ ਹੈ? ਪਿੰਡਾਂ ਵਿਚ ਤਾਂ ਹੁਣ ਵੈਰਾਨਗੀ ਹੈ…ਖੰਡਰ ਹਨ… ਮਨੁੱਖਾਂ ਦੇ ਪਿੰਜਰ ਹਨ। ਸਰਕਾਰੀ ਸਕੂਲ ਬੰਦ ਹੋ ਰਹੇ ਹਨ। ਪਿੰਡ ਦੇ ਪੜ੍ਹੇ ਨੂੰ ਕੋਈ ਚਪੜਾਸੀ ਵੀ ਨਹੀਂ ਭਰਤੀ ਕਰਦਾ। ਜਿਥੇ ਕਿਤੇ ਪਹਿਲਾਂ ਮਿਡ-ਡੇ-ਮੀਲ ਮਿਲਦਾ ਸੀ, ਉਹ ਵੀ ਨਹੀਂ ਮਿਲਦਾ। ਪਿੰਡ ਰੋ ਰਿਹਾ ਹੈ..ਰੋਂਦੇ ਹੋਏ ਪਿੰਡ ਨੂੰ ਕੋਈ ਗੋਦ ਲੈ ਕੇ ਵੀ ਕੀ ਕਰੇਗਾ…?”
”ਨਾ ਬਿਜਲੀ ਨਾ ਪਾਣੀ…ਨਾ ਕੰਮ ਨਾ..ਨਾ…ਨਾ…..।”
”ਉਹ ਤੈਨੂੰ ਵਹਿਮ ਹੈ…। ਸ਼ਹਿਰਾਂ ਵਿਚ ਵੀ ਕੁਝ ਨਹੀਂ..ਪਿੰਡ ਅਜੇ ਫਿਰ ਚੰਗੇ ਹਨ…ਅੰਨ ਪੈਦਾ ਕਰਦੇ ਹਨ।”
‘ਚੰਗੇ..?’
”ਆਹ ਸੁਣ ਲੈ ਗੱਲ..ਅਖੇ ਪੇਂਡੂ ਜਨਾਨੀਆਂ ਨਿਆਣੇ ਬਹੁਤ ਜੰਮਦੀਆਂ, ਇਨ੍ਹਾਂ ਦੀ ਨਸਬੰਦੀ ਕਰ ਦਿਓ-ਮਰ ਗਈਆਂ ਵਿਚਾਰੀਆਂ। ਲੈ ਹੋਰ ਸੁਣ ਲੈ ਆ ਲੁਧਿਆਣੇ ਸਰਕਾਰੀ ਹਸਪਤਾਲ ਵਿਚ ਬੱਚੇ ਜੰਮਦਿਆਂ ਹੀ ਮਰ ਗਏ, ਡਾਕਟਰ ਹੱਥ ਖੜ੍ਹੇ ਕਰ ਗਏ, ਅਖੇ ਨਿਆਣੇ ਜੰਮਣ ਵਾਲੀਆਂ ਦੀ ਮਾੜੀ ਖ਼ੁਰਾਕ ਕਰ ਕੇ ਸਿਹਤ ਮਾੜੀ ਸੀ, ਉਹ ਕਮਜ਼ੋਰ ਸਨ, ਬੱਚੇ ਵੀ ਕਮਜ਼ੋਰ ਸਨ..ਇਸ ਕਰ ਕੇ ਬੱਚੇ ਬਚ ਨਹੀਂ ਸਕੇ।”
”ਇਹ ਗੱਲ ਨਾ ਕਰ…।”
‘ਹੋਰ ਕੀ ਕਰਾਂ?’
”ਪਿੰਡ ਦੀ ਗੋਦ ਦੀ ਗੱਲ ਕਰ…।”
”ਪਿੰਡ ਦੀ ਗੋਦ ਕਿ ਬੰਦੇ ਦੀ ਗੋਦ, ਐਮ.ਪੀ. ਦੀ ਗੋਦ, ਐਮ.ਐਲ.ਏ. ਦੀ ਗੋਦ..।”
”ਨਹੀਂ..ਨਹੀਂ ਗੋਦ ਪਿੰਡ ਦੀ ਹੀ ਹੁੰਦੀ ਹੈ…ਬੰਦੇ ਦੀ ਤਾਂ ‘ਜੇਬ’ ਹੁੰਦੀ ਹੈ। ਜੇਬ ਵਿਚ ਕੁਝ ਆਉਂਦਾ। ਫਿਰ ਜੇਬ ਵਿਚੋਂ ਕੁਝ ਜਾਂਦਾ ਹੈ। ਜੇਬ ਗੋਦ ਤੋਂ ਉਪਰ ਹੁੰਦੀ ਹੈ।”
‘ਲੈ ਤੂੰ ਗੋਦ ਨੂੰ ਜੇਬ ਵੱਲ ਲੈ ਚਲਿਆਂ ਕਿਧਰੇ ਟਿਕ ਵੀ…ਇਹ ਗੋਦ ਤੇ ਜੇਬ ਦਾ ਕੀ ਮੇਲ ਹੋਇਆ।’
”ਇਹ ਗੋਦ ਤੇ ਜੇਬ ਦਾ ਹੀ ਮੇਲ ਹੈ ਜਾਂ ਜੇਬ ਤੇ ਗੋਦ ਦਾ ਮੇਲ ਕਹਿ ਲਓ। ਪਿੰਡ ਦੀ ਗੋਦ ਤੇ ਬੰਦੇ ਦੀ ਜੇਬ?”
”ਨਹੀਂ…ਨਹੀਂ ਪਿੰਡ ਦੀ ਜੇਬ ਤੇ ਬੰਦੇ ਦੀ ਗੋਦ ਹੈ। ਬੰਦੇ ਦੀ ਗੋਦ ਨਹੀਂ ਭਰਦੀ। ਹਾਂ ਜੇਬ ਵੀ ਨਹੀਂ ਭਰਦੀ…।”
”ਨਹੀਂ ਪਿੰਡ ਦੀ ਗੋਦ ਹੈ ਤੇ ਜੇਬ ਵੀ ਪਿੰਡ ਦੀ।”
‘ਕੀ ਗੱਲਾਂ ਕਰਦੇ ਹੋ’-ਕੋਈ ਤੀਸਰੀ ਆਵਾਜ਼ ਬੋਲਦੀ ਹੈ।
”ਜਨਾਬ ਗੱਲਾਂ ਇਹ ਹੋ ਰਹੀਆਂ ਹਨ ਕਿ ਸੰਸਦ ਮੈਂਬਰ ਦੀ ਗੋਦ ਵੱਡੀ ਹੈ। ਸੰਸਦ ਮੈਂਬਰ ਦੀ ਹੀ ਗੋਦ ਹੈ ਤੇ ਪਿੰਡ ਦੀ ਜੇਬ। ਹੁਣ ਜੇਬ ਸਮੇਤ ਪਿੰਡ ਨੇ ਸੰਸਦ ਮੈਂਬਰ ਦੀ ਗੋਦ ਵਿਚ ਸਮਾਉਣਆ ਹੈ।”
”ਨਹੀਂ, ਨਹੀਂ ਜਨਾਬ ਗੱਲ ਇਹ ਸੀ ਕਿ ਗੋਦ ਪਿੰਡ ਦੀ ਹੈ ਤੇ ਜੇਬ ਵੀ ਪਿੰਡ ਦੀ ਹੈ। ਦੋਵਾਂ ‘ਤੇ ਪਿੰਡ ਵਾਲਿਆਂ ਦਾ ਹੱਕ ਹੈ ਵਿਚ ਬੰਦਾ ਕਿਥੋਂ ਆ ਗਿਆ…। ਉਹ ਵੀ ਸ਼ੈਤਾਨ ਬੰਦਾ…।”
‘ਤੁਹਾਨੂੰ ਨਹੀਂ ਪਤਾ ਬੰਦਾ ਦਿੱਲੀ ਤੋਂ ਆਇਆ ਹੈ…।’
‘ਦਿੱਲੀ ਤੋਂ…?’
