…ਤੇ ਇਉਂ ਪ੍ਰਗਟ ਹੋਏ ਵੱਡ ਵਡੇਰਿਆਂ ਦੇ ਭੂਤ
ਬਲਜਿੰਦਰ ਕੋਟਭਾਰਾ
ਛੇਵੀਂ ‘ਚ ਪੜ੍ਹਦਾ ਰਾਜੂ ਅੱਧੀ ਛੁੱਟੀ ਆ ਕੇ ਘਰ ਅਜੇ ਰੋਟੀ ਦੀ ਖਾਣ ਲੱਗਿਆ ਸੀ ਕਿ ਉਹਨਾਂ ਦੇ ਦਰਵਾਜ਼ੇ ਵਿਚੋਂ ਆਵਾਜ਼ ਆਈ ”ਅਲਖ ਨਿਰੰਜਣ … ਤੁਹਾਡੇ ਨਗਰ ਵਿਚ ਸੰਗਤਾਂ ਦੇ ਕਸ਼ਟ ਦੂਰ ਕਰਨ ਲਈ ਧਰਮਾਤਮਾ ਜੀ ਆ ਪਹੁੰਚੇ ਨੇ ਭਾਈ, ਸੰਤਾਂ ਦੇ ਦਰਸ਼ਨ ਕਰੋ ਸੰਗਤੋ।”
”ਲੈ ਪੁੱਤ ਤੂੰ ਰੋਟੀ ਖਾ ਮੈਂ ਵੇਖਦੀ ਆ ਕੌਣ ਏ?”
ਬਦਾਮੀ ਰੰਗ ਦੇ ਵੱਡੇ ਵੱਡੇ ਚੋਲਿਆਂ ਵਾਲੇ, ਸਿਰਾਂ ‘ਤੇ ਲੰਮੀਆਂ ਜੱਟਾਂ ਰੱਖੀਆਂ ਤੇ ਗਠੜੀ ਲਈ ਦੋ ਸਾਧ ਅੱਗੇ ਨੂੰ ਵਧੇ।
”ਬੀਬਾ ਘਰੇ ਕਸ਼ਟ ਕਲੇਸ਼ ਰਹਿੰਦਾ ਏ, ਵਾਧਾ ਨ੍ਹੀਂ ਹੁੰਦਾ, ਤੁਸੀਂ ਹਰੇਕ ਦਾ ਭਲਾ ਚਾਹੁੰਦੋ ਹੋ, ਤੁਹਾਡਾ ਕੋਈ ਭਲਾ ਨ੍ਹੀਂ ਚਾਹੁੰਦਾ, ਪੈਸਾ ਘਰੇ ਨ੍ਹੀਂ ਖੜ੍ਹਦਾ, ਜੇ ਸੱਚ ਹੈ ਤਾਂ ਹਾਂ ਕਹਿ ਦੇਵੋ ਨਹੀਂ ਸੰਤਾਂ ਨੂੰ ਫਿੱਟ ਮੂੰਹ ਕਹਿ ਦਿਓ।” ਸੰਤਾਂ ਨੇ ਆਸੇ ਪਾਸੇ ਘਰ ਦੀ ਘੋਖਵੀਂ ਪੜਤਾਲ ਕਰਦਿਆਂ ਕਿਹਾ ਤਾਂ ਰਾਜੂ ਦੀ ਦਾਦੀ ਪੂਰੀ ਸ਼ਰਧਾ ਨਾਲ ਉਹਨਾਂ ਦੇ ਪੈਰੀਂ ਹੱਥ ਲਾਉਂਦੀ ਬੋਲੀ, ”ਹਾਂ ਬਾਬਾ ਜੀ, ਸਭ ਸੱਚ ਏ, ਤੁਸੀਂ ਜਾਣੀ ਜਾਣ ਹੋ।”
”ਬਾਬਾ ਜੀ ਤਾਂ ਸਮਝੋ ਭਾਈ ਰੱਬ ਨੇ ਆਪਣਾ ਦੂਤ ਬਣਾ ਕੇ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਲਈ ਭੇਜੇ ਨੇ, ਖੱਟ ਲਓ ਫੈਦਾ ਲੈ ਲੋ ਲਾਹਾ।”
”ਆਓ ਬਾਬਾ ਜੀ ਤੁਸੀਂ ਅੱਗੇ ਮੰਜਿਆਂ ‘ਤੇ ਬੈਠ ਕੇ ਸਾਡੇ ਗਰੌਹ ਦੂਰ ਕਰੋ।”
