fbpx Nawidunia - Kul Sansar Ek Parivar

ਲਹਿੰਦੇ ਪੰਜਾਬ ‘ਚ ਮਾਂ ਬੋਲੀ ਦੇ ਪ੍ਰਚਾਰਕ ਬਾਈ ਦਿਲ ਮੁਹੰਮਦ ਨਹੀਂ ਰਹੇ

ਲਾਹੌਰ : ਲਹਿੰਦੇ ਪੰਜਾਬ ‘ਚ ਮਾਂ ਬੋਲੀ ਦੇ ਪ੍ਰਚਾਰਕ ਤੇ ਬਾਬਾ ਬੁੱਲੇ ਸ਼ਾਹ ਪੰਜਾਬੀ ਸੱਥ ਕਸੂਰ ਦੇ ਮੁੱਖ ਸੇਵਾਦਾਰ ਬਾਈ ਦਿਲ ਮੁਹੰਮਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਲਹਿੰਦੇ ਪੰਜਾਬ ਵਿਚ ਸ਼ਾਇਦ ਉਹ ਇਕੋ ਇੱਕ ਅਜਿਹੇ ਸੱਜਣ ਸਨ, ਜਿਹੜੇ ਕਿਹਾ ਕਰਦੇ ਸਨ ਕਿ ਮਾਂ ਬੋਲੀ ਪੰਜਾਬੀ ਨੂੰ ਗੁਰਮੁਖੀ ਤੋਂ ਬਿਨਾਂ ਹੋਰ ਕਿਸ ਲਿੱਪੀ ਵਿੱਚ ਲਿਖਿਆ ਹੀ ਨਹੀਂ ਜਾ ਸਕਦਾ। ਆਪਣੇ ਪਿੰਡ ਚੱਕ 17 ‘ਚ ਖੋਲ੍ਹੇ ਸਕੂਲ ਵਿਚ ਉਹ ਨਿਆਣਿਆਂ ਨੂੰ ਗੁਰਮੁਖੀ ਪੜ੍ਹਾਇਆ ਕਰਦੇ ਸਨ। ਉਨ੍ਹਾਂ ਦੇ ਇਸੇ ‘ਦੋਸ਼’ ਬਦਲੇ ਪੰਜਾਬ ਦੇ ਸਿੱਖਿਆ ਮਹਿਕਮੇ ਨੇ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਇਆ ਕਿ ਉਹ ਪਾਕਿਸਤਾਨ ਦੀ ਸਲਾਮਤੀ ਵਿਰੁੱਧ ਕੰਮ ਕਰ ਰਹੇ ਹਨ। ਜਦੋਂ ਵੀ ਕੋਈ ਉਨ੍ਹਾਂ ਸਾਹਮਣੇ ਆਪਣੇ ਨਿਆਣਿਆਂ ਨਾਲ ਉਰਦੂ ਬੋਲਦਾ ਸੀ ਤਾਂ ਉਹ ਕਿਹਾ ਕਰਦੇ ਸਨ ਕਿ “ਉਏ ਇਹ ਕੀ ਕਹਿਰ ਕਮਾ ਰਿਹੈਂ? ਪੰਜਾਬੀ ਤੇਰੇ ਦਾਦਿਆਂ-ਪੜਦਾਦਿਆਂ, ਬਾਬਾ ਬੁੱਲੇ ਸ਼ਾਹ ਤੇ ਸੁਲਤਾਨ ਬਾਹੂ ਵਰਗੇ ਸੂਫ਼ੀਆਂ ਦੀ ਬੋਲੀ ਐ, ਤੂੰ ਕਿਉਂ’ ਉਰਦੂ ਦਾ ਮਰਿਆ ਹੋਇਆ ਸੱਪ ਆਪਣੇ ਨਿਆਣਿਆਂ ਦੇ ਗਲ ਵਿਚ ਪਾ ਕੇ ਆਪਣੀ ਮਾਂ ਬੋਲੀ ਦੀ ਜੱਖਣਾ ਪੱਟ ਰਿਹੈਂ।”

