ਪਹਿਲਾ ਗੀਤ, ਪਹਿਲੀ ਸਤਰ/ ਬਲਵਿੰਦਰ ਸੰਧੂ

ਵਰ੍ਹਿਆਂ ਬਾਅਦ ਇਕ ਵਾਰ ਫਿਰ ਤੋਂ ‘ਚੰਗੀਜ਼ ਆਈਤਮਾਤੋਵ’ ਰਚਿਤ ਨਾਵਲ ‘ਮੇਰਾ ਪਹਿਲਾ ਅਧਿਆਪਕ’ ਪੜ੍ਹ ਕੇ ਹਟਦਾ ਹਾਂ ਤਾਂ ਮੇਰਾ ਚੇਤਾ ਸਾਢੇ ਚਾਰ ਦਹਾਕੇ ਪਹਿਲਾਂ ਬੀਤ ਚੁੱਕੇ ਸਮੇਂ ਵਿਚ ਜਾ ਡੁੱਬਦਾ ਹੈ।

ਚੇਤਰ ਦੇ ਮੱਧਵਾੜੇ ਦਾ ਇਕ ਨਿਖਰਿਆ ਦਿਨ ਹੈ। ਧੁੱਪ ਪਿੰਡਿਆਂ ਨੂੰ ਕੁਝ ਸੇਕਣ ਲੱਗੀ ਹੈ;  ਹਵਾਵਾਂ ਵਿਚ ਪੱਕੀਆਂ ਕਣਕਾਂ ਦੀ ਖ਼ੁਸ਼ਬੋ ਘੁਲੀ ਪਈ ਹੈ; ਸਾਡੇ ਘਰ ਦੇ ਵਿਹੜੇ ਖੜ੍ਹੀ, ਭਰ ਬਹਾਰ ‘ਤੇ ਆਈ ਧਰੇਕ ਸੁਗੰਧੀਆਂ ਬਿਖੇਰ ਰਹੀ ਹੈ; ਜਿਸ ਦੀਆਂ ਟਹਿਣੀਆਂ ‘ਤੇ ਪਏ ਆਲ੍ਹਣੇ ਵਿਚ ਘੁੱਗੀ ਆਪਣੇ ਅੰਡਿਆਂ ‘ਤੇ ਆਸਣ ਜਮਾਈ ਘੁੱਗੂ-ਘੂ ਦਾ ਰਾਗ ਅਲਾਪ ਰਹੀ ਹੈ; ਸ਼ਰਾਰਤੀ ਕੁਝ ਚਿੜੀਆਂ ਚੁਰ-ਚੁਰ ਕਰਦੀਆਂ ਧਰੇਕ ਤੋਂ ਕਦੇ ਉੱਡ ਜਾਂਦੀਆਂ ਹਨ, ਕਦੇ ਫੇਰ ਆ ਬਹਿੰਦੀਆਂ ਹਨ; ਖੁਰਲੀ ‘ਤੇ ਬੱਝੀ ਸਾਡੀ ਕੀੜੀ (ਮੱਝ ਦਾ ਨਾਂ) ਧਾਰ ਕਢਵਾਉਣ ਉਪਰੰਤ ਅੱਖਾਂ ਮੁੰਦ ਉਗਾਲੀ ਕਰ ਰਹੀ ਹੈ ਜਿਵੇਂ ਮੇਰੀ ਦਾਦੀ ਅੰਮਾ ਰੋਟੀ-ਟੁੱਕ ਪਿੱਛੋਂ ਮਾਲਾ ਫੇਰ ਰਹੀ ਹੋਵੇ; ਉਹਦਾ ਛਿਮਾਹੀ ਭਰ ਦਾ  ਕੱਟਰੂ ਆਪਣੇ ਕਿੱਲੇ ਨਾਲ ਸਿਰ ਖੁਰਕ ਰਿਹਾ ਹੈ; ਮਾਂ ਦੁੱਧ ਵਾਲੀ ਕਾਹੜਣੀ ਕੂਚਣ ਦੇ ਆਹਰ ਵਿਚ ਹੈ; ਮੈਤੋਂ ਵੱਡੀਆਂ ਦੋਵੇਂ ਭੈਣਾਂ ਨਵੇਂ ਸਿਲਾਏ ਕੱਪੜੇ ਪਹਿਨ, ਵਾਲਾਂ ਨੂੰ ਰੰਗਲੇ ਰਿਬਨਾਂ ਵਿਚ ਗੁੰਦ, ਬਸਤੇ ਚੁੱਕ ਸਕੂਲੇ ਤੁਰ ਗਈਆਂ ਹਨ।    

…ਤੇ ਮੈਂ ਸਕੂਲ ਜਾਣ ਤੋਂ ਵਿੱਟਰਿਆ ਬੈਠਾ ਹਾਂ। ਮੇਰੀ ਉਮਰ ਸਾਢੇ ਚਾਰ ਵਰ੍ਹਿਆਂ ਤੋਂ ਕੁਝ ਉੱਪਰ ਹੋ ਚੁੱਕੀ ਹੈ। ਮੇਰੀ ਉਮਰ ਦੀ ਸਥਿਤੀ ਇਹ ਹੈ ਕਿ ਸਾਡੇ ਛੋਟੇ ਜਿਹੇ ਪਿੰਡ ਵਿਚੋਂ, ਜੋ ਨਿਆਣੇ ਗੁਆਂਢੀ ਪਿੰਡ ਦੇ ਪ੍ਰਾਇਮਰੀ  ਸਕੂਲ ਵਿਚ ਪੜ੍ਹਨ ਜਾਂਦੇ ਹਨ, ਉਹ ਮੇਰੇ ਨਾਲੋਂ ਦੋ ਢਾਈ ਵਰ੍ਹਿਆਂ ਦੀ ਵਿੱਥ ਨਾਲ ਅਗੇਰੇ ਹਨ ਤੇ ਜਿਹੜੇ ਅਜੇ ਸਕੂਲ ਜਾਣ ਜੋਗਰੇ ਹੋਏ ਨਹੀਂ, ਉਹ ਮੇਰੇ ਨਾਲੋਂ ਦੋ ਢਾਈ ਵਰ੍ਹੇ ਪਿਛੇਰੇ ਹਨ। ਮੈਂ ਇਨ੍ਹਾਂ ਦੋਹਾਂ ਵਰਗਾਂ ਦੇ ਵਿਚ-ਵਿਚਾਲੇ ਇਕੱਲਾ ਓਦਰਿਆ ਰਹਿੰਦਾ ਹਾਂ। ਖੇਡਣ-ਮੱਲਣ ਵੇਲੇ ਮੈਥੋਂ ਵੱਡੇ, ਮੈਨੂੰ ਨਾਲ ਲੈਣ ਤੋਂ ਗੁਰੇਜ਼ ਕਰਦੇ ਹਨ ਤੇ ਛੋਟਿਆਂ ਤੋਂ, ਮੈਂ ਪਰਹੇਜ਼ ਕਰਦਾ ਹਾਂ। ਇਸ ਸਥਿਤੀ ਵਿਚ ਮਾਂ ਚਾਹੁੰਦੀ ਹੈ ਕਿ ਮੈਂ ਭੈਣਾਂ ਨਾਲ ਸਕੂਲ ਚਲਿਆ ਜਾਵਾਂ ਕਰਾਂ। ਉਸ ਨੂੰ, ਮੇਰਾ ਸਾਰਾ ਦਿਨ ਅੱਕੀਂ ਅੰਡੇ ਦਿੰਦੇ ਫਿਰਨਾ ਅੱਖਰਨ ਲੱਗ ਪਿਆ ਹੈ।

…ਤੇ ਚੇਤਰ ਦੇ ਜਿਸ ਦਿਹਾੜੇ ਮੈਂ ਸਕੂਲ ਜਾਣ ਤੋਂ ਵਿੱਟਰਿਆ ਬੈਠਾਂ ਹਾਂ, ਮੇਰੀ ਵੱਡੀ ਭੈਣ ਨੇ ਮੈਨੂੰ ਤਿਆਰ ਕੀਤਾ ਹੈ; ਨਵੇਂ ਸਿਲਾਏ ਲੀੜੇ ਪਵਾਏ ਹਨ; ਵਾਲ ਵਾਹ ਸੰਵਾਰ ਕੇ ਜੂੜਾ ਕੀਤਾ ਹੈ; ਜਿਸ ਉੱਪਰ ਚਿੱਟਾ ਧੋਤਾ ਹੋਇਆ ਲਾਜਵਰੀ ਰੁਮਾਲ ਬੰਨ੍ਹਿਆ ਹੈ; ਅੱਖਾਂ ਵਿੱਚ ਲੱਪ-ਲੱਪ ਸੁਰਮਾ ਵੀ ਘੱਤਿਆ ਹੈ; ਪਰ ਉਨ੍ਹਾਂ ਅੱਖਾਂ ਵਿੱਚ ਗਲੇਡੂ ਉੱਤਰ ਆਉਣ ਨਾਲ ਅੱਖਾਂ ਦੇ ਸਿਰਿਆਂ ‘ਤੇ ਲਾਈਆਂ ਪੂਛਾਂ ਦੇ ਸਿਰੇ ਆਪਣੀ ਹੁਸਨਈ ਨਜ਼ਾਕਤ ਗਵਾ ਬੈਠੇ ਹਨ; ਤੇ ਮੈਂ ਗਲੀ ਵੱਲ ਖੁੱਲ੍ਹਦੇ ਲੱਕੜ ਦੇ ਬਾਰ ਦੀ ਦਹਿਲੀਜ਼ ‘ਤੇ ਬੈਠਾ ਆਪਣੇ ਹੱਥ ਫੜ੍ਹੀ ਤਖ਼ਤੀ ਨਾਲ ਲੱਕੜ ਵਿਚੋਂ ਬਾਹਰ ਉੱਭਰ ਆਇਆ ਇਕ ਕਿੱਲ ਠੋਕਣ ਦੇ ਆਹਰ ਵਿਚ ਹਾਂ ਕਿ ਅਚਾਨਕ ਕੁਝ ਵਿੱਥ ‘ਤੇ ਗਲੀ ਦੇ ਮੋੜ ਵਲੋਂ ਬੱਚਿਆਂ ਦੇ ਹੱਸਣ ਬੋਲਣ ਦੀਆਂ ਰਲਵੀਆਂ ਆਵਾਜ਼ਾਂ ਮੇਰੇ ਕੰਨੀ ਪੈਂਦੀਆਂ ਹਨ। ਮੈਂ ਆਹਰੇ ਲੱਗੇ ਧਿਆਨ ਨੂੰ ਉੱਪਰ ਚੁੱਕਦਾ ਹਾਂ।

