ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਦੇ ਭਰਾ `ਤੇ ਕੀਤੇ ਤਸ਼ੱਦਦ ਤੋਂ ਇਨਕਾਰ ਕੀਤਾ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਗੈਂਗਸਟਰ ਤੋਂ ਕਾਰਕੁਨ ਬਣੇ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰੰਘ ਨੂੰ ਗ਼ੈਰਕਾਨੂੰਨੀ ਹਿਰਾਸਤ ’ਚ ਰੱਖਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਦਿੱਲੀ ਪੁਲੀਸ ਨੇ ਸੋਮਵਾਰ ਨੂੰ ਜਾਰੀ ਇੱੱਕ ਬਿਆਨ ’ਚ ਕਿਹਾ ਉਸ ਦੇ ਧਿਆਨ ’ਚ ਆਇਆ ਹੈ ਕਿ ਸ਼ੋਸ਼ਲ ਮੀਡੀਆ ਰਾਹੀਂ ਕਥਿਤ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਦਿੱਲੀ ਪੁਲੀਸ ਦੀ ਟੀਮ ਵੱਲੋਂ ਪੰਜਾਬ ਤੋਂ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਉਰਫ਼ ਮੁੰਡੀ ਨੂੰ ਗ਼ੈਰਕਾਨੂੰਨੀ ਹਿਰਾਸਤ ’ਚ ਲਿਆ ਗਿਆ ਸੀ। ਬਿਆਨ ਮੁਤਾਬਕ ਲੱਖਾ ਸਿਧਾਣਾ ਕੁਝ ਕੇਸਾਂ ’ਚ ਦਿੱਲੀ ਪੁਲੀਸ ਨੂੰ ਲੋੜੀਂਦਾ ਹੈ। ਪੁਲੀਸ ਅਨੁਸਾਰ ਸਪੈਸ਼ਲ ਸੈੱਲ ਦੀ ਟੀਮ 8 ਅਪਰੈਲ ਨੂੰ ਲੱਖਾ ਸਿਧਾਣਾ ਦੀ ਭਾਲ ’ਚ ਪਟਿਆਲਾ ਦੇ ਨਾਲ ਲੱਗਦੇ ਇਲਾਕੇ ’ਚ ਗਈ ਸੀ ਤੇ ਗੁਰਦੀਪ ਸਿੰਘ ਤੋਂ ਪੁੱਛ-ਪੜਤਾਲ ਕੀਤੀ ਸੀ। ਉਸ ਤੋਂ ਲੱਖਾ ਸਿਧਾਣਾ ਦੀਆਂ ਸਰਗਰਮੀਆਂ ਤੇ ਉਸ ਦੇ ਟਿਕਾਣੇ ਬਾਰੇ ਸਵਾਲ ਕੀਤੇ ਗਏ ਸਨ ਅਤੇ ਉਸ ਨੂੰ ਲੋੜ ਪੈਣ ’ਤੇ ਫਿਰ ਜਾਂਚ ’ਚ ਸ਼ਾਮਲ ਹੋਣ ਦਾ ਕਹਿ ਕੇ ਛੱਡ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਾਰੀ ਕਾਰਵਾਈ ਕਾਨੂੰਨ ਮੁਤਾਬਕ ਹੀ ਕੀਤੀ ਗਈ ਹੈ ਅਤੇ ਦਿੱਲੀ ਪੁਲੀਸ ’ਤੇ ਇਸ ਸਬੰਧ ’ਚ ਲਾਏ ਜਾ ਰਹੇ ਦੋਸ਼ ਝੂਠੇ ਤੇ ਬੇਬੁਨਿਆਦ ਹਨ।