ਰਾਜੂ ਦੀ ਦਾਦੀ ਨੇ ਉਹਨਾਂ ਨੂੰ ਅਗਾਂਹ ਵਰਾਂਡੇ ‘ਚ ਲਿਜਾ ਕੇ ਮੰਜਿਆਂ ‘ਤੇ ਬਿਠਾ ਕੇ ਆਮ ਉਹਨਾਂ ਦੇ ਅੱਗੇ ਹੇਠਾਂ ਧਰਤੀ ‘ਤੇ ਬੈਠ ਗਈ।
”ਬੀਬਾ ਥੋਡੇ ਘਰ ‘ਚ . . . ਤੁਹਾਡੇ ਵੱਡ ਵਡੇਰਿਆਂ ਦੀ ਆਤਮਾ ਰਹਿੰਦੀ ਹੈ, ਉਹਨਾਂ ਦੀ ਗਤੀ ਨਾ ਹੋਣ ਕਰਕੇ ਘਰ ਭੂਤਾਂ ਦਾ ਡੇਰਾ ਬਣਿਆ ਹੋਇਆ ਹੈ, ਇਲਾਜ ਵੀ ਬਹੁਤ ਔਖਾ ਏ, ਸਾਡੇ ਆਪਣੇ ‘ਤੇ ਵੀ ਪੁੱਠੀ ਪੈ ਸਕਦੀ ਏ।” ਵੱਡੇ ਸੰਤਾਂ ਨੇ ਗੰਭੀਰ ਹੁੰਦਿਆਂ ਅੱਖਾਂ ਬੰਦ ਕਰਕੇ ਕਿਹਾ।
”ਬਾਬਾ ਜੀ ਮਿੰਨਤ ਨਾਲ ਈ ਏ, ਸਾਡਾ ਤਾਂ ‘ਲਾਜ ਕਰ ਜਾਵੋ. . .ਭੇਟਾ ਅਸੀਂ ਜ਼ਰੂਰ ਚੜ੍ਹਾਵਾਂਗੇ” ਹਰਨਾਮ ਕੁਰ ਨੇ ਹੱਥ ਜੋੜਦਿਆਂ ਕਿਹਾ।
ਐਨੇ ਨੂੰ ਰਾਜੂ ਨੇ ਆਉਂਦਿਆਂ ਕਿਹਾ, ”ਦਾਦੀ ਮਾਂ ਇਹ ਭੂਤਾਂ ਦੇ ਸਾਰੇ ਪਾਖੰਡ ਹੁੰਦੇ ਨੇ, ਸਾਡੇ ਮਾਸਟਰ ਜੀ ਕਹਿੰਦੇ ਸੀ ਜਦੋਂ ਮਰੇ ਆਦਮੀ ਦੀ ਸਵਾਹ ਰਾਖ ਹੀ ਬਣ ਜਾਂਦੀ ਏਂ ਤਾਂ ਭੂਤ ਕਿਥੋਂ …।”
ਰਾਜੂ ਦੀ ਗੱਲ ਵਿਚਾਲਿਓਂ ਹੀ ਟੋਕ ਕੇ ਉਸ ਦੀ ਦਾਦੀ ਨੇ ਘੂਰਦਿਆਂ ਕਿਹਾ, ”ਚੁੱਪ ਵੇ ਚੁੱਪ ਅਖੇ ਕੱਲ ਦੀ ਭੂਤਨੀ ਸਿਵਿਆਂ ‘ਚ ਅੱਧ, ਉਹ ਗੱਲ ਏ ਤੇਰੀ ਤਾਂ। ਤੈਨੂੰ ਜਵਾਕ ਨੂੰ ਤੇ ਮਾਸਟਰ ਕੱਲ੍ਹ ਦੇ ਛੋਕਰੇ ਨੂੰ ਕੀ ਪਤਾ ਏ।”
”ਬੀਬਾ ਕਲਯੁਗ ਦੇ ਇਸ ਜ਼ਮਾਨੇ ‘ਚ ਇਹਨਾਂ ਪੜ੍ਹੇ ਲਿਖੇ ਲੋਕਾਂ ਨੇ ਸਾਇੰਸ ਦੀਆਂ ਗੱਲਾਂ ਕਰ ਕੇ ਸ਼ਰਧਾਲੂਆਂ ਦਾ ਬੇੜਾ ਗਰਕ ਕਰ ਦਿੱਤਾ, ”ਸਾਧ ਨੇ ਕਿਹਾ, ”ਲਓ ਫਿਰ ਸਾਰਿਆਂ ਨੂੰ ਮੈਂ ਭੂਤਾਂ ਵਿਖਾ ਹੀ ਦਿੰਦਾ ਹਾਂ ਜੇ ਨਹੀਂ ਯਕੀਨ ਆਉਂਦਾ।”