ਸਾਹਮਣੇ ਮੈਨੂੰ ਕੋਈ ਸੁਪਨਮਈ ਸੰਸਾਰ ਦਾ ਝਾਉਲਾ ਪੈਂਦਾ ਹੈ। ਜਿਵੇਂ ਮਾਰੂਥਲ ਵਿਚੋਂ ਸੱਸੀ ਫਿਰ ਤੋਂ ਪ੍ਰਗਟ ਹੋ ਗਈ ਹੋਵੇ। ਗਲੀ ਵਿੱਚ ਲੰਮ-ਸਲੰਮੀ ਇਕ ਨਾਰ ਤਹੱਮਲ ਮਿਜ਼ਾਜ ਨਾਲ ਤੁਰੀ ਆ ਰਹੀ ਹੈ। ਉਹਦੇ ਪਿੱਛੇ ਸੱਤ-ਅੱਠ ਨਿਆਣਿਆਂ ਦੀ ਢਾਣੀ ਹੈ, ਜਿਹਦੇ ਵਿਚ ਮੇਰੀਆਂ ਦੋਵੇਂ ਭੈਣਾਂ ਵੀ ਸ਼ਾਮਲ ਹਨ। ਇਹ ਸਾਰਾ ਕਾਫ਼ਲਾ ਮੇਰੇ ਸਿਰਹਾਣੇ ਆ ਰੁਕਦਾ ਹੈ। ਮੈਂ ਹੁਣ ਦਹਿਲੀਜ਼ ‘ਤੇ ਸਿਰ ਨਿਵਾਈ ਬੈਠਾ ਹਾਂ। ਮੇਰੇ ਇੱਲਤੀ ਹੱਥ ਠਠੰਬਰ ਗਏ ਹਨ। ਦਿਲ ਦੀ ਧੜਕਣ ਵਧਣ ਦੇ ਨਾਲ ਨਾਲ ਮੇਰੇ ਚਿਹਰੇ ‘ਤੇ ਅਜਬ ਜਿਹੀ ਸੰਗ ਉੱਤਰ ਆਈ ਹੈ। ਸਮੁੱਚੇ ਮਾਹੌਲ ਵਿਚ ਚੁੱਪ ਦਾ ਆਲਮ ਹੈ। ਚੁੱਪ ਵਿੱਚੋਂ ਸੁਰੀਲੀ ਮਲਵਈ ਸੁਰ ਵਾਲੀ ਆਵਾਜ਼ ਉੱਭਰਦੀ ਹੈ, ਇਹ ਘਰ ਕਿਨ੍ਹਾਂ ਦਾ ਏ?“ਫਿਰ ਮੇਰੀ ਛੋਟੀ ਭੈਣ ਦੀ ਆਵਾਜ਼ ਮੇਰੇ ਕੰਨੀ ਪੈਂਦੀ ਹੈ, ਸਾਡਾ ਵਾ ਭੈਣ ਜੀ”ਤੇ ਉਹ ਭੈਣ ਜੀ ਫੇਰ ਬੋਲਦੀ ਹੈ, ਤੇ ਇਹ ਕਾਕਾ..?”ਦੋਵਾਂ ਭੈਣਾਂ ਇਕੱਠਿਆਂ ਹੀ ਬੋਲ ਉੱਠਦੀਆਂ ਹਨ, ਸਾਡਾ ਵੀਰ ਏ।” ਇਸੇ ਦਰਮਿਆਨ ਮੇਰੀਆਂ ਅੱਖਾਂ ਮੂਹਰੇ ਰਵ੍ਹਾਂ ਦੀ ਫਲੀ ਵਰਗੀ ਇਕ ਉਂਗਲ ਪ੍ਰਗਟ ਹੁੰਦੀ ਹੈ। ਮੈਂ ਨਮੋਸ਼ਿਆ ਜਿਹਾ ਸਿਰ ਉੱਪਰ ਚੁੱਕਦਾ ਹਾਂ। ਮੁਸਕਰਾਉਂਦੀਆਂ ਅੱਖਾਂ ਤੇ ਬੁੱਲ੍ਹਾਂ ਦਾ ਸਾਂਝਾ ਤਰੌਂਕਾ ਮੇਰੇ ਰੁੱਸੇ ਜਿਹੇ ਚਿਹਰੇ ‘ਤੇ ਡਿਗਦਾ ਹੈ। ਉਹਦੇ ਨੀਮ ਗੁਲਾਬੀ ਦੁਪੱਟੇ ਦਾ ਪੱਲੂ ਹਵਾ ਦੇ ਬੁੱਲੇ ਨਾਲ ਉੱਡ ਕੇ ਮੇਰੇ ਸਿਰ ਨੂੰ ਢੱਕ ਦੇਂਦਾ ਹੈ। ਮੈਂ ਸਾਹਮਣੇ ਆਈ ਉਂਗਲੀ ਦਾ ਇਸ਼ਾਰਾ ਸਮਝਦਿਆਂ, ਕੁਝ ਝਿਜਕਦਿਆਂ, ਕੁਝ ਸੰਗਦਿਆਂ ਆਪਣੇ ਮੈਲ਼ੇ ਜਿਹੇ ਸੱਜੇ ਹੱਥ ਨਾਲ ਉਸ ਉਂਗਲੀ ਨੂੰ ਕਲਾਵੇ ਵਿਚ ਭਰ ਲੈਂਦਾਂ ਹਾਂ। ਫੜ੍ਹੀ ਹੋਈ ਉਂਗਲ ਮੈਨੂੰ ਉਠਣ ਲਈ ਕਹਿੰਦੀ ਹੈ। ਮੇਰਾ ਵਿੱਟਰਿਆ ਬੈਠਾ ਮਨ ਪਰਤਦਾ ਹੈ ਤੇ ਉੱਠ ਕੇ ਉਸ ਦੇ ਕਦਮਾਂ ਦਾ ਸਾਥ ਭਰਨ ਲੱਗਦਾ ਹੈ। ਤੇ ਸਾਡੇ ਪਿੱਛੇ ਪਿੱਛੇ ਬਾਕੀ ਦੇ ਨਿਆਣੇ। ਮੈਂ ਜ਼ਰਾ ਕੁ ਟੇਢੀ ਨਜ਼ਰੇ, ਮੇਰੇ ਨਾਲ ਤੁਰ ਰਹੇ ਵੱਲ ਝਾਕਦਾ ਹਾਂ। ਚਿੱਟੇ ਬੇਸ ਉੱਪਰ ਗੁਲਾਬੀ ਬੂਟੀਆਂ ਵਾਲੇ ਉਸ ਦੇ ਲਿਬਾਸ ਵਿੱਚੋਂ ਉੱਠ ਰਹੀ ਅਦੁੱਤੀ ਜਿਹੀ ਖ਼ੁਸ਼ਬੂ ਨਾਲ ਮੈਂ ਇਕ ਤਰ੍ਹਾਂ ਨਾਲ ਮੋਹਿਆ ਜਾਂਦਾ ਹਾਂ, ਜਿਸ ਖ਼ੁਸ਼ਬੂ ਤੇ ਗੁਲਾਬੀ ਬੂਟੀਆਂ ਨੇ ਹੁਣ ਉਮਰ ਭਰ ਮੇਰੇ ਨਾਲ ਚੱਲਣਾ ਹੈ। ਮੇਰੇ ਨਿੱਕੇ ਕਦਮ ਤੇਜ਼ ਹੋ ਕੇ ਉਹਦਾ ਸਾਥ ਦੇਣ ਲੱਗਦੇ ਹਨ। ਤੇ ਪਿਛਲੇ ਨਿਆਣੇ ਚੁਰ-ਚੁਰ ਤੇ ਹਲਕੀ ਹੀ-ਹੀ ਕਰਦੇ ਸੁਣੀਂਦੇ ਹਨ। ਮਲੂਕ ਉਂਗਲੀ ਅਜੇ ਵੀ ਮੇਰੇ ਕਬਜ਼ੇ ਵਿਚ ਹੈ।

ਪਿੰਡ ਵਿਚੋਂ ਬਾਹਰ ਨਿਕਲ ਦੂਜੇ ਪਿੰਡ ਨੂੰ ਚੋਖਾ ਵਲ ਪਾ ਕੇ ਜਾਂਦੇ ਰਾਹ ਦੀ ਬਜਾਏ ਅਸੀਂ ਕਣਕਾਂ ਵਿਚ ਪਈ ਡੰਡੀ ਦਾ ਰਾਹ ਫੜਨ ਲੱਗਦੇ ਹਾਂ। ਹੁਣ ਸਾਡਾ ਇਕ ਦੂਜੇ ਦਾ ਹੱਥ ਫੜ੍ਹ ਕੇ ਤੁਰਨਾ ਮੁਸ਼ਕਲ ਹੈ। ਉਹ ਜ਼ਰਾ ਰੁਕਦੀ ਹੈ ਤੇ ਮੈਂ ਸਮਝਦਾਰਾਂ ਵਾਂਗ ਉਸ ਦਾ ਚੁੱਪ ਇਸ਼ਾਰਾ ਸਮਝ ਜਾਂਦਾ ਹਾਂ। ਅਣਚਾਹੇ ਜਿਹੇ ਮਨ ਨਾਲ ਉਹ ਰਵ੍ਹਾਂ ਦੀ ਫਲੀ ਜਿਹੀ ਉਂਗਲ ਛੱਡ ਕੇ ਉਸ ਦੇ ਪਿੱਛੇ ਪਿੱਛੇ ਤੁਰਨ ਲੱਗਦਾ ਹਾਂ। ਸੁਨਹਿਰੀ ਭਾਅ ਮਾਰਦੀਆਂ ਤੇ ਤਰੇਲੀਆਂ ਕਣਕਾਂ ਵਿਚਾਲੇ ਸਾਡੀ ਇਹ ਛੁੱਕ-ਛੁੱਕ ਕੁਝ ਰਫ਼ਤਾਰ ਫੜਨ ਲੱਗਦੀ ਹੈ। ਸਾਡੇ ਪਿੱਛੇ ਪਹਾੜ ਵਾਲੇ ਪਾਸੇ, ਦੋ ਕੁ ਮੀਲਾਂ ਦੀ ਵਿੱਥ ‘ਤੇ ਫ਼ਿਰੋਜ਼ਪੁਰ ਨੂੰ ਜਾਂਦੀ ਅੱਠ ਵਜੇ ਵਾਲੀ ਰੇਲ ਦੀ ਚੀਕ ਸੁਣਾਈ ਪੈਂਦੀ ਹੈ। ਵਲ-ਵਲੇਵੇਂ ਖਾਂਦੀ ਇਹ ਚਿੱਟੀ ਪਗਡੰਡੀ ਮੈਨੂੰ ਕਿਸੇ ਹੁਸੀਨ ਵਾਦੀ ਵੱਲੇ ਲਹਿੰਦੀ ਪ੍ਰਤੀਤ ਹੋਣ ਲੱਗਦੀ ਹੈ। ਸਕੂਲ ਪਹੁੰਚਣ ਤੋਂ ਪਹਿਲਾਂ ਚਿਚਲਾਉਂਦੇ ਪੰਖੇਰੂਆਂ ਦੀਆਂ ਕਿੰਨੀਆਂ ਹੀ ਡਾਰਾਂ ਸਾਡੇ ਉੱਪਰੋਂ ਗੁਜ਼ਰ ਜਾਂਦੀਆਂ ਹਨ।

