ਪੰਜਾਬਣਾਂ ਦੇ ਸੰਘਰਸ਼ ਦੀ ਗਾਥਾ

                                                                                                                                                                                                                                                                                                                     ਡਾ. ਹਰਸ਼ਿੰਦਰ ਕੌਰ
                                                                                                                                                                                                                                                                                                 ਸੰਪਰਕ: +91-0175-2216783
ਪੰਜਾਬਣ ਦੇ ਦਗ਼-ਦਗ਼ ਕਰਦੇ ਚਿਹਰੇ ਅੱਗੇ ਸੂਰਜ ਦੀ ਰੌਸ਼ਨੀ ਵੀ ਫਿੱਕੀ ਲੱਗਦੀ ਹੈ। ਕਵੀਆਂ ਨੇ ਇਸ ਦੀ ਖ਼ੂਬਸੂਰਤੀ ਨੂੰ ਬਿਆਨਣ ਵਿੱਚ ਕੋਈ ਕਸਰ ਨਹੀਂ ਛੱਡੀ। ਪੰਜਾਬਣਾਂ ਪਰਦੇ ਪਿੱਛੇ ਰਹੀਆਂ ਤਾਂ ਸੁਪਨਿਆਂ ਰਾਹੀਂ ਲਿਖਾਰੀਆਂ ਨੂੰ ਝੰਜੋੜਦੀਆਂ ਰਹੀਆਂ। ਜੇ ਮੈਦਾਨ-ਏ-ਜੰਗ ਵਿੱਚ ਉਤਰੀਆਂ ਤਾਂ ਲਿਖਾਰੀਆਂ ਨੂੰ ਬਹਾਦਰੀ ਦੇ ਕਿੱਸੇ ਲਿਖਣ ਉੱਤੇ ਮਜਬੂਰ ਕਰ ਦਿੱਤਾ।
ਮਰਦ ਪ੍ਰਧਾਨ ਸਮਾਜ ਵਿੱਚ ਪੁਰਾਤਨ ਸਮਿਆਂ ਤੋਂ ਹੀ ਔਰਤ ਪੈਰ ਦੀ ਜੁੱਤੀ ਮੰਨੀ ਗਈ ਹੈ। 1870 ਦੀ ਧਾਰਾ 8 ਦੇ ਬਾਵਜੂਦ ਅਨੇਕ ਬੱਚੀਆਂ ਜੰਮਣ ਤੋਂ ਬਾਅਦ ਮਾਰੀਆਂ ਜਾਂਦੀਆਂ ਰਹੀਆਂ ਤੇ ਭਾਰ ਸਮਝੀਆਂ ਗਈਆਂ। 1911 ਦੀ ਮਰਦਮਸ਼ੁਮਾਰੀ ਮੁਤਾਬਿਕ: ”ਕੁੜੀਆਂ ਨੂੰ ਮੁੰਡਿਆਂ ਦੇ ਮੁਕਾਬਲੇ ਖਾਣ ਨੂੰ ਘੱਟ ਦਿੱਤਾ ਜਾਂਦਾ ਹੈ, ਇਲਾਜ ਖੁਣੋਂ ਮਰਨ ਲਈ ਛੱਡ ਦਿੱਤਾ ਜਾਂਦਾ ਹੈ ਤੇ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੂੰ ਠੰਢ ਵਿੱਚ ਪੂਰੇ ਕੱਪੜੇ ਵੀ ਪਾਉਣ ਨੂੰ ਨਹੀਂ ਦਿੱਤੇ ਜਾਂਦੇ।”