‘ਹਾਂ ਹਾਂ ਦਿੱਲੀ ਤੋਂ….।’
‘ਪਰ ਪਹਿਲਾਂ ਤਾਂ ਇਹ ਬੰਦਾ ਏਥੇ ਹੀ ਸੀ।’
‘ਹਾਂ ਏਥੇ ਹੀ ਸੀ…ਤੁਸੀਂ ਆਪ ਹੀ ਤਾਂ ਉਸ ਨੂੰ ਇਕੱਠੇ ਹੋ ਕੇ ਦਿੱਲੀ ਭੇਜਿਆ…।’
‘ਫਿਰ ਦਿੱਲੀ ਜਾ ਕੇ ਉਹ ਪਿੰਡ ਨੂੰ ਭੁਲ ਗਿਆ।’
‘ਕਿਹੜਾ ਪਿੰਡ…?’
‘ਲੈ ਕਿਹੜਾ ਪਿੰਡ। ਤੂੰ ਪਿੰਡ ਵਿਚ ਰਹਿ ਕੇ ਵੀ ਪਿੰਡ ਭੁੱਲੀ ਜਾਨਾਂ….। ਪਿੰਡ ਜਿਹੜਾ ਸਾਡਾ ਪਿੰਡ…।’
‘ਨਹੀਂ ..ਨਹੀਂ ਮੈਨੂੰ ਵੀ ਦਿੱਲੀ ਯਾਦ ਆ ਗਈ…। ਗਿਆ ਸੀ ਦਿੱਲੀ ਇਕ ਵਾਰ, ਦਿੱਲੀ ਵਾਹ ਦਿੱਲੀ ਦੇ ਕੀ ਕਹਿਣੇ। ਦਿੱਲੀ ਤੋਂ ਪਰਤਿਆ ਬੰਦਾ ਫਿਰ ਬੰਦਾ ਨਹੀਂ ਸ਼ੈਤਾਨ ਬਣ ਜਾਂਦਾ ਹੈ। ਦਿੱਲੀ…ਦਿੱਲੀ….ਦਿੱਲੀ….ਵਾਹ ਦਿੱਲੀਏ।’
”ਪਹਿਲੀ ਤਾਂ ਗੱਲ ਇਹ ਕਿ ਪਿੰਡ ਬੰਦੇ ਦੀ ਗੋਦ ਵਿਚ ਲਿਆ ਹੀ ਨਹੀਂ ਜਾ ਸਕਦਾ। ਪਿੰਡ ਦੀ ਗੋਦ ਦੇ ਸਾਹਮਣੇ ਬੰਦੇ ਦੀ ਗੋਦ…ਤੁਛ ਹੈ। ਦੂਜੀ ਗੋਦ ਲੈਣ ਵਾਲਾ ਪਿੰਡ ਆ ਕੇ ਨਹੀਂ ਰਹੇਗਾ ਜਾਂ ਤਾਂ ਉਹ ਪਿੰਡ ਆ ਕੇ ਰਹੇ। ਉਹਨੂੰ ਪਤਾ ਲੱਗੇ ਇਹ ਪਿੰਡ ਵਾਲੇ ਕਿੱਦਾਂ ਰਹਿੰਦੇ ਹਨ। ਹਾਂ, ਗੋਦ ਲੈਣ ਵਾਲੇ ਦੇ ‘ਏਜੰਟ’ ਕਦੀ ਕਦੀ ਆਉਣਗੇ…।”
‘ਏਜੰਟ..।’
‘ਹਾਂ…ਏਜੰਟ…।’
