ਨਵੀਂ ਦੁਨੀਆ ਸੰਭਵ ਹੈ

ਇਸ ਮੁਲਾਕਾਤ ਵਿੱਚ ਫੀਦਲ ਕਾਸਤਰੋ ਨਾਲ ਵੱਖ-ਵੱਖ ਸਮੇਂ ਕੀਤੀਆਂ ਚਾਰ ਮੁਲਾਕਾਤਾਂ ਦੇ ਵੱਖ-ਵੱਖ ਸਵਾਲਾਂ ਨੂੰ ਸੰਪਾਦਨ ਕਰਕੇ ਪੇਸ਼ ਕੀਤਾ ਗਿਆ ਹੈ। ਇਕ ਮੁਲਾਕਾਤ ਅਮਰੀਕੀ ਸਮਾਚਾਰ ਸੰਸਥਾ ਸੀ.ਐਨ.ਐਨ. ਅਤੇ ਬਰਤਾਨਵੀ ਸਮਾਚਾਰ ਸੰਸਥਾ ਬੀ.ਬੀ.ਸੀ. ਨੇ ਸੰਯੁਕਤ ਰੂਪ ਵਿੱਚ 19 ਮਾਰਚ 1998 ਨੂੰ ਕੀਤੀ ਸੀ। ਬਾਅਦ ਵਿੱਚ ਇਸ ਨੂੰ ਕਿਊਬਾ ਸਰਕਾਰ ਨੇ ਪੁਸਤਕ ਰੂਪ ਵਿੱਚ ਵੀ ਪ੍ਰਕਾਸ਼ਤ ਕੀਤਾ ਸੀ। ਤਿੰਨ ਮੁਲਾਕਾਤਾਂ ਫਰਾਂਸ ਦੇ ਰੋਜ਼ਾਨਾ ਅਖ਼ਬਾਰ ਲਾ ਗੋਂਦੇ ਡਿਪਲੋਮੈਟਿਕਿਯੂ (ਕੂਟਨੀਤਕ ਦੁਨੀਆ) ਦੇ ਪੱਤਰਕਾਰ ਇਗਨੇਸ਼ੀਓ ਰਾਮੋਨਿਟ ਨੇ ਕੀਤੀਆਂ ਹਨ। ਇਹ ਮੁਲਾਕਾਤਾਂ ਉਨ੍ਹਾਂ ਦੀ ਸਪੈਨਿਸ਼ ਭਾਸ਼ਾ ਵਿੱਚ ਲਿਖੀ ਪੁਸਤਕ ‘ਫੀਦਲ ਕਾਸਤਰੋ : ਬਾਇਓਗ੍ਰਾਫ਼ੀਆ ਡੋਸ ਵੋਆਏਸ’ (ਫੀਦਲ ਕਾਸਤਰੋ : ਦੋ ਆਵਾਜ਼ਾਂ ਵਿੱਚ ਜੀਵਨ) ਵਿੱਚ ਛਪੀਆਂ ਹਨ। ਇਨ੍ਹਾਂ ਮੁਲਾਕਾਤਾਂ ਦਾ ਹਿੰਦੀ ਅਨੁਵਾਦ ਜਤਿੰਦਰ ਗੁਪਤਾ ਦੁਆਰਾ ਪੁਸਤਕ ‘ਅੱਧੀ ਸਦੀ ਗਵਾਹ ਹੈ’ ਵਿੱਚ ਕੀਤਾ ਗਿਆ ਹੈ। ਗ੍ਰੰਥ ਸ਼ਿਲਪੀ ਦੁਆਰਾ ਪ੍ਰਕਾਸ਼ਤ ਇਸ ਪੁਸਤਕ ਵਿਚੋਂ ਧੰਨਵਾਦ ਸਹਿਤ ਸੰਪਾਦਨ ਤੇ ਅਨੁਵਾਦ ਕਰਕੇ ਹੀ ਇਸ ਮੁਲਾਕਾਤ ਨੂੰ ਭੀਮ ਇੰਦਰ ਸਿੰਘ ਨੇ ‘ਹੁਣ’ ਦੇ ਪਾਠਕਾਂ ਲਈ ਪੇਸ਼ ਕੀਤਾ ਹੈ। ਇਗਨੇਸ਼ੀਓ ਰਾਮੋਨਿਟ ਵਲੋਂ ਹੀ ਕੀਤੀ ਗਈ ਇਕ ਮੁਲਾਕਾਤ ਦੇ ਕੁਝ ਹਿੱਸੇ ਪਾਠਕ ਅਵਤਾਰ ਜੰਡਿਆਲਵੀ ਵਲੋਂ ਉਲਥਾਈਆਂ ਗੱਲਾਂ ਵਿਚ ਪਹਿਲਾਂ ਪੜ੍ਹ ਆਏ ਹਨ। -ਸੰਪਾਦਕ
? 1954 ਵਿਚ ਗੁਆਟੇਮਾਲਾ ਵਿਚ ਜੈਕੋਬੋ ਅਰਬੇਂਜ ਦੀ ਸਰਕਾਰ ਦਾ ਤਖ਼ਤਾ ਪਲਟਿਆ ਗਿਆ। ਇਸ ਘਟਨਾ ਨੇੇ ਤੁਹਾਡੀ ਸੋਚ ਨੂੰ ਕਿਵੇਂ ਪ੍ਰਭਾਵਤ ਕੀਤਾ?
ਕਾਸਤਰੋ- 26 ਜੁਲਾਈ 1953 ਨੂੰ ਕਿਊਬਨ ਤਾਨਾਸ਼ਾਹ ਫਲੂਜੇਂਸਿਯੋ ਬਾਤਿਸਤਾ ਦੇ ਫ਼ੌਜੀ ਕਿਲੇ ਮੋਨਕਾਡਾ’ਤੇ ਹਮਲਾ ਕਰਨ ਕਰਕੇ ਮੈਂ ਉਸ ਸਮੇਂ ਪਾਈਂਸ ਪੇਨਿਟੇਨਿਟੀ ਦੇ ਟਾਪੂ ਵਿਚ ਇਕਾਂਤ ਸੈੱਲ ਵਿਚ ਕੈਦ ਸਾਂ। ਇਸ ਸਮੇਂ ਤਕ ਮੇਰੇ ਸਿਆਸੀ ਤੇ ਕ੍ਰਾਂਤੀਕਾਰੀ ਵਿਚਾਰ ਲੰਮਾ ਸਫ਼ਰ ਤੈਅ ਕਰ ਚੁੱਕੇ ਸਨ।
ਗੁਆਟੇਮਾਲਾ ਵਿਚ ਜੋ ਵਾਪਰਿਆ, ਮੇਰੇ ਲਈ ਕੋਈ ਅਣਹੋਣੀ ਘਟਨਾ ਨਹੀਂ ਸੀ। ਪਰ ਇਸ ਘਟਨਾ ਨੇ ਸਾਨੂੰ ਉਤੇਜਨਾ ਅਤੇ ਗੁੱਸੇ ਵਿਚ ਜ਼ਰੂਰ ਲੈ ਆਂਦਾ। ਇਸ ਦੇ ਨਾਲ ਹੀ ਇਸ ਘਟਨਾ ਨੇ ਸਾਡੀ ਇਸ ਸਮਝ ਨੂੰ ਹੋਰ ਪੁਖ਼ਤਾ ਕਰ ਦਿੱਤਾ ਕਿ ਬੁਨਿਆਦੀ ਤਬਦੀਲੀ ਤੋਂ ਬਿਨਾਂ ਕਿਸੇ ਕਿਸਮ ਦੇ ਬਦਲਾਅ ਬੇਮਾਇਨਾ ਹਨ।
ਮੈਂ ਇਹ ਜ਼ਰੂਰ ਜਾਣਦਾ ਸੀ ਕਿ ਗੁਆਟੇਮਾਲਾ ਵਿਚ ਭੂਮੀ ਸੁਧਾਰ ਕਾਨੂੰਨ ਪਾਸ ਕਰਨ ਦੇ ਸਿੱਟੇ ਵਜੋਂ ਰਾਸ਼ਟਰਪਤੀ ਜੈਕੋਬੋ ਦੇ ਵਿਰੁੱਧ ਕੀ-ਕੀ ਹੋ ਸਕਦਾ ਹੈ। ਇਸ ਘਟਨਾ ਤੋਂ ਤੁਰੰਤ ਬਾਅਦ ਅਮਰੀਕਨ ਸਰਕਾਰ ਨੇ ਆਪਣੀ ਖ਼ੁਫ਼ੀਆ ਏਜੰਸੀ (ਸੀ.ਆਈ.ਏ.) ਦੇ ਜ਼ਰੀਏ ਅਰਬੇਂਜ ਦੀ ਸਰਕਾਰ ਦਾ ਤਖ਼ਤਾ ਪਲਟਨ ਦੀ ਯੋਜਨਾ ਬਣਾਈ। ਬਾਅਦ ਵਿੱਚ, ਇਸੇ ਤਰਜ਼ ‘ਤੇ ਪਿਗਜ਼ ਦੀ ਖਾੜੀ ‘ਤੇ ਹਮਲਾ ਕਰਨ ਦੇ ਨਾਲ ਹੀ ਕਿਊਬਾ ਵਿਚ ਵੀ ਤਖ਼ਤਾ ਪਲਟਾਉਣ ਦੀ ਕੋਸ਼ਿਸ਼ ਕੀਤੀ ਗਈ।
ਮੇਰੇ ਖ਼ਿਆਲ ਵਿਚ ਉਨ੍ਹਾਂ ਨੇ ਹੋਂਡਰਾਸ ਦੀ ਸਰਹੱਦ ‘ਤੇ ਕਈ ਵਿਅਕਤੀਆਂ ਨੂੰ ਟਰੇਨਿੰਗ ਦਿੱਤੀ। ਕਈ ਯੋਜਨਾਵਾਂ ਨਾਲ ਗੁਆਟੇਮਾਲਾ ‘ਤੇ ਮੁੱਖ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਫ਼ੌਜ ਦੇ ਕਈ ਭਾਗਾਂ ਦੀਆਂ ਵਿਭਿੰਨ ਟੁਕੜੀਆਂ ਸ਼ਾਮਲ ਸਨ।
ਆਮ ਲੋਕਾਂ ਨੇ ਅਰਬੇਂਜ ਦਾ ਸਮਰਥਨ ਕੀਤਾ। ਪਰ ਉਹ ਹਥਿਰਆਹੀਣ ਸਨ। ਅਜਿਹੇ ਮੌਕੇ ਉਨ੍ਹਾਂ ਕੋਲ ਲੜਨ ਦਾ ਕੋਈ ਰਾਹ ਨਹੀਂ ਸੀ। ਇੱਧਰ ਫ਼ੌਜ ਵੀ ਆਮ ਲੋਕਾਂ ਨੂੰ ਹਥਿਆਰ ਦੇਣਾ ਨਹੀਂ ਸੀ ਚਾਹੁੰਦੀ। ਇਸ ਕਰਕੇ ਇਹ ਹਮਲਾ ਅਸਫਲ ਹੋਇਆ ਅਤੇ ਕੁਝ ਹੀ ਦਿਨਾਂ ਵਿਚ ਅਰਬੇਂਜ ਦੀ ਸਰਕਾਰ ਸੱਤਾ ਤੋਂ ਬਾਹਰ ਹੋ ਗਈ।
ਇਸ ਘਟਨਾ ਨੇ ਉਪ ਮਹਾਂਦੀਪ ਦੀਆਂ ਸਾਰੀਆਂ ਪ੍ਰਗਤੀਸ਼ੀਲ ਤਾਕਤਾਂ ਅਤੇ ਲਾਤੀਨੀ ਅਮਰੀਕੀ ਲੋਕਾਂ ‘ਤੇ ਗਹਿਰਾ ਅਸਰ ਛੱਡਿਆ। ਇਸ ਕਾਰਵਾਈ ਨੂੰ ਅਮਰੀਕੀ ਦਖ਼ਲਅੰਦਾਜ਼ੀ ਦੇ ਤੌਰ ‘ਤੇ ਵੇਖਿਆ ਗਿਆ। ਸੋ, ਇੱਥੇ ਇਕ ਅਜਿਹੀ ਸਰਕਾਰ ਦਾ ਤਖ਼ਤਾ ਪਲਟਿਆ ਗਿਆ ਸੀ ਜੋ ਆਮ ਲੋਕਾਂ ਲਈ ਕੰਮ ਕਰਨਾ ਚਾਹੁੰਦੀ ਸੀ।
? ਇਸ ਘਟਨਾ ਦਾ ਚੀ ਗਵੇਰਾ ‘ਤੇ ਵੀ ਜ਼ਰੂਰ ਅਸਰ ਹੋਇਆ ਹੋਵੇਗਾ।
ਕਾਸਤਰੋ- 26 ਜੁਲਾਈ 1953 ਨੂੰ ਮੋਨਕਾਡਾ ਅਤੇ ਬਾਯਮੋ ਦੀਆਂ ਕਾਰਵਾਈਆਂ ਵਿਚ ਭਾਗ ਲੈਣ ਵਾਲੇ ਕੁਝ ਸਾਥੀ ਗੁਆਟੇਮਾਲਾ ਵਿਚ ਸਨ। ਚੀ ਗਵੇਰਾ ਵੀ ਉਸ ਸਮੇਂ ਉਥੇ ਹੀ ਸਨ। ਉਨ੍ਹਾਂ ਦਾ ਨਾਂ ਅਰਨੇਸਟੋ ਗਵੇਰਾ ਸੀ। ਪਰ ਅਰਜਨਟੀਨੀ ਹੋਣ ਕਾਰਨ ਲੋਕ ਉਨ੍ਹਾਂ ਨੂੰ ‘ਚੀ’ ਕਹਿੰਦੇ ਸਨ। ਮੇਰੇ ਖ਼ਿਆਲ ਵਿਚ ਉਹ ਉੱਥੇ ਹੀ ਡਾਕਟਰ ਦੇ ਤੌਰ ‘ਤੇ ਕਾਰਜਸ਼ੀਲ ਸਨ। ਇਸ ਘਟਨਾ ਨੇ ਉਨ੍ਹਾਂ ‘ਤੇ ਵੀ ਗਹਿਰਾ ਅਸਰ ਪਾਇਆ।
ਬਾਅਦ ਵਿਚ ਚੀ ਅਤੇ ਹੋਰ ਪੰਜ-ਸੱਤ ਸਾਥੀ ਮੈਕਸਿਕੋ ਚਲੇ ਗਏ। ਮੈਕਸਿਕੋ ਵਿਖੇ ਹੀ ਚੀ ਨਾਲ ਮੇਰੀ ਮੁਲਾਕਾਤ ਹੋਈ। ਮੈਨੂੰ ਯਾਦ ਹੈ ਕਿ ਉਸ ਵੇਲੇ ਦੀ ਇਸ ਘਟਨਾ ਕਾਰਨ ਬਹੁਤ ਗ਼ੁੱਸੇ ਵਿਚ ਸਨ। ਗੁਆਟੇਮਾਲਾ ਵਿਚ ਤਾਂ ਰਾਸ਼ਟਰਪਤੀ ਦੁਆਰਾ ਸਾਧਾਰਨ ਜਿਹਾ ਪਰਿਵਰਤਨ ਕੀਤਾ ਗਿਆ ਸੀ, ਜੋ ਕਿਸੇ ਵੀ ਤਰ੍ਹਾਂ ਨਾਲ ਕ੍ਰਾਂਤੀਕਾਰੀ ਨਹੀਂ ਸੀ।
ਅਸੀਂ ਸ਼ਾਇਦ ਇਹ ਫਿਰ ਯਾਦ ਕਰਨਾ ਤੇ ਸਿੱਖਣਾ ਸੀ ਕਿ ਕ੍ਰਾਂਤੀ ਲਈ ਜਨਤਾ ਦਾ ਸਮਰਥਨ ਜ਼ਰੂਰੀ ਹੈ ਅਤੇ ਹਥਿਆਰਬੰਦ ਲੋਕ ਵੀ ਜ਼ਰੂਰੀ ਹਨ। ਇਹ ਸਾਡੇ ਦੇਸ਼ ਦੀਆਂ ਪ੍ਰਸਥਿਤੀਆਂ ਲਈ ਲਾਜ਼ਮੀ ਤੱਤ ਹੈ। ਕ੍ਰਾਂਤੀ ਲਈ ਨਵੀਂ ਫ਼ੌਜ ਵੀ ਲਾਜ਼ਮੀ ਹੁੰਦੀ ਹੈ।
ਉਸ ਸਮੇਂ ਸਾਡਾ ਧਿਆਨ ਲਾਤੀਨੀ ਅਮਰੀਕਾ ‘ਤੇ ਕੇਂਦਰਤ ਨਾ ਹੋ ਕੇ ਸਾਡੇ ਆਪਣੇ ਦੇਸ਼ ਕਿਊਬਾ ‘ਤੇ ਕੇਂਦਰਤ ਸੀ। ਇਸ ਦਾ ਕਾਰਨ ਇਹ ਸੀ ਕਿ ਸਾਡੇ ਜੋ ਵੀ ਅਨੁਭਵ ਅਤੇ ਸਿੱਟੇ ਸਨ, ਉਹ ਕਿਊਬਾ ‘ਤੇ ਆਧਾਰਤ ਸਨ। ਅਸੀਂ ਕੁਝ ਨਿਸ਼ਚਤ ਧਾਰਨਾਵਾਂ ਅਤੇ ਠੋਸ ਨਤੀਜਿਆਂ ‘ਤੇ ਪਹੁੰਚ ਚੁੱਕੇ ਸਾਂ। ਪਰ ਇਹ ਬੁਨਿਆਦੀ ਤੌਰ ‘ਤੇ ਕਿਊਬਾ ‘ਤੇ ਹੀ ਕੇਂਦਰਤ ਸਨ। ਉਸ ਸਮੇਂ ਸਾਡੇ ਦਿਮਾਗ਼ ਵਿਚ ਇਹ ਜ਼ਰੂਰ ਸੀ ਕਿ ਇਸ ਸਮੇਂ ਕ੍ਰਾਂਤੀ ਪੂਰੇ ਲਾਤੀਨੀ-ਅਮਰੀਕਾ ਵਿਚ ਤਾਂ ਨਹੀਂ ਪਰ ਕਿਊਬਾ ਵਿਚ ਲਾਜ਼ਮੀ ਤੌਰ ‘ਤੇ ਸੰਭਵ ਹੈ।
ਨਿਸ਼ਚਤ ਤੌਰ ‘ਤੇ ਅਸੀਂ ਲਾਤੀਨੀ-ਅਮਰੀਕਾ ਬਾਰੇ ਚਿੰਤਤ ਸਾਂ। ਅਸੀਂ ਇਸ ਖਿੱਤੇ ਦੇ ਸੁਤੰਤਰਤਾ-ਸੰਘਰਸ਼ ਤੋਂ ਜਾਣੂ ਸਾਂ। ਇਸ ਤੋਂ ਇਲਾਵਾ ਅਸੀਂ (ਸਿਮੋਨ) ਬੋਲੀਵਾਰ ਦੇ ਉਸ ਸੁਪਨੇ ਨਾਲ ਵੀ ਸੰਬੰਧਤ ਸਾਂ, ਜਿਸ ਵਿਚ ਉਨ੍ਹਾਂ ਨੇ ਲਾਤੀਨੀ-ਅਮਰੀਕੀ ਦੇਸ਼ਾਂ ਦਾ ਇਕ ਸੰਘ ਬਣਾਉਣ ਦੀ ਕਲਪਨਾ ਕੀਤੀ ਸੀ। ਇਹ ਵੀ ਉਸ ਸਮੇਂ ਜਦੋਂ ਅੱਜ ਵਾਂਗ ਸੰਚਾਰ ਤੇ ਆਵਾਜਾਈ ਦੇ ਸਾਧਨਾਂ ਦੀ ਸੁਵਿਧਾ ਨਹੀਂ ਸੀ। ਉਹ ਉਸ ਸਮੇਂ ਇਕ ਸੰਘੀ ਲਾਤੀਨੀ-ਅਮਰੀਕਾ ਦਾ ਸੁਪਨਾ ਵੇਖ ਰਹੇ ਸਨ। ਉਦੋਂ ਇਸ ਸੁਪਨੇ ਨੂੰ ਸਿਰੇ ਚੜ੍ਹਾਉਣਾ ਬਿਲਕੁਲ ਅਸੰਭਵ ਮੰਨਿਆ ਜਾਂਦਾ ਸੀ।
ਕਿਸੇ ਸਮੇਂ ਮੈਂ ਵੀ ਸੰਘੀ ਢਾਂਚੇ ਬਾਰੇ ਸੋਚਦਾ ਸਾਂ। ਇਹ 1946-47 ਈ. ਦੀ ਗੱਲ ਹੈ। ਉਸ ਸਮੇਂ ਅਸੀਂ ਵਿਦਿਆਰਥੀ ਸਾਂ ਅਤੇ ਲਾਤੀਨੀ-ਅਮਰੀਕੀ ਅੰਦੋਲਨ ਦੇ ਪੂਰੇ ਸਮਰਥਕ ਸਾਂ। ਉਦਾਹਰਣ ਦੇ ਤੌਰ ‘ਤੇ ਯੂਨੀਵਰਸਿਟੀ ਵਿਚ ਮੇਰੀ ਪਹਿਲੀ ਗਤੀਵਿਧੀ ਪਿਯੂਟੋਰਿਕੋ ਦੀ ਆਜ਼ਾਦੀ ਲਈ ਬਣਾਈ ਕਮੇਟੀ ਵਿਚ ਮੈਂਬਰ ਦੇ ਰੂਪ ਵਿਚ ਸ਼ਾਮਲ ਹੋਣਾ ਸੀ। ਉਦੋਂ ਮੈਂ ਮਾਰਕਸਵਾਦ ਦਾ ਅਧਿਐਨ ਨਹੀਂ ਸੀ ਕੀਤਾ। ਪਰ ਮੈਂ ਉਸ ਸਮੇਂ ਰਾਸ਼ਟਰਵਾਦੀ ਹੋਣ ਦੇ ਨਾਲ ਲਾਤੀਨੀ-ਅਮਰੀਕੀ ਲੋਕਾਂ ਦੀਆਂ ਭਾਵਨਾਵਾਂ ਨਾਲ ਪ੍ਰੇਰਿਤ ਪਿਊਟੋਰਿਕੋ ਦੀ ਸੁਤੰਤਰਤਾ ਲਈ ਅਲਬਿਜੂ ਕੈਂਪੋਸ ਦੇ ਸੰਘਰਸ਼ ਦਾ ਸਮਰਥਕ ਸਾਂ। ਅਰਜਨਟੀਨਾ ਦੁਆਰਾ ਮਾਲਵਿਨਾਸ ਦੀ ਕੀਤੀ ਜਾ ਰਹੀ ਮੰਗ ਦੇ ਵੀ ਅਸੀਂ ਸਮਰਥਕ ਸਾਂ। ਇਸ ਸਮੇਂ ਅਸੀਂ ਯੂਰਪੀ ਦੇਸ਼ਾਂ ਦੇ ਬਸਤੀਵਾਦੀ ਰਵੱਈਏ ਦੇ ਵੀ ਸਖ਼ਤ ਵਿਰੋਧੀ ਸਾਂ। ਉਸ ਸਮੇਂ ਤਕ ਜਮੈਕਾ ਅਤੇ ਕੈਰੇਬੀਅਨ ਦੇਸ਼ਾਂ ਵਿਚੋਂ ਬਹੁਤੇ ਮੁਲਕ ਗ਼ੁਲਾਮ ਸਨ। ਇਸ ਤੋਂ ਇਲਾਵਾ ਅਸੀਂ ਡੋਮਨਿਕ ਗਣਰਾਜ ਵਿਚ (ਤਾਨਾਸ਼ਾਹ ਰਾਫੇਲ) ਟ੍ਰਾਜਿਲਾਂ ਵਿਰੁੱਧ ਕ੍ਰਾਂਤੀਕਾਰੀ ਅੰਦੋਲਨ ਦੇ ਕੱਟੜ ਸਮਰਥਕ ਸਾਂ। ਆਮ ਤੌਰ ‘ਤੇ ਵਿਦਿਆਰਥੀਆਂ ਦਾ ਵਿਰੋਧ ਅਤੇ ਸੰਘਰਸ਼ ਦਮਨਕਾਰੀ ਅਤੇ ਖ਼ੂਨੀ ਸਰਕਾਰਾਂ ਵਿਰੁੱਧ ਸੀ। ਇਨ੍ਹਾਂ ਦਮਨਕਾਰੀ ਅਤੇ ਖ਼ੂਨ ਦੀਆਂ ਪਿਆਸੀਆਂ ਕਈ ਸਰਕਾਰਾਂ ਦਾ ਮੈਂ ਜ਼ਿਕਰ ਕਰ ਚੁੱਕਾ ਹਾਂ। ਇਹ ਨਿਕਾਰਾਗੁਆ ਵਿਚ ਸੋਮੋਜੋ ਜਾਂ ਹੋਰ ਦੇਸ਼ਾਂ ਦੀਆਂ ਸਰਕਾਰਾਂ ਵਾਂਗ ਹੀ ਸਨ। ਇਸ ਦੇ ਬਾਵਜੂਦ ਅਸੀਂ ਲਾਤੀਨੀ-ਅਮਰੀਕਾ ਵਿਚ ਕਿਸੇ ਕ੍ਰਾਂਤੀ ਬਾਰੇ ਨਹੀਂ ਸੋਚ ਰਹੇ ਸਾਂ। ਅਸੀਂ ਬੁਨਿਆਦੀ ਤੌਰ ‘ਤੇ ਕਿਊਬਾ ਅਤੇ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਬਾਰੇ ਹੀ ਸੋਚ ਰਹੇ ਸਾਂ।
ਬੇਸ਼ੱਕ (ਗੁਆਟੇਮਾਲਾ ਦੇ) ਇਸ ਅਨੁਭਵ ਰਾਹੀਂ ਅਸੀਂ ਸੰਯੁਕਤ ਰਾਜ ਅਮਰੀਕਾ ਦੀ ਦਖ਼ਲਵਾਦੀ ਨੀਤੀ ਨੂੰ ਜਾਣਿਆ। ਇਸ ਦੇ ਨਾਲ ਹੀ ਅਸੀਂ ਆਪਣੇ ਦੇਸ਼ਾਂ ਵਿਚ ਆਜ਼ਾਦੀ ਦੀ ਕਮੀ ਨੂੰ ਮਹਿਸੂਸ ਕੀਤਾ, ਜੋ ਇਸ ਗੱਲ ਵੱਲ ਇਸ਼ਾਰਾ ਸੀ ਕਿ ਭਵਿੱਖ ਦਾ ਸੰਘਰਸ਼ ਕਿੰਨਾ ਔਖਾ ਹੋਵੇਗਾ।
? ਤੁਸੀਂ ਇਹ ਕਦੋਂ ਮਹਿਸੂਸ ਕੀਤਾ ਕਿ ਕਿਊਬਨ ਕ੍ਰਾਂਤੀ ਦੇ ਵਿਚਾਰ ਦਾ ਮਤਲਬ ਠੰਢੀ-ਜੰਗ ਦੇ ਦੋ ਪੱਖਾਂ ਵਿਚੋਂ ਇਕ ਪੱਖ ਨੂੰ ਸਵੀਕਾਰ ਕਰਨਾ ਜਾਂ ਉਸ ਵੱਲ ਜਾਣਾ ਹੈ?
ਕਾਸਤਰੋ- ਅਸਲ ਵਿਚ, ਠੰਢੀ-ਜੰਗ ਵਿਚ ਨਾ ਤਾਂ ਅਸੀਂ ਕਿਸੇ ਪੱਖ ਵੱਲ ਝੁਕੇ ਅਤੇ ਨਾ ਹੀ ਠੰਢੀ ਜੰਗ ਦਾ ਜਨਮ ਸਾਡੇ ਕਾਰਨ ਹੋਇਆ। ਅਸੀਂ ਕਿਊਬਾ ਵਿਚ ਇਕ ਅਸਲੀ ਅਤੇ ਠੋਸ ਕ੍ਰਾਂਤੀ ਚਾਹੁੰਦੇ ਸਾਂ। ਅਸੀਂ ਇਕ ਸਮਾਜਵਾਦੀ ਕ੍ਰਾਂਤੀ ਰਾਹੀਂ ਦੂਰਗਾਮੀ ਭਵਿੱਖ ਸੰਬੰਧੀ ਸੋਚ ਰਹੇ ਸਾਂ।
1952 ਈ. ਵਿਚ ਅਸੀਂ ਇਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਚੁੱਕੇ ਸਾਂ। ਉਸ ਸਮੇਂ ਚੋਣਾਂ ਦੇ ਨਿਰਧਾਰਤ ਪ੍ਰੋਗਰਾਮ ਦੇ ਕੁਝ ਹਫ਼ਤਿਆਂ ਬਾਅਦ ਬਾਤਿਸਤਾ ਦੀ ਫ਼ੌਜ ਨੇ ਤਖ਼ਤਾ ਪਲਟ ਦਿੱਤਾ ਸੀ। ਇਸ ਤਖ਼ਤਾ ਪਲਟਣ ਕਾਰਨ ਸੰਪੂਰਨ ਸੰਵਿਧਾਨਕ ਨਿਆਂ-ਪ੍ਰਕਿਰਿਆ ਨੂੰ ਹੀ ਖ਼ਤਮ ਕਰ ਦਿੱਤਾ ਗਿਆ ਸੀ। ਇਸ ਕਾਰਵਾਈ ਨੇ ਸੰਵਿਧਾਨਕ, ਨਿਆਂਇਕ ਅਤੇ ਸ਼ਾਂਤੀਪੂਰਨ ਸੰਘਰਸ਼ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਸਮਾਪਤ ਕਰ ਦਿੱਤਾ ਸੀ। ਉਦੋਂ ਤਕ ਮੈਨੂੰ ਇਹ ਗੱਲ ਸਪਸ਼ਟ ਹੋ ਚੁੱਕੀ ਸੀ ਕਿ ਕਿਊਬਾ ਵਿਚ ਕੋਈ ਵੀ ਠੋਸ ਤਬਦੀਲੀ ਕੇਵਲ ਕ੍ਰਾਂਤੀ ਨਾਲ ਹੀ ਹੋ ਸਕਦੀ ਹੈ ਅਤੇ ਇਸ ਸੰਘਰਸ਼ ਦੀ ਸ਼ੁਰੂਆਤ ਸੱਤਾ ਲਈ ਕ੍ਰਾਂਤੀਕਾਰੀ ਸੰਘਰਸ਼ ਨਾਲ ਹੋਵੇਗੀ।
ਅਸੀਂ ਇਹ 1952 ਈ. ਤੋਂ ਹੀ ਸੋਚ ਰਹੇ ਸਾਂ। ਹਾਲਾਂਕਿ ਅਸੀਂ ਉਪਰੋਕਤ ਸਿੱਟਿਆਂ ‘ਤੇ ਪਹੁੰਚ ਚੁੱਕੇ ਸਾਂ ਇਸ ਦੇ ਬਾਵਜੂਦ ਅਸੀਂ ਸੰਵਿਧਾਨਕ ਢਾਂਚੇ ਦੇ ਅੰਤਰਗਤ ਅਪਣਾ ਕਾਰਜ ਕਰ ਰਹੇ ਸਾਂ। ਸਾਡੇ ਦਿਮਾਗ਼ ਵਿਚ ਸਪਸ਼ਟ ਤੇ ਸ੍ਰੇਸ਼ਠ ਪ੍ਰੋਗਰਾਮ ਸੀ।
ਸੰਖੇਪ ਵਿਚ, ਅਸੀਂ ਇਸ ਨਤੀਜੇ ‘ਤੇ ਪਹੁੰਚੇ ਸਾਂ ਕਿ ਕ੍ਰਾਂਤੀ ਸਿਆਸੀ ਸੱਤਾ ਪ੍ਰਾਪਤ ਕਰਨ ਅਤੇ ਉਸ ਉੱਪਰ ਅਧਿਕਾਰ ਜਮਾਈ ਰੱਖਣ ਵਿਚ ਹੀ ਸੰਭਵ ਹੈ। ਰਾਜ ਸੱਤਾ ਕ੍ਰਾਂਤੀਕਾਰੀ ਤਰੀਕਿਆਂ ਨਾਲ ਹੀ ਪ੍ਰਾਪਤ ਹੋਵੇਗੀ ਕਿਉਂਕਿ ਪੂੰਜੀਵਾਦੀ ਵਿਵਸਥਾ ਅਤੇ ਸਮਾਜ ਅਨੰਤਕਾਲਕ ਤੇ ਠੋਸ ਰੂਪ ਵਿਚ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਸੰਵਿਧਾਨਕ ਢਾਂਚਾ ਅਤੇ ਨਿਆਂਤੰਤਰ ਹੀ ਅਸਲੀ ਅਤੇ ਪ੍ਰਮਾਣਕ ਕ੍ਰਾਂਤੀ ਦੇ ਰਾਹ ਵਿਚ ਰੁਕਾਵਟ ਬਣਿਆ ਹੋਇਆ ਸੀ।
ਪਰ, ਬਾਤਿਸਤਾ ਦੁਆਰਾ ਤਖ਼ਤਾ ਪਲਟਣ ਦੀ ਕਾਰਵਾਈ ਨੇ ਸਾਡੀ ਸਾਰੀ ਸਿਆਸਤ ਨੂੰ ਬਦਲ ਦਿੱਤਾ। ਅਸੀਂ ਪਹਿਲਾਂ ਇਹ ਸੋਚਦੇ ਸਾਂ ਕਿ ਰਾਜ ਸੱਤਾ ਲਈ ਬਾਕੀ ਸ਼ਕਤੀਆਂ ਨੂੰ ਇੱਕ ਜੁੱਟ ਕਰਕੇ ਸੰਘਰਸ਼ ਕੀਤਾ ਜਾਏ। ਪਰ, ਇਹ ਇੱਕ ਕਠੋਰ ਅਤੇ ਕੌੜੀ ਸਚਾਈ ਸੀ ਕਿ ਬਾਕੀ ਰਾਜਨੀਤਕ ਸ਼ਕਤੀਆਂ ਇੱਕਜੁੱਟ ਹੋਣ ਦੇ ਯੋਗ ਨਹੀਂ ਸਨ ਅਤੇ ਇਹ ਕੋਈ ਗੰਭੀਰ ਕਦਮ ਵੀ ਨਹੀਂ ਉਠਾ ਸਕਦੀਆਂ ਸਨ। ਉਦੋਂ ਇਸ ਕਾਰਜ ਲਈ ਅਸੀਂ ਆਪਣੇ ਸੰਗਠਨ ਨੂੰ ਪ੍ਰੇਰਿਤ ਕੀਤਾ। ਤਖ਼ਤਾ ਪਲਟਣ ਦੇ ਇੱਕ ਸਾਲ ਦੇ ਅੰਦਰ ਅਸੀਂ 1000 ਵਿਅਕਤੀਆਂ ਨੂੰ ਸੰਗਠਤ ਕੀਤਾ ਅਤੇ ਉਨ੍ਹਾਂ ਨੂੰ ਪੂਰਨ ਸਿਖਲਾਈ ਦਿੱਤੀ। ਆਜ਼ਾਦੀ ਲਈ ਕੀਤੀ ਗਈ ਕ੍ਰਾਂਤੀਕਾਰੀ ਕਾਰਵਾਈ ਦੀ ਉਮੀਦ ਵਿਚ ਇਹ ਕਾਰਜ ਖੁੱਲ੍ਹੇ ਰੂਪ ਵਿਚ ਕੀਤਾ ਗਿਆ। ਅਸੀਂ ਉਨ੍ਹਾਂ ਵਿਅਕਤੀਆਂ ਦੇ ਸਮੂਹ ਨਾਲ ਕਾਰਜ ਕੀਤਾ ਜੋ ਤਤਕਾਲੀਨ ਸਿਆਸਤ ਤੋਂ ਬਿਲਕੁਲ ਅਣਜਾਣ ਸਨ। ਇਸ ਤਰ੍ਹਾਂ ਅਸੀਂ ਗੁਪਤ ਰੂਪ ਵਿਚ ਨਹੀਂ ਸਗੋਂ ਪ੍ਰਤੱਖ ਰੂਪ ਵਿਚ ਅਤੇ ਲਗਭਗ ਆਮ ਹਾਲਤਾਂ ਵਿਚ ਇਸ ਕਾਰਜ ਨੂੰ ਅੰਜਾਮ ਦੇਣ ਦੇ ਯੋਗ ਸਾਂ।
? ਤੁਹਾਡੇ ਸੰਘਰਸ਼ ਦੀ ਅਸਲੀ ਸ਼ੁਰੂਆਤ ਕਿਸ ਕਾਰਵਾਈ ਨੂੰ ਮੰਨਿਆ ਜਾ ਸਕਦਾ ਹੈ
ਕਾਸਤਰੋ- ਓਰੀਏਂਟ ਦੇ ਕੰਢੇ ਮੋਨਕਾਡਾ ਦੇ ਫ਼ੌਜੀ ਕਿਲ੍ਹੇ ‘ਤੇ ਸਾਡੇ ਦੁਆਰਾ ਹਮਲਾ ਕਰਨ ਤਕ (26 ਜੁਲਾਈ, 1953) ਪ੍ਰਸਥਿਤੀਆਂ ਵਿਚ ਕੋਈ ਪਰਿਵਰਤਨ ਨਾ ਹੋਇਆ। ਫ਼ੌਜੀ ਕੈਂਪ ‘ਤੇ ਕੀਤਾ ਗਿਆ ਹਮਲਾ ਸੰਘਰਸ਼ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ। 10 ਮਾਰਚ 1952 ਨੂੰ ਹੋਏ ਤਖ਼ਤਾ-ਪਲਟਾਉਣ ਦੀ ਕਾਰਵਾਈ ਤੋਂ ਪਹਿਲਾਂ ਸਾਨੂੰ ਫ਼ੌਜ ਦੇ ਕੁਝ ਹਿੱਸਿਆਂ ਤੋਂ ਸਮਰਥਨ ਦੀ ਉਮੀਦ ਸੀ। ਅਸੀਂ ਫ਼ੌਜੀਆਂ ਨਾਲ ਕੀਤੇ ਜਾਣ ਵਾਲੇ ਅਨਿਆਂ ਅਤੇ ਗ਼ੈਰ-ਬਰਾਬਰੀ ਦਾ ਸਪਸ਼ਟ ਰੂਪ ਵਿਚ ਵਿਰੋਧ ਕੀਤਾ ਸੀ। ਇਸ ਤਰ੍ਹਾਂ ਅਸੀਂ ਨਾ ਕੇਵਲ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ ਅਤੇ ਹਾਸ਼ੀਗਤ ਵਰਗਾਂ ਦੇ ਪੱਖ ਵਿਚ ਸਾਂ, ਬਲਕਿ ਉਨ੍ਹਾਂ ਫ਼ੌਜੀਆਂ ਦੇ ਪੱਖ ਵਿਚ ਵੀ ਸਾਂ, ਜਿਨ੍ਹਾਂ ਤੋਂ ਪ੍ਰਮੁੱਖ ਸਿਆਸਤਦਾਨ ਅਤੇ ਫ਼ੌਜੀ ਅਧਿਕਾਰੀ ਜ਼ਬਰਦਸਤੀ ਕੰਮ ਕਰਵਾਉਂਦੇ ਸਨ। ਫ਼ੌਜੀਆਂ ਵਿਰੁੱਧ ਹੁੰਦੀ ਗ਼ੈਰ-ਬਰਾਬਰੀ ਅਤੇ ਅਨਿਆਂ ਨੂੰ ਮੁੱਦਾ ਬਣਾਉਂਦਿਆਂ ਅਸੀਂ ਅੰਦੋਲਨ ਦਾ ਆਗਾਜ਼ ਕੀਤਾ। ਸਾਡੇ ਪ੍ਰੋਗਰਾਮ ਵਿਚ ਫ਼ੌਜੀਆਂ ਦਾ ਵਿਸ਼ਵਾਸ ਜਿੱਤਣਾ ਅਤੇ ਉਨ੍ਹਾਂ ਦਾ ਸਮਰਥਨ ਪ੍ਰਾਪਤ ਕਰਨਾ ਸ਼ਾਮਲ ਸੀ। ਇਸ ਤੋਂ ਇਲਾਵਾ ਤਖ਼ਤਾ ਪਲਟਣ ਦੀ ਕਾਰਵਾਈ ਤੋਂ ਬਾਅਦ ਅਸੀਂ ਫ਼ੌਜ ਅਤੇ ਫ਼ੌਜੀਆਂ ਨੂੰ ਸਿੱਧੇ ਸੰਘਰਸ਼ ਕਰਨ ਲਈ ਪ੍ਰੇਰਿਆ।
ਇਸ ਨਾਲ ਇਕ ਜ਼ਬਰਦਸਤ ਵਿਵਾਦ ਉਤਪੰਨ ਹੋ ਗਿਆ, ਕਿਉਂਕਿ ਬਾਤਿਸਤਾ ਦੀ ਸਰਕਾਰ 4 ਸਤੰਬਰ 1933 ਨੂੰ ਪਹਿਲਾਂ ਤਖ਼ਤਾ ਪਲਟਾਉਣ ਤੋਂ ਬਾਅਦ ਫ਼ੌਜੀਆਂ ਦੁਆਰਾ ਸਥਾਪਤ ਕੀਤੀ ਗਈ ਸੀ। ਇਸ ਨੂੰ ਸਾਰਜੰਟ ਅੰਦੋਲਨ ਨੇ ਸਮਰਥਨ ਦਿੱਤਾ ਸੀ। ਉਸ ਨੇ (ਬਾਤਿਸਤਾ) ਫ਼ੌਜ ਵਿਚ ਅਪਣਾ ਜ਼ਬਰਦਸਤ ਪ੍ਰਭਾਵ ਅਤੇ ਪਕੜ ਬਣਾ ਰੱਖੀ ਸੀ, ਕਿਉਂਕਿ ਉਸ ਨੇ ਸਾਰਜੰਟਾਂ ਨੂੰ ਅਨੇਕ ਵਿਸ਼ੇਸ਼ ਅਧਿਕਾਰ ਦੇ ਕੇ ਉਨ੍ਹਾਂ ਨੂੰ ਲੈਫ਼ਟੀਨੈਂਟ, ਕੈਪਟਨ, ਕਰਨਲ ਅਤੇ ਜਨਰਲ ਬਣਾ ਦਿੱਤਾ ਸੀ। ਇਸ ਤਰ੍ਹਾਂ ਉਸ ਨੇ ਬਹੁਤ ਜ਼ਿਆਦਾ ਸ਼ਕਤੀ ਪ੍ਰਾਪਤ ਕਰ ਲਈ ਸੀ।
ਅਸੀਂ ਇਸ ਵਿਚਾਰ ਨੂੰ ਛੱਡਿਆ ਕਿ ‘ਕ੍ਰਾਂਤੀ ਫ਼ੌਜ ਦੇ ਸਮਰਥਨ ਨਾਲ ਹੀ ਸੰਭਵ ਹੈ ਜਾਂ ਉਸ ਦੇ ਸਮਰਥਨ ਤੋਂ ਬਿਨਾਂ ਅਤੇ ਉਸ ਦੀ ਵਿਰੋਧ ਰਹਿਤ ਭੂਮਿਕਾ ਦੁਆਰਾ’ ਸੰਭਵ ਹੈ। ਬਲਕਿ ਅਸੀਂ ਫ਼ੌਜ ਵਿਰੁੱਧ ਕ੍ਰਾਂਤੀਕਾਰੀ ਸੰਘਰਸ਼ ਕਰਨ ਲਈ ਆਪਣੇ ਆਪ ਨੂੰ ਸੰਗਠਿਤ ਕਰਨ ਦਾ ਨਿਡਰ ਫ਼ੈਸਲਾ ਕਰ ਲਿਆ। ਸਾਡੇ ਅਤੇ ਸੱਤਾਧਾਰੀ ਸ਼ਕਤੀ ਵਿਚਕਾਰ ਮੌਜੂਦ ਫ਼ਰਕ ਨੂੰ ਵੇਖਦਿਆਂ ਦੁਨੀਆ ਵਿਚ ਕਿਸੇ ਨੂੰ ਵੀ ਯਕੀਨ ਨਹੀਂ ਆ ਸਕਦਾ ਕਿ ਅਸੀਂ ਸਫਲਤਾ ਹਾਸਲ ਕੀਤੀ ਹੋਵੇਗੀ।
ਅਸੀਂ ‘ਸ਼ੀਤ-ਯੁੱਧ’ ਬਾਰੇ ਨਹੀਂ ਸੋਚ ਰਹੇ ਸਾਂ, ਕਿਉਂਕਿ ਸਾਡੇ ਦੇਸ਼ ਵਿਚ ਇਕ ਦਮਨਕਾਰੀ, ਕਰੂਰ ਅਤੇ ਪ੍ਰਤੀਕ੍ਰਿਆਵਾਦੀ ਸੱਤਾ ਤੰਤਰ ਵਿਰੁੱਧ ਸੰਘਰਸ਼ ਚੱਲ ਰਿਹਾ ਸੀ। ਸਾਡਾ ਕੇਂਦਰ ਕਿਊਬਾ ਸੀ। ਨਾ ਕਿ ਸ਼ੀਤ ਯੁੱਧ। ਸਾਨੂੰ ਕੇਵਲ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਦੀਆਂ ਸੰਭਾਵਨਾਵਾਂ ‘ਤੇ ਯਕੀਨ ਸੀ। ਸੱਚ ਕਹਾਂ ਤਾਂ ਕ੍ਰਾਂਤੀਕਾਰੀ ਸੰਘਰਸ਼ ਦੀ ਸਫਲਤਾ ਵਿਚ।
ਇਹ ਜਿੱਤ ਆਮ ਲੋਕਾਂ ਦੇ ਪੂਰਨ ਸਮਰਥਨ ਅਤੇ ਸੰਘਰਸ਼ ਵਿਚ ਰੰਗੀ ਇਕ ਨਵੀਂ ਫ਼ੌਜ ਦੀਆਂ ਸੰਭਾਵਨਾਵਾਂ ‘ਤੇ ਆਧਾਰਤ ਸੀ। ਇਹ ਗੁਆਟੇਮਾਲਾ ਵਰਗੀ ਸਥਿਤੀ ਨਹੀਂ ਸੀ, ਜਿੱਥੇ ਸਰਕਾਰ ਨੇ ਪੁਰਾਣੀ ਪ੍ਰੋਫੈਸ਼ਨਲ ਫ਼ੌਜ ਅਤੇ ਗੈਰ-ਹਥਿਆਰਬੰਦ ਲੋਕਾਂ ਵਿਚਕਾਰ ਭੂਮੀ-ਸੁਧਾਰ ਲਾਗੂ ਕੀਤੇ ਸਨ। ਯੁੱਧ ਦੇ ਖ਼ਤਮ ਹੋਣ ਸਮੇਂ ਸਾਡੇ ਕੋਲ ਕੁਲ 3000 ਹਥਿਆਰਬੰਦ ਲੋਕ ਸਨ। ਪਰ ਆਮ ਲੋਕਾਂ ਦੇ ਸੰਪੂਰਨ ਸਹਿਯੋਗ ਕਾਰਨ ਅਸੀਂ 80000 ਲੋਕਾਂ ਦੀ ਫ਼ੌਜ ਅਤੇ ਪੁਲਿਸ ਤੰਤਰ ਨੂੰ ਉਖਾੜਨ ਵਿਚ ਕਾਮਯਾਬ ਰਹੇ। ਇਨ੍ਹਾਂ ਲੋਕਾਂ ਤੋਂ ਹਥਿਆਰ ਲੈ ਕੇ ਅਸੀਂ ਇਕ ਨਵੀਂ ਫ਼ੌਜ ਦਾ ਗਠਨ ਕੀਤਾ। ਇਹ ਫ਼ੌਜ ਕਿਸਾਨਾਂ, ਮਜ਼ਦੂਰਾਂ ਤੇ ਵਿਦਿਆਰਥੀਆਂ ਭਾਵ ਅਤਿ ਸਾਧਾਰਨ ਲੋਕਾਂ ਨੂੰ ਮਿਲਾ ਕੇ ਬਣਾਈ ਗਈ ਸੀ। ਇਨ੍ਹਾਂ ਪ੍ਰਸਥਿਤੀਆਂ ਵਿੱਚ ਜ਼ਰੂਰੀ ਸੀ ਕਿ ਕ੍ਰਾਂਤੀ ਹੋਵੇ ਅਤੇ ਉਸ ਦੀ ਰੱਖਿਆ ਕੀਤੀ ਜਾਵੇ। ਇਸ ਲਈ ਇਸ ਦੀ ਵਧੇਰੇ ਵਿਆਖਿਆ ਕਰਨ ਦੀ ਲੋੜ ਨਹੀਂ ਕਿ ਜਿੱਥੇ ਗੁਆਟੇਮਾਲਾ ਵਿਚ ਯੋਜਨਾ ਸਫਲ ਹੋਈ, ਉੱਥੇ ਪਿਗਸ ਦੀ ਖਾੜੀ ‘ਤੇ ਕੀਤਾ ਗਿਆ ਹਮਲਾ ਅਸਫਲ ਹੋਇਆ। ਜਦੋਂਕਿ ਇਹ ਯੁੱਧ ਪੂਰਬ ਦੇ ਗੰਦੇ ਅਤੇ ਲਾਲਚੀ ਭਾੜੇ ਦੇ ਫ਼ੌਜੀਆਂ ‘ਤੇ ਆਧਾਰਿਤ ਸੀ।
? ਅਜਿਹੀ ਸਥਿਤੀ ਵਿਚ ‘ਸ਼ੀਤ ਯੁੱਧ’ ਬਾਰੇ ਸੋਚਣ ਲਈ ਸਾਡੇ ਕੋਲ ਸਮਾਂ ਹੀ ਕਿਥੇ ਸੀ?