ਇਹ ਬੀਬੀ ਮੁਖ਼ਤਿਆਰ ਹੈ। ਬੀਬੀ ਮੁਖ਼ਤਿਆਰ ਇਸ ਕਰਕੇ ਕਿ ਪਿੰਡ ਦੇ ਸਭ ਸਿਆਣੇ ਬੰਦੇ ਉਸ ਨੂੰ ਇਸ ਨਾਂ ਨਾਲ ਹੀ ਪੁਕਾਰਦੇ ਹਨ। ਜੋ ਸਾਡੇ ਗੁਆਂਢੀ ਪਿੰਡ ਵਿਚ ਨਵੀਂ ਅਧਿਆਪਕਾ ਆਈ ਹੈ। ਜਿਸ ਦਾ ਆਪਣਾ ਪਿੰਡ ਮੋਗੇ ਨਜ਼ਦੀਕ ਹੈ ਤੇ ਮੇਰੀ ਚਾਚੀ ਭੁੱਲਰ ਉਸੇ ਹੀ ਪਿੰਡ ਤੋਂ ਹੈ। ਉਹਦੇ ਰਹਿਣ ਦਾ ਸਬੱਬ ਸਾਡੇ ਪਿੰਡ ਚਾਚੀ ਦੇ ਘਰ ਬਣ ਗਿਆ ਹੈ। ਉਹਦੇ ਨਾਲ ਉਹਦੀ ਦਾਦੀ ਵੀ ਹੈ। ਤੇ ਚਾਚੀ ਭੁੱਲਰ ਨੇ ਆਪਣੇ ਪਿੰਡ ਦੀ ਧੀ ਹੋਣ ਕਰਕੇ ਆਪਣਾ ਨਵਾਂ ਛੱਤਿਆ ਰੰਗੀਲੇ ਬਾਲਿਆਂ ਵਾਲਾ (ਪਰ) ਕੱਚਾ ਕੋਠਾ ਬੀਬੀ ਮੁਖ਼ਤਿਆਰ ਤੇ ਉਹਦੀ ਦਾਦੀ ਲਈ ਵਿਹਲਾ ਕਰ ਦਿੱਤਾ ਹੈ। ਉਦੋਂ ਸਕੂਲ ਅਜੇ ਹਰ ਪਿੰਡ ਬਣਿਆ ਨਹੀਂ ਸੀ। ਇਸ ਇਲਾਕੇ ਵਿਚ ਪਿੰਡ ਛੋਟੇ ਹਨ। ਚਾਰ ਪਿੰਡਾਂ ਦਾ ਇਕੋ ਸਾਂਝਾ ਸਕੂਲ ਵਿਚਕਾਰਲੇ ਪਿੰਡ ਵਿਚ ਹੈ। ਲਾਟੂਆਂ ਨੇ ਅਜੇ ਪੰਜ ਵਰ੍ਹਿਆਂ ਬਾਅਦ ਪਿੰਡਾਂ ਵਿਚ ਮੱਚਣਾ ਹੈ। ਦੋ ਢਾਈ ਮੀਲਾਂ ਦੀ ਵਿੱਥ ‘ਤੇ ਰਾਤੀਂ, ਜਦ ਕਸਬੇ ਵਿਚ ਬਿਜਲਈ ਬੱਤੀਆਂ ਜਗ ਮਗਾਉਂਦੀਆਂ ਹਨ ਤਾਂ ਸਾਡੇ ਪਿੰਡ ਦੇ ਨਾਲ ਨਾਲ ਗੁਆਂਢੀ ਪਿੰਡਾਂ ਦੇ ਕਾਲਜੇ ਸੱਲ ਵੱਜਦੇ ਹਨ। ਪਰ ਬੀਬੀ ਮੁਖ਼ਤਿਆਰ ਨੇ ਕਸਬੇ ਦੀਆਂ ਬੱਤੀਆਂ ਛੱਡ ਕੇ ਪਿੰਡ ਵਿਚ ਵੱਸਦੀ ਭੂਆ ਦੇ ਘਰ ਰਹਿਣਾ ਜ਼ਿਆਦਾ ਸੁਰੱਖਿਅਤ ਤੇ ਖ਼ੁਸ਼ਗਵਾਰ ਸਮਝਿਆ ਹੈ। ਸ਼ਾਇਦ ਪਿੰਡ ਵਿਚ ਉਹਦਾ ਜੀਅ ਲੱਗਣ ਲਈ ਉਹਦੇ ਹਾਣ ਪ੍ਰਵਾਨ ਦੀਆਂ ਨੂੰਹਾਂ-ਧੀਆਂ ਹਨ। ਬੀਬੀ ਮੁਖ਼ਤਿਆਰ ਦੀ ਪਿੰਡ ਵਿਚ ਆਮਦ ਨਾਲ ਮੇਰੇ ਨਾਲ ਨਾਲ ਬੋਲ਼ਿਆਂ (ਅੱਲ) ਦੇ ਦੋ ਮੁੰਡੇ ਮੇਜਰ ਤੇ ਭੂੰਡੀ ਵੀ ਸਕੂਲ ਜਾਣ ਲੱਗ ਪਏ ਹਨ ਜੋ ਪਿਛਲੇ ਸਾਲ ਪੜ੍ਹਨਾ ਛੱਡ ਕੇ ਡੰਗਰਾਂ ਮਗਰ ਲੱਗ ਗਏ ਸਨ। ਬੀਬੀ ਮੁਖ਼ਤਿਆਰ ਤੇ ਉਸ ਦੀ ਦਾਦੀ ਸੋਮ ਤੋਂ ਸ਼ੁਕਰ ਤੱਕ ਇੱਥੇ ਰਹਿੰਦੀਆਂ ਹਨ। ਸ਼ਨੀਵਾਰ ਦੁਪਹਿਰੋਂ ਬਾਅਦ ਆਪਣੇ ਪਿੰਡ ਪਰਤ ਜਾਂਦੀਆਂ ਹਨ। ਸੋਮਵਾਰ ਪਹਿਲੀ ਬੱਸੇ ਮੁੜ੍ਹ ਆਉਂਦੀਆਂ ਹਨ।

ਮੇਰਾ ਸਕੂਲ ਜਾਣ ਤੋਂ ਵਿਟਰ ਬਹਿਣਾ ਹੁਣ ਬੀਤੇ ਦੀ ਕਹਾਣੀ ਹੋ ਗਈ ਹੈ। ਮੇਰੀ ਉਮਰ ਵਿਚ ਇਕ ਵਰ੍ਹੇ ਦਾ ਫ਼ਰਜ਼ੀ ਇਜ਼ਾਫਾ ਕਰ ਕੇ ਮੈਨੂੰ ਪਹਿਲੀ ਜਮਾਤ ਵਿਚ ਪੱਕੇ ਪੈਰੀਂ ਦਾਖਲ ਕਰ ਲਿਆ ਗਿਆ ਹੈ। ਮੇਰੀ ਤਖ਼ਤੀ ਦਾ ਨਿੱਤ-ਨੇਮ ਨਾਲ ਇਸ਼ਨਾਨ ਹੋਣ ਲੱਗਾ ਹੈ। ਰੱਖਾ ਰਾਮ ਦੀ ਦੁਕਾਨ ਨੂੰ ਗਾਚਨੀ ਅਤੇ ਸਿਆਹੀ ਦੀਆਂ ਟਿੱਕੀਆਂ ਦੀ ਵੱਟਕ ਹੁਣ ਦੁੱਗਣੀ ਹੈ। ਬੀਬੀ ਮੁਖ਼ਤਿਆਰ ਦੇ ਪਾਏ ਪੂਰਣੇ ਮੇਰੀਆਂ ਅੱਖਾਂ ਵਿੱਚ ਵੱਸਣ ਲੱਗੇ ਹਨ। ਮੇਰੇ ਕਾਨੀ ਨੇ ਉਹਦੇ ਵਾਹੇ ਅੱਖਰਾਂ ਦੀ ਪਰਿਕਰਮਾ ਸ਼ੁਰੂ ਕਰ ਦਿੱਤੀ ਹੈ। ਮਾਂ ਜਿਹੜੀ ਮੈਨੂੰ ਝਿੜਕਦੀ ਸੀ ਹੁਣ ਮਿੱਠੀ ਲੱਗਣ ਲੱਗੀ ਹੈ। ਮੇਰੇ ਸੁਭਾਅ ਵਿਚ ਇਕਸੁਰਤਾ ਦਾ ਪਹਿਰਾ ਰਹਿੰਦਾ ਹੈ। ਸਕੂਲੋਂ ਵਾਪਸੀ ਉਪਰੰਤ ਸ਼ਾਮੀ ਦਿਨ ਆਠ੍ਹਰਨ ਵੇਲੇ ਮੈਂ ਆਨੇ-ਬਹਾਨੇ ਲੱਤਾਂ ਮਰੋੜਦਾ ਤੇ ਵਲ਼ ਭੰਨਦਾ ਚਾਚੀ ਦੇ ਘਰ ਜਾ ਬਹੁੜਦਾ ਹਾਂ। ਉਨ੍ਹਾਂ ਦੇ ਵਿਹੜੇ ਚਾਚੀ ਦੇ ਛੋਟੇ ਮੁੰਡੇ ਤਾਰੀ ਨੂੰ ਗਡੀਰੇ ‘ਤੇ ਬਿਠਾ ਗੇੜੇ ਕਢਵਾਉਂਦਾ ਹਾਂ। ਚਾਚੀ ਦੇ ਵਿਹੜੇ ਪੂਰਬ ਵਾਲੇ ਪਾਸੇ ਟਾਹਲੀ ਹੇਠ ਬੀਬੀ ਮੁਖ਼ਤਿਆਰ ਦੀ ਦਾਦੀ ਸਮਾਂ ਵਿਹਾਉਣ ਲਈ ਅਕਸਰ ਚਰਖਾ ਕੱਤਦੀ ਹੈ ਤੇ ਮੁਖ਼ਤਿਆਰ ਕੋਲ ਡੱਠੀ ਮੰਜੀ ‘ਤੇ ਕਦੇ ਆਰਾਮ ਕਰਦੀ ਦਿਸਦੀ ਹੈ ਤੇ ਕਦੇ ਕੋਈ ਕਿਤਾਬ ਪੜ੍ਹਦੀ। ਦਿਨ ਹੋਰ ਢਲਦਾ ਹੈ ਤਾਂ ਮੇਰੇ ਤਾਏ ਦਾ ਪੁੱਤ ਸ਼ਿੰਦੂ ਵੀ ਚਾਚੀ ਵਿਹੜੇ ਆ ਟਪਕਦਾ ਹੈ। ਉਹ ਮੇਰੇ ਨਾਲੋਂ ਉਮਰ ਵਿੱਚ ਵੱਡਾ ਹੋਣ ਦੇ ਨਾਲ ਨਾਲ ਕੱਦ ਵਿੱਚ ਲੰਮਾ, ਰੰਗ ਦਾ ਗੋਰਾ ਤੇ ਕੁਝ ਸੁਨੱਖਾ ਵੀ ਹੈ। ਮੁਖ਼ਤਿਆਰ ਉਸ ਕੋਲੋਂ ਨਲਕੇ ਤੋਂ ਪਾਣੀ ਦੀ ਬਾਲਟੀ ਮੰਗਵਾਉਂਦੀ ਹੈ। ਇਹ ਗੱਲ ਮੈਨੂੰ ਪੀੜਤ ਕਰਦੀ ਹੈ। ਇਸ ਪਿੱਛੋਂ ਮੇਰੇ ਵਿਚ ਗਡੀਰੇ ਨੂੰ ਧੱਕਾ ਲਾਉਣ ਦਾ ਸਾਹਸ ਨਹੀਂ ਰਹਿੰਦਾ। ਲਹਿੰਦੇ ਵਿਚ ਸੂਰਜ ਜਦ ਰੇਲਵੇ ਲਾਈਨ ਦੇ ਉੱਚੇ ਸਫ਼ੈਦਿਆਂ ਓਹਲੇ ਹੋਣ ਲੱਗਦਾ ਹੈ ਤਾਂ ਮੁਖ਼ਤਿਆਰ ਤੇ ਉਹਦੀ ਦਾਦੀ ਆਪਣੇ ਚੌਂਕੇ ਵਿਚ ਪਹੁੰਚ ਜਾਂਦੀਆਂ ਹਨ ਤੇ ਮੈਂ ਰੋਂਦੇ ਤਾਰੀ ਨੂੰ ਗਡੀਰੇ ‘ਤੇ ਹੀ ਛੱਡ ਘਰ ਪਰਤ ਆਉਂਦਾ ਹਾਂ।

