ਲਿੰਗ ਟੈਸਟ ਵਾਲੇ ਇਸ਼ਤਿਹਾਰਾਂ ‘ਤੇ ਰੋਕ ਲਾਉਣ ਤੋਂ ਅਸਫ਼ਲ ਰਹੇ ਗੂਗਲ ਅਤੇ ਯਾਹੂ ਭਾਰਤੀ ਸੁਪਰੀਮ ਕੋਰਟ ਨੇ ਕੀਤੀ ਝਾੜ-ਝੰਬ

ਨਵੀਂ ਦਿੱਲੀ (ਨਦਬ): ਸੁਪਰੀਮ ਕੋਰਟ ਨੇ ਜਨਮ ਤੋਂ ਪਹਿਲਾਂ ਲਿੰਗ ਦੀ ਪਛਾਣ ਵਾਲੇ ਇਸ਼ਤਿਹਾਰਾਂ ‘ਤੇ ਰੋਕ ਲਾਉਣ ਵਿਚ ਅਸਫ਼ਲ ਰਹੇ ਆਨ ਲਾਈਨ ਸਰਚ ਇੰਜਣ ਜਿਵੇਂ ਗੂਗਲ, ਯਾਹੂ ਤੇ ਮਾਈਕ੍ਰੋਸਾਫ਼ਟ ਦੀ ਖਿਚਾਈ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਪੱਸ਼ਟ ਤੌਰ ‘ਤੇ ਭਾਰਤੀ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ।
ਜਸਟਿਸ ਦੀਪਕ ਮਿਸ਼ਰਾ ਅਤੇ ਆਰ ਬਨੂਮਾਥੀ ਦੇ ਬੈਂਚ ਨੇ ਅਜਿਹੇ ਇਸ਼ਤਿਹਾਰਾਂ ‘ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਨੂੰ ਦਸ ਦਿਨਾਂ ਅੰਦਰ ਤਕਨੀਕੀ ਮਾਹਰਾਂ ਅਤੇ ਸਰਚ ਇੰਜਣਾਂ ਦੀ ਬੈਠਕ ਕਰਵਾਉਣ ਨੂੰ ਕਿਹਾ ਹੈ। ਬੈਂਚ ਨੇ ਕਿਹਾ, ”ਉਹ ਸਪੱਸ਼ਟ ਰੂਪ ਨਾਲ ਭਾਰਤੀ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਕੁਝ ਨਹੀਂ ਕਰ ਸਕਦੇ। ਇਹ ਮਨਜ਼ੂਰ ਨਹੀਂ ਹੈ ਅਤੇ ਇਸ ‘ਤੇ ਕੰਟਰੋਲ ਕਰਨ ਦੀ ਲੋੜ ਹੈ। ਉਹ ਅਜਿਹਾ ਕੁਝ ਨਹੀਂ ਪਾ ਸਕਦੇ ਜੋ ਦੇਸ਼ ਦੇ ਕਾਨੂੰਨ ਵਿਰੁਧ ਹੈ।”
ਅਦਾਲਤ ਨੇ ਕਿਹਾ ਕਿ ਕੇਂਦਰ ਨੂੰ ਦਸਣਾ ਚਾਹੀਦਾ ਕਿ ਸਰਚ ਇੰਜਣਾਂ ‘ਤੇ ਲਿੰਗ ਨਿਰਧਾਰਨ ਟੈਸਟ ਦੇ ਇਸ਼ਤਿਹਾਰਾਂ ਨੂੰ ਰੋਕਣ ਲਈ ਕਿਵੇਂ ਅਤੇ ਕਿਹੜੇ ਕਦਮ ਚੁਕਣੇ ਚਾਹੀਦੇ ਹਨ। ਅਦਾਲਤ ਨੇ ਕੇਂਦਰ ਨੂੰ ਬੈਠਕ ਬੁਲਾਉਣ ਦਾ ਹੁਕਮ ਦਿਤਾ ਅਤੇ ਕਿਹਾ ਕਿ ਉਹ ਬੈਠਕ ਵਿਚ ਪਟੀਸ਼ਨਕਰਤਾ ਡਾ. ਸਾਬੂ ਮੈਥਿਊ ਜੌਰਜ਼ ਨੂੰ ਸ਼ਾਮਲ ਕਰੇ। ਜੌਰਜ਼ ਨੇ ਦੇਸ਼ ਵਿਚ ਕੁੜੀਆਂ ਦੀ ਗਿਣਤੀ ਘਟਣ ਦੇ ਸੰਦਰਭ ਵਿਚ ਅਦਾਲਤ ਦੇ ਦਖ਼ਲ ਦੇਣ ਲਈ ਪਟੀਸ਼ਨ ਦਾਇਰ ਕੀਤੀ ਹੈ।
ਸੁਣਵਾਈ ਦੌਰਾਨ ਸਾਲੀਸਿਟਰ ਜਨਰਲ ਰਣਜੀਤ ਕੁਮਾਰ ਨੇ ਕਿਹਾ ਕਿ ਕੰਪਨੀਆਂ ਅਪਣੀਆਂ ਵੈਬਸਾਈਟਾਂ ‘ਤੇ ਲਿੰਗ ਨਿਰਧਾਰਨ ਟੈਸਟ ਦੇ ਇਸ਼ਤਿਹਾਰ ਪ੍ਰਦਰਸ਼ਤ ਕਰ ਕੇ ਪੀਸੀਪੀਐਨਡੀਟੀ ਐਕਟ ਦੀ ਉਲੰਘਣਾ ਕਰਦੀਆਂ ਹਨ। ਪ੍ਰੀ-ਕੰਨਸੈਪਸ਼ਨ ਐਂਡ ਪ੍ਰੀ-ਨੈਟਲ ਡਾਇਗਨੋਸਿਟਕ ਟੈਕਨੀਜ਼ (ਪੀਸੀਪੀਐਨਡੀਟੀ) ਐਕਟ, 1994 ਭਰੂਨ ਹਤਿਆ ਰੋਕਣ ਲਈ ਬਣਾਇਆ ਗਿਆ ਸੀ। ਇਸ ਨੇ ਜਨਮ ਤੋਂ ਪਹਿਲਾਂ ਬੱਚੇ ਦੀ ਪਛਾਣ ਜ਼ਾਹਰ ਕਰਨ ‘ਤੇ ਰੋਕ ਲਾਈ।
ਇਸ ਤੋਂ ਪਹਿਲਾਂ ਪਿਛਲੇ ਸਾਲ ਜਨਵਰੀ ਵਿਚ ਸਰਵਉਚ ਅਦਾਲਤ ਨੇ ਸਰਚ ਇੰਜਣਾਂ ਜਿਵੇਂ ਗੂਗਲ ਇੰਡੀਆ, ਯਾਹੂ ਇੰਡੀਆ ਅਤੇ ਮਾਈਕ੍ਰੋਸਾਫ਼ਟ ਪ੍ਰਾਈ. ਲਿਮ. ਨੂੰ ਭਾਰਤੀ ਕਾਨੂੰਨਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਨ ਦੇ ਅਤੇ ਲਿੰਗ ਨਿਰਧਾਰਨ ਟੈਸਟ ਦੇ ਇਸ਼ਤਿਹਾਰਾਂ ‘ਤੇ ਰੋਕ ਲਾਉਣ ਦੇ ਨਿਰਦੇਸ਼ ਦਿਤੇ ਸਨ।