ਹਰਨਾਮ ਕੂਰ ਦੇ ਨਾਂਹ ਨਾਂਹ ਕਰਦਿਆਂ ਵੀ ਸੰਤਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਸੰਤ ਨੇ ਨਾਰੀਅਲ (ਖੋਪੇ ਦਾ ਗੁੱਟ) ਕੱਢਕੇ ਮੰਤਰ ਪੜ੍ਹਣੇ ਸ਼ੁਰੂ ਕਰ ਦਿੱਤੇ ਅਤੇ ਰਾਜੂ ਤੋਂ ਪਾਣੀ ਮੰਗਵਾਇਆ। ਉਹਨਾਂ ਦਾਦੀ ਪੋਤੇ ਨੂੰ ਥੋੜ੍ਹਾ ਦੂਰ ਹੋਣ ਲਈ ਕਿਹਾ। ਮੰਤਰ ਹੋਰ ਉੱਚੀ ਆਵਾਜ਼ ‘ਚ ਪੜ੍ਹਦਾ ਗਿਆ। ਫਿਰ ਜਦੋਂ, ਸੰਤ ਨੇ ਨਾਰੀਅਲ ‘ਤੇ ਪਾਣੀ ਪਾਉਣ ਨਾਲ ਨਾਰੀਅਲ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ।
”ਵੇਖੋ ਬੇਟਾ ਹੁਣ ਲਿਆਓ ਕਿਸੇ ਮਰਜ਼ੀ ਵਿਗਿਆਨੀ ਜਾਂ ਮਾਸਟਰ ਨੂੰ।”
”ਬਾਬਾ ਜੀ ਹੁਣ ਛੇਤੀ ਦੇਣੇ ਉਪਾਅ ਕਰੋ ਕਿਤੇ ਕੰਮ ਨਾ ਵਿਗੜ ਜਾਵੇ।”
”ਹਾਂ ਬੀਬੀ ਕਸ਼ਟ ਦੂਰ ਕਰਨ ਲਈ ਸਵਾ ਪੰਜ ਸੌ ਰੁਪਏ, ਤਿੰਨ ਖੇਸ ਅਤੇ ਸਵਾ ਪੰਜ ਕਿਲੋ ਗੁੜ ਲੈ ਆਵੋ ਛੇਤੀ ਦੇਣੇ।”
ਰਾਜੂ ਦੀ ਦਾਦੀ ਛੇਤੀ ਦੇਣੇ ਦੱਸਿਆ ਸਮਾਨ ਲੈ ਆਈ, ਸਾਧਾਂ ਨੇ ਉਹਨਾਂ ਨੂੰ 5 ਤਵੀਤ ਦੇ ਕੇ ਘਰ ‘ਚ ਅਲੱਗ ਅਲੱਗ ਥਾਵਾਂ ‘ਤੇ ਦੱਬਣ ਲਈ ਕਹਿ ਦਿੱਤੇ ਅਤੇ ਕਾਹਲੀ ਕਾਹਲੀ ਕਾਹਲੀ ਤੁਰ ਗਏ।
ਰਾਜੂ ਨੇ ਭੂਤ ਪ੍ਰਗਟ ਹੋਣ ਵਾਲੀ ਗੱਲ ਜਦੋਂ ਆਪਣੇ ਜਮਾਤੀਆਂ ਨਾਲ ਸਾਂਝੀ ਕੀਤੀ ਤਾਂ ਸਾਰਿਆਂ ਨੇ ਸੋਚਿਆਂ ਕਿ 7ਵੇਂ ਪੀਰੀਅਡ ‘ਚ ਸਾਇੰਸ ਵਾਲੇ ਮਾਸਟਰ ਗਿਆਨ ਸਿੰਘ ਨਾਲ ਇਸ ਬਾਰੇ ਗੱਲ ਕਰਨਗੇ ਅਤੇ ਬੱਚੇ ਉਤਸੁਕਤਾ ਨਾਲ ਸਾਇੰਸ ਦਾ ਪੀਰੀਅਡ ਉਡੀਕਣ ਲੱਗੇ।
