ਸ਼ਾਹੀ ਇਸ਼ਨਾਨ ਵਿੱਚ ਜੁੜ ਸਕਦੇ ਹਨ 20 ਲੱਖ ਲੋਕ, ਤਬਲੀਗੀ ਜਮਾਤ ਵੇਲੇ ਹੋਇਆ ਸੀ ਹੰਗਾਮਾ

ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਦੀ ਦੂਸਰੀ ਲਹਿਰ ਕਹਿਰ ਢਾਹ ਰਹੀ ਹੈ ਅਤੇ ਉਧਰ ਹਰਿਦੁਆਰ ਵਿਚ ਲੱਖਾਂ ਲੋਕਾਂ ਦੀ ਭੀੜ ਜੁੜਨ ਦੀ ਤਿਆਰੀ ਹੈ। ਮੌਕਾ ਹੈ ਕੁੰਭ ਦੇ ਤੀਸਰੇ ਮੁੱਖ ਸ਼ਾਹੀ ਇਸ਼ਨਾਨ ਦਾ। ਕੁੰਭ ਦੀ ਇਹ ਭੀੜ ਦੇਸ਼ ਭਰ ਵਿਚ ਸੁਪਰ ਸਪ੍ਰੈਡਰ ਬਣ ਸਕਦੀ ਹੈ।
ਹਰਿਦੁਆਰ ਵਿਚ ਮੇਲਾ ਪ੍ਰਸ਼ਾਸਨ ਦੇ ਅਨੁਮਾਨ ਮੁਤਾਬਕ ਇਸ ਸਮੇਂ ਮੇਲਾ ਖੇਤਰ ਵਿਚ ਕਰੀਬ 1.5 ਲੱਖ ਲੋਕ ਮੌਜੂਦ ਹਨ। 14 ਅਪ੍ਰੈਲ, ਭਾਵ ਸ਼ਾਹੀ ਇਸ਼ਨਾਨ ਦੇ ਦਿਨ ਭੀੜ 20 ਤੋਂ 25 ਲੱਖ ਤੱਕ ਪਹੁੰਚ ਸਕਦੀ ਹੈ। ਸਥਾਨਕ ਪ੍ਰਸ਼ਾਸਨ ਮੰਨ ਰਿਹਾ ਹੈ ਕਿ ਮੇਲੇ ਵਿਚ ਦੋ ਗਜ਼ ਦੂਰੀ ਅਤੇ ਮਾਸਕ ਵਰਗੇ ਕਰੋਨਾ ਪ੍ਰੋਟੋਕਾਲ ਦਾ ਪਾਲਣ ਕਰਨਾ ਨਾਮੁਮਕਿਨ ਹੈ। ਸ਼ਾਹੀ ਇਸ਼ਨਾਨ ਦੌਰਾਨ ਤਾਂ ਇਹ ਸੰਭਵ ਹੀ ਨਹੀਂ ਹੈ। ਅਜਿਹੇ ਵਿਚ ਕਰੋਨਾ ਬਹੁਤ ਤੇਜ਼ੀ ਨਾਲ ਫੈਲ ਸਕਦਾ ਹੈ।
ਪ੍ਰਸ਼ਾਸਨਿਕ ਅਧਿਕਾਰੀ ਮੇਲਾ ਦੇ ਸੁਪਰ ਸਪ੍ਰੈਡਰ ਬਣ ਜਾਣ ਦੀ ਗੱਲ ਮੰਨ ਰਹੇ ਹਨ, ਪਰ ਇਸ ਨੂੰ ਰੋਕਣ ਦੀ ਕੋਈ ਯੋਜਨਾ ਉਨ੍ਹਾਂ ਕੋਲ ਨਹੀਂ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ ਉਤਰਾਖੰਡ ਵਿਚ ਵਾਇਰਸ ਦੇ 1,334 ਮਾਮਲੇ ਆਏ ਹਨ ਅਤੇ 7 ਮੌਤਾਂ ਹੋਈਆਂ ਹਨ। ਫ਼ਿਲਹਾਲ ਪ੍ਰਦੇਸ਼ ਵਿਚ ਕਰੋਨਾ ਦੇ 7,846 ਐਕਟਿਵ ਕੇਸ ਹਨ।
ਕੁੰਭ ਮੇਲੇ ਵਿਚ ਭੀੜ ਵਧਣ ਨਾਲ ਇਹ ਬਹਿਸ ਵੀ ਤੇਜ਼ ਹੁੰਦੀ ਜਾ ਰਹੀ ਹੈ ਕਿ ਪਿਛਲੇ ਸਾਲ ਦਿੱਲੀ ਵਿਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿਚ ਮਹਿਜ਼ 2000 ਲੋਕਾਂ ਦੇ ਜਮਾਵੜੇ ਨੂੰ ਸੁਪਰ ਸਪ੍ਰੈਡਰ ਦੱਸਿਆ ਗਿਆ ਸੀ, ਪਰ ਕੁੰਭ ਨੂੰ ਲੈ ਕੇ ਚੁੱਪੀ ਹੈ।
ਸੋਸ਼ਲ ਮੀਡੀਆ ‘ਤੇ ਕੁੰਭ ਵਿਚ ਜੁੜੀ ਭੀੜ ਦੀਆਂ ਸੈਂਕੜੇ ਤਸਵੀਰਾਂ ਸ਼ੇਅਰ ਹੋ ਰਹੀਆਂ ਹਨ। ਲੋਕ ਪੁੱਛ ਰਹੇ ਹਨ ਕਿ ਪਿਛਲੇ ਸਾਲ 10-12 ਮਾਰਚ ਨੂੰ ਦਿੱਲੀ ਦੇ ਨਿਜ਼ਾਮੁਦੀਨ ਮਰਕਜ ਵਿਚ ਜੁੜੀ ਜਮਾਤ ‘ਤੇ ਸਰਕਾਰ ਤੋਂ ਲੈ ਕੇ ਜਨਤਾ ਤੱਕ ਨੇ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਨੂੰ ਸੁਪਰ ਸਪ੍ਰੈਡਰ ਕਿਹਾ ਗਿਆ ਸੀ। ਤਬਲੀਗ ਦੇ ਪ੍ਰੋਗਰਾਮ ਵਿਚ 2000 ਤੋਂ ਵੀ ਘੱਟ ਲੋਕ ਜੁੜੇ ਸਨ। ਜਦਕਿ ਕੁੰਭ ਵਿਚ ਲੱਖਾਂ ਲੋਕ ਜੁਟੇ ਹਨ, ਕਰੋਨਾ ਲਈ ਜਾਰੀ ਗਾਈਡਲਾਈਨ ਦੀਆਂ ਧੱਜੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ, ਪਰ ਇਸ ਬਾਰੇ ਜ਼ਿਆਦਾ ਗੱਲ ਵੀ ਨਹੀਂ ਹੋ ਰਹੀ ਹੈ।