ਰਾਤੀਂ ਸੌਣ ਵੇਲੇ ਪਿੰਡ ਦੀਆਂ ਵਧੇਰੇ ਮੰਜੀਆਂ ਛੱਤਾਂ ‘ਤੇ ਹੀ ਡਹਿੰਦੀਆਂ ਹਨ। ਮੈਂ ਤਿੰਨ ਧੀਆਂ ਪਿੱਛੋਂ ਸੁੱਖਾਂ ਸੁੱਖ ਕੇ ਲਿਆ ਪੁੱਤ ਅਜੇ ਵੀ ਮਾਂ ਦੀ ਹਿੱਕ ਨਾਲ ਲੱਗ ਕੇ ਸੌਂਦਾ ਹਾਂ। ਭਰ ਮੱਸਿਆ ਦੀ ਰਾਤੇ ਜਦ ਕੋਈ ਤਾਰਾ ਅੰਬਰੋਂ ਟੁੱਟਦਾ ਹੈ ਤਾਂ ਮਾਂ ਮੈਨੂੰ ਸੱਜੇ ਹੱਥ ਦੀਆਂ ਪੰਜੇ ਉਂਗਲਾਂ ਮੂੰਹ ਵਿਚ ਲੈ ਕੇ ਵਾਖਰੂ ਬੋਲਣ ਲਈ ਕਹਿੰਦੀ ਹੈ। ਤਾਰੇ ਦਾ ਟੁੱਟਣਾ ਮੈਨੂੰ ਕੋਈ ਭਿਆਨਕ ਖ਼ੁਆਬ ਲੱਗਦਾ ਹੈ। ਇਕ ਰਾਤੇ ਅੱਖ ਲੱਗਣ ਤੋਂ ਪਹਿਲਾਂ ਮਾਂ ਨਾਲ ਗੁਫ਼ਤਗੂ ਕਰਦਿਆਂ ਮੇਰਾ ਭੋਲਾ ਮਨ ਮਾਂ ਨੂੰ ਫ਼ਿਕਰਮੰਦ ਹੁੰਦਿਆਂ ਪੁੱਛਦਾ ਹੈ, ਮਾਂ ਮੈਂ ਬੀਬੀ ਮੁਖ਼ਤਿਆਰ ਜਿੱਡਾ ਕਦ ਹੋਵਾਂਗਾ? ਮਾਂ ਡਾਢੀ ਰਮਜ਼ ਨਾਲ ਮੇਰਾ ਮੂੰਹ ਚੁੰਮ ਲੈਂਦੀ ਹੈ ਤੇ ਫਿਰ ਹਿੱਕ ਨਾਲ ਘੁੱਟ ਲੈਂਦੀ ਹੈ। ਮੈਨੂੰ ਉਹਦੀ ਛਾਤੀ ਵਿਚੋਂ ਹਾਸਾ ਛਣਕਦਾ ਸੁਣਾਈ ਦਿੰਦਾ ਹੈ। ਫਿਰ ਉਹ ਉੱਠਦੀ ਹੈ ਤੇ ਤਾਰ ਨਾਲ ਲਟਕਦੇ ਡੋਲੂ ਵਿਚੋਂ ਕੱਚੇ ਦੁੱਧ ਦਾ ਗਿਲਾਸ ਭਰ ਕੇ ਫੜਾਉਂਦੀ ਹੋਈ ਕਹਿੰਦੀ ਹੈ, ਲੈ ਏਹ ਪੀ ਲੈ, ਦਿਨਾਂ ਵਿਚ ਹੀ ਵੱਡਾ ਹੋ ਜਾਵੇਂਗਾ।”ਤੇ ਮੈਂ ਜੋ ਦੁੱਧ ਕਾਸੇ ਤੋਂ ਹਮੇਸ਼ਾ ਨੱਕ-ਮੂੰਹ ਵੱਟਦਾ ਰਹਿੰਦਾ ਹਾਂ, ਪਤਾ ਨਹੀਂ ਕਿਵੇਂ ਲਾਲਚ ਵੱਸ, ਝੱਟ ਉਹ ਕੜੀ ਵਾਲਾ ਦੁੱਧ ਦਾ ਭਰਿਆ ਗਿਲਾਸ ਗੱਟ ਗੱਟ ਕਰ ਕੇ ਪੀ ਜਾਂਦਾ ਹਾਂ।

ਸਕੂਲ ਦੀ ਲਹਿੰਦੀ ਬਾਹੀ ਇਕ ਗੱਭਰੂ ਹੋਇਆ ਜਾਮਣ ਹੈ ਜਿਸ ਦੀਆਂ ਟਾਹਣਾਂ ਰਸੇ ਹੋਏ ਜਾਮਣਾਂ ਨਾਲ ਭਰੀਆਂ ਪਈਆਂ ਹਨ। ਅੱਧੀ ਛੁੱਟੀ ਵੇਲੇ ਮੰਨੀਆਂ ਖਾਣ ਉਪਰੰਤ ਬਹੁਤੇ ਜੁਆਕ ਉਸ ਜਾਮਣ ਦੁਆਲੇ ਜੁੜ ਜਾਂਦੇ ਹਨ। ਮੈ ਜਾਮਣ ਤੋੜਣ ਜੋਗਰਾ ਅਜੇ ਹੋਇਆ ਨਹੀਂ। ਹੋਰਨਾਂ ਦੇ ਝਾੜਿਆਂ-ਝੰਬਿਆਂ ਵਿਚੋਂ ਹੀ ਕੁਝ ਚੁਗ ਲੈਂਦਾ ਹਾਂ ਜਾਂ ਫਿਰ ਕਦੇ ਭੈਣਾਂ ਆਪਣੇ ਮੂੰਹ ਨੂੰ ਗੱਠ ਮਾਰ ਆਪਣੇ ਜਾਮਣ ਮੇਰੀ ਝੋਲੀ ਪਾ ਦਿੰਦੀਆਂ ਹਨ। ਮੈਂ ਰਸਿਆ ਹੋਇਆ ਇਕ ਜਾਮਣ ਜਦ ਮੂੰਹ ਪਾਉਣ ਲੱਗਦਾ ਹਾਂ ਤਾਂ ਪਤਾ ਨਹੀਂ ਕਿਹੜੀ ਸ਼ਕਤੀ ਮੇਰਾ ਹੱਥ ਫੜ੍ਹ ਲੈਂਦੀ ਹੈ। ਜਦੋਂ  ਛੋਟੇ ਵੱਡੇ ਸਭ ਨਿਆਣੇ ਕੰਧਾਂ ‘ਤੇ ਬੈਠੇ ਜਾਮਣ ਖਾ ਰਹੇ ਹੁੰਦੇ ਹਨ ਤਾਂ ਮੈਂ ਆਪਣੇ ਹਿੱਸੇ ਵਾਲੇ ਜਾਮਣ ਧੋ ਸਵਾਰ ਕੇ ਮਸੀਤ (ਜੋ ਹੁਣ ਸਕੂਲ ਦਾ ਕਮਰਾ ਹੈ) ਅੰਦਰਲੇ ਮੇਜ਼ ‘ਤੇ ਰੱਖ ਆਉਂਦਾ ਹਾਂ। ਬੀਬੀ ਮੁਖ਼ਤਿਆਰ ਅੱਧੀ ਛੁੱਟੀ ਵੇਲੇ ਅਕਸਰ ਕਿਸੇ ਕੁੜੀ ਨਾਲ ਉਹਦੇ ਘਰ ਚਲੀ ਜਾਂਦੀ ਹੈ। ਮਾਸਟਰ ਹਰਨੇਕ ਜੋ ਪਹਿਲਾਂ ਤੋਂ ਹੀ ਇਸ ਸਕੂਲ ਵਿਚ ਅਧਿਆਪਕ ਹੈ, ਉਸ ਕੋਲ ਬੈਠਣ ਤੋਂ ਉਹ ਅਜੇ ਸ਼ਰਮਾਉਂਦੀ ਹੈ ਜਾਂ ਅਣਵਿਆਹੁਤਾ ਹੋਣ ਕਰਕੇ ਸੰਕੋਚ ਕਰਦੀ ਹੈ। ਪਰ ਇਹ ਵਿੱਥ ਦਿਨਾਂ ਦੇ ਫੇਰ ਨਾਲ ਘਟਣੀ ਸ਼ੁਰੂ ਹੋ ਜਾਂਦੀ ਹੈ। ਹੁਣ ਉਹ ਦੋਵੇਂ ਜਣੇ ਕਦੇ ਬਾਹਰ ਵਰਾਂਡੇ ਵਿਚ ਤੇ ਕਦੇ ਬਿਨ ਬੂਹਿਆਂ ਵਾਲੀ ਮਸੀਤ ਅੰਦਰ ਬੈਠੇ ਨਜ਼ਰ ਪੈਂਦੇ ਹਨ।

ਸਕੂਲ ਵਿਚ ਅੱਧੀ ਛੁੱਟੀ ਵੇਲੇ ਮੈਂ ਜਦ ਬੀਬੀ ਮੁਖ਼ਤਿਆਰ ਤੇ ਮਾਸਟਰ ਹਰਨੇਕ  ਨੂੰ ਇਕੱਠਿਆਂ ਬੈਠੇ ਦੇਖਦਾ ਹਾਂ ਤਾਂ ਮੇਰੇ ਅੰਦਰ ਵਾ-ਵਰੋਲੇ ਉੱਠਦੇ ਹਨ ਜਿਵੇਂ ਮੇਰੇ ਰੀਝਾਂ ਨਾਲ ਚਿੱਤਰੇ ਚਿੱਤਰ ਹਨੇਰੀ ਵਿਚ ਉਡ-ਪੁੱਡ ਰਹੇ ਹੋਣ। ਜਿਹੜੇ ਜਾਮਣ ਮੈਂ ਧੋ ਸਵਾਰ ਕੇ ਮਸੀਤ ਅੰਦਰ ਮੇਜ਼ ‘ਤੇ ਰੱਖ ਆਉਂਦਾ ਹਾਂ, ਉਨ੍ਹਾਂ ਨੂੰ ਹੁਣ ਹਰਨੇਕ ਦੀਆਂ ਉਂਗਲਾਂ ਵੀ ਛੂਹਣ ਲੱਗੀਆਂ ਹਨ। ਜੋ ਮੇਰੇ ਬਾਲਕ ਮਨ ਨੂੰ ਉੱਕਾ ਹੀ ਗਵਾਰਾ ਨਹੀਂ। ਅਸਲ ਵਿਚ ਹਰਨੇਕ ਮਾਸਟਰ ਜੀ ਮੈਨੂੰ ਕਦੇ ਭਾਇਆ ਹੀ ਨਹੀਂ। ਇਕ ਤਾਂ ਉਹਦੀਆਂ ਅੱਖਾਂ ਵਿਚ ਕੁਝ ਭੈਂਗ ਹੈ ਤੇ ਦੂਜਾ ਉਹਦੀ ਨਜ਼ਰ ਵਿਚ ਬੱਚਿਆਂ ਪ੍ਰਤੀ ਕੋਈ ਮੋਹ-ਪਿਆਰ ਵਾਲੀ ਚਮਕ ਵੀ ਨਹੀਂ। ਇਕ ਦਿਨ ਫੱਟੀਆਂ ਲਿਖਣ ਵੇਲੇ ਜਦ ਅਣਜਾਣੇ ਵਿਚ ਮੈਥੋਂ ਲੱਛੂ ਦੀ ਸਿਆਈ ਵਾਲੀ ਦਵਾਤ ਮੂਧੀ ਹੋ ਜਾਂਦੀ ਹੈ ਤਾਂ ਹਰਨੇਕ ਮਾਸਟਰ ਜੀ ਮੇਰਾ ਕੰਨ ਐਸਾ ਮਰੋੜਦਾ ਹੈ ਕਿ ਮੈਂ ਕਿੰਨਾ ਚਿਰ ਤਿਲਮਿਲਾਉਂਦਾ ਰਹਿੰਦਾ ਹਾਂ।

ਤੇ ਫਿਰ ਇਕ ਦਿਨ ਮਸੀਤ ਵਿਚ ਪਏ ਮੇਜ਼ ‘ਤੇ ਜਾਮਣ ਰੱਖਣ ਤੋਂ ਕੁਝ ਦੇਰ ਬਾਅਦ ਮੈਂ ਇਹ ਪ੍ਰਤੱਖ ਕਰਨ ਲਈ ਜਾਂਦਾ ਹਾਂ ਕਿ ਜਾਮਣ ਬੀਬੀ ਮੁਖ਼ਤਿਆਰ ਹੀ ਖਾ ਰਹੀ ਹੈ ਕਿ ਜਾਂ…, ਮੈਂ ਇਹ ਦੇਖ ਕੇ ਤਪ ਜਾਂਦਾ ਹਾਂ ਕਿ ਬੀਬੀ ਤੇ ਮਾਸਟਰ ਹਰਨੇਕ ਦੋਵੇਂ ਇਕੋ ਹੀ ਕਾਗ਼ਜ਼ ਦੇ ਟੁਕੜੇ ‘ਤੇ ਪਏ ਜਾਮਣ ਚੁੱਕ ਚੁੱਕ ਕੇ ਖਾ ਰਹੇ ਹਨ। ਮੈਂ ਇਹ ਵੀ ਪ੍ਰਤੱਖ ਦੇਖਦਾਂ ਹਾਂ ਕਿ ਹਰਨੇਕ ਮਾਸਟਰ ਜੀ ਵਿਚ ਵਿਚ ਬੀਬੀ ਮੁਖ਼ਤਿਆਰ ਵੱਲ ਦੇਖਦਾ ਹੈ ਤੇ ਮਿੰਨ੍ਹਾ-ਮਿੰਨ੍ਹਾ ਹੱਸਦਾ ਵੀ ਹੈ। ਮੇਰੇ ਅੰਦਰ ਉਸ ਪ੍ਰਤੀ ਈਰਖਾ ਚਰਮ ਸੀਮਾ ਪਾਰ ਕਰ ਜਾਂਦੀ ਹੈ। ਮੇਰੇ ਵੱਲ ਉਨ੍ਹਾਂ ਦੀ ਲਗਭਗ ਪਿੱਠ ਹੈ। ਹਿਰਖ ਵਿਚ ਮੱਚਦਾ ਮੈਂ ਪਿਛਵਾੜਿਓਂ ਇਕ ਕੱਚਾ ਅਮਰੂਦ ਤੋੜਦਾਂ ਹਾਂ। ਪੂਰੇ ਜ਼ੋਰ ਨਾਲ ਮਾਸਟਰ ਜੀ ਦੀ ਕੰਡ ਵੱਲ ਸੇਧ ਕੇ  ਸੁੱਟਦਾ ਹਾਂ ਤੇ ਨਿਸ਼ਾਨਾ ਲੱਗਣ ਤੋਂ ਪਹਿਲਾਂ ਹੀ ਖੂੰਜੇ ਵਿਚ ਬਣੇ ਪਿਸ਼ਾਬ ਘਰ ਵਿਚ ਜਾ ਸ਼ਰਨ  ਲੈਂਦਾ ਹਾਂ। ਉਸ ਤੋਂ ਬਾਅਦ ਇਹਦਾ ਕੀ ਪ੍ਰਤੀਕਰਮ ਹੁੰਦਾ ਹੈ, ਮੈਨੂੰ ਕੋਈ ਖ਼ਬਰ ਨਹੀਂ ਲੱਗਦੀ। ਸ਼ਾਇਦ ਉਨ੍ਹਾਂ ਇਸ ਬਦਤਮੀਜ਼ੀ ਨੂੰ ਬਾਹਰ ਖੇਡ ਰਹੇ ਬੱਚਿਆਂ ਦੇ ਖਾਤੇ ਵਿਚ ਪਾ ਦਿੱਤਾ ਹੋਵੇ। ਪਰ ਮੇਰੇ ਚਿੱਤ ਨੂੰ ਕੁਝ ਰਾਹਤ ਜ਼ਰੂਰ ਮਿਲ ਜਾਂਦੀ ਹੈ।

ਮੀਹਾਂ ਦੇ ਮਹੀਨੇ ਲੰਘਣ ਉਪਰੰਤ ਸਾਡਾ ਸਕੂਲ ਸ਼ਿਫ਼ਟ ਹੋ ਕੇ ਪਿੰਡ ਦੀ ਦੱਖਣੀ ਬਾਹੀ ਵਾਲੇ ਪਾਸੇ ਨਵੀਂ ਬਣੀ ਇਮਾਰਤ ਵਿਚ ਚਲਾ ਜਾਂਦਾ ਹੈ ਤੇ ਪੁਰਾਣੀ ਇਮਾਰਤ ਨੂੰ ਗੁਰਦੁਆਰਾ ਬਣਾ ਲਿਆ ਜਾਂਦਾ ਹੈ। ਨਵੀਂ ਥਾਂ ਕਾਫ਼ੀ ਖੁੱਲ੍ਹੀ-ਖ਼ਲਾਸੀ ਹੈ। ਬੀਬੀ ਮੁਖ਼ਤਿਆਰ ਵਲੋਂ ਬੱਚਿਆਂ ਦੀਆਂ ਟੋਲੀਆਂ ਬਣਾਈਆਂ ਜਾਂਦੀਆਂ ਹਨ। ਹਰ ਟੋਲੀ ਨੂੰ ਫੁੱਲ ਉਗਾਉਣ ਲਈ ਇਕ ਕਿਆਰੀ ਅਲਾਟ ਕਰ ਦਿੱਤੀ ਜਾਂਦੀ ਹੈ। ਹਰ ਟੋਲੀ ਨੂੰ ਇਕ ਰੰਬਾ ਤੇ ਇਕ ਲੱਕੜ ਦਾ ਗੱਟੂ ਦੇ ਦਿੱਤਾ ਜਾਂਦਾ ਹੈ। ਮੈਨੂੰ ਮੇਰੀਆਂ ਭੈਣਾਂ ਵਾਲੀ ਟੋਲੀ ਨਾਲ ਹੀ ਜੋੜ ਦਿੱਤਾ ਜਾਂਦਾ ਹੈ। ਜਿਹੜੀ ਟੋਲੀ ਦੀ ਕਿਆਰੀ ਵਿਚ ਫੁੱਲ ਸੋਹਣੇ ਹੋਣ ਹਨ, ਉਸ ਨੂੰ ਇਨਾਮ ਸਨਮਾਨ ਨਾਲ ਨਿਵਾਜਿਆ ਜਾਣਾ ਹੈ। ਅਸੀਂ ਸਭ ਸਕੂਲ ਲੱਗਣ ਤੋਂ ਕੁਝ ਸਮਾਂ ਪਹਿਲਾਂ ਤੇ ਕੁਝ ਸਮਾਂ ਛੁੱਟੀ ਹੋਣ ਤੋਂ ਪਹਿਲਾਂ ਵਾਰੀ ਵਾਰੀ ਰੰਬੇ ਨਾਲ ਮਿੱਟੀ ਪੁੱਟਦੇ ਹਾਂ ਤੇ ਉਸ ਲੱਕੜ ਦੇ ਗੱਟੂ ਨਾਲ ਮਿੱਟੀ ਨੂੰ ਕੁੱਟ ਕੇ ਬਰੀਕ ਕਰਦੇ ਹਾਂ। ਬੱਚਿਆਂ ਵਿਚ ਮੁਕਾਬਲੇ ਦੀ ਭਾਵਨਾ ਉਜਾਗਰ ਹੋਣ ਲੱਗਦੀ ਹੈ। ਸਾਡੀ ਕਿਆਰੀ ਦਾ ਬਹੁਤਾ ਕੰਮ ਮੈਂ ਹੀ ਕਰੀ ਜਾ ਰਿਹਾ ਹਾਂ। ਇਨ੍ਹਾਂ ਦਿਨਾਂ ਵਿਚ ਮੇਰੇ ਅੰਦਰ ਕੋਈ ਫਰਿਹਾਦ ਉੱਤਰਿਆ ਪਿਆ ਹੈ। ਵਿੱਤੋਂ ਵੱਧ ਮਸ਼ੱਕਤ ਨਾਲ ਮੇਰੇ ਸੱਜੇ ਹੱਥ ‘ਤੇ ਦੋ ਛਾਲੇ ਵੀ ਉੱਗ ਆਏ ਹਨ। ਸ਼ਹਿਰ ਤੋਂ ਚਾਰ ਵੰਨਗੀਆਂ ਦੇ ਫੁੱਲਾਂ ਦੀ ਪਨੀਰੀ ਮੰਗਵਾਈ ਜਾਂਦੀ ਹੈ। ਇਸ ਪਿੰਡੋਂ ਮੇਰੀ ਵੱਡੀ ਭੈਣ ਦੀ ਇਕ ਸਹੇਲੀ ਜੋ ਸਾਡੀ ਹੀ ਟੀਮ ਵਿਚ ਸ਼ਾਮਲ ਹੈ, ਕਿਆਰੀ ਦੇ  ਵਿਚ ਵਿਚਾਲੇ ਪਨੀਰੀ ਨੂੰ ੴ”ਸ਼ਕਲ ਵਿਚ ਲਾ ਦੇਂਦੀ ਹੈ। ਦੋ ਵੇਲੇ ਪਾਣੀ ਪੈਣ ਲੱਗਦਾ ਹੈ। ਗੋਡੀ ਪੈਣ ਲੱਗਦੀ ਹੈ। ਨਲਕਾ ਇਕੋ ਹੀ ਹੈ। ਨਲਕੇ ਦੀ ਵਾਰੀ ਲਈ ਨਿੱਕੀਆਂ ਮੋਟੀਆਂ ਝਪਟਾਂ ਤੇ ਸੰਧੀਆਂ ਹੁੰਦੀਆਂ ਹਨ। ਮੈਂ ਆਪਣੇ ਇਕ ਪੁਰਾਣੇ ਬਸਤੇ ਵਿਚ ਪਿੰਡੋਂ ਕੱਲਰ ਭਰ ਕੇ ਸਕੂਲ ਲਿਜਾਂਦਾ ਹਾਂ ਤੇ ਵਧ ਰਹੇ ਬੂਟਿਆਂ ਨੂੰ ਪਾਉਂਦਾ ਹਾਂ। ਮੈਂ ਬੀਬੀ ਮੁਖ਼ਤਿਆਰ ਦੇ ਦਿਲ ਦਾ ਨੇੜਲਾ ਪਾਤਰ ਹੋਣ ਲਈ ਪਾਤਰਤਾ ਕਮਾਉਣ ਦੇ ਆਹਰ ਵਿਚ ਸਿਰ ਧੜ ਦੀ ਬਾਜ਼ੀ ਲਾਈ ਬੈਠਾ ਹਾਂ। ਪਰ ਟਾਹਲੀ ਵਾਲੇ ਪੀਰ ਨੂੰ ਕੁਝ ਹੋਰ ਹੀ ਮਨਜ਼ੂਰ ਹੈ। ਅੱਸੂ ਦੇ ਛੇਕੜ ਭਾਰੀ ਮੀਂਹ ਵੱਸਦਾ ਹੈ। ਪਿੰਡ ਕੋਲੋਂ ਲੰਘਦੀ ਨਹਿਰ ਟੁੱਟ ਜਾਂਦੀ ਹੈ। ਕਿਸਾਨਾਂ ਦੀਆਂ ਮੂੰਜੀਆਂ ਖੇਤਾਂ ਵਿਚ ਹੀ ਗਲ਼ ਜਾਂਦੀਆਂ ਹਨ। ਸਾਡੇ ਸਕੂਲ ਦੀ ਨਵੀਂ ਬਣੀ ਕੰਧ ਢੇਰੀ ਹੋ ਜਾਂਦੀ ਹੈ। ਪਾਣੀ ਦਾ ਸੈਲਾਬ ਅੰਦਰ ਵੜਦਾ ਹੈ ਤੇ ਕਿਆਰੀਆਂ ਵਿਚਲੀ ਖੇਤੀ ਦਾ ਨਾਮੋ-ਨਿਸ਼ਾਨ ਮਿਟਾ ਜਾਂਦਾ ਹੈ। ਸਾਰੇ ਬੱਚੇ ਬਹੁਤ ਨਿਮੋਸ਼ੇ ਹਨ, ਸ਼ਾਇਦ ਮੈਂ ਤੇ ਬੀਬੀ ਮੁਖ਼ਤਿਆਰ ਕੁਝ ਜ਼ਿਆਦਾ ਹੀ।

ਸਿਆਲੀ ਦਿਨ ਉੱਤਰਦੇ ਹਨ। ਤਕਾਲੀਂ ਰੋਟੀ ਪਾਣੀ ਤੋਂ ਜਲਦੀ ਰੁਖ਼ਸਤ ਹੋ ਕੇ ਪਿੰਡ ਦੀਆਂ ਸਭੈ ਪੜ੍ਹਨ ਵਾਲੀਆਂ ਕੁੜੀਆਂ ਆਪਣੇ ਬਸਤੇ ਲੈ ਕੇ ਬੀਬੀ ਮੁਖ਼ਤਿਆਰ ਦੇ ਘਰ ਜੁੜਦੀਆਂ ਹਨ। ਲਿੱਪੇ ਸੰਵਾਰੇ ਕੱਚੇ ਕੋਠੇ ਅੰਦਰ ਵੱਡੀ ਲਾਲਟੈਨ ਜਗਦੀ ਹੈ। ਭੁੰਜੇ ਬੋਰੀਆਂ ਦਾ ਆਸਣ ਵਿਛਦਾ ਹੈ। ਇਕ ਕਾਇਦੇ ਮੁਤਾਬਕ ਇਹ ਸ਼ਾਮ ਦੀ ਕਲਾਸ ਸਿਰਫ਼ ਕੁੜੀਆਂ ਵਾਸਤੇ ਹੀ ਹੈ। ਕਿਉਂ ਜੋ ਬੀਬੀ ਮੁਖ਼ਤਿਆਰ ਦੀ ਦਾਦੀ ਵੱਲੋਂ ਇਹ ਤਾਕੀਦ ਹੈ। ਮੈਂ ਵੀ ਸ਼ਾਮ ਦੀ ਇਸ ਕਲਾਸ ਵਿਚ ਸ਼ਾਮਲ ਹੋਣਾ ਚਾਹੁੰਦਾ ਹਾਂ। ਮੇਰੀਆਂ ਭੈਣਾਂ ਕੁਝ ਬੇਵਸੀ ਜ਼ਾਹਰ ਕਰਦੀਆਂ ਹਨ। ਮੈਂ ਰੋਟੀ ਤੋਂ ਬਾਅਦ ਉਸਲਵੱਟੇ ਭੰਨਦਾ ਮਾਂ ਦੀਆਂ ਲੱਤਾਂ ਵਿਚ ਵੱਜਦਾ ਫਿਰਦਾ ਹਾਂ। ਮਾਂ ਮੇਰੇ ਦਿਲ ਦੀ ਚੇਸ਼ਟਾ ਸਮਝਦੀ ਹੋਈ ਇਕ ਦਿਨ ਬੀਬੀ ਮੁਖ਼ਤਿਆਰ ਕੋਲ ਜਾਂਦੀ ਹੈ। ਮੇਰੀ ਫ਼ਰਿਆਦ ਨੂੰ ਫੁੱਲ ਪੈਂਦੇ ਹਨ। ਮਾਂ ਮੇਰੇ ਗਲੇ ਇਕ ਪੁਰਾਣੀ ਡੱਬੀਆਂ ਵਾਲੀ ਖੇਸੀ ਦੀ ਗਲਿੱਤਰੀ ਬੰਨ੍ਹਣ ਲਗਦੀ ਹੈ, ਪਰ ਮੈਂ ਹਾਂ ਕਿ ਜਿਸ ਨੂੰ ਠੰਢ ਤਾਂ ਮਨਜ਼ੂਰ ਹੈ ਪਰ ਅਜਿਹੇ ਸ਼ਾਹੀ ਲਿਬਾਸ ਵਿਚ ਬੀਬੀ ਮੁਖ਼ਤਿਆਰ ਦੇ ਸਾਹਮਣੇ ਹਰਗਿਜ਼ ਨਹੀਂ ਹੋਣਾ ਚਾਹੁੰਦਾ। ਮੈਂ ਅਗਲੀ ਆਥਣ ਭੈਣਾਂ ਨਾਲ ਗਲ ਵਿੱਚ ਝੋਲਾ ਲਮਕਾਈ ਬੀਬੀ ਮੁਖ਼ਤਿਆਰ ਦੇ ਆਂਗਣ ਜਾ ਬਹਿੰਦਾ ਹਾਂ। ਕੁੜੀਆਂ ਵਿਚ ਇਕ ਛੋਹਰ ਦੇਖ ਕੇ ਮੁਖ਼ਤਿਆਰ ਦੀ ਦਾਦੀ ਪਹਿਲਾਂ ਤਾਂ ਮੱਥੇ ‘ਤੇ ਤਿਊੜੀ ਪਾਉਂਦੀ ਹੈ ਪਰ ਫਿਰ ਮੇਰਾ ਛਟਾਂਕੀ ਕੁ ਭਾਰ ਤੇ ਅਲੂਵਾਂ ਜਿਹਾ ਚਿਹਰਾ ਦੇਖ ਕੇ ਕੇਸ ਪਾਸ ਕਰ ਦੇਂਦੀ ਹੈ। ਮੇਰੀ ਸਲੇਟ ‘ਤੇ ਬੀਬੀ ਮੁਖ਼ਤਿਆਰ ਛੋਟੇ ਛੋਟੇ ਜੋੜ ਘਟਾਓ ਦੇ ਸਵਾਲ ਪਾ ਦੇਂਦੀ ਹੈ। ਮੈਂ ਉਹ ਸਵਾਲ ਹੱਲ ਕਰਦਾ ਕਰਦਾ, ਨਾਲ ਬੈਠੇ ਹੋਏ ਕਿਸੇ ਦੇ ਸਿਰ ਦਾ ਓਹਲੇ- ਆਸਰਾ ਲੈ ਕੇ, ਲਾਲਟੈਣ ਦੀ ਰੌਸ਼ਨੀ ਵਿਚ ਬੀਬੀ ਮੁਖ਼ਤਿਆਰ ਦਾ ਕੇਸਰੀ ਚਿਹਰਾ ਨੁਹਾਰਦਾ ਰਹਿੰਦਾ ਹਾਂ। ਘੰਟੇ ਡੇਢ ਘੰਟੇ ਪਿੱਛੋਂ ਬਿਸਤਰੇ ਵਿਚੋਂ ਦਾਦੀ ਦੀ ਆਵਾਜ਼ ਉੱਠਦੀ ਹੈ, ਕੁੜੇ ਮੁਖ਼ਤਿਆਰ….ਬੱਸ ਕਰ ਹੁਣ। ਅਸੀਂ ਬੀਬੀ ਮੁਖ਼ਤਿਆਰ ਦਾ ਚੁੱਪ ਇਸ਼ਾਰਾ ਸਮਝਦੇ ਹੋਏ ਆਪਣਾ ਸਾਜੋ ਸਮਾਨ ਚੁੱਕਦੇ ਹਾਂ ਤੇ ਘਰਾਂ ਨੂੰ ਤੁਰ ਪੈਂਦੇ ਹਾਂ। ਕੋਠੇ ਵਿਚੋਂ ਬਾਹਰ ਨਿਕਲਦਿਆਂ ਮੈਂ ਇਕ ਵਾਰੀਂ ਮੁੜ ਕੇ ਜ਼ਰੂਰ ਦੇਖਦਾ ਹਾਂ।