ਇਕ ਵਾਰੀ ਲਾਹੌਰ ਦੇ ਇੱਕ ਉਰਦੂ ਅਦਾਰੇ ਦੇ ਕਰਤਾ ਧਰਤਾ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਉਰਦੂ ਦਾ ਪ੍ਰਚਾਰ ਕਰਿਆ ਕਰੋ, ਇਹ ਸਾਡੀ ਕੌਮੀ ਬੋਲੀ ਹੈ। ਤਾਂ ਬਾਈ ਦਿਲ ਮੁਹੰਮਦ ਦਾ ਜਵਾਬ ਸੀ – ”ਕੌਮੀ ਬੋਲੀ ਤੁਹਾਡੀ ਹੋਵੇਗੀ, ਮੇਰੀ ਮਾਂ ਬੋਲੀ ਪੰਜਾਬੀ ਹੈ। ਮੇਰੇ ਲਈ ਦੁਨੀਆ ਵਿਚ ਇਸ ਤੋਂ ਵੱਧ ਮੁਕੱਦਸ ਸ਼ੈਅ ਕੋਈ ਨਹੀਂ।” ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਰਦੂ ਜ਼ੁਬਾਨ ਵਿੱਚ ਇੱਕ ਵੀ ਅੱਖਰ ਉਰਦੂ ਦਾ ਨਹੀਂ, ਜੇਕਰ ਤੂੰ ਇਹ ਸਾਬਤ ਕਰਦੇਂ ਕਿ ਉਰਦੂ ਵਿਚ ਇਹ ਅੱਖਰ ਉਰਦੂ ਦੇ ਨੇ ਤਾਂ ਮੈਂ ਤੈਨੂੰ ਇਕ-ਇਕ ਅੱਖਰ ਤੇ ਇਕ ਇਕ ਲੱਖ ਰੁਪਏ ਇਨਾਮ ਦੇਵਾਂਗਾ। ਉਰਦੂ ਵਿੱਚ ਸਾਰੇ ਅੱਖਰ ਅਰਬੀ, ਫਾਰਸੀ, ਹਿੰਦੀ ਤੇ ਹੋਰ ਬੋਲੀਆਂ ਤੋਂ ਲਏ ਗਏ ਨੇ। ਉਸ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ।

ਉਹ ਬੜੇ ਰੰਜ ਨਾਲ ਕਿਹਾ ਕਰਦੇ ਸਨ ਕਿ ਇਸ ਮੁਲਕ ‘ਚ ਅਸੀਂ ਆਪਣੀ ਜ਼ੁਬਾਨ ਤੇ ਪਛਾਣ ਸਭ ਕੁਝ ਗੁਆ ਚੁੱਕੇ ਹਾਂ। ਲੋਕ ਕਹਿੰਦੇ ਨੇ ਕਿ ਪਾਕਿਸਤਾਨ ਮੁਸਲਮਾਨਾਂ ਲਈ ਜੰਨਤ ਹੈ। ਇਹ ਕਿਹੋ ਜਿਹੀ ਹੈ ਜੰਨਤ ਹੈ ਕਿ ਸਾਨੂੰ ਆਪਣੀ ਬੋਲੀ ਵਿਚ ਲਿਖਣ ਪੜ੍ਹਨ ਦੀ ਵੀ ਇਜਾਜ਼ਤ ਨਹੀਂ। ਚੜ੍ਹਦੇ ਪੰਜਾਬ ਤੋਂ ਆਉਣ ਵਾਲੇ ਯਾਤਰੀਆਂ ਨੂੰ ਉਹ ਹਮੇਸ਼ਾ ਨਵੀਆਂ ਕਿਤਾਬਾਂ ਲੈ ਕੇ ਆਉਣ ਦੀ ਬਾਤ ਪਾਇਆ ਕਰਦੇ ਸਨ। ਉਨ੍ਹਾਂ ਦੇ ਆਪਣੇ ਘਰ ਵਿੱਚ ਵੀ ਕਿਤਾਬ ਘਰ ਬਣਿਆ ਹੋਇਆ। ਉਹ ਪੰਜਾਬੀ, ਹਿੰਦੀ, ਬੰਗਾਲੀ, ਰੂਸੀ, ਫਾਰਸੀ, ਅਰਬੀ, ਅੰਗਰੇਜ਼ੀ ਆਦਿ ਜ਼ੁਬਾਨਾਂ ਦੇ ਮਾਹਿਰ ਸਨ। ਪਰ ਕਿਹਾ ਕਰਦੇ ਸਨ ਕਿ ਜਿਹੜੀ ਤ੍ਰਿਪਤੀ ਮਾਂ ਬੋਲੀ ਵਿੱਚ ਗੱਲ ਕਰਕੇ ਹੁੰਦੀ ਹੈ ਉਹ ਦੁਨੀਆਂ ਦੀ ਕਿਸੇ ਹੋਰ ਜ਼ੁਬਾਨ ਵਿੱਚ ਨਹੀਂ।