ਕਾਸਤਰੋ- ਅਸੀਂ ਮੁਕਾਬਲਤਨ ਸਿੱਧੇ-ਸਾਦੇ ਲੋਕ ਸਾਂ। ਅਸੀਂ ਇਸ ਗੱਲ ‘ਤੇ ਯਕੀਨ ਕਰਦੇ ਸਾਂ ਕਿ ਇਕ ਅੰਤਰ-ਰਾਸ਼ਟਰੀ ਸ਼ਕਤੀ ਮੌਜੂਦ ਹੈ। ਕੁਝ ਅੰਤਰ-ਰਾਸ਼ਟਰੀ ਸਿਧਾਂਤ ਅਸਲ ਵਿਚ ਮੌਜੂਦ ਹਨ ਅਤੇ ਸਾਡੇ ਦੇਸ਼ ਦੀ ਪ੍ਰਭੂਸੱਤਾ ਦਾ ਸਨਮਾਨ ਕੀਤਾ ਜਾਵੇਗਾ। ਦੂਸਰੇ ਵਿਸ਼ਵ ਯੁੱਧ ਨੂੰ ਬੀਤਿਆਂ ਜ਼ਿਆਦਾ ਸਮਾਂ ਨਹੀਂ ਸੀ ਹੋਇਆ। ਪ੍ਰਤੀਤ ਹੁੰਦਾ ਸੀ ਕਿ ਦੁਨੀਆ ਵਿਚ ਮੁਲਕਾਂ ਦੀ ਖ਼ੁਦਮੁਖ਼ਤਿਆਰੀ ਸੰਬੰਧੀ ਵਿਵੇਕ ਪੈਦਾ ਹੋ ਚੁੱਕਾ ਹੈ ਅਤੇ ਖ਼ੁਦਮੁਖ਼ਤਿਆਰੀ ਸੰਬੰਧੀ ਸਨਮਾਨ ਦੀ ਭਾਵਨਾ ਹੈ। ਇਸ ਲਈ, ਕਿਉਂਕਿ ਸਾਡੇ ਕੋਲ ਆਮ ਜਨਤਾ ਦਾ ਸਮਰਥਨ ਸੀ, ਨਾਲ ਹੀ ਕ੍ਰਾਂਤੀ ਦੀ ਰੱਖਿਆ ਕਰਨ ਲਈ ਲੋੜੀਂਦੀ ਸ਼ਕਤੀ ਵੀ। ਇਸ ਤੋਂ ਇਲਾਵਾ ਆਮ ਜਨਤਾ ਦੇ ਹਿਤਾਂ ਦੇ ਅਨੁਕੂਲ ਇਕ ਪ੍ਰੋਗਰਾਮ ਸੀ। ਇਸ ਕਾਰਨ ਸਾਨੂੰ ਹੋਰ ਵੱਧ ਯਕੀਨ ਸੀ ਕਿ ਸਾਡੇ ਦੇਸ਼ ਦੀ ਖ਼ੁਦਮੁਖ਼ਤਿਆਰੀ ਦਾ ਸਨਮਾਨ ਕੀਤਾ ਜਾਵੇਗਾ।
ਮੇਰਾ ਮੰਨਣਾ ਹੈ ਕਿ ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੱਤਾ। ਗੁਆਟੇਮਾਲਾ ਵਿਚ ਆਰਬੇਂਜ਼ ਦੀ ਸਰਕਾਰ ਨਾਲ ਹੋਏ ਹਾਦਸੇ ਦੇ ਅਨੁਭਵ ਤੋਂ ਬਾਅਦ ਹੀ ਸਾਡਾ ਵਿਸ਼ਵਾਸ ਸੀ ਕਿ ਦਖ਼ਲਅੰਦਾਜ਼ੀ ਦੀਆਂ ਕਾਰਵਾਈਆਂ ਨੂੰ ਕਰਨ ਦਾ ਸਮਾਂ ਖ਼ਤਮ ਹੋ ਗਿਆ ਹੈ ਕਿਉਂਕਿ ਅਸੀਂ ਮੰਨਦੇ ਸੀ ਕਿ ਸਾਡਾ ਕੰਮ ਨਿਆਂਕਾਰੀ ਹੈ ਅਤੇ ਅਸੀਂ ਲੋਕਾਂ ਲਈ ਕੰਮ ਕਰ ਰਹੇ ਹਾਂ, ਜਿਸ ਨੂੰ ਅੰਤਰ-ਰਾਸ਼ਟਰੀ ਸਮਰਥਨ ਅਤੇ ਹਮਦਰਦੀ ਹਾਸਲ ਹੈ। ਇੱਥੋਂ ਤਕ ਕਿ ਸੰਯੁਕਤ ਰਾਜ ਅਮਰੀਕਾ ਦਾ ਵੀ ਸਮਰਥਨ ਹਾਸਲ ਹੈ। ਇਸ ਕਾਰਨ ਸਾਨੂੰ ਵਿਸ਼ਵਾਸ ਸੀ ਕਿ ਸਾਡੇ ਦੇਸ਼ ਦਾ ਸਨਮਾਨ ਕੀਤਾ ਜਾਵੇਗਾ।
ਉਸ ਸਮੇਂ ਸਾਡੇ ਕੋਲ ਇਕ ਬਹੁਤ ਹੀ ਆਧੁਨਿਕ ਤੇ ਪ੍ਰਗਤੀਸ਼ੀਲ ਪ੍ਰੋਗਰਾਮ ਸੀ; ਜਿਸ ਨੂੰ ਮੋਨਕਾਡਾ ਪ੍ਰੋਗਰਾਮ ਕਿਹਾ ਗਿਆ। ਮੈਂ ਇਸ ਦੀ ਵਿਆਖਿਆ ਨਹੀਂ ਕਰ ਰਿਹਾ ਪਰ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਇਸ ਵਿਚ ਕ੍ਰਾਂਤੀਕਾਰੀ ਢੰਗ ਨਾਲ ਭੂਮੀ-ਸੁਧਾਰ ਕਰਨਾ ਅਤੇ ਇਸ ਦੇ ਨਾਲ ਹੀ ਸ਼ਹਿਰੀ-ਸੁਧਾਰ ਸ਼ਾਮਲ ਸਨ। ਇਸ ਵਿਚ ਯੁੱਧ-ਅਪਰਾਧੀਆਂ ਨੂੰ ਸਜ਼ਾ ਦੇਣਾ ਸ਼ਾਮਲ ਸੀ। ਇਸ ਵਿਚ ਉਨ੍ਹਾਂ ਲੋਕਾਂ ‘ਤੇ ਮੁਕੱਦਮਾ ਚਲਾਉਣਾ ਅਤੇ ਦੰਡ ਦੇਣਾ ਸ਼ਾਮਲ ਸੀ ਜਿਨ੍ਹਾਂ ਨੇ ਗੰਭੀਰ ਅਪਰਾਧ ਕੀਤੇ ਸਨ। ਮਾੜੇ ਕਰਮਾਂ ਨੂੰ ਉਨ੍ਹਾਂ ਵਿਚੋਂ ਕਈ ਅਪਰਾਧੀ ਭੱਜ ਗਏ ਅਤੇ ਉਨ੍ਹਾਂ ਸੰਯੁਕਤ ਰਾਜ ਅਮਰੀਕਾ ਵਿਚ ਜਾ ਕੇ ਸ਼ਰਨ ਲੈ ਲਈ। ਇਨ੍ਹਾਂ ਅਪਰਾਧੀਆਂ ਨੇ ਹਜ਼ਾਰਾਂ ਹੱਤਿਆਵਾਂ ਤੇ ਸੰਪਤੀ ਚੋਰੀ ਕੀਤੀ ਸੀ। ਇਨ੍ਹਾਂ ਸਾਰੀਆਂ ਪ੍ਰਸਥਿਤੀਆਂ ਅਤੇ ਇਸ ਕੌੜੇ ਸੱਚ ਨੂੰ ਕ੍ਰਾਂਤੀ ਦੀ ਜਿੱਤ ਤੋਂ ਬਾਅਦ ਸਾਡੇ ਦੇਸ਼ ਵਿਚ ਦੁਹਰਾਇਆ ਗਿਆ।
? ਜੇਕਰ ਭਵਿੱਖ ਵੱਲ ਵੇਖੀਏ ਤਾਂ ਕ੍ਰਾਂਤੀਕਾਰੀ ਸਮਾਜਵਾਦ, ਮਾਰਕਸਵਾਦ ਪਤਨਸ਼ੀਲ ਦਿਖਾਈ ਦਿੰਦੇ ਹਨ। ਕੀ ਅਜਿਹਾ ਨਹੀਂ ਹੈ? ਕੀ ਮਾਰਕਸਵਾਦ ਦਾ ਕੋਈ ਭਵਿੱਖ ਹੈ?
ਕਾਸਤਰੋ- ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਸਮਾਜਵਾਦ ਕੋਈ ਅਜਿਹੀ ਚੀਜ਼ ਨਹੀਂ ਹੈ, ਜਿਸ ਨੂੰ ਸਮਾਜਵਾਦ ਦੇ ਕਿਸੇ ਇਕ ਸਿਧਾਂਤਕਾਰ ਨਾਲ ਸੰਬੰਧਤ ਕਰ ਦਿੱਤਾ ਜਾਵੇ। ਇਸ ਦੇ ਬਾਵਜੂਦ ਸਮਾਜਵਾਦ ਦੇ ਸਭ ਤੋਂ ਤੇਜਸਵੀ ਅਤੇ ਪ੍ਰਚਾਰਕ ਚਿੰਤਕ ਮਾਰਕਸ ਸਨ। ਜੇਕਰ ਉਨ੍ਹਾਂ ਦੇ ਸਾਰੇ ਵਿਚਾਰ ਨਹੀਂ ਤਾਂ ਬਹੁਤੇ ਸਾਰੇ ਅੱਜ ਵੀ ਸਹੀ ਅਤੇ ਆਪਣੇ ਆਪ ਵਿਚ ਸੰਪੂਰਨ ਹਨ।
ਮਾਰਕਸ ਦੇ ਸਮੇਂ ਕੁਦਰਤੀ ਸਾਧਨ ਅਸੀਮਤ ਪ੍ਰਤੀਤ ਹੁੰਦੇ ਸਨ। ਕੋਈ ਵੀ ਉਸ ਸਮੇਂ ਤੇਲ ਜਾਂ ਗੈਸ ਬਾਰੇ ਏਨਾ ਨਹੀਂ ਜਾਣਦਾ ਸੀ। ਕੇਵਲ ਕੋਇਲਾ ਹੀ ਪ੍ਰਯੋਗ ਕੀਤਾ ਜਾਂਦਾ ਸੀ। ਮਾਰਕਸ ਲਈ ਵੀ ਇਸ ਧਰਤੀ ਦੇ ਸਾਧਨ ਅਸੀਮਤ ਸਨ।
ਮਾਰਕਸ ਅੱਜ ਦੇ ਦੌਰ ਦੀਆਂ ਪ੍ਰਸਥਿਤੀਆਂ ਬਾਰੇ ਨਹੀਂ ਜਾਣਦੇ ਸਨ। ਉਹ ਉਦਯੋਗੀਕਰਨ ਅਤੇ ਪੂੰਜੀਵਾਦ ਦੇ ਵਿਸ਼ੇ ਬਾਰੇ ਜਾਣਦੇ ਸਨ; ਜਿਸ ਦਾ ਉਨ੍ਹਾਂ ਇੰਗਲੈਂਡ ਤੇ ਜਰਮਨੀ ਵਿਚ ਅਧਿਐਨ ਕੀਤਾ ਸੀ। ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਬਾਰੇ ਸਨਮਾਨਯੋਗ ਢੰਗ ਨਾਲ ਹੀ ਕਿਹਾ ਹੈ। ਉਹ ਅਕਸਰ ਸੰਯੁਕਤ ਰਾਜ ਅਮਰੀਕਾ ਦੇ ਪੂੰਜੀਵਾਦ ਬਾਰੇ ਚਰਚਾ ਕਰਦੇ ਸਨ। ਪਰ ਮਾਰਕਸ ਇਕ ਵਿਸ਼ਵੀਕ੍ਰਿਤ ਵਿਸ਼ਵ ਦੀ ਧਾਰਨਾ ਨਾਲ ਸਹਿਮਤ ਸਨ। ਉਹ ਇਕ ਦੇਸ਼ ਵਿਚ ਸਮਾਜਵਾਦ ਦੀ ਸੰਭਾਵਨਾ ਨਾਲ ਸਹਿਮਤ ਨਹੀਂ ਸਨ।
ਕਿਹਾ ਜਾ ਸਕਦਾ ਹੈ ਕਿ ਮਾਰਕਸ ਸਮਾਜਵਾਦੀ ਵਿਸ਼ਵੀਕਰਨ ਦੇ ਸਿਧਾਂਤਕਾਰ ਸਨ। ਉਹ ਵਿਸ਼ਵੀਕਰਨ ਨੂੰ ਪੂੰਜੀਵਾਦੀ ਵਿਕਾਸ ਦੀ ਲਾਜ਼ਮੀ ਘਟਨਾ ਮੰਨਦੇ ਸੀ। ਸਭਿਅਤਾ, ਉਤਪਾਦਕ ਸ਼ਕਤੀਆਂ ਅਤੇ ਤਕਨੀਕ ਦੇ ਵਿਕਾਸ ਦਾ ਇਕ ਅਜਿਹਾ ਨਤੀਜਾ ਜਿਸ ਤੋਂ ਬਚਿਆ ਨਹੀਂ ਜਾ ਸਕਦਾ। ਇਸ ਦੇ ਵਿਕਾਸ ਨੂੰ ਰੋਕਿਆ ਨਹੀਂ ਜਾ ਸਕਦਾ।
? ਤੇ ਹੁਣ ਕੀ ਸਥਿਤੀ ਦੇਖਦੇ ਹੋ ਤੁਸੀਂ।
ਕਾਸਤਰੋ- ਹੁਣ ਜੋ ਸਥਿਤੀ ਹੈ ਉਸ ਬਾਰੇ ਇਹ ਵਿਚਾਰ ਕਰਨਾ ਹੈ ਕਿ ਉਸ ਵਿਚ ਕਿਸ ਤਰ੍ਹਾਂ ਦਾ ਵਿਸ਼ਵੀਕਰਨ ਹੋ ਰਿਹਾ ਹੈ? ਇਹ ਅਜਿਹਾ ਵਿਸ਼ਵ ਹੈ ਜਿੱਥੇ ਰਾਸ਼ਟਰ ਰਾਜ ਅਲੋਪ ਹੋ ਰਹੇ ਹਨ। ਆਪਣੀ ਸ਼ਕਤੀ ਖੋ ਰਹੇ ਹਨ। ਜਿਵੇਂ ਕਿ ਯੂਰਪ ਵਿਚ; ਜਿੱਥੇ ਉਹ ਕਾਫ਼ੀ ਸਾਲਾਂ ਤਕ ਲੜਦੇ-ਝਗੜਦੇ ਰਹੇ ਪਰ ਅੱਜ ਉਹ ਇੱਕਜੁੱਟ ਹੋ ਰਹੇ ਹਨ। ਅੱਜ ਉਹ ਦੋਸਤ ਬਣੇ ਹੋਏ ਹਨ। ਸੀਮਾਵਾਂ ਨੂੰ ਪਾਰ ਕਰ ਰਹੇ ਹਨ। ਕਈ ਹੋਰ ਤਰੀਕਿਆਂ ਨਾਲ ਵੀ ਰਾਸ਼ਟਰ ਰਾਜ ਅਲੋਪ ਹੋ ਰਹੇ ਹਨ।
ਪਰ ਪੂੰਜੀਵਾਦੀ ਨਵ-ਉਦਾਰਵਾਦੀ ਵਿਸ਼ਵੀਕਰਨ ਸੁਭਾਅ ਪੱਖੋਂ ਹੀ ਗੈਰ-ਮਨੁੱਖੀ ਹੈ। ਸਾਨੂੰ ਕਿਸੇ ਦਿਨ ਮਾਰਕਸ ਦੇ ਕਾਰਜ ਦਾ ਪੁਨਰ-ਮੁਲੰਕਣ ਕਰਨਾ ਹੋਵੇਗਾ। ਕਿਉਂਕਿ ਉਹ ਪਹਿਲੇ ਵਿਅਕਤੀ ਸਨ ਜੋ ਸੰਪੂਰਨ ਵਿਸ਼ਵੀਕ੍ਰਿਤ ਅਰਥ-ਵਿਵਸਥਾ ਨਾਲ ਸਹਿਮਤ ਸਨ। ਉਹ ਇਕ ਦੇਸ਼ ਵਿਚ ਸਮਾਜਵਾਦ ਦੀ ਸੰਭਾਵਨਾ ਨਾਲ ਸਹਿਮਤ ਨਹੀਂ ਸਨ। ਉਹ ਇਸ ਬਾਰੇ ਸੋਚ ਵੀ ਨਹੀਂ ਸਕਦੇ ਸਨ ਕਿ ਉਸ ਸਮੇਂ ਯੂਰਪ ਦਾ ਸਭ ਤੋਂ ਪੱਛੜਿਆ ਮੁਲਕ ਪਹਿਲਾ ਸਮਾਜਵਾਦੀ ਦੇਸ਼ ਬਣੇਗਾ, ਸੋਵੀਅਤ ਸੰਘ ਦੇ ਰੂਪ ਵਿਚ।
ਉਨ੍ਹਾਂ ਪੂੰਜੀਵਾਦ ਦਾ ਉਚਿਤ ਅਧਿਐਨ ਕੀਤਾ। ਬਹੁਕੌਮੀ ਪੂੰਜੀਵਾਦੀ ਕੰਪਨੀਆਂ, ਅਸੰਤੁਲਿਤ ਵਿਕਾਸ ਅਤੇ ਵੱਡੀਆਂ ਆਰਥਕ ਤਾਕਤਾਂ ਵਿਚਕਾਰ ਮੌਜੂਦ ਗਲਵੱਢ ਮੁਕਾਬਲੇ ਬਾਰੇ ਉਨ੍ਹਾਂ ਨੇ ਪੂਰਾ ਅਧਿਐਨ ਕੀਤਾ ਸੀ।
ਲੈਨਿਨ ਨੂੰ ਜਰਮਨੀ ਵਿਚ ਕ੍ਰਾਂਤੀ ਦੀ ਉਮੀਦ ਸੀ ਅਤੇ ਦੂਸਰੇ ਵਿਕਸਤ ਦੇਸ਼ਾਂ ਵਿਚ ਇਸ ਦੀ ਸੰਭਾਵਨਾ ‘ਤੇ ਵਿਚਾਰ ਕੀਤਾ ਸੀ। ਇਕ ਦੇਸ਼ ਵਿਚ ਸਮਾਜਵਾਦ, ਸੋਵੀਅਤ ਸੰਘ ਦਾ ਉਦੈ ਇਸ ਕਾਰਨ ਹੋਇਆ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਸੀ। ਇਕ ਕ੍ਰਾਂਤੀਕਾਰੀ ਦੇ ਰੂਪ ਵਿਚ ਉਹ ਇਸ ਨਾਲੋਂ ਵੱਧ ਹੋਰ ਕੀ ਦੇ ਸਕਦੇ ਸਨ? ਮਾਰਕਸ ਦੇ ਵਿਚਾਰਾਂ ‘ਤੇ ਆਧਾਰਤ ਉਨ੍ਹਾਂ ਨੇ ਇਕ ਦੇਸ਼ ਵਿਚ ਸਮਾਜਵਾਦ ਦੇ ਨਿਰਮਾਣ ਦਾ ਯਤਨ ਕੀਤਾ, ਜੋ ਉਦਯੋਗਿਕ ਤੌਰ ‘ਤੇ ਕਾਫ਼ੀ ਪੱਛੜਿਆ ਮੁਲਕ ਸੀ। ਘੱਟੋ-ਘੱਟ ਮਾਰਕਸ ਦੀਆਂ ਧਾਰਨਾਵਾਂ ਦੇ ਅਨੁਕੂਲ ਤਾਂ ਬਿਲਕੁਲ ਵੀ ਨਹੀਂ ਸੀ। ਇਸ ਲਈ ਸਿਧਾਂਤਕ ਖੇਤਰ ਵਿਚ ਉਨ੍ਹਾਂ ਦਾ ਯੋਗਦਾਨ ਅੱਤਵਾਦੀ ਰੂਪ ਵਿਚ ਨਹੀਂ ਵੇਖਿਆ ਜਾਣਾ ਚਾਹੀਦਾ।
ਭਵਿੱਖ ਦੇ ਬੁੱਧੀਜੀਵੀਆਂ ਨੂੰ ਮਾਰਕਸ ਤੇ ਲੈਨਿਨ ਦਾ ਹੋਰ ਜ਼ਿਆਦਾ ਗੰਭੀਰਤਾ ਨਾਲ ਅਧਿਐਨ ਕਰਨ ਦੀ ਲੋੜ ਹੈ। ਉਨ੍ਹਾਂ ਨੇ ਮਿਲਟਨ (ਫ੍ਰੀਡਮੈਨ) ਤੋਂ ਵੀ ਵੱਧ ਅਧਿਐਨ ਕੀਤਾ ਹੋਵੇਗਾ। ਕੇਨਸ ਤੋਂ ਵੀ ਜ਼ਿਆਦਾ, ਜੋ ਇਕ ਮਹੱਤਵਪੂਰਨ ਵਿਅਕਤੀ ਸੀ। ਐਡਮ ਸਮਿਥ ਤੇ ਡੇਵਿਡ ਰਿਕਾਰਡੋ ਤੋਂ ਵੀ ਵੱਧ, ਵਰਤਮਾਨ ਅਰਥ-ਵਿਵਸਥਾ ਦੇ ਸਾਰੇ ਮਹਾਨ ਸਿਧਾਂਤਕਾਰਾਂ ਨਾਲੋਂ ਜ਼ਿਆਦਾ, ਅਰਥ-ਸ਼ਾਸਤਰ ਦਾ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਦਵਾਨਾਂ ਨਾਲੋਂ ਵੀ ਵੱਧ। ਭਵਿੱਖ ਵਿਚ ਮਾਰਕਸ ਤੇ ਲੈਨਿਨ ਦਾ ਅਧਿਐਨ ਇਸ ਲਈ ਵੀ ਜ਼ਰੂਰ ਕਰਨਾ ਹੋਵੇਗਾ, ਕਿਉਂਕਿ ਨੇੜ ਭਵਿੱਖ ਵਿਚ ਇਕ ਵਿਸ਼ਵੀਕ੍ਰਿਤ ਦੁਨੀਆ ਹੋਂਦ ਵਿਚ ਜ਼ਰੂਰ ਆਵੇਗੀ ਅਤੇ ਉਸ ਸਮੇਂ ਇਸ ਸਵਾਲ ਦਾ ਜਵਾਬ ਦੇਣਾ ਸਭ ਤੋਂ ਵੱਧ ਲਾਜ਼ਮੀ ਹੋਵੇਗਾ ਕਿ ਕੀ ਪੂਰਨ ਰੂਪ ਵਿਚ ਵਿਸ਼ਵੀਕ੍ਰਿਤ ਵਿਸ਼ਵ ਨੂੰ ਪਸੰਦ ਕੀਤਾ ਜਾਵੇਗਾ?
ਜੇਕਰ ਕਾਰਲ ਮਾਰਕਸ ਅਤੇ ਪੋਪ ਜੌਨ ਪਾਲ ਦੇ ਵਿਚਕਾਰ ਕੋਈ ਸਮਾਨਤਾ ਹੈ-ਤਾਂ ਉਹ ਇਹ ਹੈ ਕਿ ਕਾਰਲ ਮਾਰਕਸ ਨੇ ਸਰਵਹਾਰਾ ਦੇ ਅੰਤਰ-ਰਾਸ਼ਟਰੀਕਰਨ ਬਾਰੇ ਕਿਹਾ ਸੀ ਅਤੇ ਪੋਪ ਜੌਨ ਪਾਲ ਨੇ ਆਪਸੀ ਭਾਈਚਾਰੇ ਦੇ ਵਿਸ਼ਵੀਕਰਨ ਦੀ ਮੰਗ ਕੀਤੀ ਹੈ। ਭਵਿੱਖ ਵੱਲ ਵੇਖੀਏ ਤਾਂ ਉੱਤਰ ਲਈ ਕੁਝ ਪ੍ਰਸ਼ਨ ਬਾਕੀ ਹਨ। ਵਿਸ਼ਵੀਕ੍ਰਿਤ ਵਿਸ਼ਵ ਨੂੰ ਕਿਸ ਤਰ੍ਹਾਂ ਦਾ ਹੋਣਾ ਹੋਵੇਗਾ? ਕੀ ਵਰਤਮਾਨ ਦੀਆਂ ਵਸ਼ਿਸ਼ਟੀਕਰਨ ਦੀਆਂ ਧਾਰਨਾਵਾਂ ‘ਤੇ ਆਧਾਰਤ ਵਿਸ਼ਵ ਅਰਥ-ਵਿਵਸਥਾ ਵਾਲਾ ਵਿਸ਼ਵ ਲੋਕ ਪੱਖੀ ਹੋਵੇਗਾ?
ਤੱਥ ਇਹ ਹੈ ਕਿ ਪੂੰਜੀਵਾਦ ਨੇ ਕੇਵਲ ਉਤਪਾਦਨ ਸ਼ਕਤੀਆਂ ਦਾ ਹੀ ਵਿਕਾਸ ਨਹੀਂ ਕੀਤਾ, ਨਾ ਹੀ ਉਸ ਰਾਜਨੀਤਕ ਆਰਥਿਕਤਾ ਨੂੰ ਹੀ ਉਤਪੰਨ ਕੀਤਾ ਹੈ ਜਿਸ ਨੇ ਪੂਰੇ ਵਿਸ਼ਵ ਨੂੰ ਆਪਣੇ ਪ੍ਰਭਾਵ ਹੇਠ ਰੱਖਿਆ ਹੋਇਆ ਹੈ ਬਲਕਿ ਪੂੰਜੀਵਾਦ ਜੀਵਨ ਦੇ ਵੱਖ-ਵੱਖ ਰੂਪਾਂ, ਪੂੰਜੀ ਦੀ ਖਪਤ ਅਤੇ ਵੰਡ ਦਾ ਵਿਕਾਸ ਕਰਦਾ ਹੈ; ਜੋ ਕਿ ਪੂਰੇ ਸੰਸਾਰ ਦੇ ਸੰਦਰਭ ਵਿਚ ਲੋਕ ਪੱਖੀ ਨਹੀਂ ਹੈ ਅਤੇ ਉਸ ਦਾ ਕੋਈ ਭਵਿੱਖ ਵੀ ਨਹੀਂ ਹੈ।
ਮੈਨੂੰ ਯਕੀਨ ਹੈ ਕਿ ਮਨੁੱਖਤਾ ਇਸ ਦੇ ਜਵਾਬ ਲੱਭੇਗੀ, ਪਰ ਨਵੀਆਂ ਸਮੱਸਿਆਵਾਂ ਹਨ ਅਤੇ ਯਾਦ ਰੱਖੋ ਕਿ ਮਾਰਕਸ, ਏਂਜਲਸ ਅਤੇ ਲੈਨਿਨ ਦੇ ਕਾਰਜ ਕੋਈ ਧਰਮ ਗ੍ਰੰਥ ਨਹੀਂ ਹਨ। ਉਹ ਰੂੜ੍ਹੀਵਾਦ ਅਤੇ ਕੱਟੜਤਾ ਤੋਂ ਦੂਰ ਸਨ। ਇਸ ਲਈ ਉਨ੍ਹਾਂ ਦੇ ਅਤੇ ਹੋਰ ਬਾਕੀ ਵਿਚਾਰਾਂ ਨੂੰ ਨਵੀਆਂ ਪ੍ਰਸਥਿਤੀਆਂ ਦੇ ਅਨੁਰੂਪ ਵਿਕਸਤ ਹੋਣਾ ਹੋਵੇਗਾ।
? ਮੇਰੇ ਖ਼ਿਆਲ ਵਿਚ ਤੁਹਾਡਾ ਜਵਾਬ ਹੈ ਕਿ ਸਮਾਜਵਾਦ ਲੋਕ ਪੱਖੀ ਹੈ ਅਤੇ ਭਵਿੱਖ ਵਿਚ ਵੀ ਇਸ ਦੀ ਹੋਂਦ ਰਹੇਗੀ?