ਸਿਆਲ ਹੋਰ ਗਾੜ੍ਹਾ ਹੋਣ ਲੱਗਦਾ ਹੈ। ਬੀਬੀ ਮੁਖ਼ਤਿਆਰ ਹੁਰਾਂ, ਹੁਣ ਹਰ ਹਫ਼ਤੇ ਆਪਣੇ ਪਿੰਡ ਜਾਣਾ ਘਟਾ ਦਿੱਤਾ ਹੈ। ਸਕੂਲ ਦੀਆਂ ਸਰਗਰਮੀਆਂ ਵਿਚ ਇਕ ਹੋਰ ਵਾਧਾ ਹੁੰਦਾ ਹੈ। ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਬਾਲ ਸਭਾ ਜੁੜਨ ਲੱਗਦੀ ਹੈ। ਜਿਹੜੇ ਬੱਚੇ ਇਸ ਬਾਲ ਸਭਾ ਵਿਚ ਕੋਈ ਕਾਰਗੁਜ਼ਾਰੀ ਦਿਖਾਉਂਦੇ ਹਨ, ਉਹ ਬੀਬੀ ਦੇ ਵਧੇਰੇ ਨੇੜੇ ਹੋਣ ਲੱਗਦੇ ਹਨ। ਉਨ੍ਹਾਂ ਦੀਆਂ ਗੱਲ੍ਹਾਂ ਨੂੰ ਬੀਬੀ ਦੇ ਅਸ਼ਰੀਰੀ ਹੱਥਾਂ ਦੀ ਛੋਹ ਪ੍ਰਾਪਤ ਹੋਣ ਲੱਗਦੀ ਹੈ। ਇਹ ਸਭ ਦੇਖ ਕੇ ਮੇਰੀ ਛਟਪਟਾਹਟ ਹੋਰ ਵਧਦੀ ਹੈ। ਮੈਂ ਵੀ ਇਸ ਬਾਲ ਸਭਾ ਵਿਚ ਕੋਈ ਕਲਾਕਾਰੀ ਪੇਸ਼ ਕਰਨ ਲਈ ਤਰਲੋ ਮੱਛੀ ਹੋਣ ਲੱਗਦਾਂ ਹਾਂ। ਮੇਰੀ ਭੁੱਖ ਤੇ ਨੀਂਦ ਘਟਦੇ ਹੋਏ ਤੁਸ਼ਟੀਗੁਣ ਦਾ ਸ਼ਿਕਾਰ ਹੋਣ ਲੱਗਦੀ ਹੈ। ਮੈਨੂੰ ਮੇਰੇ ਵਿਚ ਕੋਈ ਅਜਿਹੀ ਕਲਾਕਾਰੀ ਨਜ਼ਰ ਨਹੀਂ ਪੈ ਰਹੀ, ਜਿਸ ਨਾਲ ਇਹ ਦੰਗਲ ਜਿੱਤਿਆ ਜਾ ਸਕੇ. [[[ਖ਼ੈਰ ਲੋੜ ਕਾਢ ਦੀ ਮਾਂ ਹੈ। ਆਖ਼ਰ ਤਰਕੀਬਾਂ ਸੋਚਦਿਆਂ ਮੇਰੀ ਨਜ਼ਰ ਵਿਚ ‘ਬੋਲਿਆਂ’ ਦਾ ਬੂਟਾ ਉੱਭਰਦਾ ਹੈ। ਬੂਟਾ ਜੋ ਛੜਾ-ਛਟਾਂਗ, ਸੱਠਵਿਆਂ ਨੂੰ ਢੁੱਕਿਆ ਆਪਣੀ ਮਾਂ ਨਾਲ ਰਹਿੰਦਾ ਹੈ। ਮੈਂ ਉਸ ਨੂੰ ਕਈ ਵਾਰ ਮਿਰਜ਼ਾ ਗਾਉਂਦੇ ਸੁਣਿਆ ਹੋਇਆ ਹੈ। ਮੈਂ ਸ਼ੂਟ ਵੱਟੀ ਉਨ੍ਹਾਂ ਦੇ ਘਰ ਪਹੁੰਚਦਾ ਹਾਂ। ਸ਼ੁਕਰ ਕਿ ਉਹ ਘਰੇ ਹੀ ਬੈਠਾ ਆਪਣੀ ਮਾਂ ਤੋਂ ਆਪਣੀਆਂ ਜਟੂਰੀਆਂ ਵਿਚੋਂ ਜੂੰਆਂ ਕਢਵਾ ਰਿਹਾ ਹੈ। ਮੈਂ ਉਸ ਮੂਹਰੇ ਆਪਣੀ ਮੰਗ ਰੱਖਦਾ ਹਾਂ। ਬੂਟਾ ਇਸ ਵੱਟੇ ਦੋ ਬੰਡਲ ਬੀੜੀਆਂ ਤੇ ਇਕ ਪੁੜੀ ਜਰਦਾ, (ਸਮੇਤ ਚੂਨਾ) ਦੀ ਮੰਗ ਕਰਦਾ ਹੈ। ਮੈਂ ਇਕ ਅੱਧੇ ਦਿਨ ਵਿਚ ਇਹ ਪ੍ਰਬੰਧ ਕਰ ਕੇ ਲਿਆਉਣ ਦਾ ਵਾਅਦਾ ਕਰ ਕੇ ਘਰ ਪਰਤ ਆਉਂਦਾ ਹਾਂ। ਪੈਸੇ ਉਨ੍ਹਾਂ ਦਿਨਾਂ ਵਿਚ ਆੜ੍ਹਤੀਆ ਮਾਰਿਆਂ ਵੀ ਨਹੀਂ ਲੱਭਦੇ। ਭੜੋਲੇ ਵਿਚੋਂ ਕਣਕ ਦੀ ਬਾਟੀ ਵੇਚ ਕੇ ਹੀ ਕੁਲਫ਼ੀ ਗੋਲਾ ਲੈਣਾ ਪੈਂਦਾ ਹੈ। ਪਰ ਬੂਟੇ ਦੀ ਸ਼ਰਤ ਇਕ-ਅੱਧੀ ਬਾਟੀ ਨਾਲ ਪੂਰੀ ਹੋਣ ਵਾਲੀ ਨਹੀਂ ਹੈ। ਘਰ ਵਿਚ ਹਰ ਵੇਲੇ ਜੀਅ ਮੌਜੂਦ ਹੋਣ ਕਰਕੇ ਵੱਡੀ ਮਾਰ ਮਾਰਨੀ ਸੰਭਵ ਨਜ਼ਰ ਨਹੀਂ ਪੈ ਰਹੀ। ਸੋ ਮੈਂ ਬਦਲਵਾਂ ਪ੍ਰਬੰਧ ਕਰਦਾ ਹਾਂ। ਇਕ ਦੁਪਹਿਰ ਠੇਕੇਦਾਰਾਂ ਦੇ ਖੇਤ ਖਿੜੀ ਕਪਾਹ ਦੀ ਮਗਰੀ ਚੁਗ ਕੇ ਰੱਖਾ ਰਾਮ ਦੀ ਹੱਟੀ ਜਾਂਦਾ ਹਾਂ ਤੇ ਚਾਹੀਦੀ ਵਸਤ ਮੰਗਦਾ ਹਾਂ। ਉਹ ਪਹਿਲਾਂ ਗਹਿਰੀ ਹੈਰਾਨੀ ਨਾਲ ਮੇਰੇ ਮੂੰਹ ਵੱਲੇ ਦੇਖਦਾ ਹੈ ਤੇ ਫਿਰ ਪੁੱਛਦਾ ਹੈ ਕਿ ਇਹ ਸਮਾਨ ਕਿਸ ਨੇ ਮੰਗਵਾਇਆ ਹੈ। ਮੈਂ ਝੱਟ ਕਹਿੰਦਾ ਹਾਂ ਕਿ ਸਾਡੇ ਸੀਰੀ ਨੇ। ਦੂਜੇ ਦਿਨ ਮੈਂ ਇਹ ਤਿਲ-ਫੁੱਲ ਲੈ ਕੈ ਬੂਟੇ ਦੀ ਸ਼ਰਨ ਵਿਚ ਜਾ ਪਹੁੰਚਦਾ ਹਾਂ। ਬੂਟਾ ਮੈਨੂੰ ਗੁਜ਼ਾਰੇ ਜੋਗ ਮਿਰਜ਼ੇ ਦੀਆਂ ਚਾਰ ਸਤਰਾਂ ਗਾਉਣੀਆਂ ਸਿਖਾ ਦਿੰਦਾ ਹੈ। ਮੈਂ ਇਸ ਗੱਲ ਦੀ ਕਿਸੇ ਕੋਲ ਭਿਣਕ ਨਹੀਂ ਪੈਣ ਦਿੰਦਾ। ਅਸਲ ਵਿਚ ਮੈਂ ਧਮਾਕਾ ਖੇਜ਼ ਇੰਟਰੀ ਦੀ ਬਣਤ ਬਣਾਈ ਬੈਠਾ ਹਾਂ।  ਮੇਰੇ ਅੰਦਰ ਇਕ ਯਕੀਨ ਫਲਿਆ ਪਿਆ ਹੈ ਕਿ ਮੇਰੇ ਮਿਰਜ਼ਾ ਗਾਉਣ ਤੋਂ ਬਾਅਦ ਬੀਬੀ ਮੁਖ਼ਤਿਆਰ ਭੱਜ ਕੇ ਮੇਰੇ ਕੋਲ ਆਵੇਗੀ ਤੇ ਮੈਨੂੰ ਚੁੰਮ ਲਵੇਗੀ। ਮੈਨੂੰ ਉਹਦੇ ਹੱਥਾਂ ਦੀ ਰੱਜਵੀਂ ਛੋਹ ਪ੍ਰਾਪਤ ਹੋਵੇਗੀ।

