‘ਅੰਕਲ ਟੌਮ ਦੀ ਝੌਂਪੜੀ’- ਜ਼ਾਲਮ ਹੋਣੀਆਂ ਨੂੰ ਜਨਮ ਦਿੰਦਾ ਹੈ ਧਰਮ

‘ਅੰਕਲ ਟੌਮ ਦੀ ਝੌਂਪੜੀ’ ਸੰਸਾਰ ਪ੍ਰਸਿੱਧ ਕਲਾਸਿਕ ਨਾਵਲ ‘ਅੰਕਲ ਟੌਮਜ਼ ਕੈਬਿਨ’ ਦਾ ਪੰਜਾਬੀ ਉਲੱਥਾ, ਵਲਾਇਤ ਵੱਸਦੇ ਪੰਜਾਬੀ ਨਾਵਲਕਾਰ ਮਹਿੰਦਰਪਾਲ ਸਿੰਘ ਧਾਲੀਵਾਲ ਦਾ ਬਹੁਤ ਹੀ ਪ੍ਰਸੰਸਾਯੋਗ ਯਤਨ ਹੈ, ਉਸ ਨੇ ਪਹਿਲਾਂ ਵੀ ਬਹੁਤ ਹੀ ਅਲੱਗ ਅਲੱਗ ਵਿਸ਼ਿਆਂ ਉੱਤੇ ਕਾਫ਼ੀ ਖੋਜ ਭਰਪੂਰ ਨਾਵਲ ਲਿਖੇ ਹਨ। ਉਹ ‘ਮਿੱਟੀ ਦਾ ਮੋਹ’ ਤੋਂ ਸ਼ੁਰੂ ਹੋ ਕੇ ਪਿਛਲੇ ਪੰਦਰਾਂ ਵਰ੍ਹਿਆਂ ਤੋਂ ਸਾਹਿਤ ਰਚਨਾ ‘ਤੇ ਹੱਥ ਅਜ਼ਮਾ ਰਿਹਾ ਹੈ, ਹਥਲਾ ਉਪਰਾਲਾ ਨਿਵੇਕਲਾ ਹੈ, ਇੱਕ ਉਲੱਥੇ ‘ਤੇ ਇੰਨੀ ਮਿਹਨਤ ਕਰਨੀ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀਂ, ਅੱਧ ਉਨੀਵੀਂ ਸਦੀ ਦੀ ਅਮਰੀਕੀ ਅੰਗਰੇਜ਼ੀ ਨੂੰ ਅੱਜਕੱਲ੍ਹ ਦੇ ਪੰਜਾਬੀ ਪਾਠਕਾਂ ਦੇ ਹਾਣ ਦੀ ਕਰਨਾ ਖਾਲਾ ਜੀ ਦਾ ਵਾੜਾ ਨਹੀਂ, ਭਾਵੇਂ ਕਈ ਜਗ੍ਹਾ ‘ਤੇ ਵਾਕ ਬਣਤਰ ਕੁਝ ਅੱਖਰਦੀ ਹੈ ਤੇ ਇਹ ਪੰਜਾਬੀ ਪਾਠਕ ਨੂੰ ਕੁਝ ਅਜੀਬ ਜਿਹੀ ਲਗਦੀ ਹੈ, ਪਰ ਜਿਨ੍ਹਾਂ ਨੇ ਅੰਗਰੇਜ਼ੀ ਵਾਲਾ ਪੜ੍ਹਿਆ, ਉਹ ਲੇਖਕ ਦੀ ਮਿਹਨਤ ਨੂੰ ਜ਼ਰੂਰ ਸਲਾਮ ਕਰਨਗੇ।
ਲੇਖਕ ਨਾਵਲ ਦੇ ਨਾਮ ਦੇ ਪੰਜਾਬੀ ਕਰਨ ਵੇਲੇ ਪਤਾ ਨਹੀਂ ਕਿਉਂ ਕੰਜੂਸੀ ਵਰਤ ਗਿਆ। ਉਹ ਅੰਕਲ ਟੌਮ ਦੀ ਝੌਂਪੜੀ ਦੀ ਜਗ੍ਹਾ ਤੇ ਚਾਚੇ ਟੌਮ ਦੀ ਝੌਂਪੜੀ ਜਾਂ ਤਾਏ ਟੌਮ ਦੀ ਝੌਂਪੜੀ ਰੱਖਦਾ ਤਾਂ ਵਧੇਰੇ ਚੰਗੇਰਾ ਜਚਦਾ। ਝੌਂਪੜੀ ਦੀ ਜਗ੍ਹਾ ਖੋਖਾ ਲਫ਼ਜ਼ ਵੀ ਵਰਤਿਆ ਜਾ ਸਕਦਾ ਸੀ।