”ਮਾਸਟਰ ਜੀ ਤੁਸੀਂ ਤਾਂ ਕਹਿੰਦੇ ਸੀ ਭੂਤਾਂ ਨ੍ਹੀਂ ਹੁੰਦੀਆਂ ਪਰ ਸਾਧਾਂ ਨੇ ਅੱਜ ਰਾਜੂ ਦੇ ਘਰ ਭੂਤਾਂ ਵਿਖਾ ਦਿੱਤੀਆਂ ਅਤੇ ਫਿਰ ਉਹਨਾਂ ਨੇ ਸਾਰੀ ਕਹਾਣੀ ਸੁਣਾ ਦਿੱਤੀ।
ਪਹਿਲੀ ਗੱਲ ਤਾਂ ਬੱਚਿਓ ਇਹ ਹੈ ਕਿ ਇਹ ਜ਼ਰੂਰੀ ਨਹੀਂ ਕਿ ਵੱਡੀ ਉਮਰ ਦਾ ਆਦਮੀ ਹੀ… ਵੱਧ ਸਿਆਣਾ ਹੁੰਦਾ ਹੈ, ਹਾਂ ਸਾਨੂੰ ਉਹਨਾਂ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਭੂਤ ਪ੍ਰਗਟ ਕਰਨ ਦੀ ਗੱਲ ਹੈ ਇਹ ਵਿਗਿਆਨ ਦੇ ਕੁਝ ਟਰਿੱਕਾਂ ਨੂੰ ਸਾਧ ਲੋਕਾਂ ਦੀ ਲੁੱਟ ਕਰਨ ਲਈ ਵਰਤ ਰਹੇ ਹਨ ਅਤੇ ਵਿਗਿਆਨ ਨੂੰ ਗਾਲਾਂ ਵੀ ਦੇ ਰਹੇ ਹਨ, ਹੁਣ ਇਹੀ ਨਾਰੀਅਲ ‘ਚ ਨਿਕਲੀ ਭੂਤ ਬਾਰੇ ਗੱਲ ਕਰੀਏ, ਨਾਰੀਅਲ ਦੇ ਵਾਲਾਂ ਵਿਚ ਸਾਧ ਕੁਝ ਟੁਕੜੇ ਸੋਡੀਅਮ ਮੈਟਲ ਦੇ ਲੁਕਾ ਕੇ ਰੱਖ ਦਿੰਦੇ ਹਨ ਜਦੋਂ ਵੀ ਨਾਰੀਅਲ ‘ਤੇ ਪਾਣੀ ਪਾਇਆ ਜਾਂਦਾ ਹੈ ਤਾਂ ਸੋਡੀਅਮ ਮੈਟਲ ਕਰਕੇ ਅੱਗ ਦੀਆਂ ਲਪਟਾਂ ਨਿਕਲਦੀਆਂ ਹਨ ਜਿਹਨਾਂ ਨੂੰ ਭੂਤ ਪ੍ਰਗਟ ਹੋਣਾ ਕਿਹਾ ਜਾਂਦਾ ਹੈ। ਇਉਂ ਹਰ ਅਜਿਹੀ ਘਟਨਾ ਮਗਰ ਕੋਈ ਨਾ ਕੋਈ ਵਿਗਿਆਨਕ ਕਾਰਣ ਜ਼ਰੂਰ ਹੁੰਦਾ ਹੈ। ਕੱਲ੍ਹ ਨੂੰ ਆਪਾਂ ਸਕੂਲ ਵਿਚ ਹੀ ਭੂਤਾਂ ਪ੍ਰਗਟ ਕਰਕੇ ਵਿਖਾਵਾਂਗੇ।”
ਮਾਸਟਰ ਤੋਂ ਗਿਆਨ ਦੀਆਂ ਗੱਲਾਂ ਸੁਣ ਕੇ ਸਾਰੇ ਬੱਚੇ ਖੁਸ਼ ਨਜ਼ਰ ਆ ਰਹੇ ਸਨ। ਅਤੇ ਪ੍ਰਗਟ ਹੋਣ ਵਾਲੀਆਂ ਭੂਤਾਂ ਦੇਖਣ ਲਈ ਕੱਲ੍ਹ ਦੀ ਉਡੀਕ ਕਰਨ ਲੱਗੇ।