ਵੰਡ ‘ਤੇ ਲਿਖੇ ਗਏ ਸੋਹਣ ਸਿੰਘ ਸ਼ੀਤਲ ਦੇ ਸ਼ਾਹਕਾਰ ਨਾਵਲ ‘ਤੂਤਾਂ ਵਾਲਾ ਖੂਹ’ ਨੂੰ ਪੜ੍ਹ ਕੇ ਉਨ੍ਹਾਂ ਨੇ ਕਿਹਾ ਕਿ ਸਾਰੇ ਪੰਜਾਬੀਆਂ ਨੂੰ ਇਹ ਨਾਵਲ ਪੜ੍ਹਨਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਨਾਲ ਕਿੰਨੀ ਵੱਡੀ ਠੱਗੀ ਮਾਰੀ ਗਈ ਹੈ। ਉਹ ਸਦਾ ਕਹਿੰਦੇ ਸਨ ਕਿ ਜਿਸ ਦਿਨ ਵਾਘੇ ਵਾਲੀ ਕੰਧ ਟੁੱਟੇਗੀ ਉਹ ਜ਼ਿੰਦਗੀ ਦਾ ਸੱਭ ਤੋਂ ਵਡਭਾਗਾ ਦਿਨ ਹੋਵੇਗਾ। ਤੂਤਾਂ ਵਾਲੇ ਖੂਹ ‘ਤੇ ਇੱਕ ਵਾਰੀ ਫਿਰ ਸਾਂਝੇ ਪੰਜਾਬ ਦੀਆਂ ਰੌਣਕਾਂ ਲਗਣਗੀਆਂ। ਉਨ੍ਹਾਂ ਨੇ ਕਈ ਵਾਰ ਚੜ੍ਹਦੇ ਪੰਜਾਬ ਆਉਣ ਲਈ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਪਰ ਸਮੇਂ ਦੇ ਲੋਟੂ ਹਾਕਮਾਂ ਨੇ ਕੋਈ ਪੇਸ਼ ਨਾ ਜਾਣ ਦਿੱਤੀ। ਕੰਵਰ ਇਮਤਿਆਜ਼ ਦੇ ਇਹ ਬੋਲ ਸਦਾ ਉਨ੍ਹਾਂ ਦੀ ਰੂਹ ਵਿਚ ਗੂੰਜਦੇ ਰਹਿੰਦੇ ਸਨ-

ਬਾਣੀ ਮੈਂ ਫਰੀਦ ਜੀ ਦੀ

ਸੁਖ਼ਨ ਮੀਆਂ ਵਾਰਸ ਦਾ

ਬੁੱਲੇ ਦੀ ਸਾਰੰਗੀ ਦੀ

ਮਿੱਠੀ-ਮਿੱਠੀ ਤਾਨ ਹਾਂ

ਮੈਂ ਹਾਂ ਸਿਹਰਾ ਬੋਲੀ

ਗਾਉਣ ਹਾਂ ਮੈਂ ਗਿੱਧਿਆਂ ਦਾ

ਪੀੜ੍ਹੀ ਡਾਹ ਕੇ ਪਿੜ ਵਿੱਚ

ਬੈਠੀ ਮੈਂ ਰਕਾਨ ਹਾਂ।

ਸਹੁੰ ਮੈਨੂੰ ਲੱਗੇ ਮੀਆਂ ਰਾਂਝਣੇ ਦੀ ਵੰਝਲੀ ਦੀ

ਮੈਂ ਹਾਂ ਪੰਜਾਬੀ ਜੋ ਪੰਜਾਬ ਦੀ’ ਜ਼ੁਬਾਨ ਹਾਂ।

  • ਭੂਪਦੀਪ ਹੁਰਾਂ ਦੀ ਲਿਖਤ

Share this post

Leave a Reply

Your email address will not be published. Required fields are marked *