ਫੁੱਲਰ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, ”ਭਾਰਤੀ ਬੱਚੀਆਂ ਜੰਮਣ ਤੋਂ ਲੈ ਕੇ ਮਰਨ ਤਕ ਸੰਘਰਸ਼ ਦੀ ਜ਼ਿੰਦਗੀ ਬਤੀਤ ਕਰਦੀਆਂ ਹਨ। ਪਹਿਲਾਂ 5 ਤੋਂ 8 ਸਾਲ ਦੀ ਉਮਰ ਵਿੱਚ ਬਾਲ ਵਿਆਹ, ਫਿਰ ਖ਼ੁਦ ਬਾਲੜੀ ਹੁੰਦਿਆਂ ਹੀ ਮਾਂ ਬਣ ਜਾਣਾ ਤੇ ਫਿਰ ਬਾਲ ਵਿਧਵਾ ਦਾ ਸੰਤਾਪ ਹੰਢਾਉਣਾ। ਜਿਸ ਟੱਬਰ ਵਿੱਚ ਬੱਚੀ ਦਾ ਵਿਆਹ ਦਸ ਸਾਲ ਦੀ ਉਮਰ ਤਕ ਨਹੀਂ ਸੀ ਹੁੰਦਾ, ਸਮਾਜ ਵਿੱਚ ਉਸ ਟੱਬਰ ਦਾ ਮਾਣ ਸਤਿਕਾਰ ਘਟ ਜਾਂਦਾ ਸੀ। ਲਗਭਗ 13 ਜਾਂ 14 ਸਾਲ ਦੀ ਉਮਰ ਵਿੱਚ ਕੁੜੀ ਦਾ ਮਾਂ ਬਣਨਾ ਲਾਜ਼ਮੀ ਸੀ, ਨਹੀਂ ਤਾਂ ਉਸ ਵਿੱਚ ਨੁਕਸ ਕੱਢ ਦਿੱਤਾ ਜਾਂਦਾ ਸੀ। ਉਸ ਸਮੇਂ 25 ਸਾਲ ਦੀ ਇੱਕ ਵੀ ਅਜਿਹੀ ਔਰਤ ਭਾਰਤ ਵਿੱਚ ਨਹੀਂ ਸੀ ਜੋ ਵਿਆਹੀ ਜਾਂ ਵਿਧਵਾ ਨਹੀਂ ਸੀ। ਇਹ ਸਿੱਖ, ਹਿੰਦੂ ਤੇ ਮੁਸਲਿਮਾਂ ਵਿੱਚ ਇੱਕੋ ਜਿਹਾ ਰਿਵਾਜ ਸੀ।”
ਸਵਿੰਦਰਪਾਲ ਕੌਰ ਦੀ ਪੁਸਤਕ ‘ਪੰਜਾਬੀ ਔਰਤਾਂ ਦਾ ਆਜ਼ਾਦੀ ਵਿੱਚ ਯੋਗਦਾਨ’ ਅਨੁਸਾਰ 1921 ਦੀ ਮਰਦਮਸ਼ੁਮਾਰੀ ਦੀ ਰਿਪੋਰਟ: ”10 ਸਾਲ ਤੋਂ ਛੋਟੀ ਉਮਰ ਦੀਆਂ 2,835 ਵਿਧਵਾ ਬੱਚੀਆਂ; 15 ਸਾਲ ਤੋਂ ਛੋਟੀ ਉਮਰ ਦੀਆਂ 8,963 ਵਿਧਵਾ ਬੱਚੀਆਂ ਤੇ 26,400 ਵਿਧਵਾ ਔਰਤਾਂ 20 ਸਾਲ ਤੋਂ ਛੋਟੀਆਂ ਸਨ। ਇਨ੍ਹਾਂ ਵਿੱਚੋਂ 3 ਫ਼ੀਸਦੀ ਹਿੰਦੂ, 2.9 ਫ਼ੀਸਦੀ ਮੁਸਲਿਮ, 1.7 ਫ਼ੀਸਦੀ ਸਿੱਖ ਤੇ 0.3 ਫ਼ੀਸਦੀ ਈਸਾਈ ਬੱਚੀਆਂ ਸਨ।”
ਉਸ ਸਮੇਂ ਵਿਧਵਾ ਬੱਚੀਆਂ ਨੂੰ ਸਮਾਜ ਇੰਨੀ ਭੈੜੀ ਨਜ਼ਰ ਨਾਲ ਵੇਖਦਾ ਸੀ ਕਿ ਇਨ੍ਹਾਂ ਦਾ ਪਰਛਾਵਾਂ ਵੀ ਨਹਿਸ਼ ਸਮਝਿਆ ਜਾਂਦਾ ਸੀ। ਇਨ੍ਹਾਂ ਬੱਚੀਆਂ ਨੂੰ ਲੰਮੇ ਵਾਲ ਰੱਖਣ ਦੀ
ਮਨਾਹੀ ਸੀ। ਨਾ ਇਹ ਰੰਗਦਾਰ ਕੱਪੜੇ ਪਾ ਸਕਦੀਆਂ ਸਨ ਤੇ ਨਾ ਹੀ ਹਾਰ ਸ਼ਿੰਗਾਰ ਕਰ ਸਕਦੀਆਂ ਸਨ। ਗਹਿਣੇ ਗੱਟੇ ਇਨ੍ਹਾਂ ਤੋਂ ਖੋਹ ਲਏ ਜਾਂਦੇ ਸਨ ਤੇ ਢਿੱਡ ਭਰਨ ਲਈ ਜਿਸਮਫਰੋਸ਼ੀ ਕਰਨ ਜਾਂ ਗੋਹਾ ਕੂੜਾ ਚੁੱਕਣ ਉੱਤੇ ਮਜਬੂਰ ਕਰ ਦਿੱਤਾ ਜਾਂਦਾ ਸੀ।
ਕੁਝ ਜ਼ਾਤਾਂ ਵਿੱਚ ਵਿਧਵਾ ਨੂੰ ਜੇਠ ਜਾਂ ਦਿਓਰ ਨਾਲ ‘ਚਾਦਰ’ ਹੇਠ ਨਰੜ ਦਿੱਤਾ ਜਾਂਦਾ ਸੀ। ਜੇ ਵਿਆਹੀ ਬੱਚੀ ਦੇ ਛੇਤੀ ਬੱਚਾ ਨਾ ਠਹਿਰਦਾ ਤਾਂ ਦੂਜੀ ਜਾਂ ਤੀਜੀ ਬੱਚੀ ਵਿਆਹ ਕੇ ਘਰ ਲਿਆਈ ਜਾਂਦੀ ਸੀ। ਕਈ ਥਾਈਂ ਇੱਕੋ ਬੱਚੀ ਘਰ ਦੇ ਹੋਰ ਮਰਦਾਂ ਨਾਲ ਜਬਰਨ ਸਬੰਧਾਂ ਵਿੱਚ ਵੀ ਧੱਕੀ ਜਾਂਦੀ ਸੀ।
