ਇੱਥੇ ਕੁਝ ਵੀ ਸਥਾਈ ਨਹੀਂ ਹੈ; ਨਾ ਵਿਅਕਤੀ, ਨਾ ਸਤਾ – ਕਮਲ ਦੁਸਾਂਝ

ਮੋਦੀ ਦੀ ‘ਪਰੀਕਸ਼ਾ ਪੇ ਚਰਚਾ’ ਦੇ ਬਹਾਨੇ…

ਬਾਰ੍ਹਵੀਂ ਵਿਚ ਪੜ੍ਹਦੀ ਧੀ ਨੂੰ ਸਕੂਲ ਵਲੋਂ ਵਾਰ-ਵਾਰ ਸੁਨੇਹਾ ਆਉਂਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਚਿਆਂ ਨਾਲ ‘ਪਰੀਕਸ਼ਾ ਪੇ ਚਰਚਾ’ ਕਰਨੀ ਹੈ, ਇਸ ਵਿਚ ਬੱਚੇ ਅਤੇ ਮਾਪਿਆਂ ਦੀ ਸ਼ਮੂਲੀਅਤ ਲਾਜ਼ਮੀ ਹੈ। ਬੇਟੀ ਪ੍ਰੇਸ਼ਾਨ ਹੋ ਹੋ ਸਵਾਲ ਕਰਦੀ ਹੈ ਕਿ ਮੈਂ ਕਿਉਂ ਇਸ ਵਿਚ ਸ਼ਾਮਲ ਹੋਵਾਂ? ਉਹਦੀ ਨਾਰਾਜ਼ਗੀ ਦੇਖ ਮੈਂ ਟੀਚਰ ਨਾਲ ਗੱਲ ਕਰਦੀ ਹਾਂ ਤਾਂ ਅੱਗੋਂ ਉਹੀ ਘੜਿਆ-ਘੜਾਇਆ ਜਵਾਬ ਮਿਲਦਾ ਹੈ ਕਿ ਇਹ ਤਾਂ ਸਾਨੂੰ ਹਦਾਇਤਾਂ ਹਨ, ਬੱਚੇ ਅਤੇ ਤੁਹਾਨੂੰ ਪਾਰਟੀਸਪੇਟ ਕਰਨਾ ਹੀ ਪਏਗਾ। ਮੈਂ ਟੀਚਰ ਨੂੰ ਕੋਰੀ ਨਾਂਹ ਕਰਦਿਆਂ ਪੁਛਦੀ ਹਾਂ ਕਿ ਇਹ ਸੀ.ਬੀ.ਐਸ.ਸੀ. ਦੀ ਲਾਜ਼ਮੀ ਸ਼ਰਤ ਹੈ? ਜੇ ਹੈ ਤਾਂ ਮੈਨੂੰ ਲਿਖਤੀ ਫ਼ਰਮਾਨ ਭੇਜ ਦਿਓ। ਉਹ ਟਾਲ-ਮਟੋਲ ਕਰਦੀ ਹੋਈ ਫੇਰ ਕਹਿੰਦੀ ਹੈ ਕਿ ਤੁਸੀਂ ਹਿੱਸਾ ਕਿਉਂ ਨਹੀਂ ਲੈਣਾ ਚਾਹੁੰਦੇ? ਮੈਂ ਤਪੀ-ਤਪਾਈ ਕਹਿੰਦੀ ਹਾਂ ਕਿ ਜਿਹੜਾ ਪ੍ਰਧਾਨ ਮੰਤਰੀ ਚਾਰ-ਪੰਜ ਮਹੀਨਿਆਂ ਤੋਂ ਸੜਕਾਂ ‘ਤੇ ਰੁਲ ਰਹੇ ਕਿਸਾਨਾਂ ਨਾਲ ਗੱਲਬਾਤ ਨਹੀਂ ਕਰਦਾ, ਸੜਕਾਂ ‘ਤੇ ਰੁਲ਼ ਰਹੇ ਮਜ਼ਦੂਰਾਂ ਦੀ ਸਾਰ ਨਹੀਂ ਲੈਂਦਾ, ਲੱਖਾਂ ਨੌਕਰੀਆਂ ਗਵਾ ਚੁੱਕੇ ਲੋਕਾਂ ਦੀ ਬਾਤ ਨਹੀਂ ਪੁੱਛਦਾ, ਕਰੋਨਾ ਦੇ ਨਾਂ ‘ਤੇ ਤਨਖ਼ਾਹਾਂ ਅੱਧੀਆਂ ਕਰ ਦੇਣ ਵਾਲੇ ‘ਮਾਲਕਾਂ’ ਨੂੰ ਕੋਈ ਹਦਾਇਤਾਂ ਨਹੀਂ ਕਰਦਾ, ਉਸ ਨੇ ਬੱਚਿਆਂ ਜਾਂ ਸਾਡੇ ਨਾਲ ਚਰਚਾ ਕਰ ਕੇ ਕੀ ਲੈਣਾ ਹੈ? ਟੀਚਰ ਕੋਈ ਬਹਿਸ ਨਾ ਕਰਦਿਆਂ ‘ਕੱਲ੍ਹ ਨੂੰ ਜਾਣਕਾਰੀ ਦੇਣ’ ਦੀ ਗੱਲ ਕਰਕੇ ਫ਼ੋਨ ਬੰਦ ਕਰ ਦਿੰਦੀ ਹੈ। ਹਾਲੇ ਤਾਂ ਸੜੀ-ਤਪੀ ਮੈਂ ਇਹ ਵੀ ਕਹਿਣਾ ਚਾਹੁੰਦੀ ਸੀ ਕਿ ਜੋ ਸ਼ਖ਼ਸ ਖ਼ੁਦ ਕਦੇ ਸਕੂਲ-ਕਾਲਜ ਦੇ ਮੱਥੇ ਨਹੀਂ ਲੱਗਿਆ, ਉਹ ਬੱਚਿਆਂ ਨੂੰ ਕਿਹੜਾ ‘ਸਿੱਖਿਆ ਮੰਤਰ’ ਦੇਵੇਗਾ? ਖ਼ੈਰ ਉਸ ਤੋਂ ਬਾਅਦ ਕੋਈ ਸੁਨੇਹਾ ਨਹੀਂ ਆਉਂਦਾ।
ਪਰ ਪ੍ਰਧਾਨ ਮੰਤਰੀ ਦਾ ਵਿਦਿਆਰਥੀਆਂ ਤੇ ਮਾਪਿਆਂ ਨੂੰ ਸੰਬੋਧਨ ਕਰਨ ਦਾ ਖ਼ਿਆਲ ਮਨ ਵਿਚ ਆਉਂਦਿਆਂ ਹੀ ਰੀਲ਼ ਪਿਛਲੇ ਸਮੇਂ ਦੌਰਾਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਅਲੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥੀਆਂ ‘ਤੇ ਵਰ੍ਹੀਆਂ ਡਾਂਗਾਂ ਦੀ ਚੱਲਣ ਲੱਗ ਪੈਂਦੀ ਹੈ। ਇਹ ਉਹੀ ਵਿਦਿਆਰਥੀ ਸਨ ਜਿਨ੍ਹਾਂ ਨੇ ਸਿੱਖਿਆ ਦੇ ਬਾਜ਼ਾਰੀਕਰਨ ਤੋਂ ਆਜ਼ਾਦੀ, ਭ੍ਰਿਸ਼ਟਾਚਾਰ ਤੋਂ ਆਜ਼ਾਦੀ, ਭੁੱਖਮਰੀ ਤੋਂ ਆਜ਼ਾਦੀ ਵਰਗੇ ਨਾਅਰੇ ਦਿੱਤੇ ਤੇ ਇਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਧਰੋਹ ਦੇ ਠੱਪੇ ਲਾ ਕੇ ਜੇਲ੍ਹਾਂ ਵਿਚ ਸੁੱਟ ਦਿੱਤਾ, ਜਿਨ੍ਹਾਂ ਵਿਚੋਂ ਅੱਜ ਵੀ ਕੁਝ ਵਿਦਿਆਰਥੀ ਜੇਲ੍ਹਾਂ ਵਿਚ ਸੜ ਰਹੇ ਹਨ। ਕਰੋਨਾ ਦੀ ਦਹਿਸ਼ਤ ਪੈਦਾ ਕਰਕੇ ਲੋਕਾਂ ਨੂੰ ਘਰਾਂ ਵਿਚ ਵਾੜ ਦਿੱਤਾ ਤੇ ਇਕ ਇਕ ਕਰਕੇ ਨਾ ਸਿਰਫ਼ ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ, ਮੁਲਾਜ਼ਮ ਵਿਰੋਧੀ ਕਾਨੂੰਨ ਲਿਆਂਦੇ ਸਗੋਂ ਸਿੱਖਿਆ ‘ਤੇ ਵੀ ਆਰੀ ਫੇਰ ਦਿੱਤੀ। ਕਰੋਨਾ ਦਾ ਲਾਹਾ ਲੈਂਦਿਆਂ ਮੋਦੀ ਸਰਕਾਰ ਨੇ ਸਲੇਬਸ ਘੱਟ ਕਰਨ ਦੇ ਨਾਂ ‘ਤੇ ਕਲਾ, ਸਮਾਜਕ ਅਤੇ ਇਤਿਹਾਸ ਵਰਗੇ ਜ਼ਰੂਰੀ ਵਿਸ਼ਿਆਂ ਵਿਚੋਂ ਬਹੁਤ ਕੁਝ ਅਜਿਹਾ ਮਨਫ਼ੀ ਕਰ ਦਿੱਤਾ ਜੋ ਬੱਚਿਆਂ ਨੂੰ ਭਵਿੱਖ ਦੇ ਚੰਗੇ, ਇਮਾਨਦਾਰ ਅਤੇ ਧਰਮ-ਨਿਰਪੱਖ ਨਾਗਰਿਕ ਬਣਾਉਣ ਵੱਲ ਸੇਧਤ ਸਨ।
ਫਿਰ ਉਹ ਦਿਨ ਵੀ ਆ ਜਾਂਦਾ ਹੈ ਜਦੋਂ ਪ੍ਰਧਾਨ ਮੰਤਰੀ ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ ਲੈ ਕੇ ਟੈਲੀਵਿਜ਼ਨ ਸ਼ਕਰੀਨ ‘ਤੇ ਹਾਜ਼ਰ ਹੋ ਜਾਂਦੇ ਹਨ। ਕੁਝ ਚੋਣਵੇਂ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਪਹਿਲਾਂ ਤੋਂ ਹੀ ਤੈਅ ਰਟੇ-ਰਟਾਏ ਰਵਾਇਤੀ ਸਵਾਲ ਕੀਤੇ ਜਾਂਦੇ ਹਨ- ਮਸਲਨ, ਪ੍ਰਧਾਨ ਮੰਤਰੀ ਜੀ… ਪ੍ਰੀਖਿਆ ਵੇਲੇ ਬਹੁਤ ਤਣਾਅ ਹੋ ਜਾਂਦਾ ਹੈ, ਇਹਦੇ ਨਾਲ ਕਿਵੇਂ ਨਜਿੱਠੀਏ? ਪ੍ਰਧਾਨ ਮੰਤਰੀ ਜੀ ਮਜ਼ਾਹੀਆ ਢੰਗ ਨਾਲ ਆਪਣੀ ਗੱਲ ਸ਼ੁਰੂ ਕਰਦੇ ਹਨ। ਉਨ੍ਹਾਂ ਦੇ ਜਵਾਬ ਸੁਣ ਕੇ ਹਾਸਾ ਵੀ ਆਉਂਦਾ ਹੈ, ਗੁੱਸਾ ਵੀ ਤੇ ਤਰਸ ਵੀ।