‘ਭਾਊ ਏਜੰਟਾਂ ਦੀ ਗੱਲ ਨਾ ਕਰ, ਆਹ ਦੇਖ ਕਿੰਨੇ ਵਿਚਾਰੇ ਬੱਚੇ ਨੂੰ ਬਾਹਰ ਜਾਣ ਦੇ ਚੱਕਰ ਵਿਚ ਲੁੱਟ ਹੋ ਕੇ ਘਰੀਂ ਬੈਠੇ ਹਨ। ਨਾ ਪੁਲੀਸ ਨੇ ਸੁਣੀ ਤੇ ਨਾ ਪਿੰਡ ਗੋਦ ਲੈਣ ਵਾਲਿਆਂ ਨੇ…ਅਗਲੇ ਪੰਜ ਪੰਜ ਲੱਖ ਲੈ ਕੇ ਲੁੱਟ ਕੇ ਔਹ ਗਏ…ਔਹ ਗਏ। ਅੱਗੋਂ ਕਹਿੰਦੇ ਕਿਉਂ ਦਿੱਤੇ…ਸੋਚ ਸਮਝ ਕੇ ਦੇਣੇ ਸੀ।’
”ਪਿੰਡੋਂ ਸ਼ਹਿਰ ਜਾਣਾ ਕਿਹੜਾ ਸੌਖਾ…ਨਾ ਗੱਡੀ, ਨਾ ਮੋਟਰ, ਅੱਗੇ ਰੋਡਵੇਜ਼ ਦੀ ਬੱਸ ਪਿੰਡੋਂ ਆਉਂਦੀ ਲੰਘਦੀ ਸੀ। ਉਹ ਵੀ ਬੰਦ ਹੋ ਗਈ-ਅਖੇ ਸਵਾਰੀ ਨਹੀਂ ਮਿਲਦੀ।”
”ਇਹ ਅੱਗੇ ਵੀ ਇਕ ਵਾਰ ਫੋਕਲ ਪੁਆਇੰਟ ਬਣੇ ਸੀ-ਅਖੇ ਪਿੰਡਾਂ ਨੂੰ ਸਵਰਗ ਬਣਾ ਦਿਆਂਗੇ….।”
”ਫਿਰ ਬਣਿਆ ਸਵਰਗ…?”
”ਸਵਰਗ ਕੀ ਬਣਨਾ ਸੀ-ਕਹਿੰਦੇ ਸਰਕਾਰ ਬਦਲ ਗਈ..ਜਿਹੜੀ ਸਰਕਾਰ ਆਈ…ਉਹ ਕਹਿੰਦੀ ਕਿ ਪਿੰਡਾਂ ਵਾਲਿਆਂ ਨੂੰ ਵੀ ਸ਼ਹਿਰਾਂ ਵਾਲੀਆਂ ਸਹੂਲਤਾਂ ਦਿਆਂਗੇ।”
”ਫਿਰ ਕੀ..ਦੇ ਤਾਂ ਰਹੇ ਹਨ। ਸ਼ਹਿਰਾਂ ਦੀ ਤਰ੍ਹਾਂ ਪਿੰਡ ਵਿਚ ਵੀ ਹੁਣ ਦਾਲ, ਸਬਜ਼ੀ ਕੁੱਕਰ ਵਿਚ ਬਣਦੀ ਹੈ, ਪਿੰਡ ਵਾਲੇ ਵੀ ਜੇਬ ਵਿਚ ਮੋਬਾਈਲ ਪਾ ਕੇ ਚਲਦੇ ਹਨ।”
”ਪਰ ਇਹਦੇ ਵਿਚ ਸਰਕਾਰ ਨੇ ਕੀ ਦਿੱਤਾ, ਇਹ ਤਾਂ ਪਿੰਡ ਵਾਲਿਆਂ ਦਾ ਆਪਣਾ ਉੱਦਮ ਹੋਇਆ।”