ਇਨ੍ਹਾਂ ਸਾਰੇ ਮਾਮਲਿਆਂ ਵਿੱਚ ਔਰਤ ਨੂੰ ਜਾਇਦਾਦ ਦੇ ਹੱਕ ਨਹੀਂ ਸਨ ਮਿਲਦੇ। ਲਿਖਿਆ ਮਿਲਦਾ ਹੈ ਕਿ ਅੰਬਾਲੇ ਦੇ ਆਲੇ-ਦੁਆਲੇ ਇੱਕ ਵਿਆਹੀ ਬੱਚੀ ਘਰ ਵਿੱਚ ਸਾਂਝੀ ਜਾਇਦਾਦ ਮੰਨ ਕੇ ਪੂਰੀ ਰਿਸ਼ਤੇਦਾਰੀ ਨਾਲ ਸਬੰਧ ਬਣਾਉਣ ਲਈ ਧੱਕੀ ਜਾਂਦੀ ਸੀ। ਇਹ ਤੱਥ 1911 ਦੀ ਮਰਦਮਸ਼ੁਮਾਰੀ ਵਿੱਚ ਦਰਜ ਕੀਤਾ ਹੋਇਆ ਹੈ। ਕਈ ਬੱਚੀਆਂ ਤਾਂ ਦੋ ਰੁਪਏ ਵਿੱਚ ਵੇਚੀਆਂ ਵੀ ਜਾਂਦੀਆਂ ਸਨ। ਸਤੀ ਪ੍ਰਥਾ 1829 ਵਿੱਚ ਬੰਦ ਕਰ ਦਿੱਤੀ ਗਈ, ਪਰ ਉਸ ਤੋਂ ਕਾਫ਼ੀ ਚਿਰ ਬਾਅਦ ਵੀ ਕਈ ਥਾਈਂ ਬੱਚੀ ਨੂੰ ਮਰ ਚੁੱਕੇ ਪਤੀ ਦੀ ਬਲਦੀ ਚਿਤਾ ਵਿੱਚ ਜਬਰਨ ਸੁੱਟਿਆ ਜਾਂਦਾ ਰਿਹਾ। ਗੁਰੂ ਸਾਹਿਬ ਦੀ ਸਿੱਖਿਆ ਸਦਕਾ ਸਿੱਖ ਪਰਿਵਾਰਾਂ ਵਿੱਚ ਇਹ ਪ੍ਰਥਾ ਬੰਦ ਕਰ ਦਿੱਤੀ ਗਈ ਤੇ ਮੁਸਲਿਮ ਬੱਚੀਆਂ ਨਾਲ ਵੀ ਅਜਿਹਾ ਕੁਝ ਨਾ ਕੀਤਾ ਗਿਆ। ਦਾਜ ਦੀ ਪ੍ਰਥਾ ਇੰਨੀ ਪ੍ਰਚੱਲਿਤ ਸੀ ਕਿ ਕੋਈ ਵਿਆਹ ਬਗ਼ੈਰ ਦਾਜ ਦੇ ਰਿਪੋਰਟ ਨਹੀਂ ਹੋਇਆ। ਦਾਜ ਸਦਕਾ ਬੱਚੀਆਂ ਉੱਤੇ ਹੋ ਰਹੇ ਤਸ਼ੱਦਦ ਉੱਭਰ ਕੇ ਸਾਹਮਣੇ ਆਉਂਦੇ ਰਹੇ। ਲੋਕ-ਗੀਤਾਂ ਅਤੇ ਖ਼ਬਰਾਂ ਰਾਹੀਂ ਇਹ ਸਭ ਉਜਾਗਰ ਹੁੰਦਾ ਰਿਹਾ।
ਜਿੱਥੋਂ ਤਕ ਬੱਚੀਆਂ ਦੀ ਪੜ੍ਹਾਈ ਦਾ ਸਵਾਲ ਸੀ, 1937 ਤੋਂ 1947 ਤਕ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਬੱਚੀਆਂ ਦੀ ਗਿਣਤੀ ਇਉਂ ਹੈ:
ਸੰਨ      ਕੁੜੀਆਂ
1937      1,865
1937-38      1,868
1938-39      1,912
1939-40      2,088
1940-41      2,199
1941-42      2,212
1942-43      2,216
1943-44      2,237
1944-45      2,270
1945-46      2,568
1946-47      2,575
ਇੰਨੀ ਘੱਟ ਗਿਣਤੀ ਵੇਖ ਕੇ ਰਾਜਕੁਮਾਰੀ ਅੰਮ੍ਰਿਤ ਕੌਰ ਦੀ ਮਾਤਾ ਹਰਨਾਮ ਕੌਰ ਨੇ ਬੱਚੀਆਂ ਤੇ ਔਰਤਾਂ ਦੀ ਪੜ੍ਹਾਈ ਦੀ ਲੋੜ ਨੂੰ ਸਮਝਦਿਆਂ ਇਸ ਬਾਰੇ ਪਿੰਡਾਂ ਦੀਆਂ ਔਰਤਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਵਿਹਲੇ ਵੇਲੇ ਪੈਂਤੀ ਅੱਖਰੀ ਪੜ੍ਹਾਉਣੀ ਸ਼ੁਰੂ ਕੀਤੀ ਤੇ ਹੌਲੀ-ਹੌਲੀ ਔਰਤਾਂ ਨੂੰ ਦੇਸ਼ ਪ੍ਰੇਮ ਤੇ ਸਿਆਸੀ ਪੈਂਤੜਿਆਂ ਬਾਰੇ ਵੀ ਸਮਝਾਇਆ।
ਉਸ ਸਮੇਂ ਦੇ ਪੰਜਾਬੀ ਤੇ ਉਰਦੂ ਦੇ ਅਖ਼ਬਾਰਾਂ ਦਾ ਰੋਲ ਨਹੀਂ ਭੁਲਾਇਆ ਜਾ ਸਕਦਾ ਜਿਨ੍ਹਾਂ ਨੇ ਲਗਾਤਾਰ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਚੁੱਕੀ ਤੇ ਬੱਚੀਆਂ ਦੀ ਪੜ੍ਹਾਈ ਬਾਰੇ ਵੀ ਸਭ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ। ਉਸ ਸਮੇਂ ਪੰਜਾਬ ਦੇ ਕਿਸਾਨਾਂ ਬਾਰੇ ਮੈਕੌਲਮ ਲਾਇਲ ਨੇ ਸਪੱਸ਼ਟ ਲਿਖਿਆ: ”ਪੰਜਾਬ ਦੇ ਕਿਸਾਨ ਜੰਮਦੇ ਵੀ ਕਰਜ਼ਿਆਂ ਥੱਲੇ ਹਨ ਤੇ ਮਰਦੇ ਵੀ ਕਰਜ਼ਿਆਂ ਥੱਲੇ। ਸੰਨ 1860-61, 1876-78, 1896-97 ਤੇ 1899-1901 ਦੌਰਾਨ ਪਏ ਸੋਕਿਆਂ ਨੇ ਕਿਸਾਨਾਂ ਦੇ ਲੱਕ ਤੋੜ ਦਿੱਤੇ। ਪੁਸ਼ਤ-ਦਰ-ਪੁਸ਼ਤ ਜ਼ਮੀਨਾਂ ਦੀ ਵੰਡ ਨੇ ਉਨ੍ਹਾਂ ਨੂੰ ਬੇਹਾਲ ਕਰ ਦਿੱਤਾ ਤੇ ਕੋਰਟਾਂ ਵਿੱਚ ਧੱਕੇ ਖਾਣ ਲਈ ਮਜਬੂਰ ਵੀ ਕਰ ਦਿੱਤਾ। ਉਨ੍ਹਾਂ ਦੀਆਂ ਔਰਤਾਂ ਇਨਸਾਨੀ ਜੂਨ ਭੁਗਤਣ ਜੋਗੀਆਂ ਵੀ ਨਹੀਂ ਰਹੀਆਂ।”
ਫਿਰ ਸ਼ੁਰੂ ਹੋਏ ਕਾਮਾਗਾਟਾਮਾਰੂ ਤੇ ਗ਼ਦਰ ਲਹਿਰ। ਬੀਬੀ ਗੁਲਾਬ ਕੌਰ ਬਖ਼ਸ਼ੀਵਾਲਾ ਨੇ ਪੰਜਾਬ ਵਿੱਚ 1914-16 ਵਿੱਚ ਔਰਤਾਂ ਨੂੰ ਜਥੇਬੰਦਕ ਢੰਗ ਨਾਲ ਇਕੱਠਾ ਕੀਤਾ। ਕਰਤਾਰ ਸਿੰਘ ਸਰਾਭਾ ਹੇਠ ਕੰਮ ਕਰਦਿਆਂ ਉਹ ਚਰਖਾ ਕੱਤਦੀ ਤੇ ਆਜ਼ਾਦੀ ਲਈ ਜੂਝਣ ਵਾਸਤੇ ਹੋਰ ਔਰਤਾਂ ਨੂੰ ਪ੍ਰੇਰਦੀ। ਉਹ ਪਾਰਟੀ ਲਈ ਸੁਰੱਖਿਆ ਗਾਰਦ ਦੀ ਭੂਮਿਕਾ ਵੀ ਨਿਭਾਉਂਦੀ ਰਹੀ।
ਝਾੜ ਸਾਹਿਬ ਦੀ ਬੀਬੀ ਜਸ ਕੌਰ ਨੇ ਵੀ ਗ਼ਦਰ ਲਹਿਰ ਦੌਰਾਨ ਅਹਿਮ ਭੂਮਿਕਾ ਨਿਭਾਈ।
ਪੰਜਾਬੀ ਔਰਤਾਂ ਹੌਲੀ-ਹੌਲੀ ਆਜ਼ਾਦੀ ਦੀ ਜੰਗ ਵਿੱਚ ਇੰਨੀਆਂ ਸਰਗਰਮ ਹੋ ਗਈਆਂ ਕਿ ਉਨ੍ਹਾਂ ਨੇ ਜਲਿਆਂਵਾਲੇ ਬਾਗ਼ ਵਿੱਚ ਵੀ ਆਪਣੇ ਕੁੱਛੜ ਚੁੱਕੇ ਬੱਚਿਆਂ ਨਾਲ ਸ਼ਹੀਦੀਆਂ ਪਾਈਆਂ। ਇਤਿਹਾਸ ਵਿੱਚ ਦਰਜ ਕੁਝ ਗੱਲਾਂ ਦਿਲ ਟੁੰਬਦੀਆਂ ਹਨ। ਕਰਫਿਊ ਲੱਗਣ ਮਗਰੋਂ ਜਲਿਆਂਵਾਲੇ ਬਾਗ਼ ਵਿੱਚ ਮਰ ਰਹੇ ਪਤੀ ਦਾ ਸਿਰ ਗੋਦ ਵਿੱਚ ਰੱਖ ਕੇ, ਇੱਕ ਡੰਡਾ ਫੜ ਉਸ ਨੂੰ ਕੁੱਤਿਆਂ ਤੇ ਗਿੱਧਾਂ ਵੱਲੋਂ ਚੂੰਡੇ ਜਾਣ ਤੋਂ ਬਚਾਉਣ ਲਈ ਇੱਕ ਔਰਤ ਸੈਂਕੜੇ ਲਾਸ਼ਾਂ ਵਿੱਚ 18 ਘੰਟੇ ਬੈਠੀ ਰਹੀ।
ਉਸ ਦੀਆਂ ਚੀਕਾਂ ਸੁਣਨ ਤੋਂ ਬਾਅਦ ਵੀ ਕੋਈ  ਨੇੜੇ ਨਹੀਂ ਲੱਗਿਆ ਕਿਉਂਕਿ ਸਭ ਗੋਲੀਆਂ ਤੋਂ ਡਰਦੇ ਸਨ। ਪਿੰਡ ਮਾਨਾਂਵਾਲਾ ਵਿੱਚ 19 ਅਪਰੈਲ 1919 ਨੂੰ ਅੰਗਰੇਜ਼ਾਂ ਨੇ ਔਰਤਾਂ ਨੂੰ ਕੋਡੇ ਹੋ ਕੇ ਮੁਰਗਾ ਬਣਾ, ਕੱਪੜੇ ਪਾੜ, ਥੁੱਕਾਂ ਸੁੱਟ, ਗਾਲ੍ਹਾਂ ਕੱਢ ਘਰਾਂ ਵਿੱਚੋਂ ਮਾਰ ਕੁੱਟ ਕੇ ਬਾਹਰ ਕੱਢਿਆ ਤੇ ਅਤਿ ਜ਼ਲੀਲ ਕੀਤਾ। ਇਹੀ ਕੁਝ ਨਵਾਂ ਪਿੰਡ ਤੇ ਹੋਰ ਅਨੇਕ ਥਾਵਾਂ ਉੱਤੇ ਹੋਇਆ। ਇਸ ਬੇਇੱਜ਼ਤੀ ਤੇ ਅਣਖ ਉੱਤੇ ਹੋਏ ਹਮਲੇ ਨੇ ਪੰਜਾਬੀ ਔਰਤਾਂ ਨੂੰ ਰਸੋਈਆਂ ਵਿੱਚੋਂ ਬਾਹਰ ਕੱਢ ਕੇ ਬਗ਼ਾਵਤ ਕਰਨ ਤੇ ਇਨਕਲਾਬੀ ਬਣ ਜਾਣ ਉੱਤੇ ਮਜਬੂਰ ਕਰ ਦਿੱਤਾ।