ਉਹ ਕਹਿੰਦੇ ਹਨ ਕਿ ਤੁਹਾਨੂੰ ਇਮਤਿਹਾਨਾਂ ਦਾ ਡਰ ਨਹੀਂ ਹੈ। ਦਰਅਸਲ, ਤੁਹਾਡੇ ਆਲੇ-ਦੁਆਲੇ ਮਾਹੌਲ ਹੀ ਐਸਾ ਬਣਾ ਦਿੱਤਾ ਗਿਆ ਹੈ ਕਿ ਇਮਤਿਹਾਨ ਹੀ ਸਭ ਕੁਝ ਹੈ। ਪੂਰਾ ਸਮਾਜਕ ਤਾਣਾ-ਬਾਣਾ, ਮਾਂ-ਬਾਪ, ਰਿਸ਼ਤੇਦਾਰ ਅਜਿਹਾ ਮਾਹੌਲ ਪੈਦਾ ਕਰ ਦਿੰਦੇ ਹਨ ਕਿ ਤੁਸੀਂ ਬਹੁਤ ਵੱਡੇ ਸੰਕਟ ਵਿਚੋਂ ਲੰਘ ਰਹੇ ਹੋ। ਮੋਦੀ ਜੀ ਵਾਰ-ਵਾਰ ਇਹਦੇ ਲਈ ਮਾਂ-ਬਾਪ ਨੂੰ, ਪਰਿਵਾਰ ਨੂੰ ਦੋਸ਼ੀ ਠਹਿਰਾਉਂਦੇ ਹਨ। ਭਾਵ ਮਾਂ-ਬਾਪ ਹੀ ਉਹ ‘ਖਲਨਾਇਕ’ ਹਨ ਜੋ ਬੱਚਿਆਂ ‘ਤੇ ਪੜ੍ਹਾਈ ਦਾ ਬੋਝ ਲੱਦ ਰਹੇ ਹਨ। ਮਾਂ-ਬਾਪ ਜਾਂ ਪਰਿਵਾਰਾਂ ਨੂੰ ਕਟਿਹਰੇ ਵਿਚ ਖੜੇ ਕਰ ਕੇ ਉਹ ਇਹਦੇ ਲਈ ਅਸਲ ਜ਼ਿੰਮੇਵਾਰ ਸਿਆਸੀ ਨਿਜ਼ਾਮ ਨੂੰ ਸਾਫ਼ ਬਰੀ ਕਰ ਜਾਂਦੇ ਹਨ।
ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਕੁਝ ਮਾਪੇ ਬੱਚੇ ਦੀ ਸਮਰਥਾ ਤੋਂ ਵੱਧ ਉਸ ਤੋਂ ਆਸ ਰੱਖਦੇ ਹਨ। ਉਸ ਦੀ ਰੁਚੀ ਦੇ ਉਲਟ, ਉਸ ਨੂੰ ਆਪਣਾ ਕੈਰੀਅਰ ਅਪਣਾਉਣ ਲਈ ਜ਼ੋਰ ਪਾਉਂਦੇ ਹਨ। ਦਾਖ਼ਲਿਆਂ ਲਈ ਹੋ ਰਹੀ ਮਾਰੋ-ਮਾਰ, ਅਸਮਾਨ ਛੂੰਹਦੀਆਂ ਫ਼ੀਸਾਂ, ਬੇਰੁਜ਼ਗਾਰਾਂ ਦੀ ਲੰਬੀ ਕਤਾਰ ਤੋਂ ਭਲਾ ਕਿਹੜਾ ਮਾਂ-ਬਾਪ ਨਹੀਂ ਡਰਦਾ। ਹੋਰ ਤਾਂ ਹੋਰ ਪਹਿਲੀ- ਕੱਚੀ ਦੀਆਂ ਜਮਾਤਾਂ ਤੱਕ ਲਈ ਲੱਖਾਂ ਰੁਪਏ ਡੁਨੇਸ਼ਨ ਦੇਣੀ ਪੈਂਦੀ ਹੈ। ਬੱਚੇ ਨੇ ਹਾਲੇ ਜਨਮ ਵੀ ਨਹੀਂ ਲਿਆ ਹੁੰਦਾ, ਮਾਪੇ ਉਹਦਾ ਨਾਂ ਪਹਿਲਾਂ ਹੀ ਕਿਸੇ ਬਰਾਂਡਡ ਸਕੂਲ ਵਿਚ ਦਰਜ ਕਰਵਾ ਦਿੰਦੇ ਹਨ। ਸਾਡੇ ਆਲੇ-ਦੁਆਲੇ ਅਜਿਹਾ ਮਾਹੌਲ ਸਿਰਜ ਕੇ ਅਦਿੱਖ ਦੌੜ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ ਕਿ ਜੇ ਬੱਚਾ ਪਿੱਛੇ ਰਹਿ ਗਿਆ ਤਾਂ ਨਾ ਸਿਰਫ਼ ਉਸ ਦੀ ਸਗੋਂ ਮਾਂ-ਬਾਪ ਦੀ ਜ਼ਿੰਦਗੀ ਵੀ ਤਬਾਹ ਹੋ ਜਾਵੇਗੀ।
ਸੱਚ ਇਹ ਹੈ ਕਿ ਹੁਣ ਤੱਕ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਆਮ ਲੋਕਾਂ ਤੋਂ ਸਿੱਖਿਆ ਦਾ ਅਧਿਕਾਰ ਪੂਰੀ ਤਰ੍ਹਾਂ ਖੋਹ ਲਿਆ ਹੈ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਵਿਦਿਆ ਤਰਕ ਦਿੰਦੀ ਹੈ ਤੇ ਤਰਕਸ਼ੀਲ ਦਿਮਾਗ਼ ਗ਼ੈਰ-ਬਰਾਬਰੀ ਦੇ ਅਨਿਆਂ ਲਈ ਜ਼ਿੰਮੇਵਾਰ ਧਿਰਾਂ ਨੂੰ ਸਵਾਲ ਕਰੇਗਾ। ਸਰਕਾਰੀ ਸਕੂਲਾਂ ਵਿਚ ਮੁਢਲੀਆਂ ਸਹੂਲਤਾਂ, ਅਧਿਆਪਕਾਂ ਦੀ ਕਮੀ, ਜਰਜਰ ਇਮਾਰਤਾਂ ਵਰਗੀਆਂ ਖਾਮੀਆਂ ‘ਤੇ ਪ੍ਰਾਈਵੇਟ ਸਕੂਲ ਮੰਡੀਆਂ ਨੇ ਮੁਕਾਬਲੇਬਾਜ਼ੀ ਦੀ ਪਰਤ ਚੜ੍ਹਾ ਦਿੱਤੀ ਹੈ। ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਸਰਟੀਫਿਕੇਟ ‘ਤੇ ਨੰਬਰ ਨਹੀਂ ਦੇਖੇ ਜਾਂਦੇ, ਸਗੋਂ ਉਹਦੀ ‘ਕਲਾਸ’ ਦੇ ਕਿਆਸ ਲਗਾਏ ਜਾਂਦੇ ਹਨ ਕਿ ਇਹ ਗ਼ਰੀਬ ਪਰਿਵਾਰ ਹੋਵੇਗਾ ਜਾਂ ਪੜ੍ਹਾਈ ਵਿਚ ਹੁਸ਼ਿਆਰ ਨਹੀਂ ਹੋਵੇਗਾ। ਇਨ੍ਹਾਂ ‘ਦੁਕਾਨਾਂ’ ਵਿਚ ਹਰ ਸਾਲ ਸਿਲੇਬਸ ਬਦਲਣ ਦਾ ਡਰਾਮਾ ਰਚ ਕੇ ਬੱਚਿਆਂ ਨੂੰ ਨਵੀਆਂ ਕਿਤਾਬਾਂ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। ਨਰਸਰੀ ਤਾਂ ਛੱਡੋ, ਪਲੇਅ ਵੇਅ ਵਰਗੇ ਸਕੂਲਾਂ ਵਿਚ ਹੀ ਇਵੇਂ ਦਾ ਹਊਆ ਖੜ੍ਹਾ ਕਰ ਦਿੱਤਾ ਜਾਂਦਾ ਹੈ ਕਿ ਜੇਕਰ ਤੁਸੀਂ ਆਹ ਕੁਝ ਨਾ ਕੀਤਾ ਤਾਂ ਤੁਹਾਡੇ ਬੱਚੇ ਦਾ ਅੱਗੇ ਕਿਤੇ ਦਾਖ਼ਲਾ ਨਹੀਂ ਹੋਵੇਗਾ।
ਪ੍ਰਧਾਨ ਮੰਤਰੀ ਜੀ ਕਹਿੰਦੇ ਹਨ ਕਿ ਮਾਂ-ਬਾਪ ਬੱਚਿਆਂ ਨਾਲ ਜ਼ਿਆਦਾ ਸਮਾਂ ਨਹੀਂ ਬਿਤਾਉਂਦੇ। ਮੋਦੀ ਜੀ ਨੂੰ ਕਿਵੇਂ ਪਤਾ ਹੋ ਸਕਦਾ ਹੈ ਕਿ ਘਰ ਚਲਾਉਣ ਲਈ ਕਿਸੇ ਆਮ ਪਰਿਵਾਰ ਦਾ ਸਿੱਖਿਆ, ਸਿਹਤ ਆਦਿ ‘ਤੇ ਕਿੰਨਾ ਖ਼ਰਚ ਹੁੰਦਾ ਹੈ। ਬੱਚਿਆਂ ਨੂੰ ਚੰਗਾ ਜੀਵਨ ਦੇਣ ਦੀ ਇੱਛਾ ਕਾਰਨ ਹੀ ਤਾਂ ਉਹ ਦਿਨ-ਰਾਤ ਮਸ਼ੀਨ ਬਣੇ ਰਹਿੰਦੇ ਹਨ। ਉਹ ਉਮੀਦ ਕਰਦੇ ਹਨ ਕਿ ਜੋ ਅੱਜ ਅਸੀਂ ਭੁਗਤ ਰਹੇ ਹਾਂ, ਸਾਡੇ ਬੱਚੇ ਵੀ ਕੋਹਲੂ ਦੇ ਬੈਲ ਨਾ ਬਣਨ। ਉਹ ਚਿੰਤਤ ਹੁੰਦੇ ਹਨ ਕਿ ਸਕੂਲਾਂ-ਕਾਲਜਾਂ ਦੀਆਂ ਖੁੱਲ੍ਹੀਆਂ ਫ਼ੈਕਟਰੀਆਂ ਵਿੱਚੋਂ ਨਿਕਲਦਿਆਂ ਹੀ ਉਨ੍ਹਾਂ ਨੂੰ ਚੰਗੇ ਨੰਬਰਾਂ ਦੇ ਬਾਵਜੂਦ ਚੈੱਕ+ਜੈੱਕ ਦਾ ਇੰਤਜ਼ਾਮ ਕਰਨਾ ਪਵੇਗਾ ਨਹੀਂ ਤਾਂ ਉਨ੍ਹਾਂ ਦੇ ਬੱਚੇ ਬੇਰੁਜ਼ਗਾਰੀ ਦੀ ਕਤਾਰ ਵਿਚ ਖੜ੍ਹੇ-ਖੜ੍ਹੇ ਮਾਨਸਿਕ ਰੋਗੀ ਹੋ ਜਾਣਗੇ।