”ਉੱਦਮ ਕੀ ਹੋਇਆ? ਪਿੰਡੀਂ ਤਾਂ ਦੇਵਤੇ ਵੱਸਦੇ ਹਨ…ਦੇਵਤੇ…ਪਰ ਦੇਵਤੇ ਕਰਦੇ ਕੀ ਹਨ।”
”ਕਰਦੇ ਤਾਂ ਪਤਾ ਨਹੀਂ ਕੀ ਹਨ, ਪਰ ਸੁਣਿਆ ਹੈ ਕਿ ਦੇਵਤੇ ਦਾ ਸੁਭਾਅ ਹੈ ਦੇਵਤਾ ਸਮਾਧੀ ਲਾ ਕੇ ਅੱਖਾਂ ਮੀਟ ਕੇ ਸਮਾਧੀ ਵਿਚ ਲੀਨ ਰਹਿੰਦਾ ਹੈ। ਕਿਸੇ ਨੂੰ ਕੁਝ ਨਹੀਂ ਕਹਿੰਦਾ। ਦੇਵਤਾ ਬੰਦੇ ਨੂੰ ਵੀ ਕੁਝ ਨਹੀਂ ਕਹਿੰਦਾ। ਕਿਉਂਕਿ ਦੇਵਤੇ ਦੀ ਸਮਾਧੀ ਲੱਗੀ ਰਹਿਣੀ ਹੈ। ਅੱਖਾਂ ਬੰਦ ਹੁੰਦੀਆਂ ਹਨ ਤੇ ਬੰਦਾ ਦੇਵਤੇ ਦੀਆਂ ਚੀਜ਼ਾਂ ਵਸਤਾਂ ਲੈ ਕੇ ਸ਼ਹਿਰ ਚਲਿਆ ਜਾਂਦਾ ਹੈ….।”
”ਕਮਾਲ ਹੈ ਦੇਵਤਾ ਚੁੱਪ ਕਿਉਂ ਹੈ? ਲਗਦਾ ਹੈ ਦੇਵਤਾ ‘ਬੰਦੇ’ ਨੂੰ ਸੁਧਾਰ ਕੇ ‘ਦਵੇਤਾ’ ਨਹੀਂ ਬਣਾ ਸਕਿਆ। ਖ਼ੁਦ ਬੰਦਾ ਬਣ ਬੈਠਾ ਹੋਵੇ।”
”ਵੈਸੇ ਸੋਚਣ ਦੀ ਘੜੀ ਹੈ। ਪਹਿਲਾਂ ਪਿੰਡ ਦੀ ਮਿੱਟੀ ਵਿਚ ਉਗਾਇਆ ਅੰਨ ਬੰਦਾ ਸ਼ਹਿਰ ਲੈ ਜਾਂਦਾ ਸੀ। ਫਿਰ ਦੁੂੱਧ ਜਾਣ ਲੱਗਿਆ, ਹੁਣ ਰੇਤਾ, ਮਿੱਟੀ ਜਾਣ ਲੱਗੀ। ਮੁੰਡੇ-ਕੁੜੀਆਂ ਲੁੱਟੇ ਜਾਣ ਲੱਗੇ। ਲੱਗਣ ਲੱਗਿਆ ਕਿ ਪਿੰਡ ਦੀ ਗੋਦ ਹੀ ਸੁੰਨੀ ਹੋ ਗਈ-ਮਨ ਦੁਖੀ ਹੈ..।”
”ਪਰ ਇਹ ਦੇਵਤੇ ਕੀ ਕਰ ਰਹੇ ਹਨ…?”
‘ਦੇਵਤੇ ਬੇਬੱਸ ਹਨ…?’
‘ਪਰ ਕਿਉਂ…?’
‘ਕਾਨੂੰਨ ਡਾਹਢਾ ਹੈ…।’
”ਕਾਨੂੰਨ ਕੌਣ ਬਣਾਉਂਦੇ ਹਨ…ਅਸੀਂ ਨਹੀਂ ਬਣਾਉਂਦੇ ਕਾਨੂੰਨ…। ਕਾਨੂੰਨ-ਸੁਣਨ ਵਿਚ ਆਇਆ ਹੈ ਕਿ ਅਸੀਂ ਖ਼ੁਦ ਕਾਨੂੰਨ ਬਣਾਉਂਦੇ ਹਾਂ।”
”ਇਹ ਤੁਸੀਂ ਗ਼ਲਤ ਸੁਣਿਆ ਹੈ।… ਭੁਲੇਖਾ ਲੱਗਾ…ਹੋਵੇਗਾ…ਕਾਨੂੰਨ ਅਸੀਂ ਨਹੀਂ ਬਣਾਉਂਦੇ। ਕਾਨੂੰਨ ਉਹ ਬਣਾਉਂਦੇ ਹਨ, ਜਿਨ੍ਹਾਂ ਨੇ ਹੁਣ ਪਿੰਡ ਗੋਦ ਲੈਣੇ ਹਨ। ਪਿੰਡ ਗੋਦ ਲੈ ਕੇ ਪਿੰਡ ਦੀ ਰੇਤਾ ਤੇ ਮਿੱਟੀ ਸ਼ਹਿਰ ਜਾਵੇਗੀ। ਫਿਰ ਪਿੰਡ ਨੀਵੇਂ ਹੋ ਜਾਣਗੇ। ਨੀਵੀਂ ਜਗ੍ਹਾ ਬਰਸਾਤ ਦਾ ਪਾਣੀ ਆ ਜਾਵੇਗਾ। ਹੜ੍ਹ ਆਉਣਗੇ। ਬਹੁਤੇ ਲੋਕ ਘਰ-ਬਾਰ ਛੱਡ ਕੇ ਉੱਚੀ ਜਗ੍ਹਾ ਚਲੇ ਜਾਣਗੇ। ਮੁੜ ਪਿੰਡ ਨਹੀਂ ਪਰਤਣਗੇ। ਬੰਦਾ ਸ਼ਹਿਰ ਤੋਂ ਪਰਤੇਗਾ ਉਹ ਉਦੋਂ ਆਏਗਾ ਜਦ ਦਿੱਲੀ ਉਸ ਨੂੰ ਵਿਹਲ ਦੇਵੇਗੀ। ਉਹ ਪਾਣੀ ਵਿਚ ਘਿਰਿਆਂ ਨੂੰ ਰਾਹਤ ਵੰਡੇਗਾ। ਰਾਹਤ ਨਾਲ ਕੁਝ ਨਹੀਂ ਬਣੇਗਾ। ਲੋਕਾਂ ਲਈ ਤੰਬੂ ਲਾਏ ਜਾਣਗੇ। ਲੰਗਰ ਲਾਏ ਜਾਣਗੇ। ਜੈ…ਜੈ…ਕਾਰ ਹੋਵੇਗੀ…।”
”ਇਹ ਜੈ..ਜੈ…ਕਾਰ ਕਿਹਦੀ ਹੋਵੇਗੀ…?”
”ਪਿੰਡ ਨੂੰ ਗੋਦ ਲੈਣ ਵਾਲਿਆਂ ਦੀ ਜੈ…ਜੈ…ਕਾਰ ਹੋਵੇਗੀ। ਦੇਖਣਾ ਤੁਸੀਂ ਪਹਿਲਾਂ ਪਿੰਡ ਉਜਾੜੇ ਜਾਣਗੇ…ਪਹਿਲਾਂ ਵੀ ਏਦਾਂ ਹੋਈ ਹੈ…ਆਹ ਦੇਖੋ…ਚੰਡੀਗੜ੍ਹ ਬਣਿਆ-ਹੁਣ ਕਿਉਂ ਚੰਡੀਗੜ੍ਹ ਬਣਨ ਲੱਗਾ…ਪਿੰਡਾਂ ਦੇ ਪਿੰਡ ਖਾਧੇ ਗਏ। ਪਿੰਡਾਂ ਦੀਆਂ ਰੂਹਾਂ ਭਟਕਣ ਲੱਗੀਆਂ। ‘ਪਿੰਡਾਂ ਦੀਆਂ ਗੋਦਾਂ’ ਸੁੰਨੀਆਂ ਹੋ ਗਈਆਂ। ਪਿੰਡ ਉਜੜ ਗਏ..ਪਿੰਡ ਲੁੱਟੇ ਗਏ…ਨਹੀਂ…ਨਹੀਂ..ਪੇਂਡੂ ਲੁੱਟੇ ਗਏ…ਦੇਵਤੇ ਦੇਖਦੇ ਰਹਿ ਗਏ…ਪਿੰਡ ਏਨਾ ਛੋਟਾ ਹੋ ਗਿਆ ਕਿ ਇਕ ਬੰਦੇ ਦੀ ਗੋਦ ਵਿਚ ਆ ਗਿਆ ਜਿਵੇਂ ਕੁਝ ਦਿਨਾਂ ਦਾ ਬੱਚਾ ਹੋਵੇ ‘ਮਾਂ’ ਦੀ ਗੋਦ ਵਿਚੋਂ ਜਬਰੀ ਚੁੱਕ ਕੇ ਬੱਚੇ ਚੁੱਕਣ ਦੇ ਗਰੋਹ ਦਾ ਬੰਦਾ ਗੋਦੀ ਵਿਚ ਬੈਠਾ ਕੇ ਲੈ ਗਿਆ। ”
”ਇਹ ਮਾਂ ਦੀ ਗੋਦ…?”
