fbpx Nawidunia - Kul Sansar Ek Parivar

ਉਸਤਾਦ ਸ਼ਾਇਰ ਰਾਜਿੰਦਰ ਪਰਦੇਸੀ ਨੂੰ ਕੀਤਾ ਯਾਦ, ਦੋ ਪੁਸਤਕਾਂ ਲੋਕ ਅਰਪਣ

ਜਲੰਧਰ ( ਤੇਜਿੰਦਰ ਮਨਚੰਦਾ ) : ਪਿਛਲੇ ਦਿਨੀਂ ਸਰੀਰਕ ਤੌਰ ਤੇ ਸਦਾ ਲਈ ਵਿੱਛੜ ਗਏ ਉਸਤਾਦ ਸ਼ਾਇਰ ਤੇ ਪ੍ਰਸਿੱਧ ਲੇਖਕ ਰਾਜਿੰਦਰ ਪਰਦੇਸੀ ਨੂੰ ਸਾਹਿਤ ਕਲਾ ਅਤੇ ਸਭਿਆਚਾਰਕ ਮੰਚ (ਰਜਿ) ਵਲੋਂ ਸ਼ਰਧਾਂਜਲੀ ਸਭਾ ਕਰਵਾ ਕੇ ਯਾਦ ਕੀਤਾ ਗਿਆ।
ਇਸ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ ਸੰਧੂ ਵਰਿਆਣਵੀ, ਤੇ ਜਨ ਸਕੱਤਰ ਪਵਨ ਹਰਚੰਦਪੁਰੀ, ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ, ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ, ਨਾਮਵਰ ਸਾਹਿਤਕਾਰ ਕੁਲਦੀਪ ਸਿੰਘ ਬੇਦੀ, ਪ੍ਰਸਿੱਧ ਅਦਾਕਾਰ ਗੁਰਪ੍ਰੀਤ ਘੁੱਗੀ, ਡਾ. ਕੰਵਲ ਭੱਲਾ, ਪ੍ਰੋ. ਮੋਹਨ ਸਪਰਾ ਅਤੇ ਰਾਜਿੰਦਰ ਪਰਦੇਸੀ ਦੇ ਬੇਟੇ ਤਜਿੰਦਰ ਮਨਚੰਦਾ ਸੁਸ਼ੋਭਿਤ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਾਹਿਤਕਾਰਾਂ ਪ੍ਰੋ. ਅਵਤਾਰ ਜੌੜਾ, ਤਰੁਨ ਗੁਜਰਾਲ, ਤਰਸੇਮ ਬਾਹੀਆ, ਕੁਲਵੰਤ ਗਰੇਵਾਲ, ਇਬਲੀਸ਼ ਅਤੇ ਗਾਇਕ ਦਿਲਜਾਨ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦੇ ਕੇ ਕੀਤੀ ਗਈ। ਮੰਚ ਦੇ ਜਨ ਸਕੱਤਰ ਜਗਦੀਸ਼ ਰਾਣਾ ਨੇ ਮੰਚ ਸੰਚਾਲਨ ਕਰਦਿਆਂ ਦੱਸਿਆ ਕਿ ਉਸਤਾਦ ਸ਼ਾਇਰ ਰਾਜਿੰਦਰ ਪਰਦੇਸੀ ਇਸ ਮੰਚ ਦੇ ਬਾਨੀ ਪ੍ਰਧਾਨ ਸਨ ਤੇ ਇਸ ਮੰਚ ਰਾਹੀਂ ਉਨ੍ਹਾਂ ਅਨੇਕਾਂ ਕਵੀਆਂ ਨੂੰ ਹੱਲਾਸ਼ੇਰੀ ਦੇ ਕੇ ਸਾਹਿਤ ਖੇਤਰ ਵਿਚ ਅੱਗੇ ਵਧਾਇਆ।

