ਤਾਇਵਾਨ : ਰੇਲ ਹਾਦਸੇ ‘ਚ 48 ਯਾਤਰੀਆਂ ਦੀ ਮੌਤ, 70 ਤੋਂ ਵੱਧ ਜਖ਼ਮੀ

ਤਾਇਪੇ : ਤਾਇਵਾਨ ਵਿੱਚ ਇੱਕ ਰੇਲ ਹਾਦਸੇ ਵਿੱਚ ਘੱਟੋ-ਘੱਟ 48 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ 70 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਸਰਕਾਰੀ ਅਧਿਕਾਰੀਆਂ ਮੁਤਾਬਕ, ਇਹ ਹਾਦਸਾ ਪੂਰਬੀ ਤਾਇਵਾਨ ਦੀ ਇੱਕ ਸੁਰੰਗ ਵਿੱਚ ਹੋਇਆ, ਜਿੱਥੇ ਟਰੇਨ ਇੱਕ ਟਰੱਕ ਨੂੰ ਟੱਕਰ ਮਾਰਨ ਤੋਂ ਬਾਅਦ ਪੱਟੜੀ ਤੋਂ ਉਤਰ ਗਈ। ਤਾਇਵਾਨ ਦੀ ਕੇਂਦਰੀ ਆਪਦਾ ਪ੍ਰਬੰਧਨ ਟੀਮ ਨੇ ਦੱਸਿਆ ਹੈ ਕਿ ਸੁਰੰਗ ਅੰਦਰ ਚਾਰ ਰੇਲ ਕੋਚ ਹਨ, ਜਿਨ੍ਹਾਂ ਵਿੱਚ ਅਜੇ ਵੀ ਕਰੀਬ 200 ਲੋਕ ਫਸੇ ਹੋਏ ਹਨ। ਇਹ ਚਾਰੇ ਰੇਲ ਕੋਚ ਇਸ ਹਾਦਸੇ ‘ਚ ‘ਬੁਰੀ ਤਰ੍ਹਾਂ ਨੁਕਸਾਨੇ’ ਗਏ ਹਨ।

ਦੱਸਿਆ ਗਿਆ ਹੈ ਕਿ ਇਹ ਟਰੇਨ ਤਾਇਵਾਨ ਦੀ ਰਾਜਧਾਨੀ ਤਾਈਪੇ ਤੋਂ ਤਾਈਤੁੰਗ ਸ਼ਹਿਰ ਵੱਲ ਜਾ ਰਹੀ ਸੀ। ਇਸ ਟਰੇਨ ਵਿੱਚ ਸਵਾਰ ਵਧੇਰੇ ਯਾਤਰੀ ਤਾਇਵਾਨ ਦੇ ਪ੍ਰਸਿੱਧ ‘ਟੌਂਬ ਸਵੀਪਿੰਗ ਫੈਸਟੀਵਲ’ ਦਾ ਜਸ਼ਨ ਮਨਾਉਣ ਜਾ ਰਹੇ ਸਨ। ਅਧਿਕਾਰੀਆਂ ਮੁਤਾਬਕ, ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 9 ਵਜੇ ਵਾਪਰਿਆ।

ਸਥਨਕ ਮੀਡੀਆ ਰਿਪੋਰਟਾਂ ਮੁਤਾਬਤ ਮੈਨਟੇਨੈਂਸ ਦੇ ਕੰਮ ਵਿੱਚ ਲੱਗੇ ਇੱਕ ਟਰੱਕ ਦੇ ਰੇਲਵੇ ਟਰੈਕ ‘ਤੇ ਆ ਜਾਣ ਕਾਰਨ ਇਹ ਘਟਨਾ ਵਾਪਰੀ। ਤਾਇਵਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜੋ ਲੋਕ ਹੁਣ ਵੀ ਟਰੇਨ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਕੱਢਣ ਲਈ ਸਾਰਾ ਧਿਆਨ ਦਿੱਤਾ ਜਾ ਰਿਹਾ ਹੈ।

ਤਾਇਵਾਨ ਦੇ ਆਵਾਜਾਈ ਮੰਤਰਾਲੇ ਮੁਤਾਬਕ, ਬੀਤੇ ਚਾਰ ਦਹਾਕਿਆਂ ਵਿੱਚ ਇਹ ਦੇਸ਼ ਦਾ ਸਭ ਤੋਂ ਬੁਰਾ ਰੇਲ ਹਾਦਸਾ ਹੈ। ਸਮਾਚਾਰ ਏਜੰਸੀ ਰਾਇਟਰਸ ਮੁਤਾਬਕ, ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਵੇਲੇ ਟਰੇਨ ਵਿੱਚ ਕਰੀਬ 500 ਯਾਤਰੀ ਸਵਾਰ ਸਨ।

ਘਟਨਾ ਕਾਰਨ ਰੇਲ ਦੇ ਅੱਠਾਂ ਵਿੱਚੋਂ ਪੰਜ ਕੋਚਾਂ ਨੂੰ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਵਿੱਚੋਂ ਕਰੀਬ 100 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਸਥਾਨਕ ਮੀਡੀਆ ਮੁਤਾਬਕ, ਜਿਸ ਟਰੱਕ ਨਾਲ ਟਰੇਨ ਟਕਰਾਈ, ਉਹੀ ਸਹੀ ਢੰਗ ਨਾਲ ਨਹੀਂ ਖੜ੍ਹਾ ਸੀ, ਜਿਸ ਕਾਰਨ ਟਰੱਕ ਫਿਸਲ ਕੇ ਟਰੇਨ ਦੇ ਰਸਤੇ ਵਿੱਚ ਆ ਗਿਆ।

Leave a Reply

Your email address will not be published. Required fields are marked *