”ਹਾਂ…ਹਾਂ…ਮਾਂ ਦੀ ਗੋਦ…।”
”ਮਾਂ ਦੀ ਗੋਦ…ਗੋਦ ਮਾਂ ਦੀ ਹੀ ਹੁੰਦੀ ਹੈ, ਜਿਥੋਂ ਚਾਅ, ਲਾਡ, ਲੋਰੀ ਮਿਲਦੀ ਹੈ। ਧਰਤੀ ਮਾਂ ਦੀ ਗੋਦ ਜਿੱਥੇ ਪਿੰਡ ਵਸਦਾ ਹੈ। ਪਿੰਡ ਜਿਥੇ ਦੇਵਤੇ ਵੱਸਦੇ ਹਨ-ਪਰ ਪਿੰਡ…ਪਿੰਡ ਲੁੱਟੇ ਜਾ ਰਹੇ ਹਨ…ਪਿੰਡ ਖੰਡਰ ਬਣਦੇ ਜਾ ਰਹੇ ਹਨ…ਪਿੰਡ ਖਾਲੀ ਹੋ ਰਹੇ ਹਨ…। ਖਾਲੀ ਹੋਏ ਪਿੰਡ…ਉੱਚੀ…ਉੱਚੀ ਰੋ ਰਹੇ ਹਨ।…ਖਾਲੀ ਹੋ ਰਹੇ ਪਿੰਡਾਂ ਵਿਚ ਅਵਾਰਾ ਕੁੱਤਿਆਂ ਦੀ ਗਿਣਤੀ ਵੱਧ ਰਹੀ ਹੈ। ਅਵਾਰਾ ਕੁੱਤੇ ਰਾਤ ਨੂੰ ਉੱਚੀ ਉੱਚੀ ਰੋਂਦੇ ਹਨ। ਇਕ ਕੁੱਤਾ ਰੋਂਦਾ ਹੈ ਫਿਰ ਸਾਰੇ ਰੋਂਦੇ ਹਨ…ਲੰਬੀ ਹੇਕ ਲਾਉਂਦੇ ਹਨ। ਪਿੰਡ ਦਾ ਕੋਈ ਬਜ਼ੁਰਗ ਕਹਿੰਦਾ ਹੈ ਕਿ ਇਹ ਰੋਂਦੇ ਹੋਏ ਕੁੱਤੇ ਚੰਗੇ ਨਹੀਂ ਹੁੰਦੇ। ਲਗਦਾ ਕੋਈ ਮਾੜੀ ਖ਼ਬਰ ਆਉਣ ਵਾਲੀ ਹੈ। ਪਿੰਡ ਦੇ ਕਈ ਬੰਦੇ ਕੈਂਸਰ ਦੀ ਬਿਮਾਰੀ ਨਾਲ ਹਸਪਤਾਲ ਵਿਚ ਦਾਖ਼ਲ ਹਨ..ਉਨ੍ਹਾਂ ਦੀ ਖ਼ਬਰ ਦੀ ਉਡੀਕ ਵਿਚ ਹਨ….ਪਿੰਡ ਦੇ ਲੋਕ…ਨਹੀਂ ਕਈ ਪਿੰਡਾਂ ਦੇ ਲੋਕ…ਪੁਰਾਣੇ ਦਰਖ਼ਤ ਸੁੱਕ ਰਹੇ ਹਨ, ਹੁਣ ਉਨ੍ਹਾਂ ਉੱਤੇ ਇੱਲਾਂ ਕਾਂ ਵੀ ਨਹੀਂ ਬੈਠਦੇ। ਹੁਣ ਪਿੰਡ ਦੀ ਗੋਦ ਵਿਚ ਕੌਣ ਆਵੇਗਾ…?”