ਖ਼ੈਰ ਡਾਢੀ ਬੇਸਬਰੀ ਨਾਲ ਉਡੀਕਦਿਆਂ ਮਹੀਨੇ ਦਾ ਦੂਜਾ ਸ਼ਨੀਵਾਰ ਚੜ੍ਹਦਾ ਹੈ। ਮੈਂ ਪਹਿਲਾਂ ਨਾਲੋਂ ਬੇਹਤਰ ਢੰਗ ਨਾਲ ਤਿਆਰ ਹੁੰਦਾ ਹਾਂ। ਭੈਣ ਨੂੰ ਅੱਖਾਂ ਦੇ ਸਿਰਿਆਂ ‘ਤੇ ਥੋੜ੍ਹੀਆਂ ਲੰਮੀਆਂ ਪੂਛਾਂ ਲਾਉਣ ਲਈ ਕਹਿੰਦਾ ਹਾਂ। ਅੱਧੀ ਛੁੱਟੀ ਤੋਂ ਬਾਅਦ ਸਭਾ ਵਿਚ ਹਿੱਸਾ ਲੈਣ ਵਾਲਿਆਂ ਦੇ ਨਾਂ ਲਿਖਣੇ ਸ਼ੁਰੂ ਹੁੰਦੇ ਹਨ। ਮੈਂ ਵੱਡੀ ਭੈਣ ਨੂੰ ਆਪਣਾ ਨਾਂ ਲਿਖਵਾਉਣ ਲਈ ਜ਼ੋਰ ਪਾਉਂਦਾ ਹਾਂ। ਪਰ ਉਹ ਨਾਂ ਲਿਖਵਾਉਣ ਤੋਂ ਝਿਜਕਦੀ ਹੈ, ਕਿਉਂ ਕਿ ਉਸ ਨੇ ਪਹਿਲਾਂ ਕਦੇ ਮੈਨੂੰ ਅਜਿਹਾ ਕੁਝ ਕਰਦੇ ਵੇਖਿਆ ਨਹੀਂ। ਪਰ ਨਾਂ ਲਿਖ ਲਿਆ ਜਾਂਦਾ ਹੈ। ਸਕੂਲ ਦੇ ਵਿਹੜੇ ਸਭਾ ਜੁੜਦੀ ਹੈ। ਮਾਸਟਰ ਹਰਨੇਕ ਤੇ ਬੀਬੀ ਮੁਖ਼ਤਿਆਰ ਬੱਚਿਆਂ ਦੇ ਪਿੱਛੇ ਕੁਰਸੀਆਂ ‘ਤੇ ਸਜੇ ਹੋਏ ਹਨ। ਪਹਿਲਾਂ ਦੋ ਚਾਰ ਚੌਥੀ ਤੇ ਪੰਜਵੀਂ ਵਾਲੇ ਬੱਚਿਆਂ ਨੂੰ ਬੁਲਾਇਆ ਜਾਂਦਾ ਹੈ। ਫਿਰ ਮੇਰਾ ਨਾਂ ਲਿਆ ਜਾਂਦਾ ਹੈ। ਮੈਂ ਉੱਠਦਾ ਹਾਂ ਤਾਂ ਸਭ ਬੱਚੇ ਬੜੀ ਹੈਰਾਨੀ ਨਾਲ ਮੈਨੂੰ ਦੇਖਦੇ ਹਨ ਤੇ ਨਾਲੇ ਘੁਸਰ-ਮੁਸਰ ਵੀ ਕਰਦੇ ਹਨ। ਕੱਦ ਕੁਝ ਛੁਟੇਰਾ ਹੋਣ ਕਰ ਕੇ ਮੇਰੇ ਪੈਰਾਂ ਹੇਠ ਇਕ ਪੁਰਾਣਾ ਮੇਜ਼ ਰੱਖ ਦਿੱਤਾ ਜਾਂਦਾ ਹੈ। ਹੁਣ ਮੈਂ ਸਾਰਿਆਂ ਨੂੰ ਚੰਗੀ ਤਰ੍ਹਾਂ ਨਜ਼ਰ ਆ ਰਿਹੈਂ। ਮੈਂ ਇਕ ਵਾਰੀ ਭਰਵੀਂ ਨਜ਼ਰ ਨਾਲ ਬੀਬੀ ਮੁਖ਼ਤਿਆਰ ਵੱਲ ਦੇਖਦਾ ਹਾਂ, ਮਤਾਂ ਉਸ ਦਾ ਧਿਆਨ ਕਿਧਰੇ ਹੋਰ ਤਾਂ ਨਹੀਂ। ਫਿਰ ਆਪਣੀ ਸੱਜੀ ਬਾਂਹ ਉੱਪਰ ਚੁੱਕ ਕੇ ਅਲਾਪ ਸ਼ੁਰੂ ਹੀ ਕਰਨ ਲੱਗਦਾ ਹਾਂ ਕਿ ਭਾਣਾ ਵਰਤ ਜਾਂਦਾ ਹੈ। ਮੇਰੀ ਢਿੱਲੀ ਨਿੱਕਰ ਮੇਰੇ ਪੈਰਾਂ ਵਿਚ ਡਿਗ ਪੈਂਦੀ ਹੈ। ਜਿਸ ਥੱਲੇ ਮੈਂ ਕੁਝ ਵੀ ਨਹੀਂ ਪਾਇਆ ਹੋਇਆ। ਬੱਚੇ ਉੱਚੇ ਤਾਲ ਵਿਚ ਤਾੜੀ ਮਾਰ ਦਿੰਦੇ ਹਨ ਤੇ ਉਨ੍ਹਾਂ ਦਾ ਹਾਸਾ ਅਸਮਾਨ ਨੂੰ ਚੜ੍ਹ ਜਾਂਦਾ ਹੈ। ਮੈਂ ਸਥਿਤੀ ਦਾ ਸਾਹਮਣਾ ਕਰਨ ਲਈ ਰੋਣ ਲੱਗਦਾ ਹਾਂ। ਪੰਜਵੀਂ ਜਮਾਤ ਦਾ ਇਕ ਮੁੰਡਾ ਕਾਬਲ ਮੈਨੂੰ ਮੇਜ਼ ਤੋਂ ਥੱਲੇ ਲਾਹ ਕੇ ਮੇਰੀ ਨਿੱਕਰ ਠੀਕ ਕਰਦਾ ਹੈ। ਛੁੱਟੀ ਹੋਣ ਤੋਂ ਪਹਿਲਾਂ ਹੀ ਮੈਂ ਤੇ ਵੱਡੀ ਭੈਣ ਪਿੰਡ ਨੂੰ ਤੁਰ ਪੈਂਦੇ ਹਾਂ। ਰਸਤੇ ਵਿਚ ਸਾਡੇ ਦਰਮਿਆਨ ਗਹਿਰੀ ਚੁੱਪ ਤਣੀ ਰਹਿੰਦੀ ਹੈ। ਸ਼ਾਇਦ ਭੈਣ ਮੇਰੇ ਨਾਲੋਂ ਵੀ ਵੱਧ ਨਮੋਸ਼ੀ ਦਾ ਸ਼ਿਕਾਰ ਹੋਈ ਪਈ ਹੈ।

ਅਗਲਾ ਦਿਨ ਐਤਵਾਰ ਹੈ। ਪਤਾ ਲੱਗਦਾ ਹੈ ਕਿ ਬੀਬੀ ਮੁਖ਼ਤਿਆਰ ਤੇ ਦਾਦੀ ਆਪਣੇ ਪਿੰਡ ਵੰਨੇ ਚਲੀਆਂ ਗਈਆਂ ਹਨ। ਐਤਵਾਰ ਸ਼ਾਮੀ ਸਾਨੂੰ ਨਾਨਕੇ ਪਿੰਡ ਤੋਂ ਵਿਆਹ ਦੀ ਗੰਢ ਆ ਜਾਂਦੀ ਹੈ। ਬੀਬੀ ਮੁਖ਼ਤਿਆਰ ਤੇ ਦਾਦੀ ਮੰਗਲਵਾਰ ਤੱਕ ਵੀ ਵਾਪਸ ਨਹੀਂ ਪਰਤਦੀਆਂ। ਮੈਂ ਇਕ ਗੱਲੋਂ ਸ਼ੁਕਰ ਕਰਦਾ ਹਾਂ  ਤੇ ਦੂਜੀ ਗੱਲੋਂ ਫ਼ਿਕਰ ਕਰਦਾ ਹਾਂ ਕਿ ਇਹ ਕਿਤੇ ਮੇਰੇ ਕਾਰਨ ਤਾਂ ਨਹੀਂ। ਬੁੱਧਵਾਰ ਮੈਂ, ਮਾਂ ਤੇ ਛੋਟੀ ਭੈਣ ਨਾਨਕੇ ਵਿਆਹ ਚਲੇ ਜਾਂਦੇ ਹਾਂ। ਜਦ ਹਫ਼ਤੇ ਬਾਅਦ ਘਰ ਪਰਤਦੇ ਹਾਂ ਤਾਂ ਵੱਡੀ ਭੈਣ ਸਭ ਤੋਂ ਪਹਿਲਾਂ ਇਹੋ ਖ਼ਬਰ ਦੱਸਦੀ ਹੈ ਕਿ ਬੀਬੀ ਮੁਖ਼ਤਿਆਰ ਦੀ ਬਦਲੀ ਉਨ੍ਹਾਂ ਦੇ ਪਿੰਡ ਵੱਲੇ ਹੋ ਗਈ ਹੈ ਤੇ ਕੱਲ੍ਹ ਉਹ ਆਪਣਾ ਸਮਾਨ ਲੈ ਕੇ ਚਲੇ ਗਏ। ਇਹ ਖ਼ਬਰ ਮੇਰੇ ਲਈ ਅੱਠ-ਨੌਂ ਦਿਨ ਪਹਿਲਾਂ ਵਰਤੇ ਹਾਦਸੇ ਨੂੰ ਬਹੁਤ ਛੋਟਾ ਕਰ ਕੇ ਰੱਖ ਦੇਂਦੀ ਹੈ। ਜਿਵੇਂ ਮੇਰੀ ਵਾਹੀ ਲੀਕ ਦੇ ਬਰਾਬਰ ਬੀਬੀ ਮੁਖ਼ਤਿਆਰ ਨੇ ਇਕ ਬਹੁਤ ਵੱਡੀ ਲੀਕ ਖਿੱਚ ਦਿੱਤੀ ਹੋਵੇ………।

ਮੋਬਾਈਲ : 98155-14053

Leave a Reply

Your email address will not be published. Required fields are marked *