ਇਸੇ ਲਈ 1920-25 ਵਿੱਚ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਮੋਰਚਿਆਂ ਵਿੱਚ ਔਰਤਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਉਦੋਂ ਸਿੱਖਾਂ ਨੂੰ ਜੇਲ੍ਹਾਂ ਵਿੱਚ ਦਸਤਾਰਾਂ ਬੰਨ੍ਹਣ ਤੇ ਪੰਜ ਕਕਾਰ ਰੱਖਣ ਦੀ ਇਜ਼ਾਜਤ ਨਹੀਂ ਸੀ ਹੁੰਦੀ। ਇਸੇ ਲਈ 1919 ਵਿੱਚ ਸਿੱਖਾਂ ਨੇ ਇਕਜੁੱਟ ਹੋ ਕੇ ਆਪਣੇ ਹੱਕਾਂ ਲਈ ਲੜਨ ਦਾ ਫ਼ੈਸਲਾ ਲਿਆ। ਇਸ ਵਿੱਚ ਵੀ ਹਜ਼ਾਰਾਂ ਸਿੱਖ ਔਰਤਾਂ ਨੇ ਹਿੱਸਾ ਲਿਆ।
ਨਨਕਾਣਾ ਸਾਹਿਬ ਲਈ ਲਾਏ ਮੋਰਚੇ ਦੌਰਾਨ ਔਰਤਾਂ ਦੀ ਭੂਮਿਕਾ ਸ਼ਲਾਘਾਯੋਗ ਹੈ। ਅਨੇਕ ਔਰਤਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਆਪਣੇ ਭਰਾ, ਪਤੀ ਜਾਂ ਪੁੱਤਰ ਦੀ ਮੌਤ ਉੱਤੇ ਹੰਝੂ ਨਹੀਂ ਕੇਰੇ ਸਗੋਂ ਬਹਾਦਰੀ ਵਿਖਾਉਂਦਿਆਂ ਉਨ੍ਹਾਂ ਦੀ ਥਾਂ ਆਪ ਮੋਰਚੇ ਵਿੱਚ ਸ਼ਾਮਲ ਹੋ ਕੇ ਲੜਾਈ ਜਾਰੀ ਰੱਖਣ ਦਾ ਪ੍ਰਣ ਲਿਆ।
ਗੁਰੂ ਕਾ ਬਾਗ਼ ਮੋਰਚੇ ਵਿੱਚ ਵੀ ਔਰਤਾਂ ਦੀ ਬਹਾਦਰੀ ਬੇਮਿਸਾਲ ਸੀ। ਸੀ.ਐਫ.ਐਂਡਰੀਊ ਨੇ ਅੱਖੀਂ ਵੇਖੇ ਹਾਲ ਬਾਰੇ ਲਿਖਿਆ ਕਿ ਸਿੱਖ ਔਰਤਾਂ ਅਤਿ ਦਾ ਤਸ਼ੱਦਦ ਸਹਿੰਦਿਆਂ ਵੀ ਸਿਰ ਝੁਕਾਉਣ ਨਾਲੋਂ ਮਰ ਜਾਣ ਨੂੰ ਤਰਜੀਹ ਦਿੰਦੀਆਂ ਸਨ। ਜੈਤੋ ਦੇ ਮੋਰਚੇ ਸਮੇਂ ਬੀਬੀ ਕਿਸ਼ਨ ਕੌਰ ਤੇ ਬੀਬੀ ਤੇਜ ਕੌਰ ਦੇ ਜਥੇ ਨੂੰ ਜੇਲ੍ਹ ਵਿੱਚ ਡੱਕਿਆ ਗਿਆ ਤੇ ਨਾਭਾ ਜੇਲ੍ਹ ਵਿੱਚ ਉਨ੍ਹਾਂ ਨੂੰ ਚਾਰ ਸਾਲ ਕੈਦ ਵੀ ਕੱਟਣੀ ਪਈ। ਬੀਬੀ ਬਚਨ ਕੌਰ ਨੂੰ ਝੂਠੇ ਕੇਸ ਵਿੱਚ ਫਸਾ ਕੇ ਬਹਾਦਰਗੜ੍ਹ ਕਿਲ੍ਹੇ ਵਿੱਚ ਬੰਦ ਕਰ ਕੇ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਬੀਬੀ ਦਿਆਲ ਕੌਰ ਨੇ ਪੰਜ ਸਾਲ ਜਥਿਆਂ ਦੀ ਅਗਵਾਈ ਕਰ ਕੇ ਲੰਗਰ ਵੀ ਬਣਾਇਆ ਤੇ ਜ਼ਖ਼ਮੀਆਂ ਦੀ ਸੇਵਾ ਵੀ ਕੀਤੀ।
ਬੱਬਰ ਲਹਿਰ ਦੌਰਾਨ ਕ੍ਰਾਂਤੀਕਾਰੀ ਦੀ ਭੂਮਿਕਾ ਨਿਭਾਉਣ ਵਿੱਚ ਵੀ ਔਰਤਾਂ ਪਿਛਾਂਹ ਨਹੀਂ ਰਹੀਆਂ। ਜਾਨ ਜੋਖ਼ਮ ਵਿੱਚ ਪਾ ਕੇ ਦੂਜੇ ਗਰੁੱਪ ਤਾਈਂ ਸੁਨੇਹਾ ਪਹੁੰਚਾਉਣ, ਬੰਬ ਬਣਾਉਣ ਲਈ ਸਾਮਾਨ ਪਹੁੰਚਾਉਣ, ਆਪਣੇ ਗਹਿਣੇ ਵੇਚ ਕੇ ਕ੍ਰਾਂਤੀਕਾਰੀਆਂ ਨੂੰ ਮਦਦ ਪਹੁੰਚਾਉਣ, ਆਪਣੇ ਪਤੀਆਂ ਦੀ ਹਿੰਮਤ ਵਧਾਉਣ, ਉਨ੍ਹਾਂ ਦੀ ਕੈਦ ਜਾਂ ਫਾਂਸੀ ਬਾਅਦ ਪੂਰੀ ਤਨਦੇਹੀ ਨਾਲ ਆਪਣੇ ਬੱਚਿਆਂ ਨੂੰ ਕ੍ਰਾਂਤੀਕਾਰੀ ਬਣਾਉਣ ਵਿੱਚ ਹਜ਼ਾਰਾਂ ਪੰਜਾਬਣਾਂ ਦਾ ਰੋਲ ਹੈ।