ਕਾਸਤਰੋ- ਬਿਲਕੁਲ ਇਹੋ ਗੱਲ ਹੈ। ਕੁਝ ਦਿਨਾਂ ਬਾਅਦ ਅਸੀਂ ਸਮਾਜਵਾਦੀ ਵੰਡ ਵੇਖਾਂਗੇ। ਲਾਤੀਨੀ ਅਮਰੀਕਾ ਨੂੰ ਹੀ ਲੈਂਦੇ ਹਾਂ। ਇਹ ਦੁਨੀਆ ਦਾ ਉਹ ਹਿੱਸਾ ਹੈ, ਜਿੱਥੇ ਸੰਪਤੀ ਦੀ ਸਭ ਤੋਂ ਬੇਹੁਦਾ ਵੰਡ ਹੈ।
ਤੁਸੀਂ ਮਾਰਕਸਵਾਦ ਤੇ ਸਮਾਜਵਾਦ ਦਾ ਜ਼ਿਕਰ ਕੀਤਾ। ਮੈਂ ਕਿਸੇ ਕਿਸਮ ਦੀ ਤੁਲਨਾ ਨਹੀਂ ਕਰਨਾ ਚਾਹੁੰਦਾ, ਪਰ ਕਈ ਗੱਲਾਂ ਮੇਰੇ ਜ਼ਿਹਨ ਵਿਚ ਹਨ। ਜਦੋਂ ਰੋਮਨਾਂ ਨੇ ਯੇਰੂਸ਼ਲਮ ‘ਤੇ ਕਬਜ਼ਾ ਕਰ ਲਿਆ ਅਤੇ ਸ਼ੁਰੂਆਤੀ ਈਸਾਈ ਇਧਰ-ਓਧਰ ਬਿਖਰ ਗਏ, ਉਦੋਂ ਪ੍ਰਤੀਤ ਹੁੰਦਾ ਸੀ ਕਿ ਈਸਾਈਅਤ ਰੋਮਨ ਸਾਮਰਾਜ ਦੀਆਂ ਕਬਰਾਂ ਵਿਚ ਦਫ਼ਨ ਹੋ ਜਾਵੇਗੀ। ਉਦੋਂ ਕੋਈ ਇਹ ਸ਼ਰਤ ਵੀ ਨਹੀਂ ਸੀ ਲਗਾਉਂਦਾ ਕਿ ਰੋਮਨ ਮੂਰਤੀ ਪੂਜਕਾਂ ਦੇ ਵਿਚਾਰ ਨੂੰ ਵਿਸਥਾਪਤ ਕਰਦੇ ਹੋਏ ਈਸਾਈਅਤ ਦਾ ਵਿਚਾਰ ਜਿਉਂਦਾ ਰਹੇਗਾ ਅਤੇ ਇਹ ਵਿਚਾਰ ਪੂਰੀ ਦੁਨੀਆ ਵਿਚ ਪ੍ਰਸਾਰਤ ਹੋ ਜਾਵੇਗਾ। ਇਸ ਧਰਮ ਦੇ ਇਕ ਖਰਬ ਤੋਂ ਵੱਧ ਅਨੁਯਾਈ ਹੋਣਗੇ। ਜਦੋਂ ਵਾਲਟੇਅਰ, ਦਿਦਰੋ ਤੇ ਰੂਸੋ ਵਰਗੇ ਫਰਾਂਸ ਦੀ ਕ੍ਰਾਂਤੀ ਦੇ ਦਾਰਸ਼ਿਨਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਸਨ, ਉਸ ਸਮੇਂ ਇਨ੍ਹਾਂ ਵਿਚਾਰਾਂ ਨੂੰ ਅਪਵਿੱਤਰ ਤੇ ਧਰਮ-ਵਿਰੋਧੀ ਮੰਨਿਆ ਗਿਆ ਸੀ। ਕੋਈ ਵੀ ਉਸ ਸਮੇਂ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਇਕ ਦਿਨ ਇਹ ਵਿਚਾਰ ਪੱਛਮੀ ਜਗਤ ਵਿਚ ਸਭ ਤੋਂ ਵੱਧ ਪ੍ਰਚਲਤ ਹੋਣਗੇ। ਜਦੋਂ ਡਾਟੋਨ, ਰਾਬਸਪਿਯਰੇ ਸਮੇਤ ਫਰਾਂਸੀਸੀ ਕ੍ਰਾਂਤੀ ਦੇ ਉਗਰ ਕ੍ਰਾਂਤੀਕਾਰੀ, ਜਿਨ੍ਹਾਂ ਨੂੰ ਬਾਅਦ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਰਾਸ਼ਟਰੀ ਸਭਾ ਵਿਚ ਬਹਿਸ ਕੀਤੀ ਸੀ ਅਤੇ (ਕਲੰਡਰ) ਸਮੇਂ ਵਿਚ ਪਰਿਵਰਤਨ ਕੀਤਾ ਗਿਆ ਸੀ। ਤਰਕ ਦੀ ਮਹੱਤਤਾ ਸਥਾਪਤ ਕੀਤੀ ਗਈ ਸੀ। ਕੁਝ ਗੱਲਾਂ ਕਿਸੇ ਦੇਵਤੇ ਦੇ ਜਨਮ ਵਾਂਗ ਤਾਂ ਘੱਟੋ-ਘੱਟ ਮਾਰਕਸਵਾਦ ਵਿਚ ਪੈਦਾ ਨਹੀਂ ਹੋਈਆਂ। ਕੋਈ ਵੀ ਨਹੀਂ ਸੋਚੇਗਾ ਕਿ ਉਹ ਪੱਛਮੀ ਦੁਨੀਆ ਦੀ ਬੁਨਿਆਦ ਹੀ ਹਿਲਾ ਦੇਣਗੇ।
ਜਦੋਂ ਫਰਾਂਸੀਸੀ ਕ੍ਰਾਂਤੀ ਦਾ ਦਮਨ ਕੀਤਾ ਗਿਆ ਅਤੇ ਬੋਨਾਪਾਰਟ ਦਾ ਸਾਮਰਾਜ ਸਥਾਪਤ ਹੋਇਆ ਅਤੇ ਪਵਿੱਤਰ ਗਠਬੰਧਨ ਹੋਂਦ ਵਿਚ ਆਇਆ, ਕੋਈ ਵੀ ਇਸ ਗੱਲ ‘ਤੇ ਵਿਸ਼ਵਾਸ ਨਹੀਂ ਸੀ ਕਰਦਾ ਕਿ ਇਕ ਦਿਨ ਇਸ ਕ੍ਰਾਂਤੀ ਦਾ ਵਿਚਾਰ ਵਿਸ਼ਵ ਵਿਚ ਪੂੰਜੀਵਾਦੀ ਅਰਥ-ਵਿਵਸਥਾ ਅਤੇ ਸਿਆਸੀ ਸੱਤਾ ਦਾ ਜਨਮਦਾਤਾ ਹੋਵੇਗਾ। ਸਮਾਜਵਾਦ ਦਾ ਵਿਚਾਰ ਜੋ ਆਪਣੇ ਆਪ ਵਿਚ ਸਰਵੋਤਮ ਹੈ ਅਤੇ ਮਨੁੱਖ ਨੂੰ ਆਪਸੀ ਭਾਈਚਾਰੇ ਦੀ ਅਪੀਲ ਕਰਦਾ ਹੈ, ਇਹ ਵਿਚਾਰ ਕਿਵੇਂ ਖ਼ਤਮ ਹੋ ਜਾਵੇਗਾ? ਇਸ ਤੋਂ ਬਾਅਦ ਬਚੇਗਾ ਹੀ ਕੀ? ਸਵਾਰਥੀਪੁਣਾ, ਵਿਅਕਤੀਵਾਦ, ਨਿੱਜੀ ਲਾਲਸਾਵਾਂ, ਇਹ ਵਿਸ਼ਵ ਨੂੰ ਬਚਾ ਨਹੀਂ ਸਕਣਗੇ। ਮੈਂ ਇਸ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਇਹੋ ਵਿਚਾਰ ਮੈਂ ਸੋਚਦਾ ਹਾਂ।
? ਭਵਿੱਖ ਪ੍ਰਤੀ ਤੁਸੀਂ ਨਿਰਾਸ਼ ਹੋ ਜਾ ਸਾਕਾਰਾਤਮਕ?
ਕਾਸਤਰੋ- ਕੋਈ ਵੀ ਨਿਰਾਸ਼ਾਵਾਦੀ ਕਦੇ ਵੀ ਕ੍ਰਾਂਤੀਕਾਰੀ ਨਹੀਂ ਹੋ ਸਕਦਾ। ਸਾਡੇ ਸਾਹਮਣੇ ਜੋ ਵੀ ਕਠਿਨਾਈਆਂ ਸਨ, ਉਹ ਬਹੁਤ ਭਾਰੀ ਤੇ ਬਹੁਤ ਵੱਡੀਆਂ ਸਨ। ਜੇਕਰ ਅਸੀਂ ਹਾਂ-ਪੱਖੀ ਨਾ ਹੁੰਦੇ ਤਾਂ ਨਿਸ਼ਚਤ ਹੀ ਅਸੀਂ ਉਨ੍ਹਾਂ ਉੱਪਰ ਜਿੱਤਾਂ ਪ੍ਰਾਪਤ ਨਾ ਕਰ ਸਕਦੇ।
ਜਦੋਂ ਅਸੀਂ ਗ੍ਰਾਨਾਮਾ (1956 ਵਿਚ) ਆਪਣੇ ਸੰਘਰਸ਼ ਦੀ ਸ਼ੁਰੂਆਤ ਕਰਨ ਲਈ ਪਹੁੰਚੇ, ਅਸੀਂ ਕੇਵਲ 82 ਲੜਾਕੂ ਸਾਂ। ਅਸੀਂ ਸੋਚਿਆ ਸੀ ਕਿ 300 ਵਿਅਕਤੀਆਂ ਨਾਲ ਸੰਘਰਸ਼ ਦੀ ਸ਼ੁਰੂਆਤ ਕਰਾਂਗੇ। ਇਸ ਮਗਰੋਂ ਅਸੀਂ ਫਿਰ ਬਿਖਰ ਗਏ। ਬਾਅਦ ਵਿਚ ਜਦੋਂ ਅਸੀਂ ਸੰਗਠਤ ਹੋਏ, ਸਾਡੇ ਕੋਲ ਸਿਰਫ਼ ਸੱਤ ਹਥਿਆਰਬੰਦ ਵਿਅਕਤੀ ਸਨ। ਸ਼ੁਰੂਆਤ ਵਿਚ ਤਾਂ ਦੋ ਵਿਅਕਤੀਆਂ ਤੇ ਦੋ ਰਾਇਫ਼ਲਾਂ ਨਾਲ ਮੈਂ ਇਕੱਲਾ ਸੀ। ਮੇਰੇ ਤੇ ਮੇੇਰੇ ਸਾਥੀ ਕੋਲ ਰਾਈਫ਼ਲ ਸੀ। ਸਾਡੇ ਤੀਸਰੇ ਸਾਥੀ ਕੋਲ ਕੋਈ ਵੀ ਹਥਿਆਰ ਨਹੀਂ ਸੀ। ਇਕ ਅਚਾਨਕ ਹੋਏ ਹਮਲੇ ਦੌਰਾਨ ਸਾਨੂੰ ਵੱਖ ਹੋਣਾ ਪਿਆ, ਜਿਸ ਵਿਚ ਦੁਸ਼ਮਣ ਨੇ ਸਾਡੇ ਅਨੁਭਵਹੀਣ ਹੋਣ ਦਾ ਫ਼ਾਇਦਾ ਉਠਾਇਆ। ਪਰ ਅਸੀਂ ਸਿੱਖਿਆ। ਬਾਅਦ ਵਿਚ ਤਾਂ ਅਸੀਂ ਅਪਣਾ ਪਾਠ ਚੰਗੀ ਤਰ੍ਹਾਂ ਹੀ ਸਿੱਖ ਲਿਆ ਸੀ।
ਇਸ ਲਈ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਹਥਿਆਰਬੰਦ ਵਿਅਕਤੀਆਂ ਦਾ ਛੋਟਾ ਜਿਹਾ ਸਮੂਹ ਦੋਬਾਰਾ ਸੰਗਠਿਤ ਹੋਣ ਦੇ ਯੋਗ ਸੀ ਜਦੋਂ ਕਿ ਬਾਤਿਸਤਾ ਕੋਲ ਕਈ ਤਰ੍ਹਾਂ ਦੇ ਸਾਧਨ ਸਨ। ਜਿਵੇਂ 80,000 ਹਥਿਆਰਬੰਦ ਵਿਅਕਤੀ ਆਦਿ। ਪਰ ਅਸੀਂ ਸੁਰੱਖਿਅਤ ਰਹੇ ਅਤੇ ਸਾਨੂੰ ਯਕੀਨ ਹੈ ਕਿ ਆਉਣ ਵਾਲੀ ਪੀੜ੍ਹੀ ਇਸ ਤਰ੍ਹਾਂ ਦੇ ਆਸ਼ਾਵਾਦ ਨਾਲ ਸਾਡੇ ਸੰਘਰਸ਼ ਦੀ ਰੱਖਿਆ ਕਰੇਗੀ।
ਪਰ ਅਸੀਂ ਯਥਾਰਥਵਾਦੀ ਵੀ ਹਾਂ। ਜੇਕਰ ਤੁਸੀਂ ਯਥਾਰਥਵਾਦੀ ਨਹੀਂ ਹੋ ਤਾਂ ਤੁਸੀਂ ਯੁੱਧ ਹਾਰ ਸਕਦੇ ਹੋ। ਤੁਹਾਨੂੰ ਸਮੱਸਿਆਵਾਂ ਪ੍ਰਤੀ ਚੇਤੰਨ ਰਹਿਣਾ ਪੈਂਦਾ ਹੈ। ਦੂਜੇ ਸ਼ਬਦਾਂ ਵਿਚ, ਤੁਸੀਂ ਆਸ਼ਾਵਾਦੀ ਹੋ ਸਕਦੇ ਹੋ, ਪਰ ਉਸ ਸਮੇਂ ਤੁਹਾਨੂੰ ਯਥਾਰਥਵਾਦੀ ਵੀ ਹੋਣਾ ਪੈਂਦਾ ਹੈ। ਇਸ ਤੱਥ ਦੇ ਬਾਵਜੂਦ ਕਿ ਮਨੁੱਖ ਜਾਤੀ ਨੇ ਹੁਣ ਤਕ ਆਪਣੇ ਆਪ ਨੂੰ ਹੋਰ ਜ਼ਿਆਦਾ ਬੁੱਧੀਮਾਨ ਹੋਣ ਦਾ ਕੋਈ ਸਬੂਤ ਨਹੀਂ ਦਿੱਤਾ ਹੈ। ਪਰ ਤੁਹਾਨੂੰ ਮਨੁੱਖ ਜਾਤੀ ਉੱਪਰ ਵਿਸ਼ਵਾਸ ਹੋਣਾ ਚਾਹੀਦਾ ਹੈ। ਉਸ ਨੂੰ ਹੋਰ ਬੁੱਧੀਮਾਨੀ ਦੀ ਲੋੜ ਹੈ ਅਤੇ ਉਹ ਇਸ ਨੂੰ ਹਾਸਲ ਕਰ ਸਕਦੀ ਹੈ।
ਹੁਣ ਅਸੀਂ ਬਹੁਤ ਹੀ ਤੇਜ਼ੀ ਨਾਲ ਵਿਕਸਤ ਹੋ ਰਹੇ ਹਾਂ। ਇਹ ਵੇਖੋ ਕਿ ਤੁਸੀਂ ਆਪਣੇ ਮੀਡੀਆ ਦਾ ਪ੍ਰਯੋਗ ਕਿਵੇਂ ਕਰ ਸਕਦੇ ਹੋ? ਕਿਵੇਂ ਆਪਣੇ ਸਭਿਆਚਾਰ ਨੂੰ ਨਸ਼ਟ ਕੀਤੇ ਬਿਨਾਂ ਇਸ ਨੂੰ ਵਿਕਸਤ ਕਰ ਸਕਦੇ ਹੋ? ਇਤਿਹਾਸ ਤੋਂ ਕੀ ਸਬਕ ਲੈ ਸਕਦੇ ਹੋ? ਕਿਉਂਕਿ ਤੁਹਾਡੇ ਕੋਲ ਮੀਡੀਆ ਹੈ ਤੇ ਤੁਸੀਂ ਚੇਤਨਾ ਫੈਲਾਅ ਸਕਦੇ ਹੋ। ਜਨਤਾ ਨੂੰ ਸਿੱਖਿਅਤ ਕਰ ਸਕਦੇ ਹੋ ਤੇ ਮਨੁੱਖੀ ਮੁੱਲਾਂ ਨੂੰ ਪੇਸ਼ ਕਰ ਸਕਦੇ ਹੋ।
ਮਨੁੱਖਤਾ ਨੂੰ ਸਿੱਖਿਅਤ ਕਰਨ ਦੀ ਲੋੜ ਹੈ। ਇਹ ਹੋਰ ਜ਼ਿਆਦਾ ਉਤਪਾਦਕ ਮਸ਼ੀਨਾਂ ਦੀ ਮੰਗ ਕਰਨ ਵਰਗੀ ਗੱਲ ਨਹੀਂ ਹੈ। ਮੈਂ ਇਕ ਅਜਿਹਾ ਆਸ਼ਾਵਾਦੀ ਹਾਂ, ਜੋ ਵਿਸ਼ਵਾਸ ਕਰਦਾ ਹੈ ਕਿ ਮਨੁੱਖ ਨੂੰ ਹੋਰ ਵੱਧ ਜਾਣਨ ਦੀ ਲੋੜ ਹੈ। ਮੈਂ ਸਮਾਜ ਦੀ ਪ੍ਰਵਿਰਤੀ ਤੇ ਗਤੀ ਨੂੰ ਘੋਖਦਾ ਹਾਂ, ਜਿਸ ਨਾਲ ਬਿਹਤਰ ਦੁਨੀਆ ਲਈ ਆਸ ਬੱਝਦੀ ਹੈ।
ਯਾਦ ਰੱਖੋ, ਜਿਹੜੀਆਂ ਚੀਜ਼ਾਂ ਬਾਰੇ ਕੁਝ ਸਮਾਂ ਪਹਿਲਾਂ ਸੋਚਿਆ ਤਕ ਨਹੀਂ ਸੀ ਜਾ ਸਕਦਾ, ਉਹ ਅੱਜ ਵਾਪਰ ਰਹੀਆਂ ਹਨ। ਪੋਪ ਖ਼ੁਦ ਪ੍ਰਮਾਣੂ ਤਜਰਬਿਆਂ ਤੇ ਧਾਰਮਕ ਯੁੱਧਾਂ ਦਾ ਖੰਡਨ ਕਰ ਚੁੱਕੇ ਹਨ। ਉਨ੍ਹਾਂ ਨੇ ਗੈਲੇਲੀਓ ਨੂੰ ਨਿਰਦੋਸ਼ ਠਹਿਰਾਇਆ ਹੈ। ਉਹ ਕਹਿ ਚੁੱਕੇ ਹਨ ਕਿ ਡਾਰਵਿਨ ਦਾ ਉਤਪਤੀ ਸਿਧਾਂਤ ਅਤੇ ਕਾਇਨਾਤ ਦੀ ਉਤਪਤੀ ਦਾ ਸਿਧਾਂਤ ਵਿਰੋਧੀ ਨਹੀਂ ਸਨ। ਸੁਣੋ, ਜੇਕਰ ਪੋਪ ਇਹ ਕੁਝ ਸਦੀਆਂ ਪਹਿਲਾਂ ਕਹਿੰਦੇ ਤਾਂ ਉਹ ਵੀ ਜ਼ਿੰਦਾ ਜਲਾ ਦਿੱਤੇ ਜਾਂਦੇ। ਸੋ, ਮਨੁੱਖੀ ਚੇਤਨਾ ਦਾ ਬਹੁਤ ਹੀ ਤੀਬਰ ਗਤੀ ਨਾਲ ਵਿਕਾਸ ਹੋ ਰਿਹਾ ਹੈ।
ਇਨ੍ਹਾਂ ਸਮੱਸਿਆਵਾਂ ਬਾਰੇ ਸੋਚਣ ਵਾਲੇ ਅਨੇਕ ਵਿਅਕਤੀ ਹਨ ਅਤੇ ਮੈਂ ਉਨ੍ਹਾਂ ਪ੍ਰਤੀ ਸਾਕਾਰਾਤਮਕ ਰਵੱਈਆ ਰੱਖਦਾ ਹਾਂ। ਮੈਂ ਸੋਚਦਾ ਹਾਂ ਕਿ ਨਸਲਵਾਦ, ਵਿਦੇਸ਼ੀ ਵਿਰੋਧ, ਪੂੰਜੀ, ਖ਼ਪਤਵਾਦ ਆਦਿ ਉੱਪਰ ਮਨੁੱਖੀ ਭਾਈਚਾਰਾ ਜਿੱਤ ਪ੍ਰਾਪਤ ਕਰੇਗਾ। ਮੈਂ ਵਿਸ਼ਵਾਸ ਕਰਦਾ ਹਾਂ ਕਿ ਸਵਾਰਥੀਪੁਣੇ ਤੇ ਨਿੱਜਵਾਦ ਉੱਪਰ ਉਦਾਰਤਾ ਨੂੰ ਜਿੱਤ ਪ੍ਰਾਪਤ ਹੋਵੇਗੀ। ਅਸੀਂ ਇਕ ਨਵੇਂ ਯੁੱਗ ਦੇ ਨੇੜੇ ਹਾਂ।
? 1991 ਵਿਚ ਸੋਵੀਅਤ ਸੰਘ ਅਤੇ ਪੂਰਬੀ ਯੂਰਪ ਦੇ ਦੇਸ਼ਾਂ ਦਾ ਪਤਨ ਇਕ ਭਿਆਨਕ ਘਟਨਾ ਸੀ। ਲੋਕ ਕਹਿੰਦੇ ਹਨ ਕਿ ਉੱਥੇ ਮਾਫ਼ੀਏ ਦਾ ਰਾਜ ਸਥਾਪਤ ਹੋ ਗਿਆ ਸੀ। ਪਾਰਟੀ ਨੇ ਦੇਸ਼ ਦੀ ਸੰਪਤੀ ਅਤੇ ਸਾਧਨਾਂ ਦੇ ਇਕ ਵੱਡੇ ਹਿੱਸੇ ‘ਤੇ ਕਬਜ਼ਾ ਕਰ ਲਿਆ ਸੀ। ਇਹ ਤੱਥ ਹੈ ਕਿ ਸੋਵੀਅਤ ਸਮਾਜਵਾਦ ਦੇ 70 ਸਾਲ ਬੀਤ ਜਾਣ ਤੋਂ ਬਾਅਦ ਵੀ ਉੱਥੇ ‘ਨਵੇਂ ਆਦਮੀ’ ਦਾ ਨਿਰਮਾਣ ਨਹੀਂ ਹੋ ਸਕਿਆ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
ਕਾਸਤਰੋ- ਮੇਰੀ ਇਸ ਵਿਚ ਕੋਈ ਰੁਚੀ ਨਹੀਂ ਕਿ ਸੋਵੀਅਤਾਂ ਨੇ ਜੋ ਗ਼ਲਤੀਆਂ ਕੀਤੀਆਂ ਉਸ ਦਾ ਬਚਾਅ ਕੀਤਾ ਜਾਵੇ। ਮੈਨੂੰ ਇਸ ਗੱਲ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਮੈਂ ਅੱਜ ਵੀ ਸੋਚਦਾ ਹਾਂ ਕਿ ਇਸ ਦੇਸ਼ (ਸੋਵੀਅਤ ਸੰਘ) ਨੂੰ ਉਦਯੋਗੀਕਰਨ ਲਈ ਪੱੱਛਮ ਦੁਆਰਾ ਮਜਬੂਰ ਕੀਤਾ ਗਿਆ ਕਿਉਂਕਿ ਪੱਛਮ ਨੇ ਉਸ ਦੀ ਨਾਕਾਬੰਦੀ ਕਰ ਦਿੱਤੀ ਸੀ। ਹਮਲਾ ਕੀਤਾ ਅਤੇ ਉਨ੍ਹਾਂ ਸਾਹਮਣੇ ਯੁੱਧ ਦੀ ਚਿਤਾਵਨੀ ਸੀ। ਇਸ ਸਥਿਤੀ ਵਿਚ ਤੇਜ਼ ਉਦਯੋਗੀਕਰਨ ਤੋਂ ਬਿਨਾਂ ਸੋਵੀਅਤ ਸੰਘ ਫਾਸ਼ੀਵਾਦੀ ਹਮਲੇ ਦੀ ਮਾਰ ਤੋਂ ਬਚਣ ਦੇ ਯੋਗ ਨਹੀਂ ਸੀ। ਉਹ ਉਨ੍ਹਾਂ ਨੂੰ ਹਰਾ ਚੁੱਕੇ ਸਨ। ਯੁੱਧ ਦੌਰਾਨ ਉਹ ਕਾਰਖਾਨਿਆਂ ਨੂੰ ਚਲਾਉਣ ਦੇ ਯੋਗ ਸਨ। ਉਨ੍ਹਾਂ ਆਪਣੇ ਕਾਰਖਾਨਿਆਂ ਨੂੰ ਬਰਫ਼ ‘ਤੇ ਵੀ ਸਥਾਪਤ ਕਰ ਲਿਆ ਸੀ, ਸਿਰ ‘ਤੇ ਛੱਤ ਵੀ ਨਹੀਂ ਸੀ। ਫਿਰ ਵੀ ਉਨ੍ਹਾਂ ਨੇ ਉਤਪਾਦਨ ਕੀਤਾ। ਇਹ ਇਕ ਬਹੁਤ ਵੱਡੀ ਗੱਲ ਸੀ। ਹਜ਼ਾਰਾਂ ਸਿਆਸੀ ਗ਼ਲਤੀਆਂ ਕਰਨ ਦੇ ਬਾਵਜੂਦ ਯੁੱਧ ਵਿਚ ਸੋਵੀਅਤਾਂ ਦੁਆਰਾ ਕੀਤਾ ਗਿਆ ਇਹ ਬਿਹਤਰੀਨ ਕਾਰਜ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਸਿਆਸੀ ਗ਼ਲਤੀਆਂ ਦਾ ਮੈਂ ਆਲੋਚਕ ਹਾਂ।
ਇਕ ਵਾਰ ਫਿਰ ਅਸੀਂ ਉਨ੍ਹਾਂ ਨਾਲ ਆਪਣੇ ਰਿਸ਼ਤਿਆਂ ਨੂੰ ਵੇਖਦੇ ਹਾਂ। ਇਹ ਰਿਸ਼ਤੇ ਉਨ੍ਹਾਂ ਦੇ ਪਤਨ ਤੋਂ ਤੀਹ ਸਾਲ ਪੁਰਾਣੇ ਹਨ। ਮੇਰੇ ਖ਼ਿਆਲ ਅਨੁਸਾਰ ਸੋਵੀਅਤ ਸੰਘ ਕੋਲ ਲੋੜੋਂ ਵੱਧ ਪੈਟਰੋਲ ਸੀ। ਪੈਟਰੋਲ ਦੇ ਉਤਪਾਦਨ ਤੋਂ ਬਾਅਦ ਬਚੇ ਡੀਜ਼ਲ ਅਤੇ ਬਾਕੀ ਚੀਜ਼ਾਂ ਉਦਯੋਗ ਤੇ ਖੇਤੀ ਦੇ ਪ੍ਰਯੋਗ ਲਈ ਕੰਮ ਆਉਂਦੀਆਂ ਹਨ। ਉਨ੍ਹਾਂ ਨੇ ਅਮਰੀਕਾ ਤੇ ਪੱਛਮੀ ਯੂਰਪ ਵਾਂਗ ਉਪਭੋਗੀ ਸਮਾਜ ਨੂੰ ਜਨਮ ਨਹੀਂ ਦਿੱਤਾ ਸੀ ਜਿਸ ਨਾਲ ਨਿੱਜੀ ਮਾਲਕੀ ਵਾਲੀਆਂ ਕਾਰਾਂ ਦੀ ਭਰਮਾਰ ਹੋ ਜਾਵੇ ਜਿਨ੍ਹਾਂ ਵਿਚ ਪੈਟਰੋਲ ਦੀ ਸਭ ਤੋਂ ਵੱਧ ਖਪਤ ਹੁੰਦੀ ਹੈ। ਮੇਰਾ ਖ਼ਿਆਲ ਹੈ ਕਿ ਇਸ ਮਾਮਲੇ ਵਿਚ ਉਹ ਠੀਕ ਸਨ। ਸੱਠਵਿਆਂ ਵਿਚ ਸੋਵੀਅਤ ਸੰਘ ਨੇ ਮੰਡੀ ਨਹੀਂ ਵੇਖੀ ਸੀ। ਇਸ ਤੋਂ ਇਲਾਵਾ ਸੋਵੀਅਤ ਬੱਸਾਂ, ਜੀਪਾਂ, ਵੈਨਾਂ, ਕਾਰਾਂ ਆਦਿ ਵਿਚ ਕਮੀ ਦਾ ਕੋਈ ਹੋਰ ਸਪਸ਼ਟੀਕਰਨ ਨਹੀਂ ਹੋਵੇਗਾ।
ਪਰ ਤੱਥ ਇਹ ਹੈ ਕਿ (ਸੋਵੀਅਤ) ਉਤਪਾਦਨ ਅਰਥ-ਵਿਵਸਥਾ ਦੇ ਕਈ ਖੇਤਰ ਤਕਨੀਕੀ ਵਿਕਾਸ ਦੇ ਮਾਮਲੇ ਵਿਚ ਸਮੇਂ ਤੋਂ ਮਗਰ ਸਨ। ਇਨ੍ਹਾਂ ਦਾ ਮੁੱਲ ਸਮਾਜਵਾਦ ਅਤੇ ਸਾਮਰਾਜਵਾਦ ਤੇ ਉਸ ਦੇ ਸਹਿਯੋਗੀਆਂ ਵਿਚਕਾਰ ਸੰਘਰਸ਼ ਦੇ ਰੂਪ ਵਿਚ ਚੁਕਾਉਣਾ ਪਿਆ। ਕੀ ਇਹ ਜਾਣਨ ਵਾਲੀ ਗੱਲ ਨਹੀਂ ਹੈ ਕਿ ਸੋਵੀਅਤ ਸੰਘ ਵਿਚ ਕਿਉਂ ਕਿਸੇ ਹੋਰ ਦੇਸ਼ ਦੇ ਮੁਕਾਬਲੇ ਵੱਧ ਖੋਜ ਕੇਂਦਰ ਸਨ। ਵੱਧ ਖੋਜ ਯੋਜਨਾਵਾਂ ਸਨ, ਜਿਨ੍ਹਾਂ ‘ਤੇ ਉਹ ਲੋਕ ਕੰਮ ਕਰਦੇ ਸਨ। ਫ਼ੌਜ ਨੂੰ ਛੱਡ ਕੇ ਇਨ੍ਹਾਂ ਯੋਜਨਾਵਾਂ ਵਿਚੋਂ ਕੁਝ ਨੇ ਉਨ੍ਹਾਂ ਦੀ ਅਰਥ-ਵਿਵਸਥਾ ਨੂੰ ਲਾਭ ਵੀ ਪਹੁੰਚਾਇਆ।
ਉਨ੍ਹਾਂ ਦਾ ਰਾਹ ਬੜਾ ਸੰਕੀਰਨ ਸੀ। ਇਹ ਸੁਰੱਖਿਆ ਕਾਰਨਾਂ ਕਰਕੇ ਹੋ ਸਕਦਾ ਹੈ ਕਿ ਉਹ ਬਹੁ-ਮਾਰਗੀ ਰਾਹ ਵਿਕਸਤ ਨਹੀਂ ਕਰ ਸਕੇ। ਸੁਰੱਖਿਆ ਕਾਰਨਾਂ ਕਰਕੇ ਹੀ ਇੱਥੇ ਯੂਰਪੀ ਰੇਲਾਂ ਲਈ ਪ੍ਰਯੋਗ ਹੋਣ ਵਾਲੀਆਂ ਰੇਲ ਪਟੜੀਆਂ ਤੋਂ ਚੌੜੀਆਂ ਰੇਲ-ਪਟੜੀਆਂ ਦਾ ਪ੍ਰਯੋਗ ਹੁੰਦਾ ਸੀ। ਆਵਾਜਾਈ ਵਿਚ ਉਨ੍ਹਾਂ ਕਾਫ਼ੀ ਸੰਤੋਖਜਨਕ ਤਰੱਕੀ ਕੀਤੀ ਸੀ। ਉਨ੍ਹਾਂ ਦੇ ਇਹ ਸਾਧਨ ਭਾਵੇਂ ਸੁਵਿਧਾਪੂਰਨ ਜਾਂ ਲਗਜ਼ਰੀ ਵਾਲੇ ਨਹੀਂ ਸਨ। ਪਰ ਸਾਇਬੇਰੀਆਈ ਰੇਲ ਹਜ਼ਾਰਾਂ ਮੀਲ ਜਾਂਦੀ ਸੀ। ਭਾੜਾ ਬਹੁਤ ਸਸਤਾ ਸੀ। ਇਸ ਵਿਸ਼ਾਲ ਦੇਸ਼ ਦੇ ਹਰ ਕੋਨੇ ਤਕ ਰੇਲ ਜਾਂਦੀ ਸੀ। ਇੱਥੇ ਅੱਜ ਪ੍ਰਾਈਵੇਟ ਗੱਡੀਆਂ ਵਿਚ ਮਣਾਮੂਹੀ ਪੈਟਰੋਲ ਖਪਤ ਹੁੰਦਾ ਹੈ। ਅਮਰੀਕਾ 8.5 ਅਰਬ ਬੈਰਲ ਤੋਂ ਵੱਧ ਪੈਟਰੋਲ ਪ੍ਰਤੀ ਦੀਨ ਖਪਤ ਕਰਦਾ ਹੈ। ਖਪਤ ਦਾ ਇਹ ਪੱਧਰ ਪੂਰੀ ਦੁਨੀਆ ਵਿਚ ਮੌਜੂਦ ਤੇਲ ਦੇ ਸੁਰੱਖਿਅਤ ਖੇਤਰਾਂ ਨੂੰ ਬਹੁਤ ਤੇਜ਼ੀ ਨਾਲ ਨਸ਼ਟ ਕਰ ਰਿਹਾ ਹੈ।
? ਸੋਵੀਅਤ ਲੋਕਾਂ ਦੇ ਮਨ ਵਿਚ ਨੈਤਿਕਤਾ ਦਾ ਪਤਨ ਹੋ ਗਿਆ ਸੀ ਜਾਂ ਉਹ ਨੈਤਿਕ ਪੱਧਰ ਤੋਂ ਉਚਿੱਤਤਾ ਪ੍ਰਾਪਤ ਨਹੀਂ ਕਰ ਸਕੇ ਸਨ? ਕਿਸ ਚੀਜ਼ ਨੇ ਉੱਥੇ ਬੁਰਾਈਆਂ ਤੇ ਵਿਆਪਕ ਭ੍ਰਿਸ਼ਟਾਚਾਰ ਨੂੰ ਵਧਾਇਆ?
ਕਾਸਤਰੋ- ਪੂੰਜੀਵਾਦ ਹੀ ਸਾਰੇ ਕਿਸਮ ਦੇ ਰੋਗਾਣੂਆਂ ਦਾ ਜਨਮਦਾਤਾ ਹੈ। ਪੂੰਜੀਵਾਦ ਹੀ ਮਾਫ਼ੀਏ ਨੂੰ ਜਨਮ ਦਿੰਦਾ ਹੈ। ਇਸ ਵਿਵਸਥਾ ਵਿਚ ਭ੍ਰਿਸ਼ਟਾਚਾਰ ਦੇ ਸਾਰੇ ਕੀਟਾਣੂ ਹਮੇਸ਼ਾ ਹੀ ਮੌਜੂਦ ਰਹਿੰਦੇ ਹਨ। ਇਹ ਸਮਾਜਵਾਦ ਵਿਚ ਵੀ ਪੈਦਾ ਹੋਏ, ਕਿਉਂਕਿ ਲੋਕਾਂ ਦੀਆਂ ਲੋੜਾਂ ਹੁੰਦੀਆਂ ਹਨ।…. ਅਸੀਂ ਸੰਘਰਸ਼ ਕੀਤਾ ਅਤੇ ਅਸੀਂ ਅੱਜ ਵੀ ਹੋਰ ਜ਼ਿਆਦਾ ਸੰਘਰਸ਼ ਕਰ ਰਹੇ ਹਾਂ ਕਿਉਂਕਿ ਕ੍ਰਾਂਤੀ ਸਾਰੇ ਕਾਨੂੰਨਾਂ ਤੋਂ ਦੂਰ ਹੋ ਕੇ ਹੁੰਦੀ ਹੈ। ਮੈਨੂੰ ਯਾਦ ਹੈ ਕਿ ਉਸ ਸਮੇਂ ਅਸੀਂ ਵੇਖਿਆ ਕਿ ਅਮੀਰਾਂ ਦਾ ਸਭਿਆਚਾਰ ਵੱਖਰਾ ਹੈ ਤੇ ਗ਼ਰੀਬਾਂ ਦਾ ਵੱਖਰਾ। ਅਮੀਰ ਮਨੁੱਖ ਦੇ ਸਭਿਆਚਾਰ ਦੇ ਅੰਤਰਗਤ ਬਹੁਤ ਇਮਾਨਦਾਰ ਵਿਅਕਤੀ ਦਾ ਮਤਲਬ ਹੈ ‘ਮੈਂ ਖ਼ਰੀਦਿਆ, ਮੈਂ ਪੈਸੇ ਦਿੱਤੇ।’ ਗ਼ਰੀਬਾਂ ਦੇ ਸਭਿਆਚਾਰ ਦਾ ਮਤਲਬ ਹੈ, ‘ਮੈਂ ਇਸ ਨੂੰ ਇੱਥੇ (ਕਿਊਬਾ ਵਿਚ) ਕਿਵੇਂ ਪ੍ਰਾਪਤ ਕਰ ਸਕਦਾ ਹਾਂ? ਮੈਂ ਇਸ ਨੂੰ ਅਮੀਰਾਂ ਜਾਂ ਦੂਸਰਿਆਂ ਤੋਂ ਕਿਵੇਂ ਚੁਰਾ ਸਕਦਾ ਹਾਂ, ਇਸ ਤਰ੍ਹਾਂ ਦਾ ਦ੍ਰਿਸ਼ਟੀ ਕੋਣ ਗ਼ਰੀਬੀ ਵਿਚੋਂ ਪੈਦਾ ਹੁੰਦਾ ਹੈ। ਜਦੋਂ ਤੁਸੀਂ ਸਾਰੀਆਂ ਚੀਜ਼ਾਂ ਦੇ ਪਰਿਵਰਤਨ ਲਈ ਸਮਾਜਕ ਪਰਿਵਰਤਨ ਕਰਦੇ ਹੋ ਤਾਂ ਵੀ ਪੁਰਾਣੀਆਂ ਆਦਤਾਂ ਲੰਮੇ ਸਮੇਂ ਤਕ ਕਾਇਮ ਰਹਿੰਦੀਆਂ ਹਨ।
ਜੇਕਰ ਕਿਊਬਾ ਵਿਚੋਂ ਸਮਾਜਵਾਦ ਖ਼ਤਮ ਹੋ ਜਾਵੇ ਤਾਂ ਇੱਥੇ ਵੀ ਮਾਫ਼ੀਆ ਇਕਦਮ ਪੈਦਾ ਹੋ ਜਾਵੇਗਾ। ਇਹ ਨਸ਼ੀਲਿਆਂ ਦਵਾਈਆਂ ਤੇ ਅਪਰਾਧ ਦੇ ਨਾਲ-ਨਾਲ ਪੂੰਜੀਵਾਦ ਦੇ ਸਭ ਤੋਂ ਭ੍ਰਿਸ਼ਟ ਹਿੱਸੇ ਦੇ ਰੂਪ ਵਿਚ ਬਹੁਤ ਥਾਵਾਂ ‘ਤੇ ਪਸਰ ਜਾਵੇਗਾ। ਅਸੀਂ ਆਪਣੇ ਸਮਾਜ ਦੇ ਸਾਰੇ ਖੇਤਰਾਂ ਵਿਚ ਪਰਿਵਰਤਨ ਕਰਨ ਵਿਚ ਅਜੇ ਤਕ ਕਾਮਯਾਬ ਨਹੀਂ ਹੋ ਸਕੇ। ਪਰ ਅਸੀਂ ਬਹੁਤ ਉਤਸ਼ਾਹ ਨਾਲ ਸਪਸ਼ਟ ਰੂਪ ਵਿਚ ਵੇਖਦੇ ਹਾਂ ਕਿ ਸਿੱਖਿਆ ਵਿਚ ਹੋਏ ਅਸਲੀ ਪਰਿਵਰਤਨ ਰਾਹੀਂ ਸਮਾਜ ਵਿਚ ਕ੍ਰਾਂਤੀਕਾਰੀ ਤਬਦੀਲੀ ਆਈ ਹੈ। ਇਸੇ ਤਰ੍ਹਾਂ ਸੋਵੀਅਤ ਸੰਘ ਵਿਚ ਅਨੇਕਾਂ ਸਕੂਲ ਸਨ, ਉਨ੍ਹਾਂ ਨੇ ਬਹੁਤ ਸਾਰੀਆਂ ਖੋਜ ਯੋਜਨਾਵਾਂ ਸਿਰੇ ਚਾੜ੍ਹੀਆਂ ਤੇ ਉਨ੍ਹਾਂ ਦੀਆਂ ਯੂਨੀਵਰਸਿਟੀਆਂ ਉੱਚ ਦਰਜੇ ਦੀਆਂ ਸਨ।
ਪਰ ਅਜਿਹਾ ਹੋ ਹੀ ਸਕਦਾ ਹੈ, ਮਨੁੱਖ ਤਾਂ ਮਨੁੱਖ ਹੀ ਹੈ। ਅਸੀਂ ਉਸ ਨੂੰ ਕੇਵਲ ਆਦਰਸ਼ਕ ਪ੍ਰਾਣੀ ਨਹੀਂ ਮੰਨ ਸਕਦੇ। ਮੈਂ ਪੂਰਨ ਵਿਸ਼ਵਾਸ ਨਾਲ ਵਿਅਕਤੀਆਂ ਵਿਚਕਾਰ ਉਨ੍ਹਾਂ ਦੀਆਂ ਹਾਰਾਂ ਤੇ ਸੀਮਾਵਾਂ ਸਮੇਤ ਕੰਮ ਕਰਨਾ ਆਰੰਭ ਕੀਤਾ। ਜੇਕਰ ਤੁਸੀਂ ਆਪਣੀ ਇੱਛਾ ਸ਼ਕਤੀ ਨੂੰ ਬਚਾਈ ਰੱਖਿਆ ਹੈ ਅਤੇ ਤੁਸੀਂ ਆਪਣੇ ਆਪ ਨੂੰ ਬਿਹਤਰ ਕਰਨ ਲਈ ਲੋੜੀਂਦੀ ਬੌਧਿਕਤਾ ਦਾ ਪਰਿਚੈ ਦਿੱਤਾ ਹੈ ਤਾਂ ਨਿਸ਼ਚਤ ਤੌਰ ‘ਤੇ ਤੁਹਾਨੂੰ ਸਫਲਤਾ ਹਾਸਲ ਹੋਵੇਗੀ। ਜੇਕਰ ਮੈਂ ਇਸ ਗੱਲ ‘ਤੇ ਵਿਸ਼ਵਾਸ ਨਾ ਕਰਦਾ ਤਾਂ ਲਾਜ਼ਮੀ ਹੀ ਮੌਤ ਨਾਲ ਸੰਘਰਸ਼ ਕਰਨ ਦਾ ਕੋਈ ਕਾਰਨ ਨਾ ਹੁੰਦਾ।
? ਜਦੋਂ ਸੋਵੀਅਤ ਸੰਘ ਦਾ ਪਤਨ ਹੋਇਆ, ਉਸ ਸਮੇਂ ਲੋਕਾਂ ਨੇ ਸ਼ੱਕ ਪ੍ਰਗਟ ਕੀਤਾ ਸੀ ਕਿ ਹੁਣ ਕਿਊਬਾ ਦੇ ਇਨਕਲਾਬ ਦਾ ਵੀ ਪਤਨ ਹੋ ਜਾਵੇਗਾ। ਤੁਸੀਂ ਇਸ ਨੂੰ ਕਿਸ ਤਰ੍ਹਾਂ ਲਿਆ ਅਤੇ ਇਸ ਸ਼ੱਕ ਨੂੰ ਕਿਵੇਂ ਨਿਰਮੂਲ ਸਾਬਤ ਕੀਤਾ?
