ਬੰਗਾਲੀ ਕਵਿਤਾ – ਨੰਗਾ ਰਾਜਾ

ਸਭ ਦੇਖ ਰਹੇ ਸਨ, ਰਾਜਾ ਨੰਗਾ ਹੈ
ਤਦ ਵੀ
ਸਾਰੇ ਵਜਾ ਰਹੇ ਸੀ ਤਾੜੀਆਂ
ਸਾਰੇ ਚੀਕ ਰਹੇ ਸੀ-ਸ਼ਾਬਾਸ਼, ਸ਼ਾਬਾਸ਼!
ਕੋਈ ਸੰਸਕਾਰ-ਬੱਝਾ, ਕਿਸੇ ਨੂੰ ਡਰ
ਕਿਸੇ ਨੇ ਅਪਣੀ ਅਕਲ ਦੂਜਿਆਂ ਕੋਲ ਗਹਿਣੇ ਰੱਖੀ,
ਕੋਈ ਦੂਜਿਆਂ ਦੇ ਸਹਾਰੇ ਨਾ ਜਿਉਣ ਵਾਲਾ
ਕੋਈ ਕ੍ਰਿਪਾ ਚਾਹਕ, ਉਮੀਦਵਾਰ, ਠੱਗ
ਕੋਈ ਸੋਚ ਰਿਹਾ ਸੀ-ਰਾਜ-ਪੋਸ਼ਾਕ ਸੱਚਮੁੱਚ ਕਿੰਨੀ ਬਾਰੀਕ ਹੈ
ਦਿਖਦੀ ਹਲਾਂਕਿ ਨਹੀਂ ਫੇਰ ਵੀ ਹੈ
ਛੇਕੜ, ਹੋਣਾ ਅਸੰਭਵ ਨਹੀਂ ਉਸਦਾ।
ਕਹਾਣੀ ਸਾਰੇ ਜਾਣਦੇ ਨੇ
ਪਰ ਉਸ ਕਹਾਣੀ ਵਿੱਚ ਸਾਰੇ
ਸਿਰਫ਼ ਜੈ-ਜੈ ਕਾਰ ਵਿੱਚ ਰੁੱਝੇ
ਪੈਰ ਤੋਂ ਸਿਰ ਤੱਕ ਡਰਪੋਕ, ਚਾਲਬਾਜ਼ ਜਾਂ ਕਿ ਮੂਰਖ਼
ਚਾਪਲੂਸ ਹੀ ਨਹੀਂ ਸਨ
ਇੱਕ ਬੱਚਾ ਵੀ ਸੀ
ਸੱਚਾ ਸਰਲ, ਸਾਹਸੀ ਇਕ ਬੱਚਾ।
ਉਤਰਿਆ ਹੈ ਕਹਾਣੀ ਦਾ ਰਾਜਾ ਪ੍ਰਤੱਖ ਖੁੱਲ੍ਹੀ ਸੜਕ ‘ਤੇ।
ਫੇਰ ਤਾੜੀ ਵੱਜ ਰਹੀ ਵਾਰ-ਵਾਰ,
ਜੁੜੀ ਹੈ
ਚਾਪਲੂਸਾਂ ਦੀ ਭੀੜ
ਪਰ ਉਸੇ ਬੱਚੇ ਨੂੰ ਮੈਂ
ਭੀੜ ਵਿੱਚ ਅੱਜ ਕਿਤੇ ਨਹੀਂ ਦੇਖ ਰਿਹਾ।
ਬੱਚਾ ਕਿਥੇ ਗਿਆ?
ਕੀ ਕਿਤੇ ਉਸ ਨੂੰ ਕਿਸੇ
ਪਹਾੜ ਦੀ ਰਹੱਸਮਈ ਗੁਫ਼ਾ ਵਿੱਚ
ਲੁਕੋ ਰੱਖਿਆ ਹੈ ਕਿਸੇ ਨੇ?
ਜਾਂ ਉਹ ਪੱਥਰ-ਘਾਹ-ਮਿੱਟੀ ਦੇ ਨਾਲ ਖੇਡਦੇ-ਖੇਡਦੇ
ਸੌਂ ਗਿਆ ਹੈ
ਕਿਸੇ ਦੂਰ
ਇਕਾਂਤ ਨਦੀ ਦੇ ਕੰਢੇ ਜਾਂ ਕਿਸੇ ਮੈਦਾਨ ਵਿੱਚ
ਬਿਰਖ ਦੀ ਛਾਂ ਹੇਠ?
ਜਾਓ, ਜਿਵੇਂ ਵੀ ਹੋਵੇ
ਉਸ ਨੂੰ ਲੱਭ ਕੇ ਲਿਆਓ
ਉਹ ਇੱਕ ਵਾਰ ਨੰਗੇ ਰਾਜੇ ਦੇ ਸਾਹਮਣੇ
ਆ ਕੇ ਖੜ੍ਹਾ ਹੋਵੇ ਨਿਡਰ।
ਆ ਕੇ ਇਕ ਵਾਰ ਫੇਰ ਇਹਨਾਂ ਤਾੜੀਆਂ ਦੀ ਗੜਗੜਾਹਟ ਦੇ ਵਿੱਚ
ਚੀਕ ਕੇ ਪੁੱਛੇ
ਰਾਜਿਆ
ਕਿੱਥੇ ਗਏ ਤੇਰੇ ਕਪੜੇ?