‘ਅੰਕਲ ਟੌਮਜ ਕੈਬਿਨ’, ਹੈਰੀਅਟ ਬੀਚਰ ਸਟੋਅ ਵੱਲੋਂ 1850 ਦੇ ਫਿਊਜੀਟਵ ਸਲੇਵ ਐਕਟ ਦੀ ਹਨੇਰਗਰਦੀ ਵਿੱਚ ਇਲਿਜਾ ਨਾ ਦੀ ਗ਼ੁਲਾਮ ਕੁੜੀ ਦੇ ਬਚ ਕੇ ਭੱਜਣ ਦੇ ਸਾਹਸੀ ਯਤਨ, ਈਵਾ ਵਰਗੀ ਪਵਿੱਤਰ ਈਸਾਈ ਵਿਚਾਰਾਂ ਵਾਲੀ ਬਾਲੜੀ ਦੀ ਨੇਕਨੀਅਤੀ, ਇੱਕ ਦਿਆਲੂ ਮਾਲਕ ਵੱਲੋਂ ਕਰਜ਼ੇ ਦੀ ਮਜਬੂਰੀ ਕਰਕੇ ਟੌਮ ਵਰਗੇ ਚੰਗੇ ਗ਼ੁਲਾਮ ਨੂੰ ਜ਼ਾਲਮ ਮਾਲਕ ਦੇ ਹੱਥ ਵੇਚਣਾ, ਟੌਮ ਵੱਲੋਂ ਕੈਸੀ ਅਤੇ ਏਮੀਲੀਨ ਨੂੰ ਬਚ ਕੇ ਭੱਜਣ ਵਿੱਚ ਮਦਦ ਅਤੇ ਉਤਸ਼ਾਹਿਤ ਕਰਨਾ ਪਰ ਖ਼ੁਦ ਬੁਰੇ ਹਾਲਤਾਂ ਵਿੱਚ ਵੀ ਚੰਗਾ ਧਰਮੀ ਬਣੇ ਰਹਿਣਾ, ਮਰ ਕੇ ਵੀ ਬੁਰਾਈ ਉੱਤੇ ਜਿੱਤ ਪ੍ਰਾਪਤ ਕਰਨਾ, ਕੁਝ ਕਿਰਦਾਰਾਂ ਦਾ ਨਿੱਜੀ ਤੌਰ ‘ਤੇ ਗ਼ੁਲਾਮ ਪ੍ਰਥਾ ਦੇ ਵਿਰੁੱਧ ਹੋਣਾ ਪਰ ਸਮਾਜਿਕ ਤੇ ਰਾਜਨੀਤਕ ਤੌਰ ‘ਤੇ ਪ੍ਰਬੰਧ ਦਾ ਹਿੱਸਾ ਬਣੇ ਰਹਿਣਾ, ਉੱਤਰ ਤੇ ਦੱਖਣ, ਕੈਨੇਡਾ ਤੇ ਅਮਰੀਕਾ ਦੇ ਵਿਪਰੀਤ ਰਾਜਨੀਤਕ ਪ੍ਰਬੰਧਾਂ ਦੇ ਵਿਚਲੇ ਇਖਲਾਕੀ ਤੇ ਕਾਨੂੰਨੀ ਵਖਰੇਵਿਆਂ ਅਤੇ ਮਨੁੱਖਤਾ ਉੱਤੇ , ਉਨ੍ਹਾਂ ਦੇ ਚੰਗੇ-ਮਾੜੇ ਪ੍ਰਭਾਵਾਂ ਦੀ ਕਹਾਣੀ ਹੈ।