ਬੱਚੀਆਂ, ਭੈਣਾਂ, ਵਹੁਟੀਆਂ, ਮਾਵਾਂ, ਗੱਲ ਕੀ ਹਰ ਬੱਚੀ ਤੇ ਔਰਤ ਨੇ ਨੌਜਵਾਨ ਭਾਰਤ ਸਭਾ ਵਿੱਚ ਵੀ ਪੂਰਾ ਯੋਗਦਾਨ ਪਾਇਆ। ਦੁਰਗਾ ਦੇਵੀ ਦੀ ਮਦਦ ਨਾਲ ਹੀ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਲਾਹੌਰ ਤੋਂ ਕਲਕੱਤੇ ਪਹੁੰਚ ਸਕੇ ਸਨ। ਰੱਲੀ ਦੇਵੀ ਨੇ ਚੰਦਰ ਸ਼ੇਖਰ ਆਜ਼ਾਦ ਤੇ ਕਿਸ਼ੋਰੀ ਲਾਲ ਨੂੰ ਲਾਹੌਰ ਤੋਂ ਦਿੱਲੀ ਪਹੁੰਚਾਇਆ ਸੀ।
ਦੁਰਗਾ ਦੇਵੀ ਨੇ 9 ਅਕਤੂਬਰ 1930 ਨੂੰ ਮਿਸਟਰ ਟੇਲਰ ਨੂੰ ਗੋਲੀ ਨਾਲ ਉਡਾ ਕੇ ਸਾਬਿਤ ਕਰ ਦਿੱਤਾ ਕਿ ਪੰਜਾਬਣਾਂ ਸ਼ੇਰਦਿਲ ਹਨ। ਪੰਜਾਬੀ ਔਰਤਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਬਚਾਉਣ ਲਈ ਮੰਗ ਪੱਤਰ ਤਿਆਰ ਕਰਨ ਵਾਸਤੇ ਗਲੀ ਮੁਹੱਲਿਆਂ ਵਿੱਚੋਂ ਹਜ਼ਾਰਾਂ ਲੋਕਾਂ ਨੂੰ ਤਿਆਰ ਕੀਤਾ। ਉਨ੍ਹਾਂ ਦੀ ਫਾਂਸੀ ਦੀ ਖ਼ਬਰ ਸੁਣ ਕੇ 5,000 ਔਰਤਾਂ ਮਿੰਟੋ ਪਾਰਕ ਵਿੱਚ ਕਾਲੇ ਕੱਪੜੇ ਪਾ ਕੇ ਇਕੱਠੀਆਂ ਹੋਈਆਂ ਸਨ। ਇਸ ਫਾਂਸੀ ਦੇ ਵਿਰੋਧ ਵਿੱਚ ਲੇਡੀ ਮੈਕੌਲਨ ਸਕੂਲ ਲਾਹੌਰ ਦੀਆਂ ਵਿਦਿਆਰਥਣਾਂ ਭੁੱਖ ਹੜਤਾਲ ਉੱਤੇ ਵੀ ਬੈਠੀਆਂ ਸਨ। ਸੰਨ 1940 ਤੋਂ ਬਾਅਦ ਔਰਤਾਂ ਵੱਡੀ ਪੱਧਰ ਉੱਤੇ ਕ੍ਰਾਂਤੀ ਲਿਆਉਣ ਲਈ ਸਰਗਰਮ ਹੋਈਆਂ ਤੇ ਹਰ ਉਹ ਲਹਿਰ ਸਫਲ ਹੋਈ ਜਿਸ ਵਿੱਚ ਔਰਤਾਂ ਪੁਰਸ਼ਾਂ ਦੇ ਬਰਾਬਰ ਸ਼ਰੀਕ ਹੋਈਆਂ।
ਦੇਸ਼ ਵੰਡ ਤੋਂ ਪਹਿਲਾਂ ਲਾਹੌਰ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਟਾਲਾ, ਜਗਰਾਉਂ ਵਿਚਲੇ ਹਰ ਪਿੰਡ ਅਤੇ ਸ਼ਹਿਰ ਦੇ ਮੁਹੱਲੇ ਵਿੱਚ ਔਰਤਾਂ ਜਥੇਬੰਦਕ ਢੰਗ ਨਾਲ 9 ਤੋਂ 26 ਅਗਸਤ 1943 ਤਕ ਜੁੜਦੀਆਂ ਰਹੀਆਂ ਤੇ ਪੁਲੀਸ ਤਸ਼ੱਦਦ ਸਹਿਣ ਦੇ ਨਾਲ ਨਾਲ ਜੇਲ੍ਹਾਂ ਵੀ ਕੱਟਦੀਆਂ ਰਹੀਆਂ।
ਜੇਲ੍ਹਾਂ ਵਿੱਚ ਡੱਕੀਆਂ ਅਨੇਕ ਔਰਤਾਂ ਦੇ ਛੋਟੇ ਬੱਚੇ (ਤਿੰਨ ਸਾਲ ਤੋਂ ਛੋਟੇ) ਉਨ੍ਹਾਂ ਨਾਲ ਹੀ ਜੇਲ੍ਹਾਂ ਵਿੱਚ ਰੱਖੇ ਜਾਂਦੇ ਸਨ। ਇਹ ਔਰਤਾਂ ਆਪਣੇ ਬੱਚਿਆਂ ਨੂੰ ਲਗਾਤਾਰ ਕ੍ਰਾਂਤੀ ਦਾ ਪਾਠ ਪੜ੍ਹਾਉਂਦੀਆਂ ਰਹਿੰਦੀਆਂ। ਬਥੇਰੀਆਂ ਦੇ ਬੱਚੇ ਜੇਲ੍ਹਾਂ ਵਿੱਚ ਮਰੇ ਤੇ ਕਈਆਂ ਦੀਆਂ ਬੱਚੀਆਂ ਜਿਹੜੀਆਂ ਜੇਲ੍ਹਾਂ ਤੋਂ ਬਾਹਰ ਰਹਿ ਗਈਆਂ, ਉਹ ਵੀ ਰੁਲ-ਖੁੱਲ ਕੇ ਮਰ ਖੱਪ ਗਈਆਂ ਕਿਉਂਕਿ ਉਹ ‘ਬਾਗ਼ੀ ਦੀ ਧੀ’ ਅਖਵਾਉਂਦੀਆਂ ਸਨ।