ਪਵਨ ਹਰਚੰਦਪੁਰੀ, ਸੰਧੂ ਵਰਿਆਣਵੀ ਨੇ ਕਿਹਾ ਕਿ ਰਾਜਿੰਦਰ ਪਰਦੇਸੀ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਕੱਤਰ ਸਨ ਤੇ ਪੰਜਾਬੀ ਸਾਹਿਤ ਦੀ ਤਰੱਕੀ ਲਈ ਬਣਦਾ ਯੋਗਦਾਨ ਹਮੇਸ਼ਾ ਮੋਹਰੇ ਹੋ ਕਿ ਪਾਉਂਦੇ ਰਹੇ। ਡਾ. ਲਖਵਿੰਦਰ ਜੌਹਲ, ਕੁਲਦੀਪ ਸਿੰਘ ਬੇਦੀ, ਗੁਰਦਿਆਲ ਰੌਸ਼ਨ ਨੇ ਪਰਦੇਸੀ ਨਾਲ ਆਪਣੀਆਂ ਸਾਂਝਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਪਰਦੇਸੀ ਵਰਗੇ ਇਲਮ ਅਰੂਜ਼ ਦੇ ਮਾਹਿਰ ਤੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਸ਼ਾਇਰ ਦੀ ਵਧੇਰੇ ਲੋੜ ਸੀ। ਗੁਰਪ੍ਰੀਤ ਘੁੱਗੀ, ਡਾ.ਕੰਵਲ ਭੱਲਾ ( ਮੰਚ ਦੇ ਪ੍ਰਧਾਨ), ਅਤੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਮੋਹਨ ਸਪਰਾ ਨੇ ਵੀ ਪਰਦੇਸੀ ਨਾਲ ਬੀਤੇ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਵਿਪਰੀਤ ਪ੍ਰਸਥਿਤੀਆਂ ਵਿੱਚ ਵੀ ਹਮੇਸ਼ਾ ਬੁਲੰਦ ਹੌਸਲਾ ਰੱਖਣ ਵਾਲੇ ਤੇ ਸਦਾ ਚੜ੍ਹਦੀਕਲਾ ਵਿੱਚ ਰਹਿਣ ਵਾਲੇ ਇਨਸਾਨ ਸਨ।
ਇਸ ਦੌਰਾਨ ਰਾਜਿੰਦਰ ਪਰਦੇਸੀ ਦੀਆਂ ਦੋ ਨਵੀਆਂ ਪੁਸਤਕਾਂ ‘ਰੰਗ ਸਮੁੰਦਰੋਂ ਪਾਰ ਦੇ’ (ਸਫ਼ਰਨਾਮਾ) ਅਤੇ ਕਾਵਿ ਸੰਗ੍ਰਹਿ ‘ਦੂਰ ਬਹੁਤ ਦੂਰ’ ਵੀ ਲੋਕ ਅਰਪਣ ਕੀਤੀਆਂ ਗਈਆਂ। ਨਾਮਵਰ ਕਹਾਣੀਕਾਰ ਦੇਸ ਰਾਜ ਕਾਲੀ, ਮੱਖਣ ਸਿੰਘ ਮਾਨ, ਹਰਮੀਤ ਅਟਵਾਲ ਨੇ ਕਿਹਾ ਕਿ ਰਾਜਿੰਦਰ ਪਰਦੇਸੀ ਅੰਦਰੋਂ ਬਹਾਰੋਂ ਇੱਕੋ ਜਿਹਾ ਇਨਸਾਨ ਸੀ ਤੇ ਆਪਣੀ ਸ਼ਾਇਰੀ ਰਾਹੀਂ ਸਮਾਜਿਕ, ਰਾਜਨੀਤਿਕ ਕੁਰੀਤੀਆਂ ਦੇ ਖ਼ਿਲਾਫ਼ ਤਿੱਖੀ ਚੋਟ ਕਰਦਾ ਸੀ।
ਇਸ ਦੌਰਾਨ ਹਾਜ਼ਿਰ ਹੋਰ ਲੇਖਕਾਂ ਜਸਪਾਲ ਸਿੰਘ ਜ਼ੀਰਵੀ, ਅਮਰਜੀਤ ਕੌਰ ਅਮਰ, ਸਵਿੰਦਰ ਸੰਧੂ, ਅਕਵੀਰ ਕੌਰ, ਰਣਜੀਤ ਕੌਰ ਸੰਧੂ, ਮਨੋਜ ਫਗਵਾੜਵੀ, ਕੁਲਵਿੰਦਰ ਫੁੱਲ, ਸੁਰਿੰਦਰ ਢੰਡਾ ਨੇ ਵੀ ਰਾਜਿੰਦਰ ਪਰਦੇਸੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰ ਸ਼ਰਧਾਂਜਲੀ ਦਿੱਤੀ। ਗਾਇਕ ਕਰਮਜੀਤ ਸਾਬਰ ਨੇ ਪਰਦੇਸੀ ਸਾਹਿਬ ਦੀ ਇਕ ਗ਼ਜ਼ਲ ਸਾਂਝੀ ਕੀਤੀ।
ਇਸ ਮੌਕੇ ਮੰਚ ਸੰਚਾਲਕ ਤੀਰਥ ਸਪਰਾ, ਰੀਟਾ ਸਾਬਰ (ਮਰਹੂਮ ਗਾਇਕ ਸਾਬਰ ਕੋਟੀ ਦੀ ਪਤਨੀ), ਵਿਨੋਦ ਸੋਨੀ, ਸੁਸ਼ੀਲ ਕੁੱਕੜ ਪਿੰਡ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਰਹੇ।

Share this post

Leave a Reply

Your email address will not be published. Required fields are marked *