ਇਤਿਹਾਸ ਦੇ ਕਾਲੇ ਪੰਨਿਆਂ ਦੀ ਇਹ ਗਾਥਾ, ਜਿਸ ਵਿੱਚ ਵਿਵਸਥਾ ਵੱਲੋਂ ਰਚੇ ਸਵਾਰਥੀ ਢਾਂਚੇ ‘ਤੇ ਕਾਬਜ਼ ਸ਼੍ਰੇਣੀ ਵੱਲੋਂ ਸੱਤਾਹੀਣ ਲੋਕਾਈ ਤੇ ਢਾਹੇ ਅਣਮਨੁੱਖੀ ਜ਼ੁਲਮਾਂ ਦੀ ਕਹਾਣੀ, ਜੋ ਸਾਬਤ ਕਰਦੀ ਹੈ ਕਿ ਕਾਨੂੰਨ ਸਿਰਫ਼ ਇੱਕ ਸੰਦ ਹੁੰਦਾ ਹੈ ਜੋ ਸਮਕਾਲੀਨ ਵਿਵਸਥਾਵਾਂ ਵੱਲੋਂ ਆਪਣੇ ਸਵਾਰਥੀ ਹਿਤਾਂ ਦੀ ਖ਼ਾਤਰ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਬਣਾਇਆ ਜਾਂਦਾ ਹੈ ਜਿਸ ਦਾ ਨਿਆਂ ਨਾਲ ਬਹੁਤਾ ਸਬੰਧ ਨਹੀਂ ਹੁੰਦਾ, ਜਦੋਂ ਤੁਸੀਂ ਅਖੌਤੀ ਚਿੱਟੇ ਇਸਾਈਆ ਵੱਲੋਂ ਕਾਲਿਆਂ ਤੇ ਯੋਜਨਾਬੱਧ ਪ੍ਰਣਾਲੀ ਹੇਠ ਹੁੰਦੇ ਗੈਰ ਮਨੁੱਖੀ ਵਤੀਰੇ ਨੂੰ ਇੱਕ ਰੱਬੀ ਵਰਤਾਰੇ ਵਜੋਂ ਰੂਪਮਾਨ ਹੁੰਦਾ ਦੇਖਦੇ ਹੋ, ਤੇ ਕਾਲਿਆਂ ਦੇ ਸਾਹਮਣੇ ਰੱਬ ਦਾ ਭਾਣਾ ਮੰਨਣ ਤੋਂ ਬਿਨਾਂ ਕੋਈ ਬਦਲ ਨਾ ਹੋਣਾ, ਬੇਬਸੀ ਦੀ ਪਰਿਭਾਸ਼ਾ ਨੂੰ ਇੱਕ ਵੱਖਰੇ ਹੀ ਸਿਖਰ ‘ਤੇ ਪਹੁੰਚਾ ਦਿੰਦਾ ਹੈ। ਟੌਮ ਦਾ ਆਪਣੇ ਅਸੂਲਾਂ ਤੋਂ ਨਾ ਹਿੱਲਣਾ ਸਿਰੜ ਦਾ ਸਿਖਰ ਹੈ, ਤੇ ਕੁਝ ਗ਼ੁਲਾਮਾਂ ਦਾ ਸੰਗਲ਼ਾਂ ਨੂੰ ਤੋੜਨ ਦੀ ਸੋਚ ਨਾਲ ਜੂਝਣਾ ਸੰਘਰਸ਼ ਦਾ ਅਜਿਹਾ ਰੂਪਕ ਹੈ ਜੋ ਮਨੁੱਖਤਾਵਾਦੀ ਸੰਭਾਵਨਾਵਾਂ ਨੂੰ ਲਗਾਤਾਰ ਵਿਪਰੀਤ ਸਥਿਤੀਆਂ ਵਿੱਚ ਵੀ ਜੀਵਤ ਰੱਖਦਾ ਹੈ।
ਸਾਡੀ ਕੌਮ ਨੇ ਵੀ ਬਹੁਤ ਜ਼ੁਲਮ ਹੰਢਾਇਆ ਪਰ ਜਦੋਂ ਅਸੀਂ ਅਫ਼ਰੀਕਣਾਂ, ਯਹੂਦੀਆਂ, ਅਰਮੀਨੀਅਨਾਂ ‘ਤੇ ਹੋਏ ਅੱਤਿਆਚਾਰਾਂ ਦੀਆਂ ਕਹਾਣੀਆਂ ਪੜ੍ਹਦੇ ਹਾਂ ਤਾਂ ਰੂਹ ਕੰਬ ਜਾਂਦੀ ਹੈ। ਧਰਮ ਜਿਸ ਦੀ ਹੋਂਦ ਹੀ ਇਨਸਾਨੀਅਤ ਦਾ ਧੁਰਾ ਹੈ ਪਤਾ ਨਹੀਂ ਕਿੰਨੀਆਂ ਜ਼ਾਲਮ ਹੋਣੀਆਂ ਨੂੰ ਜਨਮ ਦਿੰਦਾ ਹੈ, ਤੇ ਜੋ ਉਸ ਦੀ ਹੋਂਦ ਨੂੰ ਨਹੀਂ ਮੰਨਦੇ ਘੱਟ ਉਹ ਵੀ ਨਹੀਂ ਕਰਦੇ, ਜੇ ਇਤਿਹਾਸ ਤੇ ਨਿਗ੍ਹਾ ਮਾਰੀਏ ਤਾਂ ਹਰ ਤਰ੍ਹਾਂ ਦੇ ਰਾਜ ਪ੍ਰਬੰਧ ਨੇ ਚਾਹੇ ਉਹ ਧਰਮਤੰਤਰ, ਰਾਜਾਸ਼ਾਹੀ, ਤਾਨਾਸ਼ਾਹੀ, ਸਮਾਜਵਾਦ, ਸਾਮੰਤਵਾਦ, ਬਸਤੀਵਾਦ ਕੁਝ ਵੀ ਹੋਵੇ, ਵਿਰੋਧੀਆਂ ਨੂੰ ਕੋਹ ਕੋਹ ਕੇ ਮਾਰਿਆ।
ਭਾਵੇਂ ਕਾਨੂੰਨਨ ਤੌਰ ‘ਤੇ ਗ਼ੁਲਾਮੀ ਮੁੱਕ ਗਈ ਹੈ, ਪਰ ਜਦੋਂ ਤੱਕ ਸਵਾਰਥੀ ਤੇ ਲਾਲਚੀ ਸ਼ੈਤਾਨੀਅਤ ਜਿਉਂਦੀ ਹੈ, ਕਿਸੇ ਨਾ ਕਿਸੇ ਰੂਪ ਇਹ ਕੋਹੜ ਸਮਾਜ ਨੂੰ ਚੰਬੜਿਆ ਰਹੇਗਾ, ਇਕੱਲੇ ਭਾਰਤ ਵਿੱਚ ਹੀ 2 ਕਰੋੜ ਦੇ ਲਗਭਗ ਇਨਸਾਨ ਬੰਧੂਆ ਮਜ਼ਦੂਰੀ, ਬਾਲ ਮਜ਼ਦੂਰੀ, ਜਬਰੀ ਵਿਆਹ, ਮਨੁੱਖੀ ਤਸਕਰੀ, ਜਬਰੀ ਮੰਗਤੇ ਦੇ ਰੂਪ ਵਿੱਚ ਗ਼ੁਲਾਮੀ ਵਾਲਾ ਜੀਵਨ ਜਿਉਂ ਰਹੇ ਹਨ, ਇਹ ਮਨੁੱਖੀ ਨਸਲ ਲਈ ਇੱਕ ਕਲੰਕ ਹੈ, ਸ਼ਾਇਦ ਸਰਦਾਰ ਮਹਿੰਦਰਪਾਲ ਜੀ ਦਾ ਇਹ ਉਲੱਥਾ ਇੱਕ ਚਾਨਣ ਮੁਨਾਰਾ ਬਣੇਗਾ ਲੋਕਾਈ ਵਿੱਚ ਇਨ੍ਹਾਂ ਸਮੱਸਿਆਵਾਂ ਪ੍ਰਤੀ ਚੇਤਨਤਾ ਪੈਦਾ ਕਰਨ ਲਈ।
ਇਤਿਹਾਸਕ ਤੌਰ ‘ਤੇ ਇਹ ਇੱਕ ਸਾਂਭਣਯੋਗ ਦਸਤਾਵੇਜ਼ ਹੈ ਤੇ ਸਾਹਿਤਕ ਤੌਰ ‘ਤੇ ਲਾਜ਼ਮੀ ਪੜ੍ਹਨ ਵਾਲਾ ਹੈ, ਲੇਖਕ ਮਹਿੰਦਰ ਪਾਲ ਸਿੰਘ ਧਾਲੀਵਾਲ ਤੇ ਪ੍ਰਕਾਸ਼ਕ ਪੀਪਲਜ਼ ਫੋਰਮ ਬਰਗਾੜੀ ਇਸ ਪ੍ਰਸੰਸਾਯੋਗ ਉੱਦਮ ਲਈ ਵਧਾਈ ਦੇ ਪਾਤਰ ਹਨ।