ਜੇਲ੍ਹਾਂ ਵਿੱਚ ਰੋਟੀ ਮਿਲਦੀ ਨਹੀਂ ਸੀ। ਇਸ ਲਈ ਜੇਲ੍ਹ ਕਰਮਚਾਰੀ ਇਨ੍ਹਾਂ ਔਰਤਾਂ ਨੂੰ ਮਾਰਨ ਲਈ ਸੱਪ, ਠੂੰਹੇਂ ਆਦਿ ਬੈਰਕਾਂ ਅੰਦਰ ਛੱਡ ਦਿੰਦੇ ਸਨ। ਬਥੇਰੀਆਂ ਔਰਤਾਂ ਵੇਚ ਵੱਟ ਦਿੱਤੀਆਂ ਗਈਆਂ ਤੇ ਕਈਆਂ ਨੂੰ ਬਿਮਾਰੀ ਵਿੱਚ ਇਲਾਜ ਖੁਣੋਂ ਮਰ ਜਾਣ ਦਿੱਤਾ ਗਿਆ। ਨੌਜਵਾਨ ਬੱਚੀਆਂ ਚੰਗੀ ਸਿਹਤ ਨਾਲ ਜੇਲ੍ਹ ਜਾਂਦੀਆਂ, ਪਰ ਬਾਹਰ ਸਟਰੈਚਰ ਉੱਤੇ ਆਉਂਦੀਆਂ। ਕਈ ਵਾਰ ਕ੍ਰਾਂਤੀਕਾਰੀ ਔਰਤਾਂ ਨੂੰ ਕਾਤਲਾਂ ਤੇ ਜੁਰਮ ਕਰਨ ਵਾਲੇ ਮਰਦਾਂ ਨਾਲ ਇੱਕੋ ਸੈੱਲ ਅੰਦਰ ਤਾੜ ਦਿੱਤਾ ਜਾਂਦਾ।
ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਇੱਕ ਮਹੀਨਾ ਬਿਨਾਂ ਕੱਪੜੇ ਬਦਲਣ ਦੇ ਅੰਬਾਲਾ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਉੱਥੇ ਚੂਹੇ, ਕੀੜੇ ਮਕੌੜੇ ਅਤੇ ਕਬੂਤਰ ਭਰੇ ਪਏ ਸਨ। ਛੱਤਾਂ ਤੋਂ ਪਲੱਸਤਰ ਟੁੱਟ ਕੇ ਡਿੱਗਦਾ ਸੀ। ਜਬਰੀ ਉਸ ਨੂੰ ਬਾਹਰ ਖੁੱਲ੍ਹੇ ਵਿੱਚ ਨਹਾਉਣ ਲਈ ਕਿਹਾ ਜਾਂਦਾ, ਕੱਚੀ ਦਾਲ ਚੱਬਣ ਤੇ ਗੰਦ ਚੁੱਕਣ ਨੂੰ ਕਿਹਾ ਜਾਂਦਾ।
ਜੇਲ੍ਹ ਵਿੱਚ ਰਹੀਆਂ ਔਰਤਾਂ ਦੇ ਦੱਸਣ ਮੁਤਾਬਿਕ ਬੈਰਕ ਧੋਣ, ਰੋਟੀ ਬਣਾਉਣ ਤੇ ਕੱਪੜੇ ਧੋਣ ਵਰਗੇ ਕੰਮ ਉਨ੍ਹਾਂ ਤੋਂ ਹੀ ਕਰਵਾਏ ਜਾਂਦੇ ਸਨ। ਪਰਕਾਸ਼ ਕੌਰ ਤੇ ਵਿਦਿਆਵਤੀ ਨੂੰ 1922 ਤੋਂ 1945 ਤਕ ਇੰਨੇ ਅਣਮਨੁੱਖੀ ਤਸੀਹੇ ਦਿੱਤੇ ਗਏ ਕਿ ਵਿਦਿਆਵਤੀ ਨੂੰ ਫੇਫੜੇ ਦਾ ਕੈਂਸਰ ਹੋ ਜਾਣ ਦੇ ਬਾਵਜੂਦ ਉਸ ਨੂੰ ਦਿੱਤੇ ਜਾ ਰਹੇ ਤਸੀਹੇ ਘਟਾਏ ਨਹੀਂ ਗਏ। ਇਨ੍ਹਾਂ ਵਿੱਚੋਂ ਕਿਸੇ ਦਾ ਵੀ ਮਨੋਬਲ ਡਿੱਗਿਆ ਨਹੀਂ ਸਗੋਂ ਜੇਲ੍ਹ ਅੰਦਰੋਂ ਇਹ ਔਰਤਾਂ ਕ੍ਰਾਂਤੀਕਾਰੀ ਲਿਖਤਾਂ ਲਿਖ ਕੇ ਬਾਹਰ ਘੱਲਦੀਆਂ ਰਹੀਆਂ ਤਾਂ ਜੋ ਹੋਰ ਔਰਤਾਂ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਣ।
ਸੰਨ ਸੰਤਾਲੀ ਦਾ ਕਹਿਰ ਵੀ ਪੰਜਾਬਣਾਂ ਨੇ ਹੰਢਾਇਆ। ਕਿੰਨੀਆਂ ਔਰਤਾਂ ਤੇ ਬੱਚੀਆਂ ਨੇ ਦੰਗਈਆਂ ਤੋਂ ਬਚਣ ਲਈ ਖੂਹਾਂ ਵਿੱਚ ਛਾਲਾਂ ਮਾਰੀਆਂ, ਕੋਠਿਆਂ ਤੋਂ ਛਾਲਾਂ ਮਾਰੀਆਂ, ਕਿੰਨੀਆਂ ਅਫ਼ੀਮ ਖਾ ਕੇ ਮਰੀਆਂ, ਕਿੰਨੀਆਂ ਦੇ ਤਲਵਾਰਾਂ ਨਾਲ ਗਲੇ ਵੱਢੇ ਗਏ ਤੇ ਕਿੰਨੀਆਂ ਕੈਰੋਸੀਨ ਪਾ ਕੇ ਅੱਗ ਲਾ ਕੇ ਸੜੀਆਂ ਤਾਂ ਜੋ ਦੰਗਈਆਂ ਹੱਥੋਂ ਜ਼ਲੀਲ ਨਾ ਹੋਣ। ਦੰਗਈਆਂ ਦੇ ਹੱਥੇ ਚੜ੍ਹੀਆਂ ਔਰਤਾਂ ਪੱਤ ਲੁਟਾ ਕੇ ਸਰੀਰ ਦੇ ਟੋਟੇ ਕਰਵਾ ਕੇ ਮਰੀਆਂ। ਲੱਕੜ ਚੀਰਨ ਵਾਂਗ ਔਰਤਾਂ ਦੇ ਸਰੀਰ ਚੀਰੇ ਗਏ। ਕੰਡਿਆਲੀ ਤਾਰ ਦੇ ਦੋਵੇਂ ਪਾਸੇ ਪੰਜਾਬਣਾਂ ਨੇ ਅਸਹਿ ਜ਼ੁਲਮ ਝੱਲੇ। ਪਤੀ, ਬੱਚੇ, ਘਰ-ਬਾਰ, ਰਿਸ਼ਤੇਦਾਰ ਗੁਆ ਚੁੱਕੀ ਪੰਜਾਬੀ ਔਰਤ ਨੂੰ ਕਿਸੇ ਧਰਤੀ ਉੱਤੇ ਥਾਂ ਨਹੀਂ ਮਿਲੀ। ਉਹ ਸਿਰਫ਼ ਸੰਘਰਸ਼ ਕਰਦੀ, ਜੂਝਦੀ, ਆਪਣੀ ਹੋਂਦ ਨੂੰ ਤਰਸਦੀ, ਵਿਲਕਦੀ, ਆਪਣੇ ਵਜੂਦ ਨੂੰ ਖ਼ਤਮ ਕਰਨ ਲਈ ਤਰਲੇ ਕਰਦੀ ਤਿਲ-ਤਿਲ ਮਰਦੀ ਰਹੀ। ਅਜਿਹੇ ਮੌਕੇ ਵੀ ਬੀਬੀ ਅਮਰ ਕੌਰ ਨੇ ਆਪਣਾ ਟੱਬਰ ਭਾਰਤ ਭੇਜ ਕੇ ਪਾਕਿਸਤਾਨ ਰਹਿ ਕੇ ਆਪਣੇ ਵੱਡੇ ਪੁੱਤਰ ਜੋਗਿੰਦਰ ਸਿੰਘ ਦੀ ਮਦਦ ਨਾਲ ਬਥੇਰੀਆਂ ਬੱਚੀਆਂ ਵਾਪਸ ਭਾਰਤ ਭੇਜੀਆਂ।  ਸਤੰਬਰ 1947 ਵਿੱਚ ਉਹ ਪੰਜਾਬ ਪਰਤੀ। ਉਸ ਨੂੰ ਮਾਰਨ ਦੀਆਂ ਅਨੇਕ ਧਮਕੀਆਂ ਮਿਲਦੀਆਂ ਰਹੀਆਂ, ਪਰ ਉਹ ਨਿਡਰ ਹੋ ਕੇ ਇਸ ਕੰਮ ਵਿੱਚ ਡਟੀ ਰਹੀ।
ਡਾ. ਪ੍ਰਕਾਸ਼ ਕੌਰ ਨੇ ਰਾਵਲਪਿੰਡੀ ਵਿੱਚ ਅਨੇਕਾਂ ਬੱਚੀਆਂ ਤੇ ਔਰਤਾਂ ਦੀ ਮਦਦ ਕੀਤੀ ਤੇ ਬਾਅਦ ਵਿੱਚ ਪੁਤਲੀਘਰ, ਅੰਮ੍ਰਿਤਸਰ ਵਿੱਚ ਸਹਾਇਤਾ ਕੈਂਪ ਵੀ ਖੋਲ੍ਹਿਆ। ਉਸ ਨੂੰ ਪਾਕਿਸਤਾਨ ਵਿੱਚ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਬਚ ਗਈ। ਜੇਹਲਮ ਦੀ ਪੁਸ਼ਪਾ ਗੁਜਰਾਲ ਨੇ ਵੀ ਜਲੰਧਰ ਵਿੱਚ ਨਾਰੀ ਨਿਕੇਤਨ ਬਣਾ ਕੇ ਛੱਡੀਆਂ ਔਰਤਾਂ ਦੀ ਦੇਖਭਾਲ ਆਰੰਭੀ। ਨਿਹਾਲਗੜ੍ਹ (ਸੰਗਰੂਰ) ਦੀ ਮੋਹਿੰਦਰ ਕੌਰ ਨੇ ਵੀ ਕਈ ਫਸੇ ਹੋਏ ਬੰਦੇ ਪਾਕਿਸਤਾਨੋਂ ਕਢਾਏ ਤੇ ਦੋ ਮਹੀਨੇ ਦੀ ਜੱਦੋਜਹਿਦ ਬਾਅਦ ਆਪਣੇ ਪਤੀ ਤੇ ਹੋਰ ਰਿਸ਼ਤੇਦਾਰ ਵੀ ਉੱਥੋਂ ਕਢਵਾਏ। ਬੀਬੀ ਗੁਰਬਚਨ ਕੌਰ ਮਾਨ ਨੇ ਪਿੰਡ ਤੱਲੀਆਂ (ਫਤਿਹਗੜ੍ਹ ਸਾਹਿਬ) ਵਿੱਚ ਮਾਤਾ ਗੁਜਰੀ ਆਸ਼ਰਮ ਖੋਲ੍ਹ ਕੇ ਨਾ ਲੋੜਵੰਦ ਬੱਚੀਆਂ ਤੇ ਔਰਤਾਂ ਨੂੰ ਸਹਾਰਾ ਦਿੱਤਾ ਅਤੇ ਉਨ੍ਹਾਂ ਨੂੰ ਅੱਗੋਂ ਪੜ੍ਹਨ ਵਿੱਚ ਵੀ ਮਦਦ ਕੀਤੀ। ਅਜਿਹੀਆਂ ਅਨੇਕਾਂ ਹੋਰ ਔਰਤਾਂ ਵੀ ਪਾਕਿਸਤਾਨੋਂ ਉੱਜੜ ਕੇ ਆਈਆਂ ਔਰਤਾਂ ਦੀ ਦੇਖਭਾਲ ਵਿੱਚ ਜੁਟੀਆਂ। ਇਸ ਭਿਆਨਕ ਦੌਰ ਵਿੱਚ ਵੀ ਪੰਜਾਬਣਾਂ ਨੇ ਨਿਵੇਕਲੀਆਂ ਮਿਸਾਲਾਂ ਕਾਇਮ ਕੀਤੀਆਂ। ਇੰਨਾ ਸੰਘਰਸ਼ ਕਰਨ ਦੇ ਬਾਵਜੂਦ ਹਾਲੇ ਵੀ ਪੰਜਾਬਣਾਂ ਨੂੰ ਪੂਰੀ ਆਜ਼ਾਦੀ ਨਹੀਂ ਮਿਲੀ। ਆਖ਼ਰ ਕਦੇ ਤਾਂ ਸਮਾਜ ਔਰਤ ਨੂੰ ਉਸ ਦਾ ਬਣਦਾ ਹੱਕ ਦੇਵੇਗਾ

Leave a Reply

Your email address will not be published. Required fields are marked *