ਕਰੋਨਾ : ਅੱਧੀ ਆਬਾਦੀ ਨੂੰ ਪੂਰਾ ਖਾਣਾ ਨਸੀਬ ਨਹੀਂ, ਬ੍ਰਾਜ਼ੀਲ ਵਿੱਚ ਦੋ ਕਰੋੜ ਭੁੱਖੇ ਮਰਨ ਲਈ ਮਜਬੂਰ

ਸਾਓ ਪਾਅਲੋ ਦੀ ਰਿਪੋਰਟ : ਬ੍ਰਾਜ਼ੀਲ ਵਿਚ ਕਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਕ ਪਾਸੇ ਰੋਜ਼ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਕਬਰਿਸਤਾਨਾਂ ਵਿਚ ਲਾਸ਼ਾਂ ਦਫ਼ਨ ਕਰਨ ਦੀ ਥਾਂ ਨਹੀਂ ਬਚੀ ਹੈ। ਦੂਸਰੇ ਪਾਸੇ ਬ੍ਰਾਜ਼ੀਲ ਵਿਚ ਕਰੀਬ ਦੋ ਕਰੋੜ ਲੋਕ ਕਰੋਨਾ ਕਾਰਨ ਪੈਦਾ ਹਾਲਤਾਂ ਕਾਰਨ ਭੁੱਖ ਨਾਲ ਜੂਝ ਰਹੇ ਹਨ। ਆਲਮ ਇਹ ਹੈ ਕਿ ਕੁੱਲ 21.1 ਕਰੋੜ ਦੀ ਆਬਾਦੀ ਵਿਚੋਂ ਲਗਭਗ ਅੱਧੇ ਲੋਕਾਂ ਨੂੰ ਠੀਕ ਤਰ੍ਹਾਂ ਭੋਜਨ ਨਸੀਬ ਨਹੀਂ ਹੋ ਰਿਹਾ।
ਇਹ ਜਾਣਕਾਰੀ ਬ੍ਰਾਜ਼ੀਲ ਦੇ ਖੁਰਾਕ ਪ੍ਰਭੂਸੱਤਾ ਅਤੇ ਪੋਸ਼ਣ ਸੁਰੱਖਿਆ ਸੰਸਥਾ ਨੈਟਵਰਕ ਦੀ ਰਿਪੋਰਟ ਵਿਚ ਸਾਹਮਣੇ ਆਈ ਹੈ। ਨੈੱਟਵਰਕ ਦੇ ਮੁਖੀ ਰੇਨਾਟੋ ਮਾਲੂਫ ਕਹਿੰਦੇ ਹਨ ਕਿ ਸ਼ਹਿਰਾਂ ਵਿਚ ਤਾਂ ਫੇਰ ਵੀ ਲੋਕ ਸੜਕਾਂ ‘ਤੇ ਨਿਕਲ ਕੇ ਖਾਣਾ ਮੰਗ ਸਕਦੇ ਹਨ। ਪਰ ਪਿੰਡਾਂ ਵਿਚ ਹਾਲਾਤ ਬਹੁਤ ਖਰਾਬ ਹਨ, ਕਿਉਂਕਿ ਉਥੇ ਸੜਕਾਂ ‘ਤੇ ਖਾਣਾ ਦੇਣ ਵਾਲਾ ਵੀ ਨਹੀਂ ਮਿਲੇਗਾ।
ਮਾਹਰਾਂ ਅਨੁਸਾਰ ਇਸ ਸਥਿਤੀ ਦਾ ਕਾਰਨ ਹੈ ਕਰੋਨਾ ਕਾਰਨ ਵਧੀ ਬੇਕਾਰੀ ਅਤੇ ਬੇਤਹਾਸ਼ਾ ਵਧੇ ਜ਼ਰੂਰੀ ਵਸਤਾਂ ਦੇ ਭਾਅ। ਬ੍ਰਾਜ਼ੀਲ ਇੰਸਟੀਚਿਊਟ ਆੱਫ਼ ਜਿਓਗ੍ਰਾਫ਼ੀ ਐਂਡ ਸਟੈਟਿਕਸ ਅਨੁਸਾਰ ਬੀਤੇ ਇਕ ਸਾਲ ਵਿਚ ਦੇਸ਼ ਵਿਚ ਚੋਲਾਂ ਦੇ ਭਾਅ 70% ਅਤੇ ਘਰੇਲੂ ਗੈਸ ਦੇ ਭਾਅ 20% ਤੱਕ ਵਧੇ ਹਨ।
ਬਰਤਾਨੀਆ :ਅਨਲੌਕ ਦੀ ਪ੍ਰਕਿਰਿਆ ਸ਼ੁਰੂ, ਗੈਰ-ਜ਼ਰੂਰੀ ਦੁਕਾਨਾਂ, ਸੈਲੂਨ ਖੁੱਲ੍ਹੇ :
ਬਰਤਾਨੀਆ ਵਿਚ 12 ਅਪ੍ਰੈਲ ਤੋਂ ਪ੍ਰਸਤਾਵਤ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਗ਼ੈਰ-ਜ਼ਰੂਰੀ ਦੁਕਾਨਾਂ ਅਤੇ ਹੇਅਰ ਸੈਲੂਨ ਖੁੱਲ੍ਹ ਗਏ ਹਨ। ਪ੍ਰਧਾਨ ਮੰਤਰੀ ਜਾੱਨਸਨ ਨੇ ਕਿਹਾ ਕਿ ਖ਼ੁਸ਼ੀਆਂ ਮਨਾਓ ਪਰ ਸੋਸ਼ਲ ਡਿਸਟੈਨਸਿੰਗ ਅਤੇ ਸਾਵਧਾਨੀ ਦਾ ਪੂਰਾ ਖਿਆਲ ਰੱਖੋ। ਜਾੱਨਸਨ ਨੇ 4 ਜੂਨ 6 ਮਹੀਨੇ ਦਾ ਯੋਜਨਾਬੱਧ ਅਤੇ ਪੜਾਅਵਾਰ ਲੌਕਡਾਊਨ ਐਲਾਨ ਕੀਤਾ ਸੀ। ਉਸੇ ਸਮੇਂ 6 ਮਹੀਨੇ ਦਾ ਪੂਰਾ ਪਲਾਨ ਐਲਾਨ ਕੀਤਾ ਗਿਆ ਸੀ ਕਿ ਕਦੋਂ, ਕੀ ਅਤੇ ਕਿਵੇਂ ਖੁੱਲ੍ਹੇਗਾ। ਅਨਲੌਕ ਤੋਂ ਬਾਅਦ ਦੁਕਾਨਾਂ ਅਤੇ ਹੇਅਰ ਸੈਲੂਨ ‘ਤੇ ਲੋਕਾਂ ਦੀ ਭਾਰੀ ਭੀੜ ਦੇਖੀ ਗਈ। ਸਾਮਾਨ ਲਈ ਲੋਕ ਲਾਈਨਾਂ ਵਿਚ ਖੜ੍ਹੇ ਨਜ਼ਰ ਆਏ।
ਕੰਮ ਲਈ ਬ੍ਰਾਜ਼ੀਲ ਤੋਂ ਯੂ.ਐਸ. ਗਏ ਲੋਕਾਂ ਦਾ ਟੀਕਾਕਰਨ ਨਹੀਂ :
ਰੁਜ਼ਗਾਰ ਦੀ ਭਾਲ ਵਿਚ ਬ੍ਰਾਜ਼ੀਲ ਤੋਂ ਵੱਡੀ ਗਿਣਤੀ ਵਿਚ ਲੋਕ ਅਮਰੀਕਾ ਜਾਂਦੇ ਹਨ। ਪਰ ਕਰੋਨਾ ਕਾਰਨ ਉਨ੍ਹਾਂ ਲਈ ਮੁਸੀਬਤ ਖੜ੍ਹੀ ਹੋ ਗਈ ਹੈ, ਉਥੇ ਉਨ੍ਹਾਂ ਨੂੰ ਟੀਕਾ ਨਹੀਂ ਲਗਾਇਆ ਜਾ ਰਿਹਾ। ਕਿਉਂਕਿ, ਇਨ੍ਹਾਂ ਕੋਲ ਡਰਾਇਵਿੰਗ ਲਾਇਸੈਂਸ ਵਰਗੇ ਸਥਾਨਕ ਪਛਾਣ ਪੱਤਰ ਨਹੀਂ ਹਨ। ਅਮਰੀਕਾ ਦੇ 50 ਵਿਚੋਂ 10 ਹੀ ਸੂਬਿਆਂ ਵਿਚ ਅਜਿਹੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ।