ਸ਼ਰਨ ਕੁਮਾਰ ਲਿੰਬਾਲੇ ਨੂੰ ਸਰਸਵਤੀ ਸਨਮਾਨ : ‘ਹਮ ਫੇਂਕੇ ਹੂਏ ਬਸ ਟਿਕਟੋਂ ਜੈਸੇ ਥੇ’/ ਪ੍ਰਿਯਦਰਸ਼ਨ- ਅਨੁਵਾਦ- ਕਮਲ ਦੁਸਾਂਝ

ਅਨੁਵਾਦ- ਕਮਲ ਦੁਸਾਂਝ
ਜ਼ਖ਼ਮਾਂ ਲਈ ਪੁਰਸਕਾਰ ਤੇ ਉਪਰੋਂ ਤਾੜੀ ਵਜਾਉਣਾ ਕੋਈ ਬਿਹਤਰ ਮਨੁੱਖੀ ਵਰਤਾਰਾ ਨਹੀਂ ਹੈ।
ਇਸ ਲਈ ਮਰਾਠੀ ਲੇਖਕ ਸ਼ਰਨ ਕੁਮਾਰ ਲਿੰਬਾਲੇ ਦੇ ਨਾਵਲ ‘ਸਨਾਤਨ’ ਨੂੰ 15 ਲੱਖ ਰੁਪਏ ਦੇ ਸਰਸਵਤੀ ਸਨਮਾਨ ਦੇ ਐਲਾਨ ਨੂੰ ਉਸ ਤਰ੍ਹਾਂ ਨਹੀਂ ਦੇਖਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਸਾਰੇ ਪੁਰਸਕਾਰਾਂ ਨੂੰ ਦੇਖਦੇ ਹਾਂ। ਦੇਖਣਾ ਹੋਵੇ ਤਾਂ ਇਸ ਪੁਰਸਕਾਰ ਨੂੰ ਮਲ੍ਹਮ ਵਾਂਗ ਦੇਖ ਸਕਦੇ ਹੋ- ਸਮਾਜਕ ਨਾਵਲ ਪ੍ਰਤੀ ਆਪਣੇ ਪਛਤਾਵੇ ਵਾਂਗ ਦੇਖ ਸਕਦੇ ਹੋ ਜਾਂ ਘੱਟੋ-ਘੱਟ ਦਲਿਤ ਲੇਖਣ ਰਾਹੀਂ ਸਾਹਮਣੇ ਆ ਰਹੀ ਸਮਾਜਕ ਸਚਾਈ ਦੇ ਉਸ ਦਬਾਅ ਵਾਂਗ ਦੇਖ ਸਕਦੇ ਹੋ ਜੋ ਸਾਹਿਤਕ ਸੰਸਥਾਵਾਂ ਅਤੇ ਸਮਾਗਮਾਂ ਨੂੰ ਅੱਖ ਝੁਕਾਉਣ ਲਈ ਮਜਬੂਰ ਕਰ ਰਿਹਾ ਹੈ। ਬੇਸ਼ੱਕ, ਦਲਿਤ ਜੀਵਨ ਨੇ ਬੀਤੀਆਂ ਸਦੀਆਂ ਵਿਚ ਜੋ ਕੁਝ ਝੱਲਿਆ ਹੈ ਅਤੇ ਜੋ ਹੁਣ ਵੀ ਝੱਲ ਰਿਹਾ ਹੈ, ਉਸ ਦੇ ਮੁਕਾਬਲੇ ਇਹ ਪਾਣੀ ਦੀ ਬੂੰਦ ਮਾਤਰ ਵੀ ਨਹੀਂ ਹੈ।
ਦਲਿਤ ਸਨਮਾਨ ਅਤੇ ਬਰਾਬਰੀ ਦੀ ਲੜਾਈ ਹਾਲੇ ਬਹੁਤ ਲੰਬੀ ਚੱਲਣੀ ਹੈ ਅਤੇ ਸਮਾਜ ਨਾਲੋਂ ਕਿਤੇ ਜ਼ਿਆਦਾ ਲੋਕ ਮਨਾਂ ਅੰਦਰ ਕਈ ਪਰਤਾਂ ਵਿਚ ਚੱਲਣੀ ਹੈ।
ਖ਼ੈਰ, ਹਾਲੇ ਤਾਂ ਕੇ.ਕੇ. ਬਿੜਲਾ ਫਾਉਂਡੇਸ਼ਨ ਨੂੰ ਇਸ ਗੱਲ ਦੀ ਵਧਾਈ ਦਿੱਤੀ ਜਾਣੀ ਚਾਹੀਦੀ ਹੈ ਕਿ ਉਸ ਨੇ ਮੁੱਖਧਾਰਾ ਦੇ ਤਥਾਕਥਿਤ ‘ਮਨੁੱਖੀ’ ਸਾਹਿਤ ਦੇ ਬਾਹਰ ਜਾ ਕੇ ਅਜਿਹੇ ਲੇਖਕ ਨੂੰ ਸਰਸਵਤੀ ਸਨਮਾਨ ਲਈ ਚੁਣਿਆ ਜਿਸ ਨੇ ਸਾਡੇ ਸਮਾਜ ਦੀਆਂ ਕੁਝ ਕੌੜੀਆਂ ਸਚਾਈਆਂ ਨਾਵਲ ਰਾਹੀਂ ਬਿਆਨ ਕੀਤੀਆਂ, ਜਿਨ੍ਹਾਂ ਨਾਲ ਅੱਖ ਮਿਲਾਉਣਾ ਤਾਂ ਦੂਰ, ਅਸੀਂ ਉਹ ਚੰਗੀ ਤਰ੍ਹਾਂ ਪਛਾਣਦੇ ਅਤੇ ਸਮਝਦੇ ਤੱਕ ਨਹੀਂ ਸੀ। ਜਿਸ ਨਾਵਲ ‘ਸਨਾਤਨ’ ਲਈ ਸ਼ਰਨ ਕੁਮਾਰ ਲਿੰਬਾਲੇ ਨੂੰ ਇਹ ਸਨਮਾਨ ਮਿਲਿਆ ਹੈ, ਉਹ ਵੀ ਆਪਣੇ ਆਪ ਵਿਚ ਕਾਫ਼ੀ ਮਹੱਤਵਪੂਰਨ ਹੈ। 2010 ਵਿਚ ਪ੍ਰਕਾਸ਼ਤ ਹੋਇਆ ਇਹ ਨਾਵਲ ਪਿਛਲੀਆਂ ਕਈ ਸਦੀਆਂ ਦੇ ਸਮਾਜਕ ਇਤਿਹਾਸ ਵਾਂਗ ਪੜ੍ਹਿਆ ਜਾ ਸਕਦਾ ਹੈ। ਮੁਗ਼ਲ ਅਤੇ ਬਰਤਾਨਵੀ ਕਾਲ ਵਿਚਾਲੇ ਸਿੰਘਾਸਨ ਅਤੇ ਸੱਤਾ ਦੇ ਟਕਰਾਅ ਦੇ ਸਮਾਨੰਤਰ ਅਣਛੋਹੀ ਰਹਿ ਗਈ ਵੱਡੀ ਸਮਾਜਕ ਕਥਾ ਇਸ ਨਾਵਲ ਵਿਚ ਬਹੁਤ ਦਰਦਮਈ ਤਰੀਕੇ ਨਾਲ ਦਰਜ ਹੈ- ਭੀਮਾ ਕਾਰੋਗਾਂਵ ਦਾ ਉਹ ਸੰਘਰਸ਼ ਵੀ, ਜਿਸ ਦੀ ਯਾਦ ਵਿਚ ਹੋਏ ਸਮਾਗਮ ਨੂੰ ਲੈ ਕੇ ਮੌਜੂਦਾ ਸੱਤਾ ਸਥਾਪਤੀ ਨੇ ਬਹੁਤ ਬਰਹਿਮੀ ਅਤੇ ਤਾਨਾਸ਼ਾਹੀ ਢੰਗ ਨਾਲ ਸਿਆਸੀ ਬਦਲਾਖੋਰੀ ਦੀ ਨਾ-ਖ਼ਤਮ ਹੋਣ ਵਾਲੀ ਕਾਰਵਾਈ ਜਾਰੀ ਰੱਖੀ ਹੈ। ਜੇਕਰ ਇਹ ਇਤਫ਼ਾਕ ਵੀ ਹੈ ਤਾਂ ਛੋਟਾ ਨਹੀਂ ਹੈ ਕਿ ਸ਼ਰਨ ਕੁਮਾਰ ਲਿੰਬਾਲੇ ਨੇ ਜਦੋਂ ਭੀਮਾ ਕੋਰੇਗਾਂਵ ਦਾ ਇਤਿਹਾਸ ਲਿਖਿਆ, ਉਸ ਦੇ ਕੁਝ ਹੀ ਸਾਲ ਬਾਅਦ ਉਸ ਦੀ ਯਾਦ ਵਿਚ ਹੋਏ ਸਮਾਗਮ ਨੇ ਵਰਤਮਾਨ ਨੂੰ ਅਤੇ ਉਸ ਦੇ ਹੁਕਮਰਾਨਾਂ ਨੂੰ ਇਸ ਤਰ੍ਹਾਂ ਗੁੱਸੇ ਨਾਲ ਭਰ ਦਿੱਤਾ ਕਿ ਉਹ ਝੂਠੇ ਮੁਕੱਦਮੇ ਬਣਾਉਣ ਲੱਗੇ, 80 ਤੋਂ ਵੱਧ ਉਮਰ ਦੇ ਕਵੀਆਂ ਅਤੇ ਬੁੱਧੀਜੀਵੀਆਂ ਨੂੰ ਜੇਲ੍ਹ ਵਿਚ ਸੁੱਟਣ ਲੱਗੇ।
ਇਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਸਰਸਵਤੀ ਸਨਮਾਨ ਦੇ ਇਕ ਹੋਰ ਜੇਤੂ ਲੇਖਕ ਸ਼ਮਸੁਰ ਰਹਿਮਾਨ ਫਾਰੂਕੀ ਨੇ ਆਪਣੇ ਨਾਵਲ ‘ਕਈ ਚਾਂਦ ਥੇ ਸਰੇ ਆਸਮਾਂ’ ਵਿਚ ਜੇਕਰ ਰਹਿਣ-ਸਹਿਣ ਅਤੇ ਸਮਾਜਕ ਜੀਵਨ ਦੇ ਕੁਲੀਨ ਵਰਗ ਦਾ ਅਦਭੁਤ ਚਿੱਤਰਣ ਕੀਤਾ ਹੈ ਤਾਂ ਸ਼ਰਨ ਕੁਮਾਰ ਲਿੰਬਾਲੇ ਨੇ ‘ਸਨਾਤਨ’ ਵਿਚ ਉਸ ਨੁਚੜਦੇ ਹੋਏ ਦਰਦ ਦੀ ਕਹਾਣੀ ਕਹੀ ਹੈ ਜੋ ਸਮਾਜ ਦੀਆਂ ਪਤਾ ਨਹੀਂ ਕਿੰਨੀਆਂ ਪਰਤਾਂ ਹੇਠ ਅਣਕਿਹਾ ਅਤੇ ਸਹਿਕਦਾ ਹੋਇਆ ਪਿਆ ਰਿਹਾ ਅਤੇ ਜਿਸ ਨੇ ਸਮੇਂ-ਸਮੇਂ ‘ਤੇ ਆਪਣੇ ਢੰਗ ਨਾਲ ਗੁੱਸਾ ਜ਼ਾਹਰ ਕੀਤਾ ਅਤੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਵੀ ਕੀਤਾ।
ਪਰ ਸ਼ਰਨ ਕੁਮਾਰ ਲਿੰਬਾਲੇ ਦਾ ਮਹੱਤਵ ਏਨਾ ਹੀ ਨਹੀਂ ਹੈ। ਆਪਣੇ ਜਿਸ ਕਾਰਜ ਲਈ ਉਨ੍ਹਾਂ ਨੂੰ ਏਨੀ ਵੱਡੀ ਪਛਾਣ ਮਿਲੀ, ਉਹ ਉਨ੍ਹਾਂ ਦੀ ਆਤਮ ਕਥਾ ‘ਅਕੱਰਮਾਸ਼ੀ’ ਹੈ। ਅੱਸੀ ਦੇ ਦਹਾਕੇ ਵਿਚ ਪਹਿਲੀ ਵਾਰ ਛਪ ਕੇ ਆਈ ਇਹ ਕਿਤਾਬ ਸਿਰਫ਼ ਮਰਾਠੀ ਹੀ ਨਹੀਂ, ਭਾਰਤੀ ਦਲਿਤ ਸਾਹਿਤ ਲਈ ਜਿਵੇਂ ਯੁਗਾਂਤਰਕਾਰੀ ਸਿੱਧ ਹੋਈ। ਇਸ ਦੇ ਕਈ ਭਾਸ਼ਾਵਾਂ ਵਿਚ ਅਨੁਵਾਦ ਹੋਏ। ਅੰਗਰੇਜ਼ੀ ਦੇ ਅਨੁਵਾਦ ‘ਆਉਟਕਾਸਟ’ ਨੇ ਉਨ੍ਹਾਂ ਦੀ ਪ੍ਰਸਿੱਧੀ ਨੂੰ ਸਰਹੱਦਾਂ ਦੇ ਪਾਰ ਪਹੁੰਚਾਇਆ। ਇਸ ਨੇ ਸੰਭਵ ਤੌਰ ‘ਤੇ ਪਹਿਲੀ ਵਾਰ ਦਲਿਤ ਜੀਵਨ ਦੇ ਉਸ ਸੰਕਟ ਨੂੰ ਸਾਹਮਣੇ ਰੱਖਿਆ, ਜਿਸ ਨੂੰ ਅਸੀਂ ਠੀਕ ਤਰ੍ਹਾਂ ਸਮਝ ਤੱਕ ਨਹੀਂ ਸਕਦੇ। ‘ਬਾਸਟਰਡ’- ਜਾਂ ਨਾਜਾਇਜ਼ ਔਲਾਦ ਹੋਣ ਦੀ ਤਰਾਸਦੀ ਨਿੱਜੀ ਅਤੇ ਸਮਾਜਕ ਪੱਧਰਾਂ ‘ਤੇ ਕਿੰਨੀ ਸੱਟ ਮਾਰਦੀ ਹੈ, ਕਿੰਨਾ ਕੁਝ ਖੋਹ ਲੈਂਦੀ ਹੈ, ਇਸ ਦਾ ਬਿਲਕੁਲ ਸਿਹਰਾ ਦੇਣ ਵਾਲਾ ਜ਼ਿਕਰ ਲਿੰਬਾਲੇ ਨੇ ਆਪਣੀ ਇਸ ਆਤਮਕਥਾ ਵਿਚ ਕੀਤਾ ਹੈ। ਦਲਿਤ ਹੋਣ ਦਾ ਡੰਗ ਕਿੰਨਾ ਡੂੰਘਾ ਹੁੰਦਾ ਹੈ- ਇਹ ਆਤਮਕਥਾ ਦੱਸਦੀ ਹੈ। ਲਿੰਬਾਲੇ ਹੋਰ ਜ਼ਿਆਦਾ ਵੱਡੀ ਸਚਾਈ ‘ਤੇ ਉਂਗਲੀ ਰੱਖਦੇ ਹਨ। ਉਹ ਲਿਖਦੇ ਹਨ ਕਿ ਕਿਸੇ ਵਿਅਕਤੀ ਦੀ ਜਾਤੀ ਨਾਲ ਹੀ ਜਿਵੇਂ ਉਸ ਦਾ ਸਭ ਕੁਝ ਤੈਅ ਹੋ ਜਾਂਦਾ ਹੈ- ਉਹ ਕੀ ਖਾਏਗਾ, ਕਿਵੇਂ ਦੇ ਕੱਪੜੇ ਪਹਿਣੇਗਾ, ਕਿਸ ਨਾਲ ਵਿਆਹ ਕਰੇਗਾ- ਸਭ ਕੁਝ। ਦਲਿਤ ਹੋਣ ਦੀ ਵਿਡੰਬਨਾ ਤਾਂ ਇਹੀ ਹੈ ਕਿ ਉਹ ਜਿਵੇਂ ਕਿਸੇ ਖੂਹ ਤੋਂ ਬਾਹਰ ਨਿਕਲ ਨਹੀਂ ਸਕਦੇ, ਦੂਸਰੇ ਖੂਹ ਵਿਚ ਝਾਕ ਤੱਕ ਨਹੀਂ ਸਕਦੇ। ਪਰ ਇਸ ਦੀ ਇਕ ਹੋਰ ਵਿਡੰਬਨਾ ਵੀ ਹੈ। ਲਿੰਬਾਲੇ ਵਰਗੇ ਲੋਕ ਪੂਰੀ ਜਾਤੀ-ਵਿਵਸਥਾ ਤੋਂ ਹੀ ਬਾਹਰ ਕਰ ਦਿੱਤੇ ਜਾਂਦੇ ਹਨ। ਲਿੰਬਾਲੇ ਦੀ ਆਤਮਕਥਾ ਦੱਸਦੀ ਹੈ ਕਿ ਉਨ੍ਹਾਂ ਦੇ ਪਿਤਾ ਇਕ ਪਾਟਿਲ ਸਵਰਨ ਸਨ ਤੇ ਮਾਂ ਇਕ ਅਛੂਤ ਮਹਿਲਾ। ਉਨ੍ਹਾਂ ਨੂੰ ਪਿਤਾ ਦੀ ਪਛਾਣ ਵੀ ਨਹੀਂ ਮਿਲੀ ਤੇ ਉਹ ਮਾਂ ਦੀ ਜਾਤੀ ਤੋਂ ਵੀ ਵਾਂਝੇ ਕਰ ਦਿੱਤੇ ਗਏ। ਮਾਂ ਇਕ ਝੋਪੜੀ ਵਿਚ ਰਹਿੰਦੀ ਸੀ ਜਦਕਿ ਪਿਤਾ ਇਕ ਵੱਡੇ ਘਰ ਵਿਚ। ਲਿੰਬਾਲੇ ਹਰ ਥਾਂ ਆਪਣੀ ਪਛਾਣ ਤੋਂ ਵਾਂਝੇ ਰਹੇ। ਉਨ੍ਹਾਂ ਨੇ ਲਿਖਿਆ, ”ਬੱਸ ਸਟੈਂਡ ਸਾਡੇ ਲਈ ਘਰਾਂ ਵਰਗੇ ਹੁੰਦੇ ਸਨ, ਅਸੀਂ ਬੇਕਾਰ ਹੋ ਚੁੱਕੀਆਂ ਬੱਸ ਟਿਕਾਂ ਵਾਂਗ ਪਏ ਰਹਿੰਦੇ ਸੀ।”
‘ਅਕੱਰਮਾਸ਼ੀ’ ਦਾ ਪ੍ਰਕਾਸ਼ਨ ਕਿਸੇ ਕਰਾਂਤੀ ਨਾਲੋਂ ਘੱਟ ਨਹੀਂ ਰਿਹਾ। ਇਸ ਨੂੰ ਪੜ੍ਹਨ ਮਗਰੋਂ ਦਲਿਤ ਲੇਖਕਾਂ ਅੰਦਰ ਇਹ ਆਤਮ ਵਿਸ਼ਵਾਸ ਜਾਗਿਆ ਕਿ ਉਹ ਆਪਣੀ ਕਹਾਣੀ ਲਿਖ ਸਕਦੇ ਹਨ। ਦਲਿਤ ਆਤਮ ਕਥਾਵਾਂ ਦਾ ਹੜ੍ਹ ਆ ਗਿਆ। ਮਰਾਠੀ ਵਿਚ ਦਯਾ ਪਵਾਰ ਦੀ ‘ਅਛੂਤ’ ਅਤੇ ਲਕਸ਼ਮਣ ਗਾਇਕਵਾੜ ਦੀ ‘ਉਠਾਈਗੀਰ’ ਵਰਗੀਆਂ ਆਤਮ ਕਥਾਵਾਂ ਇਕਦਮ ਚੇਤੇ ਆਉਂਦੀਆਂ ਹਨ। ਹਿੰਦੀ ਵਿਚ ਵੀ ਮੋਹਨਦਾਸ ਨੈਮਿਸ਼ਰਾਏ ਦੀ ‘ਅਪਨੇ-ਅਪਨੇ ਪਿੰਜੜੇ’, ਓਮ ਪ੍ਰਕਾਸ਼ ਵਾਲਮੀਕ ਦੀ ‘ਜੂਠਨ’ ਤੁਲਸੀਰਾਮ ਦੀ ‘ਮੁਰਦਾਹਿਯਾ’ ਅਤੇ ‘ਮਣੀਕਰਨਿਕਾ’, ਸ਼ਯੋਰਾਜ ਸਿੰਘ ਬੇਚੈਨ ਦੀ ‘ਮੇਰਾ ਬਚਪਨ ਮੇਰੇ ਕੰਧੋਂ ਪਰ’, ਸੁਸ਼ੀਲਾ ਟਾਕਭੌਰੇ ਦੀ ‘ਸ਼ਿਕੰਜੇ ਕਾ ਦਰਦ’, ਕੌਸ਼ਲਯਾ ਬੈਸੰਤਰੀ ਦੀ ‘ਦੋਹਰਾ ਅਭਿਸ਼ਾਪ’, ਸੂਰਜਪਾਲ ਸਿੰਘ ਦੀ ‘ਸੰਤਪਤ’ ਆਦਿ ਵੱਡੇ ਸਿਲਸਿਲੇ ਦੇ ਬਸ ਕੁਝ ਕੁ ਨਾਮ ਹਨ।
ਫੇਰ ਵੀ ਕਹਿਣਾ ਪਏਗਾ ਕਿ ਇਹ ਆਤਮ ਕਥਾਵਾਂ ਨਹੀਂ ਹਨ, ਵਰ੍ਹਿਆਂ ਤੋਂ ਦੱਬੀਆਂ-ਘੁੱਟੀਆਂ ਹੋਈਆਂ ਚੀਕਾਂ ਹਨ, ਦਹਾਕਿਆਂ ਤੋਂ ਚੁੱਕਿਆ ਜਾ ਰਿਹਾ ਬੋਝ ਹੈ, ਸਦੀਆਂ ਤੋਂ ਝੱਲੀ ਜਾ ਰਹੀ ਪੀੜਾ ਹੈ। ਕਈ ਵਾਰ ਉਹ ਏਨੀਆਂ ਕਰੂਪ ਹੋ ਜਾਂਦੀਆਂ ਹਨ ਕਿ ਅਸੀਂ ਦੇਖ ਕੇ ਡਰ ਜਾਂਦੇ ਹਾਂ, ਕਈ ਵਾਰ ਏਨੀ ਨਾਟਕੀ ਕਿ ਅਸੀਂ ਉਨ੍ਹਾਂ ‘ਤੇ ਯਕੀਨ ਨਹੀਂ ਕਰਦੇ, ਕਈ ਵਾਰ ਏਨੀ ਖੁਰਦੁਰੀ ਕਿ ਸਾਨੂੰ ਸ਼ਿਲਪ ਦੀ ਚਿੰਤਾ ਹੋਣ ਲਗਦੀ ਹੈ, ਕਈ ਵਾਰ ਏਨੀ ਅਣਘੜੀ ਕਿ ਉਨ੍ਹਾਂ ਨੂੰ ਸੰਪਾਦਤ ਕਰਨ ਦੀ ਇੱਛਾ ਹੁੰਦੀ ਹੈ। ਪਰ ਉਹ ਸਾਡੀ ਚੀਕਨੀ ਚੇਤਨਾ ‘ਤੇ ਲਗਾਤਾਰ ਪੈ ਰਹੇ ਅਜਿਹੇ ਪੱਥਰ ਹਨ ਜਿਨ੍ਹਾਂ ਨਾਲ ਹੌਲੀ-ਹੌਲੀ ਸੁਰਾਖ਼ ਹੋ ਰਿਹਾ ਹੈ। ਹੁਣ ਤੱਕ ਸਮੀਖਿਆਵਾਂ ਅਤੇ ਸਨਮਾਨਾਂ ਦੀ ਕਤਾਰ ਤੋਂ ਬਾਹਰ ਖੜ੍ਹੇ ਇਨ੍ਹਾਂ ਲੇਖਕਾਂ ਨੂੰ ਹੁਣ ਸਨਮਾਨ ਮਿਲ ਰਿਹਾ ਹੈ- ਇਹ ਇਸ ਸਰਸਵਤੀ ਸਨਮਾਨ ਤੋਂ ਫੇਰ ਸਿੱਧ ਹੋਇਆ ਹੈ।
ਬੇਸ਼ੱਕ, ਇਸ ਨਾਲ ਦਲਿਤ ਸਾਹਿਤ ਤੋਂ ਉਮੀਦਾਂ ਵੀ ਵਧੀਆਂ ਹੋਈਆਂ ਹਨ ਅਤੇ ਉਸ ਦੀਆਂ ਚੁਣੌਤੀਆਂ ਵੀ। ਹੁਣ ਉਨ੍ਹਾਂ ਨੂੰ ਨਿੱਜੀ ਤਕਲੀਫਾਂ ਅਤੇ ਸਮਾਜਕ ਗ਼ੈਰਬਰਾਬਰੀ ਦੀਆਂ ਦਾਸਤਾਨਾਂ ਤੋਂ ਅੱਗੇ ਜਾ ਕੇ ਇਹ ਵਿਚਾਰਕ ਉੱਦਮ ਵੀ ਕਰਨਾ ਪਏਗਾ ਜੋ ਨਵਾਂ ਸਮਾਜ ਬਣਾਉਣ ਲਈ ਜ਼ਰੂਰੀ ਹੈ। ਸਗੋਂ ਇਸ ਸਿਲਸਿਲੇ ਵਿਚ ਵੀ ਕਾਫ਼ੀ ਕੁਝ ਕੰਮ ਪਹਿਲਾਂ ਤੋਂ ਚੱਲ ਰਿਹਾ ਹੈ। ਇਸ ਵਿਚਾਰਕ ਉੱਦਮ ਲਈ ਲੋੜੀਂਦਾ ਕੱਚਾ ਮਾਲ ਗਾਂਧੀ ਤੋਂ ਲੈ ਕੇ ਅੰਬੇਦਕਰ ਅਤੇ ਲੋਹੀਆ ਤੱਕ ਦੇ ਵਿਚਾਰਾਂ ਵਿਚ ਤਰ੍ਹਾਂ-ਤਰ੍ਹਾਂ ਨਾਲ ਮੌਜੂਦ ਹੈ। ਉਮੀਦ ਹੈ ਕਿ ਲੇਖਣ ਅਤੇ ਵਿਚਾਰ ਦਾ ਇਹ ਸਿਲਸਿਲਾ ਅੱਗੇ ਤੁਰੇਗਾ ਅਤੇ ਵਿਚਾਰ ਤੇ ਸਰੋਕਾਰ ਦੀਆਂ ਨਵੀਆਂ ਸਰਹੱਦਾਂ ਸਿਰਜੀਆਂ ਜਾਣਗੀਆਂ।
‘ਐਨ.ਡੀ.ਟੀ.ਵੀ.’ ਤੋਂ ਧੰਨਵਾਦ ਸਹਿਤ

2 Replies to “ਸ਼ਰਨ ਕੁਮਾਰ ਲਿੰਬਾਲੇ ਨੂੰ ਸਰਸਵਤੀ ਸਨਮਾਨ : ‘ਹਮ ਫੇਂਕੇ ਹੂਏ ਬਸ ਟਿਕਟੋਂ ਜੈਸੇ ਥੇ’/ ਪ੍ਰਿਯਦਰਸ਼ਨ- ਅਨੁਵਾਦ- ਕਮਲ ਦੁਸਾਂਝ”

Leave a Reply

Your email address will not be published. Required fields are marked *