ਕਾਸਤਰੋ- ਜਦੋਂ ਸੋਵੀਅਤ ਸੰਘ ਤੇ ਸਮਾਜਵਾਦੀ ਸਮੂਹ ਦਾ ਪਤਨ ਹੋਇਆ, ਉਸ ਸਮੇਂ ਸਭ ਨੂੰ ਲੱਗ ਰਿਹਾ ਸੀ ਕਿ ਕਿਊਬਾ ਦਾ ਇਨਕਲਾਬ ਵੀ ਢਹਿ-ਢੇਰੀ ਹੋ ਜਾਵੇਗਾ। ਇਸ ਮਹਾਸ਼ਕਤੀ ਦੇ ਢਹਿਣ ਨਾਲ ਸਾਡੇ ਦੇਸ਼ ਨੂੰ ਵੀ ਭਾਰੀ ਸੱਟ ਲੱਗੀ। ਅਸੀਂ ਇਕੱਲੇ ਰਹਿ ਗਏ। ਸਾਡੀ ਚੀਨੀ ਦਾ ਸਾਰਾ ਬਾਜ਼ਾਰ ਖ਼ਤਮ ਹੋ ਗਿਆ। ਸਾਡੇ ਭੋਜਨ ਪਦਾਰਥ, ਤੇਲ, ਇੱਥੋਂ ਤਕ ਕਿ ਲਾਸ਼ਾਂ ਦੇ ਅੰਤਿਮ ਸਸਕਾਰ ਲਈ ਆਉਣ ਵਾਲੀ ਲੱਕੜ ਰੋਕ ਦਿੱਤੀ ਗਈ। ਹੌਲੀ-ਹੌਲੀ ਅਸੀਂ ਕੱਚੇ ਮਾਲ, ਭੋਜਨ, ਸਾਬਣ ਅਤੇ ਲਗਭਗ ਹਰ ਚੀਜ਼ ਤੋਂ ਵੰਚਿਤ ਹੋ ਗਏ। ਅਜਿਹੇ ਸਮੇਂ ਹਰ ਕਿਸੇ ਨੇ ਸੋਚਿਆ ਕਿ ਸਾਡੀ ਕ੍ਰਾਂਤੀ ਦਾ ਵੀ ਪਤਨ ਹੋ ਕੇ ਰਹੇਗਾ। ਕੁਝ ਲੋਕਾਂ ਦਾ ਇਹ ਵੀ ਸੋਚਣਾ ਸੀ ਕਿ ਜੇਕਰ ਕਿਊਬਾ ਦੀ ਕ੍ਰਾਂਤੀ ਦਾ ਹੁਣ ਪਤਨ ਨਹੀਂ ਹੁੰਦਾ ਤਾਂ ਆਉਣ ਵਾਲੇ ਸਮੇਂ ਵਿਚ ਤਾਂ ਇਹ ਜ਼ਰੂਰ ਖ਼ਤਮ ਹੋ ਜਾਵੇਗੀ। ਇਸ ਵਿਸ਼ੇ ਬਾਰੇ ਬਜਾਏ ਗੰਭੀਰ ਸੋਚ-ਵਿਚਾਰ ਕਰਨ ਦੇ ਇਹ ਲੋਕ ਪਤਾ ਨਹੀਂ ਕਿਸ ਤਰ੍ਹਾਂ ਦੇ ਮਾੜੇ ਸੁਪਨੇ ਵੇਖ ਰਹੇ ਸਨ। ਅਸੀਂ ਇਸ ਵਿਸ਼ੇ ਬਾਰੇ ਬਹੁਤ ਸੋਚ-ਵਿਚਾਰ ਕਰਨ ਮਗਰੋਂ ਇਸ ਨਤੀਜੇ ‘ਤੇ ਪਹੁੰਚੇ ਕਿ ਅਸੀਂ ਇਸ ਦੇਸ਼ ਨੂੰ ਹਰ ਹਾਲਤ ਵਿਚ ਬਚਾਉਣਾ ਹੈ। ਅਸੀਂ ਸੋਚਦੇ ਸਾਂ ਕਿ ਇਕ ਗੌਰਵਮਈ ਦੇਸ਼ ਦਾ ਕਦੇ ਪਤਨ ਨਹੀਂ ਹੋ ਸਕਦਾ।
ਅਮਰੀਕਾ ਨੇ ਆਪਣੇ ਉਦੇਸ਼ਾਂ ਅਨੁਸਾਰ ਨਾਕੇਬੰਦੀ ਕਰ ਲਈ। ਟਰੋਸਿਲੀ ਤੇ ਹੇਲਮਸ ਬਰਟਨ ਕਾਨੂੰਨਾਂ ਨੂੰ ਪਾਸ ਕਰ ਦਿੱਤਾ ਗਿਆ। ਹੇਲਮਸ ਬਰਟਨ ਕਾਨੂੰਨ ਤਾਂ ਹੱਦਬੰਦੀ ਤੋਂ ਬਾਹਰ ਵੀ ਲਾਗੂ ਹੁੰਦਾ ਹੈ। ਸਾਡੀਆਂ ਉਪਭੋਗੀ ਵਸਤੂਆਂ ਦੇ ਦੋਵੇਂ ਹੀ ਬਾਜ਼ਾਰ ਅਚਾਨਕ ਡੁੱਬ ਗਏ। ਪ੍ਰਤੀ ਵਿਅਕਤੀ ਕੈਲੋਰੀ ਦੀ ਮਾਤਰਾ ਅੱਧੀ ਰਹਿ ਗਈ। ਪੂਰੇ ਦੇਸ਼ ਨੇ ਇਸ ਸਥਿਤੀ ਵਿਰੁੱਧ ਅਪਣਾ ਪ੍ਰਤੀਰੋਧ ਵਿਅਕਤ ਕੀਤਾ। ਲੋਕਾਂ ਨੇ ਇਸ ਦਾ ਮੁਕਾਬਲਾ ਕੀਤਾ ਤੇ ਸਮਾਜਕ ਖੇਤਰ ਵਿਚ ਸਨਮਾਨਯੋਗ ਤਰੱਕੀ ਕੀਤੀ। ਅੱਜ ਇਸ ਨੇ ਖਾਦ ਪਦਾਰਥ ਲੋੜੀਂਦੀ ਮਾਤਰਾ ਵਿਚ ਇਕੱਤਰ ਕਰ ਲਏ ਹਨ ਅਤੇ ਬਾਕੀ ਖੇਤਰਾਂ ਵਿਚ ਵੀ ਤੇਜ਼ ਗਤੀ ਵਿਚ ਪ੍ਰਗਤੀ ਹੋਈ ਹੈ। ਅਸੀਂ ਜਿਹੜੀਆਂ ਪ੍ਰਸਥਿਤੀਆਂ ਵਿਚ ਕਾਰਜ ਕੀਤਾ ਤੇ ਰਾਸ਼ਟਰ ਪੱਧਰ ‘ਤੇ ਜੋ ਚੇਤਨਾ ਪੈਦਾ ਕੀਤੀ, ਉਹ ਆਉਣ ਵਾਲੇ ਸਮੇਂ ਵਿਚ ਇਕ ਚਮਤਕਾਰ ਵਾਂਗ ਹੋਵੇਗੀ। ਅਸੀਂ ਇਹ ਪ੍ਰਤੀਰੋਧ ਕਿਉਂ ਕੀਤਾ ਸੀ? ਕਿਉਂਕਿ ਸਾਡੀ ਕ੍ਰਾਂਤੀ ਨੂੰ ਹਮੇਸ਼ਾ ਸਾਰੇ ਮੁਲਕਾਂ ਦਾ ਸਮਰਥਨ ਪ੍ਰਾਪਤ ਹੋਇਆ ਅਤੇ ਸਾਡੇ ਸਾਰੇ ਦੇਸ਼ ਨੇ ਕ੍ਰਾਂਤੀ ਵਿਚ ਅਪਣਾ ਵਿਸ਼ਵਾਸ ਕਾਇਮ ਰੱਖਿਆ। ਸਾਨੂੰ ਸਾਡੀ ਬੁੱਧੀਮਾਨ ਜਨਤਾ ਦਾ ਸਮਰਥਨ ਮਿਲਿਆ ਜਿਸ ਨਾਲ ਅਸੀਂ ਲਗਾਤਾਰ ਸੰਗਠਤ, ਸਿੱਖਿਅਤ ਤੇ ਸੰਘਰ ਸ਼ੀਲ ਹੁੰਦੇ ਗਏ।
? ਨਵ-ਉਦਾਰਵਾਦੀ ਵਿਸ਼ਵੀਕਰਨ ਦੇ ਪ੍ਰਭਾਵ ਨੂੰ ਰੋਕਣ ਲਈ ਤੁਹਾਡੀ ਕੀ ਯੋਜਨਾ ਹੈ? ਤੁਸੀਂ ਕਿਸੇ ਵੇਲੇ ਕਿਹਾ ਸੀ, ‘ਅਸੀਂ ਬੜੇ ਧੀਰਜ ਨਾਲ ਵਿਸ਼ਵੀਕਰਨ ਦੇ ਪਤਨ ਦੀ ਉਡੀਕ ਕਰ ਰਹੇ ਹਾਂ।’
ਕਾਸਤਰੋ- ਅਸੀਂ ਕੁਝ ਸਮਾਂ ਪਹਿਲਾਂ ਉਸ ਵਿਸ਼ਾ-ਵਸਤੂ ਦਾ ਗੰਭੀਰ ਅਧਿਐਨ ਕੀਤਾ ਸੀ ਜੋ ਵਿਸ਼ਵੀਕਰਨ ਦੀ ਪ੍ਰਕਿਰਿਆ ਨੂੰ ਚਲਾ ਰਿਹਾ ਹੈ। ਅਸੀਂ ਇਹ ਸਿੱਟਾ ਕੱਢਿਆ ਕਿ ਇਹ ਪ੍ਰਕਿਰਿਆ 1929 ਦੇ ਵਿੱਤੀ ਸੰਕਟ ਤੋਂ ਵੀ ਭਿਆਨਕ ਨਤੀਜੇ ਉਤਪੰਨ ਕਰੇਗੀ। ਅਸੀਂ 1929 ਦੇ ਸੰਕਟ ਬਾਰੇ ਗਾਲਬ੍ਰੇਥ ਤੇ ਹੋਰ ਅਰਥ-ਸ਼ਾਸਤਰੀਆਂ ਦੇ ਵਿਸ਼ਲੇਸ਼ਣ ਦਾ ਗੰਭੀਰ ਅਧਿਐਨ ਕੀਤਾ ਸੀ। ਇਸ ਦੇ ਨਾਲ ਹੀ ਪੂੰਜੀਵਾਦੀ ਉਤਪਾਦਨ ਦੇ ਬੁਨਿਆਦੀ ਵਿਚਾਰਾਂ ਨਾਲ ਸੰਬੰਧਤ ਖੋਜਾਂ ਦਾ ਵੀ ਅਧਿਐਨ ਕੀਤਾ। ਇਸ ਮਗਰੋਂ ਅਸੀਂ ਆਪਣੇ ਆਪ ਨੂੰ ਸਵਾਲ ਕੀਤਾ ਕਿ ਇਸ ਵਿਵਸਥਾ ਵਿਚ ਕਿਹੜੀ ਚੀਜ਼ ਬੁਨਿਆਦੀ ਹੈ। ਇਹ ਚੀਜ਼ ਪੂਰੇ ਵਿਸ਼ਵ ਵਿਚ ਮੁਕਤ ਖਪਤ, ਮੁਕਤ ਕਾਰਪੋਰੇਟ ਵਰਗੀ ਹੈ। ਇਹ ਅਜਿਹਾ ‘ਸੱਚ’ ਹੈ, ਜਿਸ ਨੂੰ ਧਰਮ ਸਿਧਾਂਤ ਵਾਂਗ ਪਵਿੱਤਰ ਮੰਨਿਆ ਜਾਂਦਾ ਹੈ। ਵਿਸ਼ਵੀਕਰਨ ‘ਇਕ ਦਰਸ਼ਨ’ ਹੈ। ਕੋਈ ਇਸ ਨੂੰ ‘ਇਤਿਹਾਸ ਦਾ ਅੰਤ’ ਕਹਿੰਦਾ ਹੈ। ਮੈਂ ਅਜੇ ਵੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਇਕ ਦੂਸਰਾ ਰਸਤਾ ਵੀ ਹੈ। ਸਾਨੂੰ ਵਿਸ਼ਵੀਕਰਨ ਦਾ ਵਿਰੋਧ ਕਰਨਾ ਚਾਹੀਦਾ ਹੈ।
? ਕੀ ਤੁਸੀਂ ਸੋਚਦੇ ਹੋ ਕਿ ਵਿਸ਼ਵੀਕਰਨ ਪੂੰਜੀਵਾਦ ਦਾ ਹੀ ਵਿਨਾਸ਼ ਕਰ ਰਿਹਾ ਹੈ?
ਕਾਸਤਰੋ- ਅੱਜ ਕਿਸੇ ਕਿਸਮ ਦਾ ਪੂੰਜੀਵਾਦ ਨਹੀਂ ਹੈ। ਅੱਜ ਕਿਸੇ ਕਿਸਮ ਦੀ ਕੋਈ ਪ੍ਰਤੀਯੋਗਤਾ ਨਹੀਂ ਹੈ। ਅੱਜ ਸਾਰੇ ਵਿਸ਼ਵ ਵਿਚ ਕੇਵਲ ਏਕਾਧਿਕਾਰ ਹੈ। ਉਨ੍ਹਾਂ ਕੁਝ ਦੇਸ਼ਾਂ ਵਿਚਕਾਰ ਇਕ ਕਿਸਮ ਦਾ ਮੁਕਾਬਲਾ ਹੈ, ਜੋ ਟੈਲੀਵਿਜ਼ਨ ਜਾਂ ਕੰਪਿਊਟਰ ਬਣਾਉਂਦੇ ਹਨ- ਇੱਥੋਂ ਤਕ ਕਿ ਕਾਰਾਂ ਵੀ ਵਿਸ਼ਵ ਬੈਂਕ ਬਣਾਉਂਦਾ ਹੈੈ।
ਵਿਸ਼ਵ ਦੀ 80 ਫ਼ੀਸਦੀ ਅਰਥ-ਵਿਵਸਥਾ ਦਾ ਕੰਟਰੋਲ 500 ਕੌਮਾਂਤਰੀ ਵਪਾਰਕ ਕੰਪਨੀਆਂ ਦੇ ਹੱਥਾਂ ਵਿਚ ਹੈ। ਮੁਕਾਬਲੇ ਕਰਕੇ ਕੀਮਤਾਂ ਵਿਚ ਕਮੀ ਨਹੀਂ ਹੁੰਦੀ। ਉਦਾਹਰਣ ਦੇ ਤੌਰ ‘ਤੇ ਏਡਜ਼ ਲਈ ਬਣੀ ਦਵਾਈ ਦੀ ਵਿਕਰੀ ਲਈ ਏਕਾਧਿਕਾਰ ਹੈ, ਇਸ ਕਰਕੇ ਇਨ੍ਹਾਂ ਦਵਾਈਆਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਦਵਾਈਆਂ ਦੇ ਰੇਟ ਉਨ੍ਹਾਂ ਦੀ ਅਸਲੀ ਕੀਮਤ ਨਾਲੋਂ ਕਈ ਗੁਣਾ ਵੱਧ ਰੱਖੇ ਜਾਂਦੇ ਹਨ। ਬੁਨਿਆਦੀ ਤੌਰ ‘ਤੇ ਇਹ ਵਿਗਿਆਪਨਾਂ ‘ਤੇ ਨਿਰਭਰ ਕਰਦਾ ਹੈ ਕਿ ਕਿਹੜੀ ਵਸਤੂ ਵਿਕੇਗੀ ਤੇ ਕਿਹੜੀ ਨਹੀਂ। ਜਿਸ ਵਿਅਕਤੀ ਕੋਲ ਬਹੁਤਾ ਧਨ ਨਹੀਂ ਹੈ ਉਹ ਕਿਸੇ ਤਰ੍ਹਾਂ ਨਾਲ ਆਪਣੇ ਉਤਪਾਦ ਦੀ ਮਸ਼ਹੂਰੀ ਨਹੀਂ ਕਰ ਸਕਦਾ। ਫਿਰ ਇਸ ਦਾ ਮਤਲਬ ਹੋ ਜਾਂਦਾ ਹੈ ਕਿ ਇਹ ਵਸਤੂ ਬਿਹਤਰ ਨਹੀਂ ਹੈ।
ਦੂਸਰੇ ਵਿਸ਼ਵ ਯੁੱਧ ਦੌਰਾਨ ਹੋਏ ਖ਼ੂਨ-ਖਰਾਬੇ ਤੋਂ ਬਾਅਦ ਅਸੀਂ ਸ਼ਾਂਤੀਪੂਰਨ ਦੁਨੀਆ ਦਾ ਵਾਅਦਾ ਕੀਤਾ ਸੀ। ਅਸੀਂ ਵਾਅਦਾ ਕੀਤਾ ਸੀ ਕਿ ਗ਼ਰੀਬ ਤੇ ਅਮੀਰ ਵਿਚਕਾਰ ਖਾਈ ਖ਼ਤਮ ਹੋਵੇਗੀ। ਵੱਧ ਵਿਕਸਤ ਦੇਸ਼ ਘੱਟ ਵਿਕਸਤ ਦੇਸ਼ਾਂ ਦੀ ਮਦਦ ਕਰਨਗੇ। ਇਹ ਸਾਰੀਆਂ ਗੱਲਾਂ ਮਹਾ-ਝੂਠ ਸਾਬਤ ਹੋਈਆਂ ਹਨ। ਇਕ ਅਜਿਹੀ ਦੁਨੀਆ ਸਾਡੇ ਉੱਪਰ ਥੋਪ ਦਿੱਤੀ ਗਈ ਹੈ, ਜੋ ਕਿਸੇ ਵੀ ਤਰੀਕੇ ਨਾਲ ਨਿਆਂਪੂਰਨ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ। ਇਹ ਕਿਸੇ ਵੀ ਤਰ੍ਹਾਂ ਨਾਲ ਲੋਕ ਪੱਖੀ ਨਹੀਂ ਹੋ ਸਕਦੀ। ਇਹ ਦੁਨੀਆ ਮੌਤ ਦੀ ਅੰਨ੍ਹੀ ਗਲੀ ਵੱਲ ਜਾ ਰਹੀ ਹੈ।…. ਇਸ ਦੌਰ ਵਿਚ ਸਾਨੂੰ ਸਮਾਜਵਾਦ ਦੇ ਸਿਧਾਂਤਾਂ ਅਤੇ ਉਸ ਦੀ ਕਾਰਜ ਵਿਵਸਥਾ ਨੂੰ ਵਿਕਸਤ ਕਰਨਾ ਹੋਵੇਗਾ।
? ਵਿਆਨਾ ਵਿਚ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਹੋਇਆ ਸੀ ਕਿ ‘ਸਮਾਜਵਾਦ’ ਸ਼ਬਦ ਦਾ ਪ੍ਰਯੋਗ ਨਹੀਂ ਹੋਵੇਗਾ ਕਿਉਂਕਿ ਇਹ ਇਕ ਅਜਿਹਾ ਸ਼ਬਦ ਹੈ, ਜੋ ਆਪਣੇ ਅਰਥਾਂ ਵਿਚ ਵੰਡਿਆ ਹੋਇਆ ਹੈ।
ਕਾਸਤਰੋ- ਵੇਖੋ, ਮਾਰਕਸਵਾਦ ਕੀ ਹੈ? ਸਮਾਜਵਾਦ ਕੀ ਹੈ? ਇਹ ਬਹੁਤ ਪਰਿਭਾਸ਼ਤ ਨਹੀਂ ਹੈ। ਸਭ ਤੋਂ ਪਹਿਲਾਂ ਪੂੰਜੀਵਾਦ ਦੀ ਵਿਆਖਿਆ ਲਈ ਰਾਜਨੀਤਕ ਅਰਥ-ਸ਼ਾਸਤਰ ਹੋਂਦ ਵਿਚ ਆਇਆ। ਇਸ ਲਈ ਜ਼ਿੰਮੇਵਾਰ ਵਿਅਕਤੀ ਐਡਮ ਸਮਿਥ ਸੀ। ਇਸੇ ਤਰ੍ਹਾਂ ਅਸੀਂ ਵੀ ਇੱਥੇ ਸਮਾਜਵਾਦ ਦੇ ਨਿਰਮਾਣ ਲਈ ਪੂੰਜੀਵਾਦ ਦੁਆਰਾ ਅਪਨਾਈਆਂ ਗਈਆਂ ਜਮਾਤਾਂ ਨੂੰ ਸਵੀਕਾਰ ਕਰ ਲੈਂਦੇ ਹਾਂ। ਇਨ੍ਹਾਂ ਜਮਾਤਾਂ ਨਾਲ ਸਾਡਾ ਗਹਿਰਾ ਸਰੋਕਾਰ ਹੁੰਦਾ ਹੈ। ਜੇਕਰ ਤੁਸੀਂ ਸਮਾਜਵਾਦ ਦੇ ਨਿਰਮਾਣ ਲਈ ਮਕਾਨਕੀ ਢੰਗ ਨਾਲ ਜਮਾਤਾਂ ਦਾ ਪ੍ਰਯੋਗ ਕਰੋਗੇ ਤਾਂ ਨਿਸ਼ਚਤ ਰੂਪ ਵਿਚ ਤੁਸੀਂ ਸਾਰੀਆਂ ਕਾਰਪੋਰੇਟ ਨੂੰ ਇਕ-ਦੂਸਰੇ ਨਾਲ ਮੁਕਾਬਲਾ ਕਰਨ ਲਈ ਮਜਬੂਰ ਕਰੋਗੇ। ਇਸ ਤਰ੍ਹਾਂ ਇਹ ਅਪਰਾਧੀ ਤੇ ਚੋਰ ਕਾਰਪੋਰੇਟ ਹੋਰ ਵੱਧ ਵਿਕਸਤ ਹੋਣਗੇ। ਇੱਥੋਂ ਖ਼ਰੀਦੇ ਸਾਮਾਨ ਦੀ ਵਿਕਰੀ ਉੱਥੇ ਕਰਨਗੇ। ਇਸ ਮਾਮਲੇ ਨੂੰ ਸਮਝਣ ਲਈ ਗਹਿਰਾਈ ਵਿਚ ਜਾਣ ਦੀ ਲੋੜ ਹੈ।
ਵਿੱਤੀ-ਬਜਟ ਅਤੇ ਸਵੈ- ਵਿੱਤ ਨੂੰ ਲੈ ਕੇ ਇਕ ਵਾਰ ਚੀ-ਗਵੇਰਾ ਬਹੁਤ ਵੱਡੀ ਉਲਝਣ ਵਿਚ ਫਸ ਗਏ ਸਨ। ਅਸੀਂ ਇਸ ਬਾਰੇ ਗੱਲਬਾਤ ਕੀਤੀ। ਸਰਕਾਰ ਵਿਚ ਮੰਤਰੀ ਹੋਣ ਕਾਰਨ ਉਨ੍ਹਾਂ ਕਈ ਏਕਾਧਿਕਾਰਵਾਦੀ ਤੰਤਰਾਂ ਦਾ ਅਧਿਐਨ ਕੀਤਾ ਅਤੇ ਬਾਅਦ ਵਿਚ ਉਨ੍ਹਾਂ ਵਿੱਤੀ-ਬਜਟ ਵਿਧੀ ਦਾ ਪ੍ਰਯੋਗ ਕੀਤਾ। ਸੋਵੀਅਤ ਸੰਘ ਨੇ ਦੂਸਰੀ ਵਿਵਸਥਾ ਦਾ ਪ੍ਰਯੋਗ ਕੀਤਾ ਸੀ। ਇਹ ਲੋਕ ਆਪਣੇ-ਆਪਣੇ ਪੱਖ ਵਿਚ ਇਕ ਮਜ਼ਬੂਤ ਰਾਏ ਰੱਖਦੇ ਸਨ।
ਮਾਰਕਸ ਨੇ ਇਨ੍ਹਾਂ ਵਿਸ਼ਿਆਂ ਬਾਰੇ ਸਰਸਰੀ ਜਿਹਾ ‘ਗੋਥਾ ਪ੍ਰੋਗਰਾਮ ਦੀ ਆਲੋਚਨਾ’ ਵਿਚ ਵਿਚਾਰ ਪੇਸ਼ ਕੀਤਾ ਸੀ। ਇਸ ਵਿਚ ਉਨ੍ਹਾਂ ਇਹ ਪਰਿਭਾਸ਼ਤ ਕਰਨ ਦਾ ਯਤਨ ਕੀਤਾ ਸੀ ਕਿ ਸਮਾਜਵਾਦ ਲਈ ਕੀ ਬਿਹਤਰ ਹੋਵੇਗਾ। ਕਿਉਂਕਿ ਉਹ ਬਹੁਤ ਜ਼ਿਆਦਾ ਬੁੱਧੀਮਾਨ ਵਿਅਕਤੀ ਸਨ। ਯਥਾਰਥ ਬੋਧ ਦੀ ਉਨ੍ਹਾਂ ਨੂੰ ਏਨੀ ਗਹਿਰੀ ਸਮਝ ਸੀ ਕਿ ਉਹ ਸੋਚ ਸਕਦੇ ਸੀ ਕਿ ਸਮਾਜਵਾਦ ਲਈ ਕੀ ਬਿਹਤਰ ਹੋਵੇਗਾ ਤੇ ਇਸੇ ਨੂੰ ਉਹ ‘ਯੂਟੋਪੀਆ’ ਲਿਖ ਸਕਦੇ ਸਨ। ਸਮੱਸਿਆ ਉਨ੍ਹਾਂ ਦੇ ਸਿਧਾਂਤ ਦਾ ਵਿਸ਼ਲੇਸ਼ਣ ਕਰਨ ਵਿਚ ਹੈ ਅਤੇ ਇਸ ਵਿਸ਼ੇ ਬਾਰੇ ਕਈ ਵਿਸ਼ਲੇਸ਼ਣ ਉਪਲਬਧ ਹਨ। ਅਰਾਜਕਤਾਵਾਦੀ ਤੇ ਸਮਾਜਵਾਦੀਆਂ ਵਿਚਕਾਰ ਵਿਵਾਦ ਦਾ ਕਾਰਨ ਇਹੋ ਹੈ। 1917 ਦੀ ਕ੍ਰਾਂਤੀ ਤੋਂ ਬਾਅਦ ਟ੍ਰਾਟਸਕੀਵਾਦੀਆਂ ਤੇ ਸਟਾਲਨਵਾਦੀਆਂ ਵਿਚਕਾਰ ਵਿਵਾਦ ਦਾ ਵੀ ਇਹੋ ਕਾਰਨ ਸੀ।
? ਸਟਾਲਨ ਅਤੇ ਟ੍ਰਾਟਸਕੀ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਕਾਸਤਰੋ- ਬਿਨਾਂ ਸ਼ੱਕ ਦੋਵੇਂ ਮਹਾਨ ਨੇਤਾਵਾਂ ਵਿਚੋਂ ਟ੍ਰਾਟਸਕੀ ਵੱਧ ਬੁਧੀਮਾਨ ਤੇ ਬੌਧਿਕ ਸਨ। ਸਟਾਲਨ ਵਿਹਾਰਕ ਨੇਤਾ ਸਨ। ਉਹ ਸਿਧਾਂਤਵਾਦੀ ਵਿਚਾਰਕ ਨਹੀਂ ਸਨ। ਹਾਲਾਂਕਿ ਕੁਝ ਸਮੇਂ ਬਾਅਦ ਉਨ੍ਹਾਂ (ਸਟਾਲਨ) ਨੇ ਵਿਚਾਰਕ ਦਾ ਰੂਪ ਪ੍ਰਾਪਤ ਕਰਨ
ਦਾ ਯਤਨ ਕੀਤਾ। ਮੈਨੂੰ ਕੁਝ ਪੁਸਤਕਾਂ ਦੀ ਯਾਦ ਆ ਰਹੀ ਹੈ, ਜਿਨ੍ਹਾਂ ਵਿਚ ਸਟਾਲਨ ਨੇ ‘ਦਵੰਦਵਾਦੀ ਭੌਤਿਕਵਾਦ’ ਦੇ ਸਾਰ ਦੀ ਵਿਆਖਿਆ ਦਾ ਯਤਨ ਕੀਤਾ ਸੀ ਅਤੇ ਉਸ ਵਿਚ ਉਨ੍ਹਾਂ ਨੇ ਪਾਣੀ ਨੂੰ ਉਦਾਹਰਣ ਦੇ ਰੂਪ ਵਿਚ ਪੇਸ਼ ਕੀਤਾ ਸੀ। ਇਸ ਤਰ੍ਹਾਂ
ਨਾਲ ਸਟਾਲਨ ਨੂੰ ਵਿਚਾਰਕ ਬਣਾਉਣ ਦਾ ਯਤਨ ਕੀਤਾ ਗਿਆ। ਉਹ ਬਹੁਤ ਜ਼ਿਆਦਾ ਯੋਗਤਾ ਵਾਲੇ ਸੰਗਠਨਕਰਤਾ ਸਨ। ਮੇਰੇ ਵਿਚਾਰ ਅਨੁਸਾਰ ਉਹ ਇਕ ਕ੍ਰਾਂਤੀਕਾਰੀ ਸਨ। ਮੈਂ ਨਹੀਂ ਸੋਚਦਾ ਕਿ ਉਹ ਕਦੇ ਜ਼ਾਰ ਦੀ ਫੌਜ ਵਿਚ ਰਹੇ ਸਨ। ਇਸਦੇ
ਬਾਵਜੂਦ ਉਨ੍ਹਾਂ ਨੇ ਉਹ ਗਲਤੀਆਂ ਕੀਤੀਆਂ, ਜਿਨ੍ਹਾਂ ਬਾਰੇ ਅਸੀਂ ਸਾਰੇ ਜਾਣਦੇ ਹਾਂ- ਦਮਨ, ਸ਼ੁੱਧੀਕਰਨ ਦੀ ਮੁਹਿੰਮ ਅਤੇ ਹੋਰ ਵੀ ਬਹੁਤ ਕੁਝ।
? ਤੇ ਲੈਨਿਨ ਬਾਰੇ ਤੁਹਾਡੇ ਕੀ ਵਿਚਾਰ ਹਨ?
ਕਾਸਤਰੋ- ਲੈਨਿਨ ਇਕ ਪ੍ਰਤਿਭਾਵਾਨ ਤੇ ਖਾਸ ਵਿਅਕਤਿਤਵ ਵਾਲੇ ਵਿਅਕਤੀ ਸਨ। ਜੇਕਰ ਉਹ ਜ਼ਿੰਦਾ ਰਹਿੰਦੇ ਤਾਂ ਉਹ ਨਿਸ਼ਚਤ ਹੀ ਬਹੁਤ ਕੁਝ ਕਰ ਸਕਣ ਦੇ ਸਮੱਰਥ ਸਨ। ਸਿਧਾਂਤ ਹਮੇਸ਼ਾ ਮਦਦ ਨਹੀਂ ਕਰਦਾ। ਉਸ ਦੌਰ ਵਿਚ ਜਦੋਂ ਸਮਾਜਵਾਦੀ ਰਾਜ ਦਾ ਨਿਰਮਾਣ ਹੋ ਰਿਹਾ ਸੀ, ਲੈਨਿਨ ਨੇ 1921 ਵਿਚ ਨਵੀਨ ਆਰਥਕ ਪ੍ਰੋਗਰਾਮ ਨੂੰ ਲਾਗੂ ਕੀਤਾ ਸੀ। ਅਸੀਂ ਵੀ ਇਸ ਸਬੰਧੀ ਕਾਫ਼ੀ ਚਰਚਾ ਕੀਤੀ ਸੀ। ਚੀ-ਗਵੇਰਾ ਨੇ ਖ਼ੁਦ ਇਸ ਨਵੀਨ ਪ੍ਰੋਗਰਾਮ ਨੂੰ ਪਸੰਦ ਨਹੀਂ ਸੀ ਕੀਤਾ।
ਅਸਲ ਵਿਚ ਲੈਨਿਨ ਨੇ ਬਹੁਤ ਹੀ ਬੇਹਤਰੀਨ ਵਿਚਾਰ ਪੇਸ਼ ਕੀਤਾ ਸੀ। ਸਰਵਹਾਰਾ ਦੀ ਨਿਗਰਾਨੀ ਹੇਠ ਪੂੰਜੀਵਾਦ ਦਾ ਨਿਰਮਾਣ। ਯਾਦ ਕਰੋ ਕਿ ਉਸ ਸਮੇਂ ਸਾਰੀਆਂ ਵੱਡੀਆਂ ਤਾਕਤਾਂ ਬਾਲਸ਼ਵਿਕ ਕ੍ਰਾਂਤੀ ਨੂੰ ਨਸ਼ਟ ਕਰ ਦੇਣਾ ਚਾਹੁੰਦੀਆਂ ਸਨ। ਹਰ ਕਿਸੇ ਨੇ ਬਾਲਸ਼ਵਿਕ ਕ੍ਰਾਂਤੀ ‘ਤੇ ਹਮਲੇ ਕੀਤੇ ਸਨ। ਰੂਸ ਪੂਰੇ ਯੂਰਪ ਵਿਚ ਸਭ ਤੋਂ ਘੱਟ ਵਿਕਸਤ ਦੇਸ਼ ਸੀ। ਭਾਵੇਂ ਲੈਨਿਨ ਨੇ ਮਾਰਕਸ ਦੇ ਸਿਧਾਂਤਾਂ ਦਾ ਪ੍ਰਯੋਗ ਕਰਕੇ ਇੱਥੇ ਕ੍ਰਾਂਤੀ ਲੈ ਆਂਦੀ ਪਰ ਉਸ ਸਮੇਂ ਸਭ ਤੋਂ ਗੁੰਝਲਦਾਰ ਸਿਧਾਂਤਕ ਵਿਚਾਰ ਇਹ ਸੀ ਕਿ ਕ੍ਰਾਂਤੀ ਇਕ ਦੇਸ਼ ਵਿਚ ਨਹੀਂ ਆ ਸਕਦੀ। ਕ੍ਰਾਂਤੀ ਸਭ ਤੋਂ ਪਹਿਲਾਂ ਵਿਕਸਤ ਉਦਯੋਗਿਕ ਦੇਸ਼ਾਂ ਵਿਚ ਆਵੇਗੀ, ਜਿਥੇ ਉਤਪਾਦਨ ਸ਼ਕਤੀਆਂ ਸਭ ਨਾਲੋਂ ਵੱਧ ਚੇਤਨਾ ਸੰਪੰਨ ਹੁੰਦੀਆਂ ਹਨ। ਇਸ ਤਰ੍ਹਾਂ ਦੀ ਮਹਾਨ ਦੁਬਿਧਾ ਵਿਚ ਵੀ ਸਭ ਤੋਂ ਪਹਿਲਾਂ ਕ੍ਰਾਂਤੀ ਰੂਸ ਵਿਚ ਹੋਈ। ਇਸ ਤੋਂ ਬਾਅਦ ਵੱਡਾ ਸਵਾਲ ਇਹ ਸੀ ਕਿ ਕਿਹੜੇ ਰਸਤੇ ਦਾ ਅਨੁਕਰਨ ਕੀਤਾ ਜਾਵੇ। ਜਦੋਂ ਬਾਕੀ ਯੂਰਪ ਵਿਚ ਕ੍ਰਾਂਤੀਕਾਰੀ ਅੰਦੋਲਨਾਂ ਦਾ ਪਤਨ ਹੋ ਚੁੱਕਾ ਸੀ, ਲੈਨਿਨ ਕੋਲ ਹੋਰ ਕੋਈ ਬਦਲ ਨਹੀਂ ਸੀ ਬਚਿਆ। ਉਨ੍ਹਾਂ ਨੇ ਇਕ ਦੇਸ਼ ਵਿਚ ਸਮਾਜਵਾਦ ਦੇ ਨਿਰਮਾਣ ਦਾ ਯਤਨ ਕੀਤਾ। ਅਪਣਾ ਸਿਧਾਂਤ ਵਿਕਸਤ ਕੀਤਾ। ਕਲਪਨਾ ਕਰੋ ਕਿ ਇਕ ਅਜਿਹੇ ਮੁਲਕ ਵਿਚ ਸਮਾਜਵਾਦ ਦਾ ਨਿਰਮਾਣ ਕੀਤਾ ਜਾ ਰਿਹਾ ਸੀ, ਜਿਥੇ ਅਣਪੜ੍ਹਤਾ ਦੀ ਦਰ 80 ਫੀਸਦੀ ਸੀ। ਸਥਿਤੀ ਵੀ ਅਜਿਹੀ ਸੀ ਕਿ ਹਰ ਕੋਈ ਲੈਨਿਨ ‘ਤੇ ਹਮਲਾ ਕਰ ਰਿਹਾ ਸੀ। ਦੇਸ਼ ਵਿਚ ਜਿਹੜੇ ਵੀ ਬੁੱਧੀਮਾਨ ਵਿਅਕਤੀ ਬਚੇ ਸਨ, ਉਹ ਜਾਂ ਤਾਂ ਉਥੋਂ ਚਲੇ ਗਏ ਸਨ ਅਤੇ ਜਾਂ ਫਿਰ ਉਨ੍ਹਾਂ ਨੂੰ ਸਜ਼ਾ ਹੋ ਚੁੱਕੀ ਸੀ।
? ਕੀ ਸੱਚਮੁਚ ਇਹ ਘਾਤਕ ਬਹਿਸਾਂ ਵਾਲਾ ਭਿਆਨਕ ਸਮਾਂ ਸੀ?
ਕਾਸਤਰੋ- ਇਸ ਤਰ੍ਹਾਂ ਦੇ ਕਈ ਵਿਵਾਦ ਸਨ। ਉਸ ਸਮੇਂ ਲੈਨਿਨ ਦੀ ਮੌਤ ਹੋਈ। ਮੇਰੀ ਰਾਏ ਵਿਚ ‘ਨਵੀਨ ਆਰਥਕ ਪ੍ਰੋਗਰਾਮ’ ਨੂੰ ਲਾਗੂ ਕਰਨ ਦੇ ਦਸ ਸਾਲਾਂ ਤਕ ਸੋਵੀਅਤ ਸੰਘ ਨੇ ਖੇਤੀ ਤੇ ਕਿਸਾਨ ਸਹਿਕਰਤਾਵਾਂ ਨੂੰ ਸਥਾਪਤ ਕਰਨ ਵਿਚ ਸਮਾਂ ਬਰਬਾਦ ਕਰ ਦਿੱਤਾ। ਇਨ੍ਹਾਂ ਪਰਸਥਿਤੀਆਂ ਵਿਚ ਨਿੱਜੀ ਪੱਧਰ ‘ਤੇ ਵੱਧ ਉਤਪਾਦਨ ਹੋ ਸਕਦਾ ਸੀ। ਸਮੂਹੀਕਰਨ ਵਿਚ ਭਿਆਨਕ ਉਤਾਵਲਾਪਨ ਵਿਖਾਇਆ ਗਿਆ। ਕਿਊਬਾ ਵਿਚ ਹਮੇਸ਼ਾ ਅਜਿਹਾ ਰਿਹਾ ਹੈ ਕਿ ਇੱਥੇ ਪੂਰਬ ਵਿਚ ਇਕ ਲੱਖ ਵਿਅਕਤੀ ਭੂਮੀ ਮਾਲਕ ਸਨ। ਸੰਨ 1959 ਵਿਚ ਅਸੀਂ ਪਹਿਲਾ ਕੰਮ ਇਹ ਕੀਤਾ ਕਿ ਜੋ ਵੀ ਕਿਰਾਏ ਦੀ ਜ਼ਮੀਨ ‘ਤੇ ਜਾਂ ਫਸਲ ਦੇ ਹਿੱਸੇਦਾਰ ਦੇ ਰੂਪ ਵਿਚ ਕੰਮ ਕਰ ਰਹੇ ਸਨ, ਉਹ ਪਹਿਲਾਂ ਵਾਂਗ ਹੀ ਕੰਮ ਕਰਦੇ ਰਹੇ।
? ਕੀ ਤੁਸੀਂ ਸੋਚਦੇ ਹੋ ਕਿ ਅਜੋਕੇ ਦੌਰ ਵਿਚ ਅਸੀਂ ਵਿਚਾਰਧਾਰਕ ਭੁਲੇਖਿਆਂ ਵਿਚ ਜੀਅ ਰਹੇ ਹਾਂ?
ਕਾਸਤਰੋ- ਹਾਂ, ਮੰਨਦਾ ਹਾਂ। ਵਿਚਾਰਧਾਰਕ ਪੱਧਰ ‘ਤੇ ਅੱਜ ਬਹੁਤ ਜ਼ਿਆਦਾ ਭੰਬਲਭੂਸਾ ਮੌਜੂਦ ਹੈ। ਜਿਸ ਦੁਨੀਆ ਵਿਚ ਅਸੀਂ ਅੱਜ ਰਹਿ ਰਹੇ ਹਾਂ, ਇਹ ਬਹੁਤ ਵੱਖਰੀ ਹੈ। ਕਈ ਸਮੱਸਿਆਵਾਂ ਹਨ। ਸਾਡੇ ਸਮਿਆਂ ਦੇ ਵੱਡੇ ਸਿਆਸੀ ਤੇ ਸਮਾਜਕ ਚਿੰਤਕਾਂ ਦੇ ਵਿਚਾਰਾਂ ਵਿਚ ਵੱਡੇ ਖੱਪੇ ਹਨ। ਇਨ੍ਹਾਂ ਖੱਪਿਆਂ ਕਾਰਨ ਉਹ ਆਪਣੇ ਗਿਆਨ ਦੁਆਰਾ ਲੋਕਾਂ ਵਿਚ ਕ੍ਰਾਂਤੀਕਾਰੀ ਚੇਤਨਾ ਨਹੀਂ ਫੈਲਾਅ ਰਹੇ।
ਅੱਜ ਲੋਕ ਘੱਟ ਵਿਕਾਸ, ਬਿਮਾਰੀਆਂ ਤੇ ਅਣਪੜ੍ਹਤਾ ਖਿਲਾਫ਼ ਲੜ ਰਹੇ ਹਨ, ਪਰ ਜਿਸ ਨੂੰ ਅਸੀਂ ਮਨੁੱਖਤਾ ਸਾਹਮਣੇ ਪੈਦਾ ਹੋਈਆਂ ਸਮੱਸਿਆਵਾਂ ਦਾ ਵਿਸ਼ਵੀ ਹੱਲ ਕਹਿ ਸਕਦੇ ਹਾਂ ਅਜੇ ਤਕ ਸਾਹਮਣੇ ਨਹੀਂ ਆਇਆ। ਮਨੁੱਖਤਾ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕੇਵਲ ਇਕ ਮੁਲਕ ਦੇ ਆਧਾਰ ‘ਤੇ ਨਹੀਂ ਲੱਭਿਆ ਜਾ ਸਕਦਾ। ਅੱਜ ਵਿਸ਼ਵ ਪੱਧਰ ‘ਤੇ ਪਹਿਲਾਂ ਨਾਲੋਂ ਕਿਤੇ ਵੱਧ ਤਾਨਾਸ਼ਾਹੀ ਕਾਇਮ ਹੈ। ‘ਨਵ-ਉਦਾਰਵਾਦੀ ਵਿਸ਼ਵੀਕਰਨ’ ਨੂੰ ਸਾਮਰਾਜ ਤੇ ਉਸ ਦੇ ਸਹਿਯੋਗੀਆਂ ਦਾ ਸਮੱਰਥਨ ਪ੍ਰਾਪਤ ਹੈ। ਵਿਸ਼ਵ ਵਪਾਰ ਸੰਗਠਨ, ਵਿਸ਼ਵ ਬੈਂਕ, ਅੰਤਰ-ਰਾਸ਼ਟਰੀ ਮੁਦਰਾ ਕੋਸ਼ ਅਸਿੱਧੇ ਤੌਰ ‘ਤੇ ਤਾਨਾਸ਼ਾਹੀ, ਪ੍ਰਭੂਸੱਤਾ ਤੇ ਸ਼ੋਸ਼ਣ ਤੰਤਰ ਦੇ ਅਧੀਨ ਕਾਰਜ ਕਰ ਰਹੇ ਹਨ। ਇਹ ਬਸਤੀਵਾਦੀ ਦਾਸਤਾਨ ਦੇ ਮਹਾ ਭਿਆਨਕ ਨਤੀਜਿਆਂ ਨਾਲੋਂ ਵੀ ਬੁਰਾ ਹੈ।
ਕਈ ਲੋਕ ਆਪਣੇ ਆਪ ਨੂੰ ਇਸ ਮੌਜੂਦਾ ਤਾਨਾਸ਼ਾਹੀ ਤੋਂ ਮੁਕਤ ਕਰਨ ਦਾ ਯਤਨ ਕਰ ਰਹੇ ਹਨ। ਤੁਸੀਂ ਜਾਣਦੇ ਹੋ ਕਿ ਕਿੰਨੇ ਲੋਕਾਂ ਨੇ ਪੋਟਰੋ ਅਲੇਗਰੇ ਵਿਚ ਅਤੇ 2004 ਵਿਚ ਮੁੰਬਈ ਵਿਚ ‘ਵਿਸ਼ਵ ਸਮਾਜਕ ਮੰਚ’ (ਰੁਛ) ਰਾਹੀਂ ਸ਼ਿਰਕਤ ਕੀਤੀ ਸੀ। ਇਸ ਉਦਾਰਵਾਦੀ ਵਿਸ਼ਵੀਕਰਨ ਬਾਰੇ ਮੈਂ ਬਹੁਤ ਸਾਰੇ ਲੇਖ ਪੜ੍ਹਦਾ ਰਹਿੰਦਾ ਹਾਂ। ਇਸ ਤੋਂ ਇਲਾਵਾ ਇਸ ਸੰਬੰਧੀ ਹੋਰ ਸਮੱਗਰੀ ਦਾ ਵੀ ਮੈਂ ਅਧਿਐਨ ਕੀਤਾ ਹੈ।
ਪਿਛਲੇ ਕਈ ਸਾਲਾਂ ਤੋਂ ਸਾਡੇ ਸਹਿਯੋਗੀ ਮੱਧਮਾਰਗੀ ਤੇ ਪਿਛਾਂਹ ਖਿੱਚੂ ਪੱਤ੍ਰਿਕਾਵਾਂ ਵਿਚ ਛਪੇ ਲੇਖ ਪੜ੍ਹ ਰਹੇ ਹਨ। ਅਸੀਂ ਲਗਾਤਾਰ ਆਰਥਕ ਸਮੱਸਿਆਵਾਂ ਦਾ ਵਿਸ਼ਲੇਸ਼ਣ ਸਾਰੀਆਂ ਹਫ਼ਤਾਵਾਰੀ ਤੇ ਰੋਜ਼ਾਨਾ ਪੱਤ੍ਰਿਕਾਵਾਂ ਵਿਚ ਵੇਖਦੇ ਰਹੇ ਹਾਂ। ਇਸ ਅਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਹੁਣ ਲੋਕਾਂ ਲਈ ਸਮੱਸਿਆਵਾਂ ਨੂੰ ਸਮਝਣਾ ਔਖਾ ਹੋ ਗਿਆ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਬਹੁਤੇ ਦੇਸ਼ਾਂ ਵਿਚ ਜ਼ਿਆਦਾਤਰ ਆਬਾਦੀ ਨੂੰ ਆਰਥਕਤਾ ਨਾਲ ਸਬੰਧਤ ਸਿਖਿਆ ਹੀ ਪ੍ਰਦਾਨ ਨਹੀਂ ਕੀਤੀ ਜਾ ਰਹੀ। ਇਹੋ ਹਾਲ ਸਿਆਸੀ ਸਿਖਿਆ ਦਾ ਹੈ।
? ਕੀ ਤੁਸੀਂ ਧਾਰਮਕ ਕੱਟੜਪੁਣੇ ਦੇ ਸਖ਼ਤ ਖ਼ਿਲਾਫ਼ ਹੋ?
ਕਾਸਤਰੋ- ਹਾਂ ਮੈਂ ਹਰ ਕਿਸਮ ਦੇ ਕੱਟੜਪੁਣੇ ਦਾ ਵਿਰੋਧੀ ਹਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕਿਥੇ-ਕਿਥੇ ਸਾਡੇ ਵਿਸ਼ਵਾਸ ਝੂਠੇ ਹਨ। ਵਿਚਾਰਾਂ ਦੀ ਅਦਭੁਤ ਸ਼ਕਤੀ ਨਾਲ ਅਸੀਂ ਪਿਛਲੇ ਸਮੇਂ ਦੌਰਾਨ ਬਹੁਤ ਕੁਝ ਸਿਖਿਆ ਹੈ। ਅਸੀਂ ਹਮੇਸ਼ਾ ਲੋਕਾਂ ਨੂੰ ਸਹੀ ਤੌਰ ‘ਤੇ ਸਿਖਿਅਤ ਕਰਨ ਦਾ ਯਤਨ ਕਰਦੇ ਰਹੇ ਹਾਂ। ਖ਼ਾਸ ਤੌਰ ‘ਤੇ ਨਵੀਂ ਪੀੜ੍ਹੀ ਨੂੰ ਤਾਂ ਅਸੀਂ ਹੋਰ ਵੱਧ ਸਿਖਿਅਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਮੌਜੂਦਾ ਵਿਸ਼ਵੀਕ੍ਰਿਤ ਦੁਨੀਆ ਤੁਹਾਨੂੰ ਮਜਬੂਰ ਕਰ ਰਹੀ ਹੈ ਕਿ ਤੁਸੀਂ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰੋ, ਜਿਸ ਨਾਲ ਸਾਡੇ ਸਾਹਮਣੇ ਮੌਜੂਦ ਸਮੱਸਿਆਵਾਂ ਨੂੰ ਵੇਖਿਆ ਜਾ ਸਕੇ ਅਤੇ ਇਨ੍ਹਾਂ ਦਾ ਕੋਈ ਵਿਸ਼ਵੀ ਹੱਲ ਲੱਭਿਆ ਜਾ ਸਕੇ।
? ਇਹ ਹੱਲ ਕਿਸ ਤਰ੍ਹਾਂ ਦੇ ਹੋਣਗੇ?
ਕਾਸਤਰੋ- ਅਸੀਂ ਇਤਿਹਾਸ ਦੁਆਰਾ ਇਹ ਜਾਣਦੇ ਹਾਂ ਕਿ ਮਨੁੱਖ ਜਾਤੀ ਬਾਕੀ ਪਰਜਾਤੀਆਂ ਦੇ ਮੁਕਾਬਲਤਨ ਨਵੀਂ ਹੈ। ਉਤਪਤੀ ਦੇ ਵਿਭਿੰਨ ਦੌਰਾਂ ਦੀ ਲੱਖਾਂ ਸਾਲਾਂ ਦੀ ਪਰਕਿਰਿਆ ਦੀ ਤੁਲਨਾ ਵਿਚ ਇਸ ਜਾਤੀ ਦੀ ਉਮਰ ਬਹੁਤ ਘੱਟ ਹੈ।
ਅਪਣੀਆਂ ਸਾਰੀਆਂ ਬੌਧਿਕ ਯੋਗਤਾਵਾਂ ਨਾਲ ਅੱਜ ਦਾ ਮਨੁੱਖ ਲਗਭਗ ਇਕ ਲੱਖ ਸਾਲ ਪੁਰਾਣਾ ਹੈ। ਅਸੀਂ ਜਾਣਦੇ ਹਾਂ ਕਿ ਜੀਵਨ ਦੀ ਉਤਪੱਤੀ ਕਈ ਵਾਰ ਓਲਕਾ ਪਿੰਡਾਂ ਦੁਆਰਾ ਤਹਿਸ ਨਹਿਸ ਕੀਤੀ ਗਈ- ਵਿਗਿਆਨੀ ਦੱਸਦੇ ਹਨ ਕਿ ਇਹ ਇਕ ਵੱਡੇ ਪ੍ਰਮਾਣੂ ਵਿਸਫੋਟ ਦੇ ਬਰਾਬਰ ਸੀ, ਜਿਸ ਨਾਲ ਇਸ ਗ੍ਰਹਿ ਦਾ ਵਾਤਾਵਰਣ ਧੂੜ ਨਾਲ ਭਰ ਗਿਆ ਸੀ ਅਤੇ ਪੂਰੀ ਧਰਤੀ ਕਈ ਹਫ਼ਤਿਆਂ ਤਕ ਹਨੇਰੇ ਵਿਚ ਡੁੱਬ ਗਈ ਸੀ। ਕੌਣ ਜਾਣਦਾ ਹੈ ਕਿ ਇਸ ਨਾਲ ਕਿੰਨੀਆਂ ਪ੍ਰਜਾਤੀਆਂ ਦੇ ਡਾਇਨਾਰਸੌਰ ਅਤੇ ਇਸੇ ਤਰ੍ਹਾਂ ਦੇ ਹੋਰ ਜੀਵ ਖ਼ਤਮ ਹੋ ਗਏ। ਫਿਰ ਦੂਸਰੇ ਕਿਸਮ ਦੇ ਜੀਵਾਂ ਦੀ ਉਤਪਤੀ ਹੋਈ… ਪਰ ਉਸ ਸਮੇਂ ਤਕ ਵੀ ਮਨੁੱਖ ਜਾਤੀ ਦੀ ਹੋਂਦ ਨਹੀਂ ਸੀ।
ਅੱਜ ਦੀ ਦੁਨੀਆ ਸਾਹਮਣੇ ਨਵਾਂ ਖ਼ਤਰਾ ਹੈ। ਸਾਡੀ ਆਬਾਦੀ ਸੱਤ ਅਰਬ ਤੋਂ ਵੱਧ ਹੈ ਅਤੇ ਹਰ ਸਾਲ ਬੜੀ ਤੇਜ਼ੀ ਨਾਲ ਆਬਾਦੀ ਵੱਧ ਰਹੀ ਹੈ। ਮੇਰੇ ਕੋਲ ਤਿੰਨ ਘੜੀਆਂ ਹਨ, ਜੋ ਥੋੜ੍ਹੇ ਬਹੁਤ ਫਰਕ ਨਾਲ ਹਰ ਰੋਜ਼ ਹੋਣ ਵਾਲੀ ਵਿਸ਼ਵ ਪੱਧਰ ‘ਤੇ ਜਨਸੰਖਿਆ ਦੇ ਵਾਧੇ ਬਾਰੇ ਦੱਸਦੀਆਂ ਹਨ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਚੀਨ ਨੇ ਆਪਣੀ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਸਾਰਥਕ ਯਤਨ ਕੀਤੇ ਹਨ। ਇਸ ਦੇ ਬਾਵਜੂਦ ਸਾਡੇ ਗ੍ਰਹਿ ਦੀ ਅਬਾਦੀ 7 ਅਰਬ ਤੋਂ ਵੱਧ ਗਈ ਹੈ।
ਵਿਸ਼ਵੀਕਰਨ ਲਗਾਤਾਰ ਇਨ੍ਹਾਂ ਭਿਆਨਕ ਸੱਚਾਈਆਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਕੌਮਾਂਤਰੀ ਮੁਦਰਾ ਕੋਸ਼ ਦਾ ਸ਼ਾਸਨ ਕਈ ਦੇਸ਼ਾਂ ਨੂੰ ਨਿਰਦੇਸ਼ਤ ਕਰ ਰਿਹਾ ਹੈ ਅਤੇ ਵਿਸ਼ਾਲ ਗਿਣਤੀ ਲੋਕਾਂ ਨੂੰ ਨਰਕ ਵਿਚ ਝੋਕ ਰਿਹਾ ਹੈ। ਇਸ ਤਰ੍ਹਾਂ ਸਾਮਰਾਜਵਾਦ, ਜਿਸ ਦੀ ਰੁਚੀ ਕੇਵਲ ਵੱਡੀਆਂ ਕਾਰਪੋਰੇਸ਼ਨਾਂ ਦੇ ਹਿਤਾਂ ਨੂੰ ਸੁਰੱਖਿਅਤ ਕਰਨ ਵਿਚ ਹੈ ਅਤੇ ਉਹ ਸਭ ਕੁਝ ਹਰ-ਇਕ ਵਿਅਕਤੀ ਦੀ ਕੀਮਤ ‘ਤੇ ਕਰ ਰਿਹਾ ਹੈ। ਉਹ (ਅਮਰੀਕਾ) ਜਿਸ ‘ਤੇ ਵੀ ਚਾਹੁੰਦੇ ਹਨ, ਟੈਕਸ ਲਗਾ ਦਿੰਦੇ ਹਨ। ਉਨ੍ਹਾਂ ਕੈਨੇਡਾ ‘ਤੇ ਵੀ ਲੱਕੜੀ ਦੀ ਦਰਾਮਦ ‘ਤੇ 30 ਫੀਸਦੀ ਦਾ ਟੈਕਸ ਥੋਪ ਦਿੱਤਾ ਹੈ, ਜਿਸ ਨਾਲ ਕਈ ਅਰਬ ਡਾਲਰ ਦਾ ਬਾਜ਼ਾਰ ਪ੍ਰਭਾਵਤ ਹੋਇਆ ਸੀ।
ਪੂਰੀ ਦੁਨੀਆ ਵਿਚ, ਵੱਖ-ਵੱਖ ਮੁਲਕਾਂ ਵਿਚ ਮਜ਼ਬੂਤ ਰਾਸ਼ਟਰੀ ਭਾਵਨਾਵਾਂ ਵਿਕਸਤ ਹੋ ਰਹੀਆਂ ਹਨ। ਇਹ ਕੋਈ ਚੰਗੀ ਗੱਲ ਨਹੀਂ ਹੈ। ਇਸ ਸਮੇਂ ਸਾਡੀਆਂ ਚਿੰਤਾਵਾਂ ਤੇ ਸਰੋਕਾਰ ਰਾਸ਼ਟਰੀ ਨਹੀਂ ਸਗੋਂ ਅੰਤਰ-ਰਾਸ਼ਟਰੀ ਹਨ। ਦੁਨੀਆ ਵਿਚ ਹੁਣ ਅੰਤਰ-ਰਾਸ਼ਟਰੀ ਭਾਵਨਾਵਾਂ ਵਿਕਸਤ ਹੋਣੀਆਂ ਚਾਹੀਦੀਆਂ ਹਨ। ਜੇਕਰ ਅਸੀਂ ਅੰਤਰ-ਰਾਸ਼ਟਰਵਾਦੀ ਨਹੀਂ ਹੋਵਾਂਗੇ ਤਾਂ ਅਸੀਂ ਵਿਸ਼ਵ-ਭਾਈਚਾਰੇ ਦਾ ਅਨੁਕਰਨ ਨਹੀਂ ਕਰ ਸਕਾਂਗੇ। ਜਾਂ ਅਸੀਂ ਦੂਸਰੇ ਮੁਲਕਾਂ ਨੂੰ ਦੋਸ਼ੀ ਠਹਿਰਾਉਣ ਲੱਗ ਪਵਾਂਗੇ। ਇਹ ਬਿਲਕੁਲ ਉਸੇ ਤਰ੍ਹਾਂ ਹੋਵੇਗਾ ਜਿਵੇਂ ਫਾਸ਼ੀਵਾਦ ਲਈ ਪੂਰੇ ਜਰਮਨੀ ਦੇ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ। ਹਾਲਾਂਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਰਮਨ ਦੇ ਅਨੇਕ ਨਾਗਰਿਕਾਂ ਨੇ ਇਸ ਵਿਕਰਾਲਤਾ ਦਾ ਖੰਡਨ ਕੀਤਾ ਸੀ।
? ਕਿਊਬਾ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਇਰਾਨ ਨੂੰ ਤਕਨੀਕ ਦੇ ਨਾਲ-ਨਾਲ ਕਈ ਤਰ੍ਹਾਂ ਦੀ ਮਦਦ ਦਿੱਤੀ ਹੈ?
ਕਾਸਤਰੋ- ਹਾਂ, ਸਾਡੇ ਉੱਪਰ ਇਸ ਤਰ੍ਹਾਂ ਦੇ ਬੜੇ ਦੋਸ਼ ਲਗਾਏ ਗਏ ਹਨ। ਸਾਡੇ ‘ਤੇ ਦੋਸ਼ ਲਗਾਇਆ ਗਿਆ ਹੈ ਅਸੀਂ ਇਰਾਨ ਨਾਲ ਸਮਝੌਤਾ ਕੀਤਾ ਹੈ। ਜੀ ਹਾਂ, ਅਸੀਂ ਇਰਾਨ ਨਾਲ ਸਹਿਯੋਗ ਕੀਤਾ ਹੈ, ਪਰ ਇਹ ਪ੍ਰਮਾਣੂ ਊਰਜਾ ਬਾਰੇ ਨਹੀਂ ਸਗੋਂ ਅਸੀਂ ਇਰਾਨ ਦੇ ਸਹਿਯੋਗ ਨਾਲ ਕੈਂਸਰ ਦੇ ਇਲਾਜ ਲਈ ਪ੍ਰਯੋਗ ਹੋਣ ਵਾਲੀਆਂ ਦਵਾਈਆਂ ਦੇ ਇਕ ਕਾਰਖਾਨੇ ਦਾ ਨਿਰਮਾਣ ਕਰ ਰਹੇ ਹਾਂ। ਜਿਸ ਤਰ੍ਹਾਂ ਅਸੀਂ ਪ੍ਰਮਾਣੂ ਅਪ੍ਰਸਾਰ ਸੰਧੀ ‘ਤੇ ਦਸਤਖ਼ਤ ਕੀਤੇ, ਉਸੇ ਤਰ੍ਹਾਂ ਇਰਾਨ ਨੇ ਵੀ ਇਸ ਸੰਧੀ ‘ਤੇ ਦਸਤਖ਼ਤ ਕੀਤੇ ਹਨ। ਅਸੀਂ ਕਦੇ ਵੀ ਪ੍ਰਮਾਣੂ ਹਥਿਆਰਾਂ ਦੇ ਨਿਰਮਾਣ ਦੇ ਵਿਚਾਰ ਨੂੰ ਨਹੀਂ ਸਵੀਕਾਰਾਂਗੇ ਕਿਉਂਕਿ ਸਾਨੂੰ ਇਸ ਦੀ ਲੋੜ ਹੀ ਨਹੀਂ ਹੈ। ਪ੍ਰਮਾਣੂ ਹਥਿਆਰਾਂ ਨੂੰ ਵਿਕਸਤ ਕਰਨ ਨਾਲ ਕੀ ਹਾਸਲ ਹੋਵੇਗਾ ਜਦੋਂ ਕਿ ਸਾਡੇ ਦੁਸ਼ਮਣਾਂ ਕੋਲ ਤਾਂ ਇਹ ਹਜ਼ਾਰਾਂ ਦੀ ਤਾਦਾਦ ਵਿਚ ਹਨ। ਇਸ ਤਰ੍ਹਾਂ ਤਾਂ ਇਕ ਵਾਰ ਫੇਰ ਹਥਿਆਰਾਂ ਦੀ ਅੰਨ੍ਹੀ ਦੌੜ ਸ਼ੁਰੂ ਹੋ ਜਾਵੇਗੀ। ਕਿਸੇ ਨੂੰ ਵੀ ਪ੍ਰਮਾਣੂ ਹਥਿਆਰ ਵਿਕਸਤ ਕਰਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਅਸੀਂ ਇਸ ਦੇ ਵਿਰੋਧ ਵਿਚ ਹਮੇਸ਼ਾ ਬੋਲਦੇ ਰਹਾਂਗੇ। ਸਾਨੂੰ ਇਨ੍ਹਾਂ ਸਾਰੀਆਂ ਮੂਰਖ਼ਤਾਵਾਂ ‘ਤੇ ਰੋਕ ਲਗਾਉਣ ਦੀ ਲੋੜ ਹੈ, ਜਿਸ ਨੂੰ ਸਾਮਰਾਜਵਾਦ ਪੂਰੀ ਦੁਨੀਆ ਵਿਚ ਦਹਿਸ਼ਤ ਜ਼ੋਰ ਨਾਲ ਫੈਲਾਅ ਰਿਹਾ ਹੈ। ਵੱਧ ਤੋਂ ਵੱਧ ਮੁਲਕਾਂ ਦੇ ਇਕੱਠੇ ਹੋਣ ਨਾਲ ਇਹ ਡਰ ਘਟੇਗਾ। ਜਿਉਂ-ਜਿਉਂ ਵੱਧ ਤੋਂ ਵੱਧ ਮੁਲਕ ਵਿਦਰੋਹੀ ਹੋਣਗੇ, ਤਿਉਂ-ਤਿਉਂ ਸਾਮਰਾਜ ਆਪਣੀ ਘ੍ਰਿਣਤ ਤੇ ਤ੍ਰਿਸਕਾਰਤ ਵਿਵਸਥਾ ਨੂੰ ਜਾਰੀ ਰੱਖਣ ਦੇ ਯੋਗ ਨਹੀਂ ਰਹੇਗਾ। ਮੈਂ ਸੋਚਦਾ ਹਾਂ ਕਿ ਸਾਮਰਾਜ ਹੁਣ ਜਾਂ ਬਾਅਦ ਵਿਚ ਲੋਕਾਂ ਦਾ ਦੇਵਤਾ ਨਹੀਂ ਬਣ ਸਕਦਾ।
? ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਸਮਾਜਵਾਦੀ ਮੁਲਕਾਂ ਨੇ ਵਾਤਾਵਰਣ ਦੇ ਮੁੱਦੇ ‘ਤੇ ਧਿਆਨ ਨਹੀਂ ਦਿੱਤਾ। ਕੀ ਕਿਊਬਾ ਵਿਚ ਵਾਤਾਵਰਣ ‘ਤੇ ਧਿਆਨ ਦਿੱਤਾ ਗਿਆ?
ਕਾਸਤਰੋ- ਅਸੀਂ ਕਿਊਬਾ ਵਿਚ ਮੌਸਮ ਵਿਚ ਆਉਣ ਵਾਲੀ ਤਬਦੀਲੀ ਬਾਰੇ ਪੜਤਾਲ ਸ਼ੁਰੂ ਕੀਤੀ ਹੋਈ ਹੈ। ਸਮੁੰਦਰ ਤਲ ਵਿਚ ਆਏ ਪਰਿਵਰਤਨਾਂ ਬਾਰੇ ਵੀ ਅਸੀਂ ਜਾਂਚ ਸ਼ੁਰੂ ਕੀਤੀ ਹੈ। ਸੱਚ ਤਾਂ ਇਹ ਹੈ ਕਿ ਵਾਤਾਵਰਣ ਬਾਰੇ ਸਾਡੇ ਮੁਲਕ ਵਿਚ ਚੇਤਨਾ ਦਾ ਪਾਸਾਰ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਲੋਕ ਸਿਖਿਅਤ ਹੋ ਰਹੇ ਹਨ ਤੇ ਟੈਲੀਵਿਜ਼ਨ ‘ਤੇ ਇਸ ਵਿਸ਼ੇ ਸੰਬੰਧੀ ਲਗਾਤਾਰ ਪ੍ਰੋਗਰਾਮ ਚੱਲਦੇ ਰਹਿੰਦੇ ਹਨ। ਸਾਡੇ ਸਾਰੇ ਬੱਚੇ ਇਸ ਵਿਸ਼ੇ ਸੰਬੰਧੀ ਪੜ੍ਹਾਈ ਲਾਜ਼ਮੀ ਵਿਸ਼ੇ ਵਜੋਂ ਕਰ ਰਹੇ ਹਨ।
ਦੁਨੀਆ ‘ਤੇ ਕਈ ਨਵੀਆਂ ਤੇ ਪੁਰਾਣੀਆਂ ਬਿਮਾਰੀਆਂ ਦਾ ਖ਼ਤਰਾ ਮੰਡਰਾ ਰਿਹਾ ਹੈ। ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਮੌਸਮ ਵਿੱਚ ਵੱਡੀਆਂ ਤਬਦੀਲੀਆਂ ਵਾਪਰ ਰਹੀਆਂ ਹਨ। ਹਵਾ, ਪਾਣੀ ਤੇ ਸਮੁੰਦਰ ਹਰ ਦਿਨ ਗੰਧਲੇ ਹੋ ਰਹੇ ਹਨ।
ਇਨ੍ਹਾਂ ਮਸਲਿਆਂ ‘ਤੇ ਕਾਰਵਾਈ ਕਰਨ ਦੇ ਸੰਯੁਕਤ ਰਾਸ਼ਟਰ ਸੰਘ ਦੇ ਅਧਿਕਾਰ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਸੰਸਥਾ ਨੂੰ ਜਾਣ ਬੁੱਝ ਕੇ ਕਿਨਾਰੇ ਕੀਤਾ ਗਿਆ ਹੈ ਅਤੇ ਇਹ ਨਸ਼ਟ ਹੋ ਰਹੀ ਹੈ। ਤੀਸਰੀ ਦੁਨੀਆ ਦੇ ਮੁਲਕਾਂ ਨੇ 2.5 ਟ੍ਰੀਲੀਅਨ ਡਾਲਰ ਦਾ ਕਰਜ਼ਾ ਮੋੜਨਾ ਹੈ, ਜੋ ਕਿ ਵਰਤਮਾਨ ਸਥਿਤੀ ਵਿਚ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ। ਦੂਸਰੇ ਪਾਸੇ ਇਕ ਟ੍ਰੀਲੀਅਨ ਡਾਲਰ ਮਾਰੂ ਹਥਿਆਰਾਂ ‘ਤੇ ਖ਼ਰਚ ਹੋ ਰਿਹਾ ਹੈ। ਇਹ ਸਭ ਕਿਉਂ ਤੇ ਕਾਹਦੇ ਲਈ?
ਬਿਲਕੁਲ ਏਨੀ ਹੀ ਰਕਮ ਕਾਰੋਬਾਰੀ ਵਿਗਿਆਪਨਾਂ ‘ਤੇ ਖ਼ਰਚ ਹੋ ਰਹੀ ਹੈ, ਜੋ ਕਰੋੜਾਂ ਲੋਕਾਂ ਵਿਚ ਉਪਭੋਗੀ ਲਾਲਸਾ ਪੈਦਾ ਕਰਦੇ ਹਨ, ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਇਹ ਸਭ ਕਿਉਂ?
ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮਨੁੱਖ ਜਾਤੀ ਸਮਾਪਤੀ ਦੇ ਹਕੀਕੀ ਖ਼ਤਰੇ ਸਾਹਮਣੇ ਖੜੀ ਹੈ। ਸਵੈ-ਵਿਨਾਸ਼, ਕਿਉਂਕਿ ਇਸ ਅਖੌਤੀ ‘ਸਭਿਅਤਾ’ ਦਾ ਜੋ ਲੋਕ ਸ਼ਿਕਾਰ ਹਨ, ਉਹ ਮਨੁੱਖ ਜਾਤੀ ਦੇ ਆਪਣੇ ਹੀ ਪਾਗ਼ਲਪਨ ਕਾਰਨ ਹੈ।
1992 ਵਿਚ ਜਦੋਂ ਇਸ ਵਿਸ਼ੇ ‘ਤੇ ਅਜੇ ਕੋਈ ਸਿਆਸਤਦਾਨ ਗੱਲ ਵੀ ਨਹੀਂ ਸੀ ਕਰਨਾ ਚਾਹੁੰਦਾ, ਮੈਂ ਸੰਯੁਕਤ ਰਾਸ਼ਟਰ ਸੰਘ ਵੱਲੋਂ ਕਰਵਾਏ ‘ਧਰਤੀ ਵਾਤਾਵਰਨ ਸੰਮੇਲਨ’ ਵਿਚ ਚੇਤਾਵਨੀ ਦਿੱਤੀ ਸੀ। ਉਸ ਸਮੇਂ ਕਈਆਂ ਦਾ ਵਿਚਾਰ ਸੀ ਕਿ ਮੈਂ ਵਧਾ-ਚੜ੍ਹਾ ਕੇ ਗੱਲ ਕਰ ਰਿਹਾ ਹਾਂ। ਮੈਂ ਉਦੋਂ ਕਿਹਾ ਸੀ ਕਿ ਮਨੁੱਖ ਖ਼ਤਮ ਹੋਣ ਕੰਢੇ ਖੜ੍ਹਾ ਹੈ। ਅੱਜ ਸਮਾਂ ਮੇਰੀ ਉਸ ਗੱਲ ਨੂੰ ਸੱਚ ਸਾਬਤ ਕਰ ਰਿਹਾ ਹੈ। ਦੁਰਭਾਗ ਵੱਸ ਇਹ ਗੱਲ ਹਰ ਦਿਨ ਹੋਰ ਵੱਧ ਸਪੱਸ਼ਟ ਹੋ ਰਹੀ ਹੈ।
? ਕੀ ਉਦਾਰਵਾਦੀ ਵਿਸ਼ਵੀਕਰਨ ਅਤੇ ਤੇਜ਼ੀ ਨਾਲ ਹੋ ਰਹੇ ਵਾਤਾਵਰਣ ਦੇ ਵਿਨਾਸ਼ ਵਿਚਕਾਰ ਕੋਈ ਸੰਬੰਧ ਹੈ?
ਕਾਸਤਰੋ- ਕੌਮਾਂਤਰੀ ਮੁਦਰਾ ਕੋਸ਼ ਤੇ ਬੇਰਹਿਮ ਉਦਾਰਵਾਦੀ ਵਿਸ਼ਵੀਕਰਨ ਨੇ ਅਰਬਾਂ ਲੋਕਾਂ ਦੀ ਸਿਹਤ, ਸਿਖਿਆ ਤੇ ਸਮਾਜਕ ਸੁਰੱਖਿਆ ਦੀ ਬਲੀ ਲੈ ਲਈ ਹੈ।… ਮੈਂ ਸੋਚਦਾ ਹਾਂ ਕਿ ਵਿਸ਼ਵ ਵਪਾਰ ਮੰਚ ਦੀਆਂ ਨੀਤੀਆਂ ਨਾਲ ਵਾਤਾਵਰਣ ਸੁਰੱਖਿਆ ਦਾ ਕਾਰਜ ਅਧੂਰਾ ਤੇ ਵੰਚਿਤ ਹੀ ਰਹੇਗਾ। ਵਿਸ਼ਵ ਵਪਾਰ ਮੰਚ ਉਦੇਸ਼ਪੂਰਨ ਢੰਗ ਨਾਲ ਇਸ ਤਰ੍ਹਾਂ ਬਣਾਇਆ ਗਿਆ ਹੈ ਜੋ ਬਿਨਾਂ ਕਿਸੇ ਰੋਕ ਦੇ ਅਮੀਰ ਦੇਸ਼ਾਂ ਨੂੰ ਦੁਨੀਆ ਵਿਚ ਕਿਤੇ ਵੀ ਅਪਣੀਆਂ ਵਪਾਰਕ ਵਸਤੂਆਂ ਦੀ ਤੇਜ਼ੀ ਨਾਲ ਆਦਾਨ-ਪ੍ਰਦਾਨ ਲਈ ਮਨਜ਼ੂਰੀ ਦਿੰਦਾ ਹੈ। ਇਸ ਨਾਲ ਗਰੀਬ ਦੇਸ਼ਾਂ ਦਾ ਉਦਯੋਗਕ ਤੇ ਖੇਤੀ ਢਾਂਚਾ ਨਸ਼ਟ ਹੋ ਰਿਹਾ ਹੈ। ਸਿੱਟੇ ਵਜੋਂ ਗਰੀਬ ਮੁਲਕਾਂ ਕੋਲ ਭਵਿੱਖ ਕੱਚੇ ਮਾਲ ਅਤੇ ਸਸਤੀ ਕਿਰਤ ਦਾ ਨਿਰਯਾਤ ਕਰਨ ਤੋਂ ਸਵਾਏ ਕੁਝ ਵੀ ਨਹੀਂ ਬਚਦਾ।… ਪ੍ਰਤਿਭਾ ਪਲਾਇਨ ਨਾਲ ਸਾਮਰਾਜ ਨੇ ਇਸ ਗ੍ਰਹਿ ਦੀ ਸਾਰੀ ਬੌਧਿਕ ਸੰਪਤੀ ‘ਤੇ ਏਕਾਧਿਕਾਰ ਕਰ ਰੱਖਿਆ ਹੈ। ਇਸ ਦੇ ਨਾਲ ਹੀ ਧਰਤੀ ‘ਤੇ ਮੌਜੂਦ ਸਾਰੇ ਕੁਦਰਤੀ ਤੇ ਊਰਜਾ ਸਰੋਤਾਂ ਦਾ ਗ਼ੈਰ-ਉਚਿਤ ਪ੍ਰਯੋਗ ਕਰਕੇ ਸਾਮਰਾਜ ਨੇ ਇਨ੍ਹਾਂ ਸ੍ਰੋਤਾਂ ‘ਤੇ ਸਿੱਧੇ-ਅਸਿੱਧੇ ਢੰਗ ਨਾਲ ਕਬਜ਼ਾ ਕਰ ਲਿਆ ਹੈ। ਇਹ ਸੂਚੀ ਇੱਥੇ ਹੀ ਖ਼ਤਮ ਨਹੀਂ ਹੋ ਜਾਂਦੀ। ਸਥਿਤੀਆਂ ਹੋਰ ਵੱਧ ਗੰਭੀਰ ਤੇ ਬੁਰੀਆਂ ਹਨ। ਲੁੱਟਮਾਰ ਹਰ ਦਿਨ ਵਧ ਰਹੀ ਹੈ।
? ਕਿਊਬਾ ‘ਉਪਭੋਗੀ ਸਮਾਜ’ ਨਹੀਂ ਹੈ। ਇਸਨੂੰ ਅਡੰਬਰ ਹੀਣ ਸਮਾਜ ਕਿਹਾ ਜਾ ਸਕਦਾ ਹੈ। ਪਰ ਇੱਥੇ ਕੁਝ ਲੋਕ ਰੌਲਾ ਪਾ ਰਹੇ ਹਨ ਕਿ ਪੂੰਜੀਵਾਦੀ ਉਪਭੋਗਤਾਵਾਦੀ ਸਮਾਜ ਵਿਚ ਉਪਲਬਧ ਵਸਤੂਆਂ ਉਨ੍ਹਾਂ ਨੂੰ ਕਿਉਂ ਨਹੀਂ ਮਿਲਦੀਆਂ?
ਕਾਸਤਰੋ- ਹਾਂ, ਮੈਂ ਇਨ੍ਹਾਂ ਲੋਕਾਂ ਨੂੰ ਕਹਿ ਚੁੱਕਾ ਹਾਂ ਕਿ ਉਪਭੋਗੀ ਸਮਾਜ ਅੱਜ ਦੇ ਨਵ-ਉਦਾਰਵਾਦੀ ਵਿਸ਼ਵੀਕਰਨ ਦੇ ਦੌਰ ਵਿਚ ਵਿਕਸਤ ਹੋ ਚੁੱਕੇ ਪੂੰਜੀਵਾਦ ਦੁਆਰਾ ਖੋਜੀ ਗਈ ਸਭ ਤੋਂ ਵੱਧ ਭੈਅ-ਭੀਤ ਕਰਨ ਵਾਲੀ ਤ੍ਰਾਸਦਿਕ ਤੇ ਦਹਿਸ਼ਤੀ ਖੋਜ ਹੈ। ਮੈਂ ਕਲਪਨਾ ਕਰਦਾ ਹਾਂ ਕਿ ਅਫ਼ਰੀਕਾ ਵਿਚ ਰਹਿਣ ਵਾਲੀ ਵੱਡੀ ਗਿਣਤੀ ਆਬਾਦੀ ਕੋਲ ਨਾ ਬਿਜਲੀ ਹੈ, ਨਾ ਸਾਫ਼ ਪਾਣੀ। ਇੱਥੇ ਕਈ ਥਾਂਵਾਂ ‘ਤੇ 80 ਫੀਸਦੀ ਆਬਾਦੀ ਨੂੰ ਪੜ੍ਹਨਾ-ਲਿਖਣਾ ਤਕ ਨਹੀਂ ਆਉਂਦਾ।
ਇਸ ਕਰੂਰ ਤੇ ਰਾਖ਼ਸ਼ੀ ਅਰਥ-ਵਿਵਸਥਾ ਵਿਚ ਮੌਜੂਦ ਉਪਭੋਗਤਾਵਾਦ ਨੇ ਸਾਬਤ ਕਰ ਦਿੱਤਾ ਹੈ ਕਿ ਅਗਲੇ ਪੰਜਾਹ ਸਾਲਾਂ ਵਿਚ ਜੀਵਨ ਲਈ ਜ਼ਰੂਰੀ ਧਾਤਾਂ ਜਿਵੇਂ ਪੈਟਰੋਲ, ਕੋਇਲਾ, ਗੈਸ ਆਦਿ ਖ਼ਤਮ ਹੋ ਜਾਣਗੀਆਂ।…. ਮਨੁੱਖਤਾ ਦੁਆਰਾ ਸਿਰਜੀ ਨੈਤਿਕਤਾ ਦੇ ਸਭ ਤੋਂ ਵੱਧ ਪ੍ਰਮਾਣਕ ਸਿਧਾਂਤਾਂ, ਸਭਿਆਚਾਰਾਂ ਤੇ ਨੈਤਿਕ ਮੁੱਲਾਂ ਦੁਆਰਾ ਉਪਭੋਗਤਾਵਾਦ ਖ਼ਿਲਾਫ਼ ਸੰਘਰਸ਼ ਜ਼ਰੂਰੀ ਹੈ।
? ਨਾਗਰਿਕਾਂ ਨੂੰ ਭੌਤਿਕ ਉਤਪਾਦ ਦੀ ਲੋੜ ਤਾਂ ਹੁੰਦੀ ਹੀ ਹੈ, ਤੁਸੀਂ ਕੀ ਸੋਚਦੇ ਹੋ?
ਕਾਸਤਰੋ- ਹਾਂ, ਮੈਂ ਭੌਤਿਕ ਲੋੜਾਂ ਨੂੰ ਭੋਰਾ ਵੀ ਸੀਮਤ ਕਰਕੇ ਨਹੀਂ ਵੇਖਦਾ। ਸਾਨੂੰ ਹਮੇਸ਼ਾ ਇਸ ਨੂੰ ਪਹਿਲ ਦੇਣ ਦੀ ਲੋੜ ਹੈ। ਕਿਉਂਕਿ ਵਿਕਾਸ ਲਈ ਤੇ ਇਕ ਉਚ ਕੋਟੀ ਦੇ ਜੀਵਨ ਲਈ ਕੁਝ ਨਿਸ਼ਚਤ ਲੋੜਾਂ ਨੂੰ ਪੂਰਾ ਕਰਨਾ ਬੜਾ ਲਾਜ਼ਮੀ ਹੈ। ਪ੍ਰਤੱਖ ਰੂਪ ਵਿਚ ਇਹ ਭੌਤਿਕ ਵਸਤਾਂ ਹੁੰਦੀਆਂ ਹਨ। ਪਰ ਅਸਲ ਵਿਚ ਸਾਡੇ ਜੀਵਨ ਮੁੱਲ ਹੀ ਚੰਗੇਰੇ ਜੀਵਨ ਦਾ ਨਿਰਮਾਣ ਕਰਦੇ ਹਨ। ਇਥੋਂ ਤਕ ਕਿ ਇਹ ਜੀਵਨ ਮੁੱਲ ਰੋਟੀ, ਕੱਪੜਾ ਤੇ ਮਕਾਨ ਨਾਲੋਂ ਵੀ ਵੱਧ ਅਹਿਮੀਅਤ ਰੱਖਦੇ ਹਨ।
? ਕੀ ਵਿਨਾਸ਼ ਤੋਂ ਬਚਣ ਦੀ ਮਨੁੱਖ ਜਾਤੀ ਕੋਲ ਯੋਗਤਾ ਹੈ?
ਕਾਸਤਰੋ- ਅੱਜ ਅਸੀਂ ਜਾਣਦੇ ਹਾਂ ਕਿ ਚੀਜ਼ਾਂ ਕਿਸ ਤਰ੍ਹਾਂ ਟੁੱਟ-ਭੱਜ ਰਹੀਆਂ ਹਨ। ਮੇਰੇ ਨਜ਼ਰੀਏ ਅਨੁਸਾਰ ਇਸ ਸਮੇਂ ਵਿਸ਼ਵੀ ਚੇਤਨਾ ਨੂੰ ਫੈਲਾਉਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਹੈ। ਇਨ੍ਹਾਂ ਸਮੱਸਿਆਵਾਂ ਨੂੰ ਹਰ ਉਮਰ ਦੇ ਬੱਚਿਆਂ, ਔਰਤਾਂ, ਮਰਦਾਂ, ਬੁਢਿਆਂ ਆਦਿ ਤਕ ਲੈ ਜਾਣਾ ਹੋਵੇਗਾ। ਮੌਜੂਦਾ ਪ੍ਰਸਥਿਤੀਆਂ ਇਸ ਚੇਤਨਾ ਲਈ ਰਾਹ ਪੱਧਰਾ ਕਰ ਰਹੀਆਂ ਹਨ। ਸਾਰੀਆਂ ਚੀਜ਼ਾਂ ਅੰਤਰ-ਸੰਬੰਧਤ ਹਨ ਜਿਵੇਂ, ਅਨਪੜ੍ਹਤਾ, ਬੇਰੁਜ਼ਗਾਰੀ, ਮੌਸਮ ਪਰਿਵਰਤਨ, ਗ਼ਰੀਬੀ, ਭੁੱਖ, ਮਹਾਮਾਰੀ, ਪੀਣ ਵਾਲੇ ਪਾਣੀ ਦੀ ਕਿੱਲਤ, ਆਵਾਸ, ਬਿਜਲੀ, ਸਮੁੰਦਰੀ ਤੂਫ਼ਾਨ, ਹੜ੍ਹ, ਜੰਗਲਾਂ ਦਾ ਖ਼ਾਤਮਾ, ਹੋਰ ਬਹੁਤ ਸਾਰੀਆਂ ਸਮੱਸਿਆਵਾ ਜਿਨ੍ਹਾਂ ਤੋਂ ਤੁਸੀਂ ਵਾਕਫ਼ ਹੋ। ਅੱਜ ਸਮੁੰਦਰ ਤੇ ਨਦੀਆਂ ਵੱਧ ਪ੍ਰਦੂਸ਼ਤ ਹਨ। ਲਗਭਗ 15 ਕਰੋੜ ਹੈਕਟੇਅਰ ਜੰਗਲ ਦਾ ਹਰ ਸਾਲ ਵਿਨਾਸ਼ ਹੋ ਰਿਹਾ ਹੈ।
ਮਨੁੱਖੀ ਸਮਾਜ ਨੇ ਬਹੁਤ ਵੱਡੀਆਂ ਭੁੱਲਾਂ ਕੀਤੀਆਂ ਹਨ ਅਤੇ ਉਹ ਇਨ੍ਹਾਂ ਨੂੰ ਲਗਾਤਾਰ ਦੁਹਰਾ ਰਿਹਾ ਹੈ। ਪਰ ਮੈਨੂੰ ਭਰੋਸਾ ਹੈ ਕਿ ਮਨੁੱਖਤਾ ਬੇਹਤਰ ਤੇ ਚੰਗੇ ਵਿਚਾਰਾਂ ਨਾਲ ਸਹਿਮਤ ਹੋਣ ਦੇ ਯੋਗ ਹੈ। ਮਨੁੱਖਤਾ ਭਵਿੱਖ ਵਿਚ ਉਸ ਖ਼ਤਰੇ ਤੋਂ ਬਾਹਰ ਆ ਜਾਵੇਗੀ ਜੋ ਸਾਮਰਾਜ ਨੇ ਉਸ ‘ਤੇ ਥੋਪਿਆ ਹੈ। ਅਸੀਂ ਜੋ ਸੋਚਦੇ ਹਾਂ ਤੇ ਮਹਿਸੂਸ ਕਰਦੇ ਹਾਂ ਉਸ ਲਈ ਅਪਣਾ ਜੀਵਨ ਵੀ ਨਿਛਾਵਰ ਕਰ ਦਿੰਦੇ ਹਾਂ। ਇਹ ਇਤਿਹਾਸ ਵਿਚ ਅਨੇਕਾਂ ਵਾਰ ਵੇਖਣ ਨੂੰ ਮਿਲਿਆ ਹੈ।
? ਕਿਊਬਾ ਵਿਚ ਜਿਸਨੂੰ ਤੁਸੀਂ ਵਿਚਾਰਾਂ ਦਾ ਸੰਘਰਸ਼ ਕਹਿੰਦੇ ਹੋ, ਉਸ ‘ਤੇ ਤੁਸੀਂ ਬਹੁਤ ਕੁਝ ਦਾਅ ‘ਤੇ ਲਗਾ ਰੱਖਿਆ ਹੈ। ਇਸ ‘ਵਿਚਾਰਾਂ ਦੇ ਸੰਘਰਸ਼’ ਦੀ ਕੀ ਪਰਿਭਾਸ਼ਾ ਹੈ?
ਕਾਸਤਰੋ- ਅਸੀਂ ਜੋ ਕੁਝ ਕਰ ਰਹੇ ਹਾਂ ਉਹ ‘ਵਿਚਾਰਾਂ ਦਾ ਸੰਘਰਸ਼’ ਹੀ ਹੈ।… ‘ਵਿਚਾਰਾਂ ਦੇ ਸੰਘਰਸ਼’ ਤੋਂ ਪਹਿਲਾਂ ਸਾਡਾ ਯੁੱਧ ਇਹ ਸੀ ਕਿ ਕਿਸ ਤਰ੍ਹਾਂ ਆਪਣੇ ਦੇਸ਼ ਦੇ ਸਭਿਆਚਾਰ ਦੀ ਰੱਖਿਆ ਕੀਤੀ ਜਾਵੇ। ਬੁੱਧੀਜੀਵੀ ਮੇਰੇ ਉਸ ਵਾਕ ਨੂੰ ਯਾਦ ਕਰਨ ਜੋ ਮੈਂ ਇਕ ਵਿਸ਼ੇਸ਼ ਦੌਰ ਵਿਚ ਕਿਹਾ ਸੀ ‘ਸਾਨੂੰ ਆਪਣੇ ਸਭਿਆਚਾਰ ਨੂੰ ਬਚਾਉਣਾ ਚਾਹੀਦਾ ਹੈ।’
ਅਸੀਂ ਕੁਝ ਸਮਾਂ ਪਹਿਲਾਂ ਯੂ.ਐਨ.ਈ.ਏ.ਸੀ. (ਕਿਊਬਾ ਦੇ ਲੇਖਕਾਂ ਤੇ ਕਲਾਕਾਰਾਂ ਦਾ ਸੰਘ) ਦਾ ਸੰਮੇਲਨ ਕਰਵਾਇਆ ਅਤੇ ਇਹ ਸੰਮੇਲਨ ਕਈ ਦਿਨਾਂ ਤਕ ਚੱਲਿਆ। ਇਸ ਦੌਰਾਨ ਅਸੀਂ ਸਭਿਆਚਾਰਕ ਹਮਲੇ ਬਾਰੇ ਚਰਚਾ ਕੀਤੀ। ਅਸੀਂ ਇਸ ਚਰਚਾ ਵਿਚ ਉਨ੍ਹਾਂ ਅੰਕੜਿਆਂ ਦਾ ਪ੍ਰਯੋਗ ਕੀਤਾ ਜੋ ਕੁਝ ਪੁਸਤਕਾਂ ਵਿਚ ਦਰਜ ਸਨ। ਪੱਤਰਕਾਰ ਵੀ ਸਾਡੇ ਨਾਲ ਜੁੜ ਗਏ ਅਤੇ ਬਾਅਦ ਵਿਚ ਹਰ ਛਿਮਾਹੀ ਬਹਿਸਾਂ ਹੋਣ ਲੱਗੀਆਂ। ਇਸ ਤਰ੍ਹਾਂ ਅਸੀਂ ਚੇਤਨਾ ਗ੍ਰਹਿਣ ਕਰਨੀ ਸ਼ੁਰੂ ਕੀਤੀ।
ਲੰਮੇ ਸਮੇਂ ਤੋਂ ਵਿਸ਼ਵ ਭਰ ਦੇ ਬੌਧਿਕ ਹਲਕੇ, ਖੋਜਾਰਥੀ ਅਤੇ ਅਰਥਸ਼ਾਸਤਰੀ ਇਨ੍ਹਾਂ ਸਮੱਸਿਆਵਾਂ ਬਾਰੇ ਗੱਲਬਾਤ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਇਹ ਇਸ ਕਾਰਨ ਹੋ ਰਿਹਾ ਹੈ ਕਿ ਅਸੀਂ ਆਸ਼ਾਵਾਦੀ ਹਾਂ ਕਿ ਇਹ ਦੁਨੀਆ ਬਚਾਈ ਜਾ ਸਕਦੀ ਹੈ। ਇਸ ਦੇ ਬਾਵਜੂਦ ਭਿਆਨਕ ਤੇ ਇਕ-ਪੱਖੀ ਸ਼ਕਤੀ ਦਾ ਜਨਮ ਹੋ ਚੁੱਕਾ ਹੈ। ਫੇਰ ਵੀ ਇਹ ਦੁਨੀਆ ਬਚਾਈ ਜਾ ਸਕੇਗੀ। ਮੈਂ ਮੰਨਦਾ ਹਾਂ ਕਿ ਸ੍ਰੇਸ਼ਠ ਵਿਚਾਰ ਕਿਸੇ ਵੀ ਮਹਾਸ਼ਕਤੀ ਨਾਲੋਂ ਵੱਧ ਪ੍ਰਭਾਵਸ਼ਾਲੀ ਹੁੰਦੇ ਹਨ। ਕਿਸੇ ਵੀ ਸ਼ਕਤੀ ਦੇ ਮੁਕਾਬਲੇ ਸਿਆਣੇ ਵਿਚਾਰ ਵੱਧ ਮਾਨਤਾ ਪ੍ਰਾਪਤ ਕਰਦੇ ਹਨ।
ਇਹ ਵਿਚਾਰ ਹੀ ਹਨ ਜਿਨ੍ਹਾਂ ਨੇ ਦੁਨੀਆ ਨੂੰ ਗਿਆਨ ਨਾਲ ਸੰਪੰਨ ਕੀਤਾ ਹੈ। ਜਦੋਂ ਮੈਂ ਵਿਚਾਰਾਂ ਬਾਰੇ ਗੱਲ ਕਰਦਾ ਹਾਂ ਉਸ ਸਮੇਂ ਮੇਰਾ ਮਤਲਬ ਨਿਆਂਕਾਰੀ ਤੇ ਨਿਰਪੱਖ ਵਿਚਾਰਾਂ ਤੋਂ ਹੁੰਦਾ ਹੈ, ਜੋ ਦੁਨੀਆ ਵਿਚ ਸ਼ਾਂਤੀ ਲਿਆ ਸਕਦੇ ਹਨ। ਇਹ ਦੁਨੀਆ ਸਾਹਮਣੇ ਮੰਡਰਾਉਂਦੇ ਯੁੱਧ ਦੇ ਖ਼ਤਰੇ ਨੂੰ ਹੱਲ ਕਰ ਸਕਦੇ ਹਨ। ਇਹ ਵਿਸ਼ਵ ਵਿਚ ਹਿੰਸਾ ਖ਼ਤਮ ਕਰ ਸਕਦੇ ਹਨ। ਇਹੋ ਕਾਰਨ ਹੈ ਕਿ ਮੈਂ ਹਮੇਸ਼ਾ ‘ਵਿਚਾਰਾਂ ਦੇ ਸੰਘਰਸ਼’ ਦੀ ਗੱਲ ਕੀਤੀ ਹੈ।
? ਤੁਸੀਂ ਆਪਣੇ ਹਰੇਕ ਨਾਗਰਿਕ ਦੇ ਗਿਆਨ, ਸਿਖਿਆ ਤੇ ਸਭਿਆਚਾਰ ਨੂੰ ਉੱਚਾ ਚੁੱਕਣ ਦਾ ਯਤਨ ਕੀਤਾ ਹੈ। ਗਿਆਨ ਦਾ ਸਮਾਜੀਕਰਨ ਭਾਵ ਬਹੁ-ਗਿਣਤੀ ਲੋਕਾਂ ਦੇ ਭਲੇ ਲਈ ਗਿਆਨ-ਇਸ ਦਾ ਕੀ ਭਾਵ ਹੈ?
ਕਾਸਤਰੋ- 1959 ਤੋਂ ਬਾਅਦ ਅਸੀਂ ਸਿਖਿਆ ਢਾਂਚੇ ਦੇ ਸਾਰੇ ਤੰਤਰ ਨੂੰ ਤਬਦੀਲ ਕਰ ਦਿੱਤਾ। ਹੁਣ ਇੱਥੇ ਕੋਈ ਅਣਪੜ੍ਹ ਨਹੀਂ ਹੈ। ਇੱਥੇ ਕੋਈ ਬੱਚਾ ਅਜਿਹਾ ਨਹੀਂ ਹੈ ਜੋ ਸਕੂਲ ਨਹੀਂ ਜਾਂਦਾ। ਪਰ ਯੂਨੀਵਰਸਿਟੀ ਵਿਚ ਦਾਖ਼ਲਾ ਅਕਾਦਮਕ ਆਧਾਰ ‘ਤੇ ਹੁੰਦਾ ਹੈ। ਇਸ ਨਾਲ ਗਰੀਬ ਤੇ ਹਾਸ਼ੀਆਗਤ ਲੋਕਾਂ ਦੀ ਸਥਿਤੀ ਵਿਚ ਬੇਹੱਦ ਸੁਧਾਰ ਹੋਇਆ ਹੈ। ਜੇਕਰ ਤੁਸੀਂ ਗਰੀਬ ਤੇ ਹਾਸ਼ੀਆਗਤ ਲੋਕਾਂ ਦੇ ਗਿਆਨ ਤੇ ਸਿਖਿਆ ਦਾ ਧਿਆਨ ਨਹੀਂ ਰੱਖੋਗੇ ਅਤੇ ਉਨ੍ਹਾਂ ਨੂੰ ਅੱਧ-ਵਿਚਕਾਰ ਛੱਡ ਦਿਓਗੇ ਤਾਂ ਇਹ ਗੈਰ-ਤਰਜੀਹੀ ਵਰਗ ਅਪਰਾਧ ਵੱਲ ਚਲੇ ਜਾਣਗੇ।
ਅਸੀਂ ਪੂਰੇ ਮੁਲਕ ਵਿਚ ਉੱਚ ਸਿਖਿਆ ਫੈਲਾਉਣ ਦਾ ਯਤਨ ਕਰ ਰਹੇ ਹਾਂ। ਜਿਉਂ-ਜਿਉਂ ਲੋਕਾਂ ਵਿਚ ਸਿਖਿਆ ਵਧੇਗੀ ਤਿਉਂ-ਤਿਉਂ ਵਰਗ ਭੇਦ ਖ਼ਤਮ ਹੋਵੇਗਾ। ਸਾਡੇ ਨੌਜਵਾਨ ਸਭ ਤੋਂ ਵੱਧ ਕ੍ਰਾਂਤੀਕਾਰੀ ਹਨ। ਜਿਹੜੇ ਲੋਕ ਕਿਸੇ ਕਾਰਨ ਕਰਕੇ ਅਗਾਂਹ ਨਹੀਂ ਪੜ੍ਹ ਸਕਦੇ, ਅਸੀਂ ਉਨ੍ਹਾਂ ਲਈ ਵਧੇਰੇ ਅਤੇ ਆਕਰਸ਼ਕ ਸਲੇਬਸ ਤਿਆਰ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵਿਤੀ ਮਦਦ ਵੀ ਦਿੱਤੀ ਜਾਂਦੀ ਹੈ। ਕੈਦੀਆਂ ਲਈ ਸਿਖਿਆ ਦੇ ਖੇਤਰ ਵਿਚ ਨਵੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ। ਇਸੇ ਤਰ੍ਹਾਂ ਸੰਗੀਤ, ਨ੍ਰਿਤ, ਨਾਟਕ, ਚਿਤਰਕਾਰੀ ਆਦਿ ਲਈ ਨੌਜਵਾਨ ਬੇਹੱਦ ਉਤਸ਼ਾਹ ਵਿਖਾ ਰਹੇ ਹਨ। ਡਾਕਟਰੀ ਸਿਖਿਆ ਲਈ ਕਈ ਨਵੇਂ ਸਕੂਲ ਖੋਲ੍ਹੇ ਗਏ ਹਨ ਜਿਸ ਨਾਲ ਸਾਡਾ ਦੇਸ਼ ਦਿਨ-ਪ੍ਰਤੀਦਿਨ ਬੇਹਤਰ ਹੁੰਦਾ ਜਾ ਰਿਹਾ ਹੈ। ਅਸੀਂ ਸੈਂਕੜੇ ਕੰਪਿਊਟਰ ਕਲੱਬਾਂ ਦੀ ਸਥਾਪਨਾ ਕੀਤੀ ਹੈ। ਜੇਕਰ ਕਿਸੇ ਖੇਤਰ ਵਿਚ ਨੌਕਰੀਆਂ ਵਿਚ ਕਟੌਤੀ ਹੁੰਦੀ ਹੈ ਤਾਂ ਅਸੀਂ ਉਨ੍ਹਾਂ ਨੂੰ ਵਜ਼ੀਫਾ ਦਿੰਦੇ ਹਾਂ। ਅੱਜ ਛੇ ਲੱਖ ਤੋਂ ਵੱਧ ਵਿਦਿਆਰਥੀ ਯੂਨੀਵਰਸਿਟੀਆਂ ਵਿਚ ਉੱਚ-ਸਿਖਿਆ ਪ੍ਰਾਪਤ ਕਰ ਰਹੇ ਹਨ। ਸਾਡੇ ਕੋਲ 1000 ਤੋਂ ਵੱਧ ਯੂਨੀਵਰਸਿਟੀ ਕੇਂਦਰ ਹਨ। 170 ਮਿਊਂਸਪਲ ਕੇਂਦਰ (ਕੈਂਪਸ) ਹਨ, ਜੋ ਸਿੱਧੇ ਤੌਰ ‘ਤੇ ਉੱਚ ਸਿਖਿਆ ਮੰਤਰਾਲੇ ਅਧੀਨ ਹਨ। ਜੇਲ੍ਹਾਂ ਵਿਚ 20 ਯੂਨੀਵਰਸਿਟੀ ਕੇਂਦਰ ਹਨ। ਲਗਭਗ 170 ਕੇਂਦਰ ਸਿਹਤ ਸੰਭਾਲ ਲਈ ਖੋਲ੍ਹੇ ਗਏ ਹਨ। ਡੇਢ ਹਜ਼ਾਰ ਦੇ ਕਰੀਬ ਪਾਲੀਟੈਕਨੀਕਲ ਕੇਂਦਰ ਖੋਲ੍ਹੇ ਗਏ ਹਨ। ਇਨ੍ਹਾਂ ਕੇਂਦਰਾਂ ਵਿਚ ਲਗਭਗ ਇਕ ਲੱਖ ਅਧਿਆਪਕ ਕਾਰਜ ਕਰ ਰਹੇ ਹਨ। ਜਿਹੜੇ ਲੋਕ ਗੰਨਾ ਕੇਂਦਰਾਂ ਜਾਂ ਪ੍ਰਸ਼ਾਸਨਿਕ ਤੰਤਰ ਵਿਚ ਕੰਮ ਕਰਦੇ ਹਨ, ਉਹ ਵੀ ਕਲਾਸਾਂ ਪੜ੍ਹਾਉਂਦੇ ਹਨ। ਇਸ ਤਰ੍ਹਾਂ ਵਿਦਿਆਰਥੀ ਤੇ ਅਧਿਆਪਕਾਂ ਦੀ ਗਿਣਤੀ ਅੱਠ ਲੱਖ ਤੋਂ ਵੀ ਵੱਧ ਹੈ।
? ਲੋਕਾਂ ਦੀਆਂ ਰੋਜ਼ਾਨਾਂ ਦੀਆਂ ਸਮੱਸਿਆਵਾਂ ਬਾਰੇ ਸੋਚਣਾ ਤੁਹਾਡੀ ਆਦਤ ਹੈ। ਇਹ ਤੁਹਾਡੇ ਭਾਸ਼ਣਾਂ ਤੋਂ ਵੀ ਸਪੱਸ਼ਟ ਹੁੰਦਾ ਹੈ। ਸਾਨੂੰ ਦੱਸੋ ਕਿ ਕਿਊਬਾ ਵਿਚ ਕਿਹੜੀ ਚੀਜ਼ ਕੰਮ ਨਹੀਂ ਕਰ ਰਹੀ ਅਤੇ ਦੇਸ਼ ਦੇ ਕੁਝ ਲੋਕ ਉਸ ‘ਮਹੱਤਵਪੂਰਨ’ ਚੀਜ਼ ਦੀ ਗੈਰ-ਹਾਜ਼ਰੀ ਦਾ ਅਹਿਸਾਸ ਕਿਉਂ ਕਰ ਰਹੇ ਹਨ?
ਕਾਸਤਰੋ- ਮੈਂ ਉਨ੍ਹਾਂ ਗਲਤੀਆਂ ਦਾ ਤੇ ਉਨ੍ਹਾਂ ਕੰਮਾਂ ਦਾ ਜੋ ਸਹੀ ਤਰੀਕੇ ਨਾਲ ਨਹੀਂ ਹੋ ਰਹੇ, ਸਭ ਤੋਂ ਵੱਡਾ ਆਲੋਚਕ ਹਾਂ। ਸਾਨੂੰ ਸਾਡੇ ਦੇਸ਼ ਦੀ ਸਾਧਾਰਨ ਜਨਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਲੋਕਾਂ ਨੂੰ ਪੂਰਾ ਹੱਕ ਹੈ ਕਿ ਉਹ ਆਪਣੇ ਦ੍ਰਿਸ਼ਟੀਕੋਣ ਨੂੰ ਸੁਤੰਤਰ ਰੂਪ ਵਿੱਚ ਪੇਸ਼ ਕਰਨ। ਦੇਸ਼ ਦੇ ਕੁਝ ਲੋਕ ਨਿਰਾਸ਼ ਜ਼ਰੂਰ ਹਨ। ਅਸੀਂ ਚਾਹੁੰਦੇ ਹਾਂ ਕਿ ਨਿਰਾਸ਼ ਲੋਕਾਂ ਦੀ ਨਾਰਾਜ਼ਗੀ ਹਰ ਹਾਲਤ ਵਿਚ ਸਾਹਮਣੇ ਆਉਣੀ ਚਾਹੀਦੀ ਹੈ। ਅਸੀਂ ਤਾਂ ਹੀ ਜਾਣ ਸਕਦੇ ਹਾਂ ਕਿ ਉਹ ਕੀ ਚਾਹੁੰਦੇ ਹਨ। ਇਨ੍ਹਾਂ ਵਿਚੋਂ ਕੁਝ ਦੀ ਰਾਇ ਹੈ ਕਿ ‘ਫਲਾਣਾ ਕੰਮ ਬਹੁਤ ਖਰਚੀਲਾ ਹੋਣਾ ਚਾਹੀਦਾ ਹੈ।’ ਜਾਂ ‘ਫਲਾਣੀ ਤਰ੍ਹਾਂ ਦੇ ਟੈਲੀਵਿਜ਼ਨ ਪ੍ਰਸਾਰਨ ਨੂੰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ।’ ਲਾਜ਼ਮੀ ਤੌਰ ‘ਤੇ ਇਸ ਤਰ੍ਹਾਂ ਦੀਆਂ ਰਾਵਾਂ ਕਈ ਵਾਰ ਸਾਡੀ ਮਦਦ ਵੀ ਕਰਦੀਆਂ ਹਨ।
… ਅਸੀਂ 2005 ਵਿਚ ਦੇਸ਼ ਵਿਚ ਪਨਪ ਰਹੀਆਂ ਸਮੱਸਿਆਵਾਂ ਜਿਵੇਂ ਭ੍ਰਿਸ਼ਟਾਚਾਰ, ਸਟੇਟ ਸੈਕਟਰ ਵਿੱਚੋਂ ਚੋਰੀ, ਗੈਰ-ਕਾਨੂੰਨੀ ਧਨ ਆਦਿ ਨੂੰ ‘ਯੁੱਧ ਰਾਹੀਂ ਖ਼ਤਮ ਕਰਨ’ ਦਾ ਹੋਕਾ ਦਿੱਤਾ ਸੀ। ਅਸੀਂ ਪੂਰੇ ਦੇਸ਼ ਦੇ ਹਰ ਨਾਗਰਿਕ ਨੂੰ ਸੱਦਾ ਦਿੱਤਾ ਕਿ ਉਹ ਇਸ ‘ਯੁੱਧ’ ਵਿਚ ਹਿੱਸਾ ਲਵੇ। ਅਜਿਹੀਆਂ ਸਮੱਸਿਆਵਾਂ ਉਦੋਂ ਵਾਪਰਦੀਆਂ ਹਨ, ਜਦੋਂ ਲੋਕਾਂ ਨੂੰ ਅਰਥ-ਵਿਵਸਥਾ ਬਾਰੇ ਗਹਿਰੀ ਚੇਤਨਾ ਨਹੀਂ ਹੁੰਦੀ। ਅਸੀਂ ਇਸ ਗੱਲ ਨੂੰ ਸਮਝਣ ਵਿਚ ਅਸਫ਼ਲ ਰਹੇ। ਪਰ ਹੁਣ ਅਸੀਂ ਅਪਣੀਆਂ ਗਲਤੀਆਂ, ਅਸਫ਼ਲਤਾਵਾਂ, ਅਨਿਆਂ ਆਦਿ ਬਾਰੇ ਵਿਸਥਾਰ ਵਿਚ ਸੋਚਿਆ ਹੈ। ਅਸੀਂ ਅਪਣੀਆਂ ਗਲਤੀਆਂ ਖ਼ਿਲਾਫ ਬੇਹਤਰੀਨ ਸ਼ਕਤੀ ਤੇ ਆਪਣੇ ਅਨੁਭਵਾਂ ਨਾਲ ‘ਯੁੱਧ’ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਅਸੀਂ ਇਹ ਯੁੱਧ ਜਿੱਤ ਰਹੇ ਹਾਂ।
ਅੱਜ ਵੀ ਇੱਥੇ ਹਜ਼ਾਰਾਂ ਪਰਜੀਵੀ ਅਜਿਹੇ ਹਨ, ਜੋ ਕੁਝ ਵੀ ਉਤਪਾਦਨ ਨਹੀਂ ਕਰਦੇ। ਪਰ ਇਹ ਲੋਕ ਲਗਾਤਾਰ ਅਮੀਰ ਹੋ ਰਹੇ ਹਨ। ਇਹ ਲੋਕ ਹੀ ਭ੍ਰਿਸ਼ਟਾਚਾਰ ਫੈਲਾਅ ਰਹੇ ਹਨ, ਜਿਸ ਨਾਲ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੇ ਇਸ ਸੰਰਘਸ਼ ਵਿਚ ਕਿਸੇ ਲਈ ਕੋਈ ਢਿਲ ਨਹੀਂ ਹੈ। ਹਰ ਨਾਗਰਿਕ ਵਿਚ ਸ਼ਰਮ ਮਹਿਸੂਸ ਕਰਨ ਦੀ ਯੋਗਤਾ ਹੁੰਦੀ ਹੈ ਅਤੇ ਇਕ ਕ੍ਰਾਂਤੀਕਾਰੀ ਦਾ ਪਹਿਲਾ ਕਰਤੱਵ ਆਪਣੇ ਆਪ ਲਈ ਕਠੋਰ ਹੋਣਾ ਹੈ। …ਅਸੀਂ ਕਿਸੇ ਪੂੰਜੀਵਾਦੀ ਮੁਲਕ ਵਿਚ ਨਹੀਂ ਹਾਂ, ਜਿਥੇ ਭ੍ਰਿਸ਼ਟਾਚਾਰ ਨੂੰ ਪ੍ਰਫੁਲਤ ਹੋਣ ਦਾ ਮੌਕਾ ਦਿੱਤਾ ਜਾਂਦਾ ਹੈ।
? ਕੀ ਇਸ ਭ੍ਰਿਸ਼ਟਾਚਾਰ ਨੂੰ ਉਤਪਾਦਨ ਵਿਚ ਕਮੀ ਜਾਂ ਤੁਹਾਡੀ ਕਠੋਰਤਾ ਨੇ ਜਨਮ ਤਾਂ ਨਹੀਂ ਦਿੱਤਾ?
ਕਾਸਤਰੋ- ਹਾਂ, ਮੈਂ ਮੰਨਦਾ ਹਾਂ। ਪਰ ਵਸਤੂਆਂ ਤੇ ਸਾਧਨਾਂ ਦੀ ਚੋਰੀ ਕੋਈ ਨਵੀਂ ਗੱਲ ਨਹੀਂ ਹੈ। ਭਾਵ, ਇਸ ਦੀ ਸ਼ੁਰੂਆਤ ਕਿਸੇ ਖ਼ਾਸ ਦੌਰ ਤੋਂ ਨਹੀਂ ਹੁੰਦੀ। ਪਰ ਸੋਵੀਅਤ ਸੰਘ ਦੇ ਪਤਨ ਤੋਂ ਬਾਅਦ ਕਿਊਬਾ ਵਿਚ ਇਹ ਪ੍ਰਵਿਰਤੀ ਵਧੀ ਹੈ। ਸੋਵੀਅਤ ਸੰਘ ਦੇ ਪਤਨ ਕਾਰਨ ਇੱਥੇ ਗੈਰ-ਬਰਾਬਰੀ ਵਧੀ ਤੇ ਕੁਝ ਲੋਕਾਂ ਲਈ ਢੇਰ ਸਾਰਾ ਧਨ ਇਕਠਾ ਕਰਨਾ ਸੰਭਵ ਹੋ ਗਿਆ। ਇਸ ਸਮੇਂ ਦੌਰਾਨ ਹੀ ਸਰਕਾਰੀ ਖੇਤਰ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਵਧ ਗਿਆ। ਅਸੀਂ ਕਈ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਵੀ ਦਿੱਤਾ ਤੇ ਕਈਆਂ ਨੂੰ ਬਦਲਿਆ ਵੀ ਗਿਆ, ਪਰ ਇਹ ਇਸ ਦਾ ਕੋਈ ਪੱਕਾ ਹੱਲ ਨਹੀਂ ਹੈ। ਇਹ ਵੇਖਣ ਦੀ ਲੋੜ ਹੈ ਕਿ ਭ੍ਰਿਸ਼ਟਾਚਾਰ ਕਿਸ ਤਰ੍ਹਾਂ ਅਪਣੀਆਂ ਜੜ੍ਹਾਂ ਜਮਾ ਰਿਹਾ ਹੈ।
ਸੋਵੀਅਤ ਸੰਘ ਦੇ ਪਤਨ ਤੋਂ ਬਾਅਦ ਇੱਥੇ ਵਿਦੇਸ਼ੀ ਮੁਦਰਾਂ ਦੀਆਂ ਦੁਕਾਨਾਂ ਸਥਾਪਤ ਹੋ ਗਈਆਂ। ਕੁਝ ਲੋਕਾਂ ਨੇ ਐਸ਼ੋ-ਆਰਾਮ ਦੀਆਂ ਵਸਤਾਂ ‘ਤੇ ਬੇਤਹਾਸ਼ਾ ਧਨ ਖਰਚਣਾ ਆਰੰਭ ਕਰ ਦਿੱਤਾ। ਇਹ ਉਸ ਸਮੇਂ ਹੋ ਰਿਹਾ ਸੀ ਜਦੋਂ ਕਿਊਬਾ ਵਿਚ ਕਟੌਤੀ ਦਾ ਮਾਹੌਲ ਸੀ। ਨਵ-ਧਨਾਢ ਲੋਕ ਵੱਖ-ਵੱਖ ਥਾਵਾਂ ਤੋਂ ਸਾਧਨਾਂ ਦੀ ਚੋਰੀ ਕਰਕੇ ਸਾਧਾਰਨ ਕਰਮਚਾਰੀ ਨਾਲੋਂ ਕਈ ਗੁਣਾਂ ਵੱਧ ਕਮਾਉਂਦੇ ਸਨ। ਇਸ ਤਰ੍ਹਾਂ ਇਹ ਲੋਕ ਦੇਸ਼ ਨੂੰ ਬਹੁਤ ਪਿਛਾਂਹ ਵੱਲ ਲੈ ਜਾ ਰਹੇ ਸਨ। ਹਵਾਨਾ ਵਿਚ ਤਾਂ ਪੈਟਰੋਲ ਦੀ ਚੋਰੀ ਲੋਕ ਪਾਗਲਾਂ ਵਾਂਗ ਕਰਦੇ ਸਨ। ਕਈ ਲੋਕ ਅਜੇ ਵੀ ਸਰਕਾਰੀ ਗੱਡੀਆਂ ਦਾ ਪ੍ਰਯੋਗ ਆਪਣੇ ਸਾਕ ਸਬੰਧੀਆਂ, ਦੋਸਤਾਂ, ਆਪਣੀ ਪ੍ਰੇਮਿਕਾ ਆਦਿ ਨੂੰ ਘੁਮਾਉਣ ਲਈ ਕਰ ਰਹੇ ਹਨ।
ਸਭ ਤੋਂ ਪਹਿਲਾਂ ਇਹ ਮਾਮਲਾ ਨੈਤਿਕਤਾ ਦਾ ਹੈ। ਮੇਰੇ ਖ਼ਿਆਲ ਅਨੁਸਾਰ ਸਾਰੇ ਮਾਮਲੇ ਵਿਚ ਨੈਤਿਕਤਾ ਦੀ ਬੜੀ ਵੱਡੀ ਭੂਮਿਕਾ ਹੋਵੇਗੀ। ਪਰ ਇਹ ਜੀਵਨ ਤੇ ਮੌਤ ਦੇ ਅਰਥਸ਼ਾਸਤਰ ਦਾ ਵੀ ਸਵਾਲ ਹੈ। ਜਦੋਂ ਇਸ ਦੇਸ਼ ਵਿਚ ਤੇਲ ਆਉਂਦਾ ਹੈ ਉਦੋਂ ਇਹ ਦੇਸ਼ ਬਹੁਤ ਖਰੀਚਲਾ ਹੋ ਜਾਂਦਾ ਹੈ। ਇੱਥੇ ਕਿਸੇ ਨੂੰ ਤੇਲ ਜਾਂ ਬਿਜਲੀ ਦੀਆਂ ਬਾਜ਼ਾਰੀ ਕੀਮਤਾਂ ਬਾਰੇ ਨਹੀਂ ਪਤਾ। ਹੁਣ ਅਸੀਂ ਕਿਊਬਾ ਵਿਚ ਲੋਕਾਂ ਨੂੰ ਮੁਫ਼ਤ ਘਰ ਦੇਣ ਵਿਚ ਸਖ਼ਤੀ ਕਰ ਰਹੇ ਹਾਂ। ਇਸ ਦਾ ਕਾਰਨ ਇਹ ਹੈ ਕਿ ਜਿਨ੍ਹਾਂ ਨੂੰ ਅਸੀਂ ਘਰ ਦਿੰਦੇ ਹਾਂ ਉਹ ਨਵ-ਧਨਾਢੀਆਂ ਨੂੰ ਵੇਚ ਦਿੰਦੇ ਹਨ। ਕੀ ਇਹ ਸਮਾਜਵਾਦ ਹੈ?
? ਕੀ ਤੁਸੀਂ ਸਬਸਿਡੀਆਂ ਖ਼ਤਮ ਕਰ ਰਹੇ ਹੋ?
ਕਾਸਤਰੋ- ਨਹੀਂ, ਅਸੀਂ ਕੁਝ ਰਿਆਇਤਾਂ ਜ਼ਰੂਰ ਦੇਵਾਂਗੇ, ਪਰ ਕੁਝ ਨਿਰਧਾਰਤ ਸਾਲਾਂ ਵਿਚ ਵਿਅਕਤੀ ਘਰ ਦਾ ਕਿਰਾਇਆ ਜ਼ਰੂਰ ਦੇਵੇਗਾ, ਜੋ ਘਰ ਦੀ ਕੀਮਤ ਦੇ ਬਰਾਬਰ ਹੋਵੇਗਾ। ਇਹ ਸਾਰੀਆਂ ਚੀਜ਼ਾਂ ਜੋ ਲੋਕਾਂ ਨਾਲ ਸੰਬੰਧਤ ਹਨ, ਸਾਡੀ ਪਹੁੰਚ ਵਿਚ ਹਨ। ਇਸ ਦੇਸ਼ ਵਿਚ ਕੇਵਲ ਇਕ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਹ ਹੈ ਬਰਬਾਦੀ, ਸਵਾਰਥਪੁਣਾ ਅਤੇ ਗੈਰ-ਜ਼ਿੰਮੇਵਾਰੀ ਨਾਲ ਅਮੀਰ ਹੋਣਾ। ਸਾਧਨਾਂ ਨੂੰ ਬਰਬਾਦ ਕਰਨ ਦੀ ਇਜਾਜ਼ਤ ਤਾਂ ਬਿਲਕੁਲ ਵੀ ਨਹੀਂ ਦਿੱਤੀ ਜਾਵੇਗੀ। ਅਸੀਂ ਹੌਲੀ-ਹੌਲੀ ਇਨ੍ਹਾਂ ਬੁਰਾਈਆਂ ਦਾ ਹੱਲ ਲੱਭ ਰਹੇ ਹਾਂ। ਜਿਹੜੇ ਲੋਕ ਵੱਧ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਲਾਜ਼ਮੀ ਤੌਰ ‘ਤੇ ਜ਼ਿਆਦਾ ਮਿਲੇਗਾ। ਹੁਣ ਅਸੀਂ ਸਭਿਆਚਾਰਕ ਮਾਧਿਅਮਾਂ ਰਾਹੀਂ ਵੀ ਇਨ੍ਹਾਂ ਸਮੱਸਿਆਵਾਂ ਨਾਲ ਨਜਿਠਣ ਦਾ ਯਤਨ ਕਰ ਰਹੇ ਹਾਂ। ਇਸ ਤਰ੍ਹਾਂ ਅਤੀਤ ਦੀ ਰਹਿੰਦ-ਖੂਹੰਦ ਵਿਚ ਬਚੀ ਗੈਰ-ਬਰਾਬਰੀ ਨੂੰ ਬਿਲਕੁਲ ਖ਼ਤਮ ਕਰ ਦਿੱਤਾ ਜਾਵੇਗਾ। ਭਵਿੱਖ ਵਿਚ ਇਨ੍ਹਾਂ ਰਿਆਇਤਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਤੇ ਇਕ ਸਭਿਆ ਤੇ ਨਿਆਂਸ਼ੀਲ ਸਮਾਜ ਵੱਲ ਸਾਡੇ ਕਦਮ ਤੇਜ਼ੀ ਨਾਲ ਵਧ ਰਹੇ ਹੋਣਗੇ।
… ਇਸ ਸਬੰਧੀ ਸਾਨੂੰ ਹਿੰਮਤੀ ਹੋਣਾ ਪਵੇਗਾ। ਇਹ ਸੋਚੇ ਬਿਨਾਂ ਕਿ ਕਿਊਬਾ ਤੋਂ ਬਾਹਰਲੇ ‘ਡਾਕੂ’ ਸਾਨੂੰ ਕੀ ਕਹਿਣਗੇ। ਸਾਨੂੰ ਇਸ ਗੱਲ ਦਾ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਅਪਣੀਆਂ ਗਲਤੀਆਂ ਨੂੰ ਸਵੀਕਾਰ ਕਰੀਏ। ਕਿਉਂਕਿ ਇਹ ਇਕ ਚੀਜ਼ ਹੈ, ਜਿਸ ਰਾਹੀਂ ਆਪਣੇ ਮਕਸਦ ਤਕ ਪਹੁੰਚਿਆ ਜਾ ਸਕਦਾ ਹੈ। ਇਹ ਮਕਸਦ ਅਸੀਂ ਆਪਣੇ ਲਈ ਨਿਰਧਾਰਤ
ਕਰ ਰੱਖਿਆ ਹੈ।
? ਅੱਜ ਜਿਸ ਤਰ੍ਹਾਂ ਕਿਊਬਾ ਵਿਚ ਇਕ ਪਾਰਟੀ ਰਾਜ ਹੈ ਕੀ ਇਹ ਇੱਥੇ ਥੋਪੀ ਗਈ ਬਿਮਾਰ ਸਿਆਸੀ ਵਿਵਸਥਾ ਨਹੀਂ ਹੈ?
ਕਾਸਤਰੋ- ਤੁਸੀਂ ਇਕ ਪਾਰਟੀ ਸਿਸਟਮ ਬਾਰੇ ਪੁੱਛ ਰਹੋ ਹੋ? ਠੀਕ। ਸਮਾਜ ਜਿੰਨਾ ਵੱਧ ਸਭਿਆਚਾਰਕ ਸੰਪੰਨ ਹੁੰਦਾ ਜਾਂਦਾ ਹੈ, ਦੁਨੀਆ ਬਾਰੇ ਜਿੰਨਾ ਵੱਧ ਜਾਣਦਾ ਹੈ, ਉਨਾ ਹੀ ਲੋਕ ਖੁਸ਼ੀ ਨਾਲ ਆਪਣੀ ਸਭਿਆਚਾਰਕ ਕੀਮਤ ਪਛਾਣਦੇ ਹਨ। ਅਸਲ ਵਿਚ ਮੈਂ ਵੇਖਿਆ ਹੈ ਕਿ ਉਨ੍ਹਾਂ ਦੇਸ਼ਾਂ ਵਿਚ ਕੀ ਹੁੰਦਾ ਹੈ ਜਿਥੇ 100 ਜਾਂ 120 ਸਿਆਸੀ ਪਾਰਟੀਆਂ ਹਨ… ਮੈਂ ਨਹੀਂ ਸੋਚਦਾ ਕਿ ਤੁਸੀਂ ਸਰਕਾਰ ਦੇ ਸਰੂਪ ਬਾਰੇ ਜਾਂ ਲੋਕਤੰਤਰ ਦੇ ਸਰੂਪ ਬਾਰੇ ਪਰਸਥਿਤੀਆਂ ਦਾ ਆਦਰਸ਼ੀਕਰਨ ਕਰ ਸਕਦੇ ਹੋ। ਇਹ ਪਾਗਲਪਨ ਹੈ। ਤੀਸਰੀ ਦੁਨੀਆ ਦਾ ਕੋਈ ਵੀ ਦੇਸ਼ 100 ਦਲਾਂ ਨਾਲ ਆਪਣੇ ਆਪ ਨੂੰ ਕਿਵੇਂ ਸਥਾਪਤ ਕਰ ਸਕੇਗਾ। ਇਸ ਤਰ੍ਹਾਂ ਦੇ ਮਾਹੌਲ ਵਿਚ ਉਹ ਤਰੱਕੀ ਕਿਵੇਂ ਕਰ ਸਕਦਾ ਹੈ?
ਕਈ ਦੇਸ਼ਾਂ ਵਿਚ ਬਹੁ-ਦਲਾਂ ਵਿਚਕਾਰ ਪਰੰਪਰਾਗਤ ਚੋਣ ਵਿਵਸਥਾ ਵਿਚ ਇਕ ਪਾਪੂਲਰ ਮੁਕਾਬਲਾ ਜਿਹਾ ਬਣ ਕੇ ਰਹਿ ਜਾਂਦਾ ਹੈ। ਅਸਲ ਵਿਚ ਇਹ ਕੋਈ ਚੋਣ ਮੁਕਾਬਲਾ ਨਹੀਂ ਹੁੰਦਾ। ਜਿਹੜਾ ਭੀੜ ਨਾਲ ਸੰਵਾਦ ਪੈਦਾ ਕਰ ਲੈਂਦਾ ਹੈ ਉਹੀ ਜਿੱਤ ਜਾਂਦਾ ਹੈ। ਇੱਥੇ ਮੀਡੀਆ, ਪੈਸਾ, ਵਿਅਕਤੀ ਦੀ ਸਰੀਰਕ ਦਿੱਖ, ਵਿਗਿਆਪਨ ਆਦਿ ਵੱਧ ਮਾਇਨੇ ਰੱਖਦੇ ਹਨ। ਕਈ ਦੇਸ਼ਾਂ ਵਿਚ ਇਨ੍ਹਾਂ ਚੋਣਾਂ ਦੀ ਕੀਮਤ 100 ਕਰੋੜ ਡਾਲਰ ਤਕ ਪਹੁੰਚ ਗਈ ਹੈ। ਅਮਰੀਕੀ ਤਰੀਕੇ ਵਿਚ ਤਾਂ ਵਿਆਕਤੀ ਦੀ ਈਮੇਜ ਵੀ ਵੱਡਾ ਰੋਲ ਅਦਾ ਕਰਦੀ ਹੈ। ਉਥੇ ਚੁਣਾਵੀ ਉਮੀਦਵਾਰ ਆਪਣੇ ‘ਈਮੇਜ ਸਲਾਹਕਾਰ’ ਨੂੰ ਨਾਲ ਰੱਖਦੇ ਹਨ। ਇਹ ਉਮੀਦਵਾਰ ਨੂੰ ਸਲਾਹ ਦਿੰਦੇ ਹਨ ਕਿ ਕਿਸ ਤਰ੍ਹਾਂ ਨਾਲ ਵਾਲ ਵਹੁਣੇ ਹਨ, ਕਿਵੇਂ ਲੋਕਾਂ ਨਾਲ ਗੱਲ ਕਰਨੀ ਹੈ। ਚੋਣਾਂ ਇਕ ਕਿਸਮ ਦਾ ਮੇਲਾ ਹੁੰਦੀਆਂ ਹਨ।
ਕਈ ਵਾਰ ਚੋਣਾਂ ਵਿਚ ਲੋਕ ਅਮੀਰ ਹੋਣ ਲਈ ਭਾਗ ਲੈਂਦੇ ਹਨ। ਜਿਹੜੇ ਲੋਕ ਮੀਡੀਆ ਨੂੰ ਵੱਧ ਤੋਂ ਵੱਧ ਆਪਣੇ ਕਬਜ਼ੇ ਵਿਚ ਰੱਖਦੇ ਹਨ, ਉਹੀ ਜਿੱਤ ਪ੍ਰਾਪਤ ਕਰਦੇ ਹਨ। ਜਿਹੜਾ ਉਮੀਦਵਾਰ ਵੱਧ ਪੈਸੇ ਖਰਚਣ ਦੀ ਯੋਗਤਾ ਨਹੀਂ ਰੱਖਦਾ ਉਹ ਹਾਰ ਜਾਂਦਾ ਹੈ। ਇਸ ਤਰ੍ਹਾਂ ਇਨ੍ਹਾਂ ਚੋਣਾਂ ਦੇ ਨਤੀਜੇ ਬੜੇ ਅਜੀਬ ਆਉਂਦੇ ਹਨ। ਇਸ ਮਾਹੌਲ ਵਿਚ ਚੋਣਾਵੀ ਹਾਰ-ਜਿੱਤ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ।
ਦੂਸਰੀਆਂ ਥਾਵਾਂ ਵਾਂਗ ਕਿਊਬਾ ਵਿਚ ਪਾਰਟੀ, ਉਮੀਦਵਾਰ ਦੇ ਚੁਣੇ ਜਾਣ ਵਿਚ ਕੋਈ ਭੂਮਿਕਾ ਅਦਾ ਨਹੀਂ ਕਰਦੀ। ਜਦੋਂ ਕਿ ਦੂਸਰੇ ਦੇਸ਼ਾਂ ਵਿਚ ਅਜਿਹਾ ਹੁੰਦਾ ਹੈ।… ਇੰਗਲੈਂਡ ਦਾ ਚੋਣ ਸਿਸਟਮ ਕੁਝ ਚੰਗਾ ਹੈ ਕਿਉਂਕਿ ਇੱਥੇ ਹਰ ਵਿਅਕਤੀ ਇਕ ਪਾਰਟੀ ਨਾਲ ਸੰੰਬੰਧਤ ਹੁੰਦਾ ਹੈ। ਅਜਿਹੇ ਦੇਸ਼ਾਂ ਵਿਚ ਅਕਸਰ ਦੋ ਪਾਰਟੀਆਂ ਹੁੰਦੀਆਂ ਹਨ ਜਿਸ ਕਾਰਨ ਪ੍ਰਤੀਨਿਧੀ ਸੰਸਦ ਵਿਚ ਕਾਫ਼ੀ ਅਨੁਭਵ ਪ੍ਰਾਪਤ ਕਰ ਲੈਂਦੇ ਹਨ। ਇਕ ਆਮ ਨਿਯਮ ਦੇ ਰੂਪ ਵਿਚ ਰਾਸ਼ਟਰਪਤੀ ਵਿਵਸਥਾ ਦੇ ਅਧਿਕਾਰੀਆਂ ਦੀ ਤੁਲਨਾ ਵਿਚ ਕੈਰੇਬਿਆਈ ਦੇਸ਼ਾਂ ਦੇ ਸਿਆਸੀ ਪ੍ਰਤੀਨਿਧ ਤੇ ਚੁਣੇ ਹੋਏ ਅਧਿਕਾਰੀ ਵੱਧ ਪ੍ਰਭਾਵੀ, ਵੱਧ ਯੋਗਤਾ ਵਾਲੇ ਅਤੇ ਵੱਧ ਸਿਖਿਅਤ ਹੁੰਦੇ ਹਨ।
ਇੱਥੇ ਕਿਊਬਾ ਵਿਚ ਸਭ ਤੋਂ ਪਹਿਲਾਂ ਨਿਯਮ ਹੈ ਕਿ ਪਾਰਟੀ ਉਮੀਦਵਾਰਾਂ ਦੇ ਨਾਂ ਪੇਸ਼ ਨਹੀਂ ਕਰਦੀ। ਉਮੀਦਵਾਰ ਜਨਤਾ ਦੁਆਰਾ ਚੋਣ ਮੈਦਾਨ ਵਿਚ ਭੇਜਿਆ ਜਾਂਦਾ ਹੈ। ਹਰੇਕ ਜ਼ਿਲ੍ਹੇ ਦੇ ਲੋਕ ਇਕ ਸੰਮੇਲਨ ਵਿਚ ਇਕੱਠੇ ਹੁੰਦੇ ਹਨ ਤੇ ਆਪਣੇ ਉਮੀਦਵਾਰ ਨੂੰ ਚੁਣਦੇ ਹਨ। ਇਹ ਉਮੀਦਵਾਰ ਹੀ ਆਮ ਲੋਕਾਂ ਦੀ ਪ੍ਰਤੀਨਿਧਤਾ ਕਰਨ ਲਈ ਰਾਸ਼ਟਰ-ਸਭਾ (ਸੰਸਦ) ਵਿਚ ਜਾਂਦਾ ਹੈ। ਇਸ ਗੱਲ ਨੂੰ ਬਹੁਤ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ।
? ਕੀ ਮੈਂ ਪੁੱਛ ਸਕਦਾ ਹਾਂ ਕਿ ਤੁਹਾਡੀ ਤਨਖ਼ਾਹ ਕਿੰਨੀ ਹੈ?
ਕਾਸਤਰੋ- ਮੇਰੀ ਤਨਖ਼ਾਹ ਪੱਚੀ ਪੈਸੇ ਪ੍ਰਤੀ ਡਾਲਰ ਦੀ ਆਦਾਨ-ਪ੍ਰਦਾਨ ਦਰ ਨਾਲ ਤੀਹ ਡਾਲਰ ਪ੍ਰਤੀ ਮਹੀਨਾ ਹੈ। ਪਰ ਮੈਂ ਭੁੱਖ ਨਾਲ ਮਰ ਨਹੀਂ ਰਿਹਾ ਤੇ ਨਾ ਹੀ ਭੁੱਖਮਾਰੀ ਦਾ ਸ਼ਿਕਾਰ ਹਾਂ। ਮੈਂ ਪਾਰਟੀ ਪ੍ਰਤੀ ਅਪਣੀਆਂ ਦੇਣਦਾਰੀਆਂ ਨੂੰ ਚੁਕਾਉਂਦਾ ਹਾਂ। ਘਰ ਦੇ ਕਿਰਾਏ ਸਮੇਤ ਇਨ੍ਹਾਂ ਲਈ ਮੇਰੀ ਤਨਖ਼ਾਹ ਦਾ ਦਸ ਪ੍ਰਤੀਸ਼ਤ ਖ਼ਰਚ ਹੋ ਜਾਂਦਾ ਹੈ। ਮੈਂ ਆਪਣੀ ਮਾਂ ਦੀ ਰਿਸ਼ਤੇ ਵਿਚ ਲੱਗਦੀ ਚਾਚੀ ਦੀ ਮਦਦ ਕਰਦਾ ਹਾਂ, ਜਿਸ ਦਾ ਇਕਲੌਤਾ ਪੁੱਤਰ ਯੁੱਧ ਵਿਚ ਮਾਰਿਆ ਗਿਆ ਸੀ।… ਮੇਰੇ ਕੋਲ ਅਣਗਿਣਤ ਤੌਹਫੇ ਸਨ ਜੋ ਲੋਕਾਂ ਨੇ ਸਮੇਂ-ਸਮੇਂ ‘ਤੇ ਮੈਨੂੰ ਦਿੱਤੇ ਸਨ। ਇਨ੍ਹਾਂ ਦੀ ਕੀਮਤ ਲੱਖਾਂ ਵਿਚ ਸੀ। ਕਿਤਾਬਾਂ ਨੂੰ ਛੱਡ ਕੇ ਮੈਂ ਇਹ ਤੋਹਫ਼ੇ ਲੋਕਾਂ ਨੂੰ ਹੀ ਸਮਰਪਿਤ ਕਰ ਦਿੱਤੇ। ਇਨ੍ਹਾਂ ਵਿਚ ਮਹਿੰਗੀਆਂ ਘੜੀਆਂ, ਬਹੁਤ ਵਧੀਆ ਪੇਂਟਿੰਗਾਂ, ਪ੍ਰਾਚੀਨ ਕਲਾਕਿਰਤਾਂ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਪੁਸਤਕਾਂ ਮੈਂ ਆਪਣੇ ਕੋਲ ਇਸ ਲਈ ਰੱਖੀਆਂ ਕਿਉਂਕਿ ਮੈਂ ਇਨ੍ਹਾਂ ਪੁਸਤਕਾਂ ਵਿਚ ਹੀ ਮਰਨਾ ਚਾਹੁੰਦਾ ਹਾਂ।… ਮੇਰੇ ਕੋਲ ਨਿਜੀ ਤੌਰ ‘ਤੇ ਇਕ ਪੈਸਾ ਵੀ ਨਹੀਂ ਹੈ। ਰਾਸ਼ਟਰਪਤੀ ਹੁੰਦਿਆਂ ਸਾਰਾ ਖਰਚਾ ਪ੍ਰਸ਼ਾਸਨਿਕ ਮਹਿਕਮਾ ਕਰਦਾ ਸੀ। ਅਸਲ ਵਿਚ ਜਦੋਂ ਮੈਂ ਵਿਦੇਸ਼ ਯਾਤਰਾ ਕਰਦਾ ਸਾਂ ਜਾਂ ਕਿਸੇ ਹੋਟਲ ਵਿਚ ਖਾਣਾ ਖਾਂਦਾ ਸਾਂ ਤਾਂ ਮੇਰੀ ਜੇਬ ਵਿਚ ਇਕ ਪੈਨੀ ਵੀ ਨਹੀਂ ਸੀ ਹੁੰਦੀ।… ਮੈਂ ਕਹਿ ਸਕਦਾ ਹਾਂ ਕਿ ਇੱਥੇ ਇਕ ਨਿਯਮ ਲਾਗੂ ਕੀਤਾ ਜਾ ਚੁੱਕਾ ਹੈ; ‘ਹਰੇਕ ਨੂੰ ਉਸ ਦੀ ਯੋਗਤਾ ਅਨੁਸਾਰ, ਹਰੇਕ ਨੂੰ ਉਸ ਦੀ ਲੋੜ ਅਨੁਸਾਰ।’ ਮੇਰੀਆਂ ਵਿਅਕਤੀਗਤ ਲੋੜਾਂ ਬਹੁਤ ਘੱਟ ਹਨ। ਇਹੋ ਕਾਰਨ ਹੈ ਕਿ ਮੈਂ ਕਦੇ ਆਪਣੀ ਤਨਖ਼ਾਹ ਵਧਵਾਉਣ ਦਾ ਯਤਨ ਨਹੀਂ ਕੀਤਾ। ਮੈਂ ਬਿਨਾਂ ਪੈਸੇ ਤੋਂ ਮਰਨਾ ਚਾਹੁੰਦਾ ਹਾਂ। ਮੈਨੂੰ ਅਪਣੀਆਂ ਯਾਦਾਂ ਬਾਰੇ ਪੁਸਤਕਾਂ ਲਿਖਣ ਦਾ ਕਰੋੜਾਂ ਡਾਲਰ ਦੀ ਆਫ਼ਰ ਆਈ, ਪਰ ਮੈਂ ਕਦੇ ਵੀ ਇਹ ਕੰਮ ਨਹੀਂ ਕੀਤਾ। ਕਿਸੇ ਵੀ ਕ੍ਰਾਂਤੀਕਾਰੀ ਦੇ ਮਨ ਵਿਚ ਬਦਲੇ ਦੀ ਭਾਵਨਾ ਦਾ ਕੋਈ ਸਥਾਨ ਨਹੀਂ ਹੋ ਸਕਦਾ। ਤੁਸੀਂ ਦੁਨੀਆ ਦੀ ਸਾਰੀ ਇੱਛਾ ਸ਼ਕਤੀ ਨਾਲ ਸੰਘਰਸ਼ ਕਰ ਸਕਦੇ ਹੋ ਪਰ ਤੁਸੀਂ ਘਿਰਣਾ ਦੇ ਆਧਾਰ ‘ਤੇ ਕੁਝ ਨਹੀਂ ਕਰ ਸਕਦੇ। ਅਸੀਂ ਵਿਅਕਤੀਗਤ ਤੌਰ ‘ਤੇ ਅਮਰੀਕਨ ਨਾਗਰਿਕਾਂ ਦਾ ਵਿਰੋਧ ਨਹੀਂ ਕਰਦੇ ਅਤੇ ਨਾ ਹੀ ਅਸੀਂ ਉਨ੍ਹਾਂ ਦੇ ਵਿਰੁੱਧ ਹਾਂ। ਸਗੋਂ ਜਦੋਂ ਕੋਈ ਅਮਰੀਕਨ ਇੱਥੇ ਆਉਂਦਾ ਹੈ, ਉਦੋਂ ਕਿਸੇ ਦੂਸਰੇ ਦੇਸ਼ ਦੇ ਨਾਗਰਿਕ ਨਾਲੋਂ ਵੱਧ ਉਸ ਦਾ ਸਵਾਗਤ ਹੁੰਦਾ ਹੈ। ਅਸੀਂ ਅਮਰੀਕੀ ਨਾਗਰਿਕ ਨਾਲ ਕਦੇ ਵੀ ਭੇਦਭਾਵ ਨਹੀਂ ਰੱਖਦੇ। ਕਿਊਬਾ ਦੇ ਲੋਕ ਅੰਨ੍ਹੇ-ਰਾਸ਼ਟਰਵਾਦੀ ਵੀ ਨਹੀਂ ਹਨ। ਜੇਕਰ ਅਸੀਂ ਸੱਚੇ ਨਾ ਹੁੰਦੇ ਤਾਂ ਹੁਣ ਤਕ ਸਾਡੀ ਹੋਂਦ ਵੀ ਨਾ ਹੁੰਦੀ। ਤੁਸੀਂ ਕਿਸੇ ਵੀ ਕ੍ਰਾਂਤੀ ਨੂੰ ਵਿਚਾਰਾਂ ਦੇ ਆਧਾਰ ‘ਤੇ ਹੀ ਜ਼ਿੰਦਾ ਰੱਖ ਸਕਦੇ ਹੋ।
ਸਾਨੂੰ ਮਨੁੱਖ ਜਾਤੀ ‘ਤੇ ਪੂਰਾ ਵਿਸ਼ਵਾਸ ਹੈ। ਮਨੁੱਖ ਆਪਣੇ ਸਨਮਾਨ ਲਈ ਅਤੇ ਮੁੱਲਾਂ ਲਈ ਆਪਣੀ ਜਾਨ ਦਿੰਦਾ ਰਿਹਾ ਹੈ। ਮਨੁੱਖ ਲਈ ਸਨਮਾਨ ਤੇ ਮੁੱਲ ਕਿਸੇ ਵੀ ਹੋਰ ਚੀਜ਼ ਨਾਲੋਂ ਵੱਧ ਕੀਮਤੀ ਹੁੰਦੇ ਹਨ। ਅਮਰੀਕਾ ਦੁਨੀਆ ਵਿਚੋਂ ਸੁਤੰਤਰਤਾ, ਸਮਾਨਤਾ ਤੇ ਭਾਈਚਾਰਾ ਖ਼ਤਮ ਕਰਨ ‘ਤੇ ਤੁਲਿਆ ਹੋਇਆ ਹੈ। ਇਸ ਮਾਹੌਲ ਵਿਚ ਬੁੱਧੀਜੀਵੀਆਂ ਦੀ ਸਭ ਤੋਂ ਵੱਧ ਭੂਮਿਕਾ ਨੂੰ ਮੈਂ ਰੇਖਾਂਕਿਤ ਕਰਨ ਦਾ ਯਤਨ ਕਰਦਾ ਹਾਂ। ਕੇਵਲ ਇਕ ਵਿਸ਼ੇਸ਼ ਪੱਧਰ ਦੇ ਬੁੱਧੀਜੀਵੀ, ਜਿਨ੍ਹਾਂ ਵਿਚ ਪ੍ਰੋਫੈਸਰ ਸ਼ਾਮਲ ਹਨ, ਇਨ੍ਹਾਂ ਵਿਚ ਉਹ ਸਾਰੇ ਲੋਕ ਵੀ ਸ਼ਾਮਲ ਹਨ, ਜੋ ਇੰਟਰਨੈੱਟ ਰਾਹੀਂ ਸ਼ਕਤੀਸ਼ਾਲੀ ਅੰਦੋਲਨ ਸੰਗਠਿਤ ਕਰਦੇ ਹਨ। ਇਸ ਤਰ੍ਹਾਂ ਨਾਲ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਹੋਏ ਹਨ। ਇਹ ਪ੍ਰਤੀਰੋਧ ਦੁਨੀਆ ਦੇ ‘ਦੇਵਤਿਆਂ’ ਨੂੰ ਡਰਾਉਣ ਲੱਗਾ ਹੈ। ਅਮਰੀਕੀਆਂ ਨੂੰ ਉਨ੍ਹਾਂ ਦੇ ਕਈ ਸ਼ਾਸਕ ਬੁੱਧੂ ਬਣਾਉਂਦੇ ਰਹੇ ਹਨ। ਪਰ ਜਿਵੇਂ ਲਿੰਕਨ ਨੇ ਕਿਹਾ ਸੀ, ‘ਤੁਸੀਂ ਕੁਝ ਲੋਕਾਂ ਨੂੰ ਹਮੇਸ਼ਾ ਬੁੱਧੂ ਬਣਾ ਸਕਦੇ ਹੋ, ਤੇ ਸਾਰੇ ਲੋਕਾਂ ਨੂੰ ਕੁਝ ਸਮੇਂ ਲਈ ਬੁੱਧੂ ਬਣਾ ਸਕਦੇ ਹੋ, ਪਰ ਤੁਸੀਂ ਸਾਰਿਆਂ ਨੂੰ ਹਮੇਸ਼ਾ ਲਈ ਬੁੱਧੂ ਨਹੀਂ ਬਣਾ ਸਕਦੇ।’ ਅਸੀਂ ਆਪਣੇ ਆਪ ਨੂੰ ਖੁਸ਼ਨਸੀਬ ਮੰਨਦੇ ਹਾਂ ਕਿ ਘਿਰਣਾ ਸਾਡੀ ਸਿਆਸਤ ਦਾ ਹਥਿਆਰ ਨਹੀਂ ਹੈ। ਸਾਡਾ ਸਿਆਸੀ ਹਥਿਆਰ ‘ਸਿਧਾਂਤ’ ਹੈ ਅਤੇ ਇਹ ਗੱਲ ਅਸੀਂ ਆਪਣੇ ਅਨੁਭਵਾਂ ਤੋਂ ਬਾਖ਼ੂਬੀ ਸਿੱਖੀ ਹੈ।
? ਤੁਸੀਂ ਲੰਮੇ ਸਮੇਂ ਤਕ ਕੰਮ ਕਰਦੇ ਹੋ। ਤੁਹਾਡੀ ਸਿਹਤ ਦਾ ਕੀ ਰਾਜ਼ ਹੈ?
ਕਾਸਤਰੋ- ਮੈਂ ਅਪਣੀਆਂ ਸੁਭਾਵਕ ਜ਼ਿੰਮੇਵਾਰੀਆਂ ਤੋਂ ਬਿਨਾਂ ਦੋ ਹੋਰ ਮਹੱਤਵਪੂਰਨ ਕੰਮ ਕਰਦਾ ਹਾਂ। ਟੈਲੀਵਿਜ਼ਨ ‘ਤੇ ਮੌਜੂਦਗੀ ਅਤੇ ਆਪਣੇ ਪ੍ਰਤੀਨਿਧੀ ਮੰਡਲਾਂ ਨਾਲ ਮੁਲਾਕਾਤ ਜੋ ਅੰਬੈਸਡਰ ਵਜੋਂ ਅੰਤਰ-ਰਾਸ਼ਟਰੀ ਮੰਚਾਂ ‘ਤੇ ਕੰਮਾਂ ਲਈ ਜਾ ਰਹੇ ਹੁੰਦੇ ਹਨ।… ਇਸ ਤੋਂ ਇਲਾਵਾ ਮੈਂ ਆਪਣੇ ਆਪ ਨੂੰ ਊਰਜਾ ਸੰਪੰਨ ਵਿਆਕਤੀ ਸਮਝਦਾ ਹਾਂ। ਨਵੀਆਂ ਗੱਲਾਂ ਨੂੰ ਸਿਖਣ ਲਈ ਮੇਰੇ ਮਨ ਵਿਚ ਬੇਹੱਦ ਉਤਸ਼ਾਹ ਹੈ। ਮੈਂ ਹਮੇਸ਼ਾ ਸਰੀਰਕ ਤੇ ਮਾਨਸਿਕ ਤੌਰ ‘ਤੇ ਨਿਰੋਗ ਤੇ ਚੰਗਾ ਮਹਿਸੂਸ ਕਰਦਾ ਹਾਂ। ਮੇੇਰਾ ਖ਼ਿਆਲ ਹੈ ਕਿ ਕਸਰਤ ਕਰਨ ਦੀ ਆਦਤ ਨੇ ਇਸ ਵਿਚ ਵੱਧ ਯੋਗਦਾਨ ਪਾਇਆ ਹੈ। ਸਰੀਰਕ ਕਸਰਤ ਨਾ ਕੇਵਲ ਮਾਸ-ਪੇਸ਼ੀਆਂ ਨੂੰ ਠੀਕ ਕਰਦੀ ਹੈ ਸਗੋਂ ਇਸ ਦਾ ਮਾਨਸਿਕ ਲਾਭ ਵੀ ਹੁੰਦਾ ਹੈ। ਇਹ ਸਾਡੇ ਸਰੀਰ ਵਿਚ ਖ਼ੂਨ ਤੇ ਆਕਸੀਜ਼ਨ ਦੀ ਰਫ਼ਤਾਰ ਨੂੰ ਸਹੀ ਕਰਦੀ ਹੈ।
? ਤੁਸੀਂ ਕਈ ਵਾਰ ਭਾਸ਼ਣ ਕਰਦਿਆਂ ਡਿੱਗੇ ਹੋ, ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਤੁਹਾਡੀ ਸਿਹਤ ਲਈ ਹਾਨੀਕਾਰਕ ਨਹੀਂ ਹਨ?
ਕਾਸਤਰੋ- ਇਹ ਸਹੀ ਗੱਲ ਹੈ ਕਿ ਜੂਨ 2001 ਅਤੇ 20 ਅਕਤੂਬਰ 2004 ਨੂੰ ਮੈਂ ਭਾਸ਼ਣ ਕਰਦਿਆਂ ਡਿਗ ਪਿਆ ਸੀ। ਜੂਨ 2001 ਨੂੰ ਹਵਾਨਾ ਦੇ ਗੁਆਂਢ ਐਲਕੋਟਰੋ ਵਿਚ ਅੱਤ ਦੀ ਗਰਮੀ ਦੇ ਦਿਨ ਅਤੇ ਤਿੰਨ ਘੰਟੇ ਤੋਂ ਵੱਧ ਸਮਾਂ ਭਾਸ਼ਣ, ਜੋ ਟੈਲੀਵਿਜ਼ਨ ‘ਤੇ ਸਿੱਧਾ ਪ੍ਰਸਾਰਤ ਹੋ ਰਿਹਾ ਸੀ, ਦੌਰਾਨ ਮੈਂ ਕੁਝ ਦੇਰ ਲਈ ਆਪਣੀ ਚੇਤਨਾ ਖੋ ਬੈਠਾ ਸਾਂ। ਇਸ ਲਈ ਕੁਝ ਚੀਜ਼ਾਂ ਜ਼ਿੰਮੇਵਾਰ ਸਨ। ਇਹ ਜ਼ਿਆਦਾ ਧੁੱਪ ਤੇ ਗਰਮੀ ਕਾਰਨ ਵਾਪਰਿਆ ਸੀ। ਇਸ ਘਟਨਾ ਤੋਂ ਕੁਝ ਘੰਟਿਆਂ ਬਾਅਦ ਅਮਰੀਕਾ ਵਿਚ ਕੁਝ ਲੋਕ ਜਸ਼ਨ ਮਨਾਉਣ ਲੱਗੇ। ਇਹ ਲੋਕ ਉਦੋਂ ਹੈਰਾਨ ਹੋਏ ਹੋਣਗੇ ਜਦੋਂ ਮੈਂ ਠੀਕ ਹੋ ਕੇ ਦੁਬਾਰਾ ਟੈਲੀਵਿਜ਼ਨ ‘ਤੇ ਆਇਆ। ਇਹ ਕੋਈ ਵੱਡਾ ਮਸਲਾ ਨਹੀਂ ਸੀ। ਇਹ ਧੁੱਪ ਵਿਚ ਲਗਾਤਾਰ ਖੜ੍ਹੇ ਰਹਿਣ ਕਰਕੇ ਕਿਸੇ ਵੀ ਵਿਆਕਤੀ ਨਾਲ ਵਾਪਰ ਸਕਦਾ ਹੈ।
… ਹੁਣ 20 ਅਕਤੂਬਰ, 2004 ਵਾਲੀ ਘਟਨਾ ਵੱਲ ਆਉਂਦੇ ਹਾਂ। ਮੈਂ ਅਪਣਾ ਭਾਸ਼ਣ ਖ਼ਤਮ ਕਰ ਚੁੱਕਾ ਸਾਂ। ਰਾਤ ਦੇ ਲਗਭਗ ਦਸ ਵੱਜੇ ਸਨ। ਮੈਂ ਵਾਪਸ ਜਾ ਰਿਹਾ ਸੀ ਕਿ ਪੌੜੀਆਂ ਵਿਚ ਡਿਗ ਗਿਆ। ਮੈਂ ਬਚਣ ਦੀ ਕੋਸ਼ਿਸ਼ ਵੀ ਕੀਤੀ ਪਰ ਮੇਰਾ ਚੇਹਰਾ ਤੇ ਸਿਰ ਵੀ ਜਖ਼ਮੀ ਹੋ ਗਏ। ਇਹ ਮੇਰੀ ਆਪਣੀ ਗਲਤੀ ਕਾਰਨ ਵਾਪਰਿਆ ਹਾਦਸਾ ਸੀ। ਮੈਨੂੰ ਹਵਾਨਾ ਦੇ ਹਸਪਤਾਲ ਵਿਖੇ ਲਿਜਾਇਆ ਗਿਆ। ਮੈਂ ਗੱਲ-ਬਾਤ ਕਰਨ ਦੇ ਯੋਗ ਸਾਂ। ਗੋਡੇ ਦੀ ਚੱਪਣੀ ਅਤੇ ਬਾਂਹ ਵਿਚ ਫਰੈਕਚਰ ਸੀ। ਡਾਕਟਰ ਨੇ ਅਪ੍ਰੇਸ਼ਨ ਨਾਲ ਇਸ ਨੂੰ ਠੀਕ ਕਰ ਦਿੱਤਾ ਸੀ। ਪਰ ਇਸ ਦੌਰਾਨ ਮੈਂ ਦੇਸ਼ ਦੇ ਕਿਸੇ ਵੀ ਮਸਲੇ ਤੋਂ ਨਾ ਤਾਂ ਅਪਣਾ ਧਿਆਨ ਹਟਾਇਆ ਤੇ ਨਾ ਹੀ ਕਿਸੇ ਮਾਮਲੇ ਨੂੰ ਨਜ਼ਰਅੰਦਾਜ਼ ਕੀਤਾ।… ਅੱਜ ਮੈਂ ਬਿਨਾਂ ਕਿਸੇ ਸਮੱਸਿਆ ਦੇ ਆਮ ਵਰਗੀ ਜ਼ਿੰਦਗੀ ਜੀਅ ਰਿਹਾ ਹਾਂ।
? ਨਵੰਬਰ 2005 ਵਿਚ ਸੀ.ਆਈ.ਏ. ਨੇ ਤੁਹਾਡੀ ਭਿਆਨਕ ਬਿਮਾਰੀ ਬਾਰੇ ‘ਸੂਚਨਾ’ ਦਿੱਤੀ ਸੀ?
ਕਾਸਤਰੋ- ਇਹ ਸੱਚ ਹੈ ਕਿ ਉਹ ਲੰਮੇ ਸਮੇਂ ਤੋਂ ਮੇਰੀ ਮੌਤ ਦੀ ਉਡੀਕ ਕਰ ਰਹੇ ਹਨ। ਇਸ ਕਰਕੇ ਉਹ ਨਵੀਆਂ-ਨਵੀਆਂ ਕਹਾਣੀਆਂ ਘੜ ਕੇ ਅਫ਼ਵਾਹਾਂ ਫੈਲਾਉਂਦੇ ਰਹਿੰਦੇ ਹਨ। ਇਹ ਲੋਕ ਤਾਂ ਮੈਨੂੰ ਪਤਾ ਨਹੀਂ ਕਿੰਨੀ ਵਾਰ ਮਾਰ ਚੁੱਕੇ ਹਨ ਪਰ ਉਹ ਹਰ ਵਾਰ ਨਿਰਾਸ਼ ਹੀ ਹੁੰਦੇ ਹਨ। ਆਪਣੇ ਐਕਸੀਡੈਂਟ ਤੋਂ ਬਾਅਦ ਮੈਂ ਵੱਧ ਤੰਦਰੁਸਤ ਮਹਿਸੂਸ ਕਰਦਾ ਹਾਂ, ਵੱਧ ਸਰੀਰਕ ਅਭਿਆਸ ਕਰਦਾ ਹਾਂ। ਮੈਂ ਆਪਣੇ ਜੀਵਨ ਦੇ ਆਖ਼ਰੀ ਸਾਹ ਤਕ ਕਸਰਤ ਕਰਦਾ ਰਹਾਂਗਾ। ਹੁਣ ਮੈਂ ਕਿਸੇ ਵੀ ਚੀਜ਼ ਨੂੰ ਨਜ਼ਰਅੰਦਾਜ਼ ਨਹੀਂ ਕਰਦਾ, ਇਸ ਕਰਕੇ ਮੈਂ ਆਪਣੇ ਅੰਦਰ ਪਹਿਲਾਂ ਨਾਲੋਂ ਵੱਧ ਊਰਜਾ, ਆਤਮਿਕ ਸ਼ਕਤੀ ਅਤੇ ਇੱਛਾ-ਸ਼ਕਤੀ ਦਾ ਅਨੁਭਵ ਕਰ ਰਿਹਾ ਹਾਂ।
? ਤੁਸੀਂ ਆਪਣੇ ਕੋਲ ਪਿਸਤੌਲ ਰੱਖਦੇ ਹੋ। ਤੁਹਾਡੀ ਸਰੀਰਕ ਸ਼ਕਤੀ ਘਟਣ ਕਾਰਨ ਹਥਿਆਰ ਚਲਾਉਣ ਦੀ ਸੰਭਾਵਨਾ ਘੱਟ ਹੈ। ਕੀ ਤੁਸੀਂ ਇਸ ਗੱਲ ਤੋਂ ਚਿੰਤਤ ਹੋ?
ਕਾਸਤਰੋ- ਜਦੋਂ ਤੋਂ ਸੀ.ਆਈ.ਏ. ਨੇ ਮੇਰੀ ਹੱਤਿਆ ਦੇ ਯਤਨ ਕੀਤੇ ਹਨ, ਉਦੋਂ ਤੋਂ ਹੀ ਹਥਿਆਰ ਰੱਖਣਾ ਮੇਰੀ ਮਜਬੂਰੀ ਬਣ ਗਿਆ ਹੈ। ਮੇਰੇ ਕੋਲ 15 ਸ਼ਾਟ ਬਰਾਊਨਿੰਗ ਹਨ। ਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਗੋਲੀਆਂ ਚਲਾਈਆਂ ਹਨ। ਮੈਂ ਹਮੇਸ਼ਾ ਇਕ ਚੰਗਾ ਨਿਸ਼ਾਨੇਬਾਜ਼ ਰਿਹਾ ਹਾਂ। ਮੈਂ ਅੱਜ ਵੀ ਦੁਸ਼ਮਣ ਤੋਂ ਨਹੀਂ ਡਰਦਾ। … ਕੱਲ ਨੂੰ ਮੇਰੀ ਮੌਤ ਹੋ ਹੀ ਜਾਣੀ ਹੈ, ਉਦੋਂ ਮੇਰਾ ਪ੍ਰਭਾਵ ਹੋਰ ਵੱਧ ਪ੍ਰਸਾਰਤ ਹੋਵੇਗਾ। ਇਕ ਵਾਰ ਮੈਂ ਕਿਹਾ ਸੀ ਕਿ ਜਦੋਂ ਅਸਲ ਵਿਚ ਮੇਰੀ ਮੌਤ ਹੋ ਜਾਵੇਗੀ, ਉਦੋਂ ਵੀ ਕੋਈ ਵਿਆਕਤੀ ਵਿਸ਼ਵਾਸ ਨਹੀਂ ਕਰੇਗਾ ਕਿ ਮੇਰੀ ਮੌਤ ਹੋ ਗਈ।
? ਕੀ ਤੁਸੀਂ ਸੋਚਦੇ ਹੋ ਕਿ ਕ੍ਰਾਂਤੀ ਅਜੇ ਮੁਕੰਮਲ ਨਹੀਂ ਹੋਈ?
ਕਾਸਤਰੋ- ਅਸੀਂ ਖੁਸ਼ਕਿਸਮਤ ਹਾਂ ਕਿ ਕ੍ਰਾਂਤੀ ਨੂੰ ਤਿੰਨ ਪੀੜ੍ਹੀਆਂ ਤਕ ਲੈ ਆਏ ਹਾਂ। ਅਸੀਂ ਇੱਥੇ ਸਿਖਿਆ ਨੂੰ ਪ੍ਰਫੁਲਤ ਕਰਦੇ ਪ੍ਰੋਗਰਾਮ ਅਰੰਭੇ, ਡਾਕੂਆਂ ਵਿਰੁੱਧ ਮੋਰਚਾ ਛੇੜਿਆ, ਨਾਕੇਬੰਦੀ ਵਿਰੁੱਧ ਸੰਘਰਸ਼ ਕੀਤਾ, ਅੱਤਵਾਦ ਵਿਰੁੱਧ ਲੜੇ ਅਤੇ ਹੋਰ ਅਨੇਕਾਂ ਅੰਤਰ-ਰਾਸ਼ਟਰੀ ਪ੍ਰੋਗਰਾਮ… ਲੱਖਾਂ ਲੋਕ ਇਨ੍ਹਾਂ ਪ੍ਰੋਗਰਾਮਾਂ ਨਾਲ ਜੁੜੇ ਹੋਏ ਹਨ। ਅਸੀਂ ਵਿਗਿਆਨ ਵਿਚ, ਤਕਨੀਕ ਵਿਚ, ਮਜ਼ਦੂਰਾਂ ਦੀ ਅਗਵਾਈ ਵਿਚ, ਬੌਧਿਕਤਾ ਵਿਚ, ਅਧਿਐਨ ਵਿਚ, ਲਗਭਗ ਹਰ ਖੇਤਰ ਵਿਚ ਮਹੱਤਵਪੂਰਨ ਉਪਲਬਧੀਆਂ ਕੀਤੀਆਂ ਹਨ। ਇਨ੍ਹਾਂ ਉਪਲਬਧੀਆਂ ਵਿਚ ਅੱਜ ਦੀ ਨੌਜਵਾਨ ਪੀੜ੍ਹੀ ਵੀ ਸ਼ਾਮਲ ਹੈ। … ਸਾਡੇ ਸਾਹਮਣੇ ਇਹ ਨਵੀਂ ਪੀੜ੍ਹੀ ਹੈ, ਕਿਉਂਕਿ ਅਸੀਂ ਤਾਂ ਹੁਣ ਬੀਤ ਚੁੱਕੇ ਹਾਂ। ਰਾਊਲ ਮੈਥੋਂ ਕੇਵਲ ਚਾਰ ਸਾਲ ਛੋਟੇ ਹਨ ਪਰ ਉਹ ਮੇਰੇ ਨਾਲੋਂ ਵੱਧ ਜਵਾਨ ਹਨ।
… ਅਸੀਂ ਸੈਂਕੜਿਆਂ ਦੀ ਤਾਦਾਦ ਵਿਚ ਨਵੀਆਂ ਪ੍ਰਤਿਭਾਵਾਂ ਨੂੰ ਲੱਭਿਆ ਹੈ। ਇਹ ਬੱਚੇ ਪ੍ਰਭਾਵਸ਼ਾਲੀ ਹਨ ਤੇ ਆਪਣੇ ਵਿਚਾਰਾਂ ਨੂੰ ਸਪੱਸ਼ਟ ਰੂਪ ਵਿਚ ਸਾਹਮਣੇ ਰੱਖਦੇ ਹਨ। ਕੌਣ ਜਾਣਦਾ ਸੀ ਕਿ ਸਾਡੇ ਏਨੇ ਪ੍ਰਤਿਭਾਸ਼ਾਲੀ ਬੱਚੇ ਹੋਣਗੇ। ਮੈਂ ਮੰਨਦਾ ਹਾਂ ਕਿ ਪ੍ਰਤਿਭਾ ਹਰ ਜਗ੍ਹਾ ਹੁੰਦੀ ਹੈ। ਕਿਸੇ ਕੋਲ ਕੋਈ ਪ੍ਰਤਿਭਾ ਹੈ ਤੇ ਦੂਸਰੇ ਕੋਲ ਕੋਈ। ਸਮਾਜਵਾਦੀ ਸਮੂਹ ਦੇ ਦੇਸ਼ਾਂ ਦੇ ਪਤਨ ਤੋਂ ਬਾਅਦ ਸਾਡੇ ਅੱਠ ਕਰੋੜ ਲੋਕਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਸਮਾਜਵਾਦੀ ਹਾਂ। ਅੱਜ ਸਾਡੇ ਡਾਕਟਰ ਹਜ਼ਾਰਾਂ ਦੀ ਗਿਣਤੀ ਵਿਚ ਉਨ੍ਹਾਂ ਥਾਵਾਂ ‘ਤੇ ਜਾ ਕੇ ਲੋਕਾਂ ਦੀ ਸੇਵਾ ਵਿਚ ਜੁਟੇ ਹੋਏ ਹਨ ਜਿਥੇ ਅਮਰੀਕਾ ਜਾਂ ਯੂਰਪੀ ਦੇਸ਼ ਮਿਲਕੇ ਵੀ ਆਪਣੇ ਡਾਕਟਰ ਨਹੀਂ ਭੇਜ ਸਕਦੇ। ਇਸ ਸਮੇਂ ਕੇਵਲ ਅਫ਼ਰੀਕਾ ਵਿਚ ਹੀ ਸਾਡੇ 3000 ਤੋਂ ਵੱਧ ਡਾਕਟਰ ਕਾਰਜਸ਼ੀਲ ਹਨ। ਅਸੀਂ ਨਾਕਾਬੰਦੀ ਦੇ ਬਾਵਜੂਦ ਲੋਕਾਂ ਨੂੰ ਸੰਤੁਸ਼ਟਤਾ ਪ੍ਰਦਾਨ ਕੀਤੀ ਹੈ।
… ਪਰ ਮੈਂ ਇਹ ਵੀ ਮੰਨਦਾ ਹਾਂ ਕਿ ਅਸੀਂ ਆਦਰਸ਼ਵਾਦ ਦੇ ਅੰਤਰਗਤ ਕੁਝ ਗ਼ਲਤੀਆਂ ਕੀਤੀਆਂ ਹਨ। ਅਸੀਂ ਬਹੁਤ ਤੇਜ਼ੀ ਨਾਲ ਅਗਾਂਹ ਵਧਣ ਦਾ ਯਤਨ ਕੀਤਾ ਹੈ। ਹੋ ਸਕਦਾ ਹੈ ਕਿ ਅਸੀਂ ਮਨੁੱਖ ਜਾਤੀ ਦੀਆਂ ਆਦਤਾਂ ਤੇ ਹੋਰ ਤੱਥਾਂ ਬਾਰੇ ਧਿਆਨ ਹੀ ਨਾ ਦਿੱਤਾ ਹੋਵੇ। ਪਰ ਕਿਸੇ ਵੀ ਦੇਸ਼ ਨੇ ਏਨੇ ਸ਼ਕਤੀਸ਼ਾਲੀ ਪ੍ਰਚਾਰ, ਯੁੱਧ, ਨਾਕੇਬੰਦੀ ਵਰਗੀਆਂ ਪ੍ਰਸਥਿਤੀਆਂ ਦਾ ਸਾਹਮਣਾ ਨਹੀਂ ਕੀਤਾ ਹੋਣਾ। ਸੋਵੀਅਤ ਸੰਘ ਅਲੋਪ ਹੋ ਗਿਆ ਸੀ ਅਤੇ ਅਸੀਂ ਵਿਚਾਰਧਾਰਕ ਤੌਰ ‘ਤੇ ਬਿਲਕੁਲ ਇਕੱਲੇ ਰਹਿ ਗਏ ਸਾਂ। ਪਰ ਨਾ ਤਾਂ ਅਸੀਂ ਕਦੇ ਘਬਰਾਏ ਤੇ ਨਾ ਹੀ ਕਦੇ ਹਿੰਮਤ ਛੱਡੀ। ਅਸੀਂ ਇਸ ਗੱਲ ਦੇ ਗਵਾਹ ਹਾਂ ਕਿ ਕਿਸ ਤਰ੍ਹਾਂ ਅਸੀਂ ਬੇਰੁਜ਼ਗਾਰੀ ਹੇਠਾਂ ਲੈ ਕੇ ਆਏ ਅਤੇ ਸਭ ਤੋਂ ਵੱਡੀ ਗੱਲ ਕਿ ਇੱਥੇ ਚੇਤਨਾ ਫੈਲਾਉਣ ਦਾ ਕੰਮ ਕੀਤਾ। ਤੁਸੀਂ ਵੋਟਾਂ ਦੀ ਗਿਣਤੀ ਨਾਲ ਸਾਡੇ ਦੇਸ਼ ਦੀਆਂ ਚੋਣਾਂ ਨੂੰ ਨਹੀਂ ਸਮਝ ਸਕਦੇ। ਮੈਂ ਇਸ ਨੂੰ ਭਾਵਨਾਵਾਂ ਦੀ ਗਹਿਰਾਈ ਅਤੇ ਉਸ ਵਿਚ ਮੌਜੂਦ ਊਰਜਾ ਦੇ ਆਧਾਰ ‘ਤੇ ਸਮਝਦਾ ਹਾਂ। ਇਸ ਨੂੰ ਮੈਂ ਲਗਾਤਾਰ ਕਈ ਸਾਲਾਂ ਤੋਂ ਵੇਖ ਰਿਹਾ ਹਾਂ। ਮੈਂ ਉਮੀਦ ਨਾਲ ਭਰਪੂਰ ਚੇਹਰਿਆਂ ਨੂੰ ਵੇਖਿਆ ਹੈ। ਮੈਂ ਪਹਿਲਾਂ ਕਦੇ ਇਸ ਤਰ੍ਹਾਂ ਦੇ ਉਮੀਦਾਂ ਤੇ ਮਾਣ ਨਾਲ ਭਰੇ ਚੇਹਰਿਆਂ ਨੂੰ ਨਹੀਂ ਸੀ ਵੇਖਿਆ।
? ਅਸੀਂ ਵੇਖ ਰਹੇ ਹਾਂ ਕਿ ਕਿਊਬਾ ਦੀ ਕ੍ਰਾਂਤੀ ਬਾਰੇ ਤੁਸੀਂ ਬਿਲਕੁਲ ਚਿੰਤਤ ਨਹੀਂ ਹੋ। ਇਹ ਵੀ ਉਦੋਂ ਜਦੋਂ ਸੋਵੀਅਤ ਸੰਘ ਦਾ ਪਤਨ ਹੋ ਚੁੱਕਾ ਹੈ, ਯੂਗੋਸਲਾਵੀਆ ਟੁੱਟਣ ਦੇ ਨਾਲ-ਨਾਲ ਅਲਬੀਨੀਆਈ ਕ੍ਰਾਂਤੀ ਦਾ ਵੀ ਪਤਨ ਹੋਇਆ ਹੈ। ਉਤਰੀ ਕੋਰੀਆ ਸੰਕਟ ਵਿਚ ਹੈ। ਕੰਬੋਡੀਆ ਅੱਤਵਾਦ ਵਿਚ ਜਕੜਿਆ ਹੋਇਆ ਹੈ। ਇਥੋਂ ਤਕ ਕਿ ਚੀਨ ਨੇ ਵੱਖਰਾ ਰਾਹ ਅਪਨਾ ਲਿਆ ਹੈ। ਕੀ ਇਹ ਗੱਲਾਂ ਤੁਹਾਨੂੰ ਪਰੇਸ਼ਾਨ ਨਹੀਂ ਕਰਦੀਆਂ?
ਕਾਸਤਰੋ- ਪਹਿਲੇ ਸਮਾਜਵਾਦੀ ਰਾਜ ਸੋਵੀਅਤ ਸੰਘ, ਜਿਸ ਨੂੰ ਆਪਣੇ ਆਪ ਨੂੰ ਪੁਨਰਗਠਿਤ ਕਰਨਾ ਚਾਹੀਦਾ ਸੀ ਤੇ ਟੁੱਟਣ ਤੋਂ ਬਚਾਉਣਾ ਚਾਹੀਦਾ ਸੀ, ਦੇ ਅਨੁਭਵ ਸਾਡੇ ਲਈ ਬਹੁਤ ਕੌੜੇ ਹਨ। ਇਹ ਨਾ ਸੋਚਣਾ ਕਿ ਅਸੀਂ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ। ਸੋਵੀਅਤ ਸੰਘ ਦੁਨੀਆ ਦਾ ਵਿਸ਼ਵਾਸਯੋਗ ਸ਼ਕਤੀ ਕੇਂਦਰ ਸੀ ਜੋ ਦੂਜੀਆਂ ਮਹਾਸ਼ਕਤੀਆਂ ਨਾਲ ਸ਼ਕਤੀ ਸੰਤੁਲਨ ਕਰਨ ਵਿਚ ਮਹਾਨ ਭੂਮਿਕਾ ਨਿਭਾਉਂਦਾ ਸੀ। ਇਸ ਨੇ ਫਾਸ਼ੀਵਾਦ ਨੂੰ ਹਰਾਇਆ। ਦੁਨੀਆ ਨੂੰ ਅਣਮਨੁੱਖੀ ਦਹਿਸ਼ਤ ਤੋਂ ਮੁਕਤ ਕਰਵਾਇਆ।
ਕੁਝ ਲੋਕ ਅਜਿਹੇ ਸਨ ਜੋ ਸੋਚਦੇ ਸਨ ਕਿ ਸਮਾਜਵਾਦ ਦੇ ਨਿਰਮਾਣ ਲਈ ਪੂੰਜੀਵਾਦੀ ਤੌਰ ਤਰੀਕਿਆਂ ਨੂੰ ਅਪਨਾਉਣਾ ਹੋਵੇਗਾ। ਇਹ ਇਤਿਹਾਸ ਦੀ ਸਭ ਤੋਂ ਗੰਭੀਰ ਭੁੱਲ ਸੀ। ਮੇਰੇ ਕੋਲ ਅਜਿਹੇ ਅਣਗਿਣਤ ਉਦਾਹਰਣ ਹਨ, ਜਦੋਂ ਕੁਝ ਲੋਕਾਂ ਨੇ ਸੋਚਿਆ ਕਿ ਮਾਰਕਸ, ਏਂਜਲਜ਼ ਅਤੇ ਲੈਨਿਨ ਦੇ ਦਾਰਸ਼ਨਿਕ ਸਿਧਾਂਤਾਂ ਦੀ ਵਿਆਖਿਆ ਕਰਨ ਦੇ ਯਤਨ ਵਿਚ ਮਹਾਨ ਭੁੱਲਾਂ ਹੋਈਆਂ ਹਨ।
ਮੈਂ ਇਕ ਗਲਤੀ ਵੱਲ ਸੰਕੇਤ ਕਰਦਾ ਹਾਂ, ਜੋ ਸ਼ੁਰੂ ਤੋਂ ਹੁੰਦੀ ਆਈ ਹੈ। ਇਸ ਗਲਤੀ ਨੂੰ ਬਾਰ-ਬਾਰ ਦੁਹਰਾਇਆ ਗਿਆ। ਇਸ ਵਿਚ ਇਹ ਵਿਸ਼ਵਾਸ ਕੀਤਾ ਗਿਆ ਕਿ ਕੁਝ ਲੋਕ ਹਨ ਜੋ ਜਾਣਦੇ ਹਨ ਕਿ ਸਮਾਜਵਾਦ ਦਾ ਨਿਰਮਾਣ ਕਿਵੇਂ ਹੋਣਾ ਚਾਹੀਦਾ ਹੈ। ਮੇਰੀ ਰਾਇ ਵਿਚ ਅੱਜ ਸਾਨੂੰ ਸਪੱਸ਼ਟ ਵਿਚਾਰਾਂ ਦੇ ਨਾਲ-ਨਾਲ ਇਨ੍ਹਾਂ ਸਵਾਲਾਂ ਦੇ ਜਵਾਬ ਦੀ ਵੀ ਲੋੜ ਹੈ। ਉਦਾਹਰਣ ਦੇ ਤੌਰ ‘ਤੇ ਭਵਿੱਖ ਵਿਚ ਸਮਾਜਵਾਦ ਦਾ ਕੀ ਸਰੂਪ ਹੋਣਾ ਚਾਹੀਦਾ ਹੈ ਅਤੇ ਸਮਾਜਵਾਦ ਦੀ ਰੱਖਿਆ ਲਈ ਕੀ ਕਰਨਾ ਚਾਹੀਦਾ ਹੈ?
… ਚੀਨ ਇਕ ਮਹਾਨ ਸਿਆਸੀ ਸ਼ਕਤੀ ਹੈ, ਜੋ ਆਪਣੀ ਮੌਜੂਦਗੀ ਦਰਜ ਕਰਵਾ ਰਹੀ ਹੈ। … ਹਰੇਕ ਦੇਸ਼ ਨੂੰ ਲਗਾਤਾਰ ਬੇਹਤਰ ਤਰੀਕੇ ਨਾਲ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੁੰਦੀ ਹੈ। ਹੁਣ ਜੋ ਉਦੇ ਹੋਈ ਨਵੀਂ ਦੁਨੀਆ ਹੈ ਅਸੀਂ ਇਸ ਨੂੰ ਸਵੀਕਾਰ ਚੁੱਕੇ ਹਾਂ। ਅਸੀਂ ਸਿੱਖ ਵੀ ਰਹੇ ਹਾਂ ਕਿ ਹੁਣ ਅਸੀਂ ਕੀ ਕਰਨਾ ਹੈ? ਅਸੀਂ ਭਾਈਚਾਰੇ ਦੀ ਭਾਵਨਾ, ਕ੍ਰਾਂਤੀ ਦੀ ਚੇਤਨਾ ਤੇ ਸਭਿਆਚਾਰਕ ਮੁੱਲਾਂ ਨੂੰ ਵਿਕਸਤ ਕੀਤਾ ਹੈ।
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸੋਵੀਅਤ ਸੰਘ ਦੇ ਪਤਨ ਕਾਰਨ ਇਸ ਦੁਨੀਆ ਦੀਆਂ ਪਤਾ ਨਹੀਂ ਕਿੰਨੀਆਂ ਬੇਹਤਰੀਨ ਚੀਜ਼ਾਂ ਤੇ ਸ਼ਾਸਨ ਬਰਬਾਦ ਹੋ ਗਏ। ਇਸ ਦੇ ਬਾਵਜੂਦ ਸਾਡਾ ਦੇਸ਼ ਆਪਣੇ ਸ੍ਰੋਤ ਸਾਂਝੇ ਕਰ ਸਕਦਾ ਹੈ, ਦੂਸਰੇ ਮੁਲਕਾਂ ਦੀ ਮਦਦ ਕਰ ਸਕਦਾ ਹੈ, ਤੀਸਰੀ ਦੁਨੀਆ ਦੇ ਸਿਖਿਅਕ ਵਿਅਕਤੀਆਂ ਨੂੰ ਹੋਰ ਸਿਖਿਅਤ ਕਰ ਸਕਦਾ ਹੈ। ਉਹ ਵੀ ਮੁਫ਼ਤ ਵਿਚ। ਇਹ ਹਰ ਮੋਰਚੇ, ਹਰ ਖੇਤਰ ਵਿਚ ਅਸਲੀ ਤੇ ਪ੍ਰਗਤੀਸ਼ੀਲ ਪ੍ਰਸਥਿਤੀਆਂ ਨੂੰ ਪੈਦਾ ਕਰ ਸਕਦਾ ਹੈ।
ਅਸੀਂ ਆਪਣੇ ਮਨੁੱਖੀ ਸ੍ਰੋਤਾਂ ‘ਤੇ ਜਿਉਂਦੇ ਹਾਂ। ਆਪਣੇ ਮਨੁੱਖੀ ਸ੍ਰੋਤਾਂ ਸਦਕਾ ਹੀ ਅਸੀਂ ਦੂਜਿਆਂ ਦੀ ਮਦਦ ਕਰ ਸਕਦੇ ਹਾਂ। ਅਸੀਂ ਜੋ ਕੁਝ ਕੀਤਾ ਆਪਣੇ ਤਜਰਬੇ ਤੋਂ ਸਿੱਖ ਕੇ ਕੀਤਾ ਅਤੇ ਅੱਜ ਅਸੀਂ ਆਪਣੀ ਸਹਾਇਤਾ ਆਪ ਕਰ ਸਕਦੇ ਹਾਂ।
ਮੈਂ ਬਿਲਕੁਲ ਚਿੰਤਤ ਨਹੀਂ ਹਾਂ ਕਿਉਂਕਿ ਜੋ ਕੁਝ ਅਸੀਂ ਕਰਦੇ ਹਾਂ ਉਸ ਬਾਰੇ ਬਾਰ-ਬਾਰ ਚਿੰਤਨ-ਮਨਨ ਕਰਦੇ ਹਾਂ ਅਤੇ ਅਪਣੀਆਂ ਗਲਤੀਆਂ ਤੋਂ ਵੀ ਸਿੱਖਦੇ ਹਾਂ।
? ਪਰ ਲੋਕ ਆਪਣੇ ਆਪ ਨੂੰ ਸਵਾਲ ਕਰਦੇ ਹਨ ਕਿ ਕਿਊਬਾ ਵਿਚ ਚੱਲ ਰਹੀ ਸਮਾਜਵਾਦੀ ਕ੍ਰਾਂਤੀ ਦੀ ਪ੍ਰਕਿਰਿਆ ਦਾ ਕਦੇ ਅੰਤ ਨਹੀਂ ਹੋਵੇਗਾ?
ਕਾਸਤਰੋ- ਕੀ ਕ੍ਰਾਂਤੀ ਕਿਸੇ ਪਤਨ ਨਾਲ ਸੰਬੰਧਤ ਹੁੰਦੀ ਹੈ ਜਾਂ ਕਿਸੇ ਵੀ ਕ੍ਰਾਂਤੀ ਦਾ ਕਾਰਨ ਵਿਅਕਤੀ ਨਹੀਂ ਹੁੰਦੇ? ਕੀ ਵਿਅਕਤੀ ਕ੍ਰਾਂਤੀ ਦੇ ਪਤਨ ਨੂੰ ਰੋਕ ਸਕਦੇ ਹਨ ਜਾਂ ਉਹ ਅਜਿਹਾ ਨਹੀਂ ਕਰ ਸਕਦੇ? ਕੀ ਸਮਾਜ ਕ੍ਰਾਂਤੀਆਂ ਦੇ ਪਤਨ ਨੂੰ ਰੋਕ ਸਕਦਾ ਹੈ ਜਾਂ ਨਹੀਂ? ਕਈ ਵਾਰ ਮੈਂ ਇਹ ਸਾਰੇ ਸਵਾਲ ਆਪਣੇ ਆਪ ਨੂੰ ਕਰਦਾ ਹਾਂ। ਅਮਰੀਕਾ ਸਾਡੀ ਇਸ ਕ੍ਰਾਂਤੀਕਾਰੀ ਪ੍ਰਕਿਰਿਆ ਨੂੰ ਬਰਬਾਦ ਨਹੀਂ ਕਰ ਸਕਦਾ ਕਿਉਂਕਿ ਸਾਡੇ ਨਾਲ ਪੂਰਾ ਦੇਸ਼ ਹੈ, ਜਿਸਨੇ ਹਥਿਆਰ ਚੁੱਕਣੇ ਸਿੱਖੇ ਹਨ। ਇਹ ਇਕ ਅਜਿਹਾ ਦੇਸ਼ ਹੈ ਜਿਸਨੇ ਸੱਭਿਆਚਾਰ, ਗਿਆਨ ਤੇ ਚੇਤਨਾ ਦੇ ਸਭ ਤੋਂ ਉਚੇਰੇ ਪੱਧਰਾਂ ਨੂੰ ਪ੍ਰਾਪਤ ਕੀਤਾ ਹੈ। ਹੁਣ ਇਹ ਕਿਸੇ ਦੂਸਰੇ ਦੇਸ਼ ਦੀ ਬਸਤੀ ਕਦੇ ਨਹੀਂ ਬਣੇਗਾ। … ਪਰ ਜੇਕਰ ਅਸੀਂ ਅਪਣੀਆਂ ਗਲਤੀਆਂ ਨੂੰ ਨਹੀਂ ਸੁਧਾਰਾਂਗੇ ਤਾਂ ਅਸੀਂ ਆਪਣੇ ਆਪ ਨੂੰ ਬਰਬਾਦ ਕਰ ਲਵਾਂਗੇ। ਇਸ ਵੇਲੇ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਬਹੁਤ ਲੋੜ ਹੈ। ਪਰ ਮੈਨੂੰ ਯਕੀਨ ਹੈ ਕਿ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾ ਕੇ ਅਸੀਂ ਅਪਣਾ ਮਕਸਦ ਜ਼ਰੂਰ ਪ੍ਰਾਪਤ ਕਰ ਲਵਾਂਗੇ। ਮਾਤਰੀ ਨੇ ਕਿਹਾ ਸੀ, ‘ਸਭਿਆਚਾਰਕ ਤੌਰ ‘ਤੇ ਸੰਪਨ ਹੋਣਾ ਹੀ ਸੁਤੰਤਰਤਾ ਦਾ ਇੱਕੋ-ਇਕ ਰਾਹ ਹੈ।’ ਬਿਨਾਂ ਸਭਿਆਚਾਰ ਤੋਂ ਸੁਤੰਤਰਤਾ ਸੰਭਵ ਹੀ ਨਹੀਂ ਹੈ।
ਇਹੋ ਕਾਰਨ ਹੈ ਕਿ ਨਵ-ਉਦਾਰਵਾਦੀ ਵਿਸ਼ਵੀਕਰਨ ਦਾ ਮੈਂ ਅਕਸਰ ਖੰਡਨ ਕਰਦਾ ਹਾਂ। ਇਹ ਇਕ ਅਜਿਹੀ ਵਿਵਸਥਾ ਪੈਦਾ ਕਰ ਰਿਹਾ ਹੈ ਜੋ ਲੋਕਾਂ ਨੂੰ ਭੁੱਖਮਰੀ ਵੱਲ ਲਿਜਾ ਰਹੀ ਹੈ। ਇਹ ਪ੍ਰਕਿਰਿਆ ਸਾਨੂੰ ਹਮੇਸ਼ਾ ਭਰਮ ਵਿਚ ਰੱਖਦੀ ਹੈ। ਝੂਠੇ ਸੁਪਨੇ ਵਿਖਾਉਂਦੀ ਹੈ। ਉਪਭੋਗਤਾਵਾਦ ਨੂੰ ਜਨਮ ਦਿੰਦੀ ਹੈ। ਕਾਹਦੇ ਲਈ? ਇਸ ਕਰਕੇ ਲੋਕ ਉਸ ਹਨੇਰੇ ਵਿਚ ਪਹੁੰਚ ਚੁੱਕੇ ਹਨ ਜਿਥੇ ਉਨ੍ਹਾਂ ਨੂੰ ਕੋਈ ਚੰਗਾ ਭਵਿੱਖ ਦਿਖਾਈ ਨਹੀਂ ਦੇ ਰਿਹਾ। ਇਹ ਸਥਿਤੀ ਕਦੋਂ ਤਕ ਬਣੀ ਰਹੇਗੀ?
ਅਸੀਂ ਅਪਣੀਆਂ ਸਿਆਸੀ ਉਪਲਬਧੀਆਂ ਦੀਆਂ ਯਾਦਗਾਰਾਂ ਨਹੀਂ ਬਣਾਉਂਦੇ। ਇਹ ਦੁਨੀਆ ਅਜੇ ਵੀ ਅਣਗਿਣਤ ਖ਼ਤਰਿਆਂ ਨਾਲ ਘਿਰੀ ਹੋਈ ਹੈ। ਅਸੀਂ ਤਾਂ ਬਸ ਇਹ ਦੱਸਣ ਦਾ ਯਤਨ ਕਰ ਰਹੇ ਹਾਂ ਕਿ ਅਸੀਂ ਆਪਣੀ ਹੋਂਦ ਨੂੰ ਕਾਇਮ ਰੱਖ ਸਕਦੇ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਦੁਨੀਆ ਆਪਣੀ ਹੋਂਦ ਨੂੰ ਬਚਾ ਸਕੇਗੀ ਕਿਉਂਕਿ ਮੈਂ ਵੇਖ ਰਿਹਾ ਹਾਂ ਕਿ ਲੋਕ ਪ੍ਰਤੀਕ੍ਰਿਆ ਕਰ ਰਹੇ ਹਨ। ਮੈਂ ਉਸ ਮਨੁੱਖ ਜਾਤੀ ਨੂੰ ਵੇਖ ਰਿਹਾ ਹਾਂ ਜਿਸ ਕੋਲ ਇਕ ਸਦੀ ਪਹਿਲਾਂ ਨਾਲੋਂ ਤਿੰਨ-ਚਾਰ ਗੁਣਾ ਵੱਧ ਗਿਆਨ ਹੈ। ਪਰ ਦੂਸਰੇ ਪਾਸੇ ਇਹ ਵਿਕਾਸ ਜ਼ਹਿਰ ਵੀ ਬੀਜ ਰਿਹਾ ਹੈ। ਝੂਠੇ ਵਿਚਾਰਾਂ ਨੂੰ ਜਨਮ ਦੇ ਰਿਹਾ ਹੈ ਅਤੇ ਇਨ੍ਹਾਂ ਨੂੰ ਪ੍ਰਸਾਰਤ ਕਰ ਰਿਹਾ ਹੈ। ਝੂਠੀਆਂ ਜਾਣਕਾਰੀਆਂ ਨੂੰ ਪੇਸ਼ ਕਰ ਰਿਹਾ ਹੈ।
ਸਾਡੀਆਂ ਕੁੱਝ ਆਦਤਾਂ ਪੱਕ ਚੁੱਕੀਆਂ ਹਨ। ਜਿਵੇਂ ਨਕਲ ਨਾ ਕਰਨ ਦੀ ਆਦਤ, ਦੇਸ਼ ‘ਤੇ ਵਿਸ਼ਵਾਸ ਕਰਨ ਦੀ ਆਦਤ, ਅੰਨੇ-ਰਾਸ਼ਟਰਵਾਦ ਨਾਲ ਸੰਘਰਸ਼ ਕਰਨ ਦੀ ਆਦਤ… ਕੋਈ ਵੀ ਦੇਸ਼ ਦੂਸਰੇ ਦੀ ਤੁਲਨਾ ਵਿਚ ਬੇਹਤਰ ਨਹੀਂ ਹੁੰਦਾ, ਕੋਈ ਵੀ ਵਿਅਕਤੀ ਦੂਸਰੇ ਦੀ ਤੁਲਨਾ ਵਿਚ ਚੰਗਾ ਜਾਂ ਮਾੜਾ ਨਹੀਂ ਹੁੰਦਾ। ਸਭ ਦਾ ਅਪਣਾ ਦੇਸ਼ ਹੁੰਦਾ ਹੈ, ਅਪਣਾ ਸਭਿਆਚਾਰ ਹੁੰਦਾ ਹੈ ਤੇ ਅਪਣਾ ਚਰਿੱਤਰ ਹੁੰਦਾ ਹੈ। ਤੁਸੀਂ ਲਾਤੀਨੀ ਅਮਰੀਕਾ ਵਿਚ ਵੇਖ ਸਕਦੇ ਹੋ। ਇੱਥੇ ਦੇਸ਼ਾਂ ਦੀ ਇਕ ਪੂਰੀ ਲੜੀ ਹੈ ਜੋ ਇਕ ਭਾਸ਼ਾ ਬੋਲਦੇ ਹਨ। ਸਾਡੀ ਇਕ ਪ੍ਰਤੀਕਾਤਮਕ ਪਛਾਣ ਦੱਸਣ ਵਾਲਾ ਸਾਂਝਾ ਸਭਿਆਚਾਰ ਹੈ। ਇਕ ਧਰਮ ਹੈ ਅਤੇ ਅਸੀਂ ਮਿਸ਼ਰਤ ਹੁੰਦੇ ਹੋਏ ਵੀ ਇਕ ਹਾਂ।
ਮੈਨੂੰ ਪੂਰੀ ਉਮੀਦ ਹੈ ਕਿ ਇਹ ਗੱਲਾਂ ਦੂਸਰਿਆਂ ਲਈ ਫਾਇਦੇਮੰਦ ਹੋ ਸਕਦੀਆਂ ਹਨ। ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਾਡੇ ਕੰਮਾਂ ਤੋਂ ਪ੍ਰੇਰਿਤ ਹੁੰਦਾ ਹੈ। ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਆਨੰਦ ਤੇ ਸੰਤੁਸ਼ਟੀ ਮਿਲੀ ਹੈ।
? ਸਾਨੂੰ ਲੱਗਦਾ ਹੈ ਕਿ ਅਸੀਂ ਤੁਹਾਡਾ ਵੱਧ ਸਮਾਂ ਲੈ ਲਿਆ?
ਕਾਸਤਰੋ- ਨਹੀਂ, ਅਸੀਂ ਦਿਨ ਵਿਚ ਸਤਾਰਾਂ-ਅਠਾਰਾਂ ਘੰਟੇ ਕੰਮ ਕਰਦੇ ਹਾਂ। ਕਿਸੇ ਵੀ ਰੁਚੀ ਜਾਂ ਜਗਿਆਸਾ ਲਈ ਸਾਡੇ ਦੇਸ਼ ਦੇ ਦਰਵਾਜ਼ੇ ਹਮੇਸ਼ਾ ਖੁਲ੍ਹੇ ਹਨ। ਅਸੀਂ ਤੁਹਾਨੂੰ ਇਕ ਵੀ ਸ਼ਬਦ ਝੂਠ ਨਹੀਂ ਕਿਹਾ। ਧੰਨਵਾਦ।