”ਹਾਂ ਪਿੰਡ ਦੀ ਗੋਦ…ਹੇ….ਮੇਰੇ ਪਿੰਡ ਤੈਨੂੰ ਕੀ ਹੋ ਗਿਆ….?”
”ਹੁਣ ਕੌਣ ਕਹੇਗਾ…ਪਿੰਡਾਂ ਵਿਚੋਂ ਪਿੰਡ ਸੁਣੀਂਦਾ..?”
”ਪਿੰਡ ਵਿਕਾਉ ਹਨ। ਪਿੰਡ ਬੈਂਕਾਂ ਕੋਲ ਗਹਿਣੇ ਹਨ। ਪਿੰਡ ਵਿਚ ਪਹਿਰਾ ਨਹੀਂ ਲਗਦਾ…ਪਿੰਡ ਅਨਪੜ੍ਹ ਹੈ…ਪਿੰਡ ਵਿਚ ਹਨੇਰਾ ਹੈ…ਪਿੰਡ ਵਿਚ ਲੋਅ ਨਹੀਂ….।”
”ਪਰ ਉਹ ਤਾਂ ਕਹਿੰਦੇ ਅਸੀਂ ਚੌਵੀ ਘੰਟੇ ਬਿਜਲੀ ਦੇਵਾਂਗੇ।”
”ਉਹ ਮੂਰਖ਼ ਬਣਾਉਂਦੇ ਹਨ। ਉਹ ਕਹਿੰਦੇ ਹਨ ਪਿੰਡ ਨੂੰ ਗਹਿਣੇ ਕਰ ਕੇ ਜਿੰਨਾ ਮਰਜ਼ੀ ਕਰਜ਼ਾ ਲਓ। ਜੇਕਰ ਦੇਵਤਿਆਂ ਨੂੰ ਜ਼ਮੀਨ ਗਹਿਣੇ ਕਰਜ਼ਾ ਦੇਣਾ ਤਾਂ ਫਿਰ ਬੰਦਾ ਸਿਆਣਾ ਹੋਇਆ ਨਾ ਜੋ ਵਿਆਜ ਦੇ ਬਹਾਨੇ ਲੁੱਟਦਾ ਹੈ…ਲੁੱਟ ਹੈ ਨਾ….।”
”ਅੱਛਾ ਬਈ ਮੇਰੇ ਪਿੰਡ ਤੇਰੀ ਗੋਦ ਸੁੰਨੀ ਹੋ ਚੁੱਕੀ ਹੈ। ਹੁਣ ਤੂੰ ਪਿੰਡ ਨਹੀਂ ਰਿਹਾ…ਨਹੀਂ…ਨਹੀਂ….ਨਾ ਤੂੰ ਪਿੰਡ ਹੈਂ, ਨਾ ਹੁਣ ਤੈਨੂੰ ਪਿੰਡ ਕਹਿ ਕੇ ਗੋਦ ਲਿਆ ਜਾ ਰਿਹਾ ਹੈ। ਆਪਣਾ ਵਜੂਦ ਕਾਇਮ ਰੱਖੀਂ। ਆਪਣਾ ਧਿਆਨ ਰੱਖੀਂ। ਅਲਵਿਦਾ।

Leave a Reply

Your email address will not be published. Required fields are marked *