ਪ੍ਰਧਾਨ ਮੰਤਰੀ ਜੀ ਬੱਚਿਆਂ ਨੂੰ ਸਲਾਹ ਦਿੰਦੇ ਹਨ ਕਿ ਪਹਿਲਾਂ ਔਖੇ ਕੰਮ ਕਰੋ, ਫੇਰ ਸੌਖੇ। ਉਨ੍ਹਾਂ ਆਪਣੀ ਉਦਾਹਰਣ ਦਿੱਤੀ- ”ਮੈਂ ਪਹਿਲਾਂ ਔਖੇ ਫ਼ੈਸਲੇ ਲੈਂਦਾ ਹਾਂ, ਫੇਰ ਆਸਾਨ ਫ਼ੈਸਲਿਆਂ ਬਾਰੇ ਰਾਤ ਨੂੰ ਸੋਚਦਾ ਹਾਂ ਤੇ ਸਵੇਰੇ ਉੱਠ ਕੇ ਮੁਸ਼ਕਲ ਦਾ ਮੁਕਾਬਲਾ ਕਰਨ ਲਈ ਤਿਆਰ ਰਹਿੰਦਾ ਹੈ।” ਹਾਂ! ਸਹੀ ਕਿਹਾ। ਉਹ ਔਖੇ ਫ਼ੈਸਲੇ ਲੈਣ ਵੇਲੇ ਸੋਚਦੇ ਨਹੀਂ ਕਿ ਇਸ ਦੇ ਨਤੀਜੇ ਕੀ ਹੋਣਗੇ। ਉਨ੍ਹਾਂ ਬਿਨਾਂ ਕੁਝ ਵਿਚਾਰਿਆਂ ਹੀ ਨੋਟਬੰਦੀ ਦਾ ਫ਼ੈਸਲਾ ਲਿਆ, ਗਲਤ ਕਿਸਮ ਦੀ ਜੀ.ਐਸ.ਟੀ. ਦਾ ਫ਼ੈਸਲਾ ਲਿਆ, ਸੀ.ਏ.ਏ, ਜੰਮੂ-ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਵਰਗੇ ਫ਼ੈਸਲੇ ਲਏ, ਕਿਸਾਨ ਵਿਰੋਧੀ ਖੇਤੀ ਕਾਨੂੰਨ, ਮਜ਼ਦੂਰ ਵਿਰੋਧੀ ਕਾਨੂੰਨ ਲਿਆਉਣ ਦੇ ਫ਼ੈਸਲੇ ਲਏ। ਜੇ ਉਹ ਆਮ ਲੋਕਾਂ ਦੀ ਰਾਏ ਲੈਂਦੇ, ਸਬੰਧਤ ਧਿਰਾਂ ਨਾਲ ਚਰਚਾ ਕਰਦੇ ਤਾਂ ਮੁਲਕ ਅੱਜ ਇਸ ਬੇਚੈਨੀ ਦੇ ਆਲਮ ਚੋਂ ਨਾ ਗੁਜ਼ਰ ਰਿਹਾ ਹੁੰਦਾ।
ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਉਹ ਸਲਾਹ ਦਿੰਦੇ ਹਨ ਕਿ ”ਵਿਹਲਾ ਸਮਾਂ ਖਜ਼ਾਨਾ ਹੈ। ਵਿਹਲੇ ਸਮੇਂ ਵਿਚ ਕੁਝ ਕ੍ਰੀਏਟਿਵ ਕਰੋ। ਆਪਣੇ ਘਰਦਿਆਂ ਨਾਲ ਕੰਮ-ਕਾਜ ਵਿਚ ਹੱਥ ਵਟਾਓ। ਮੈਂ ਜਦੋਂ ਵਿਹਲਾ ਹੋਵਾਂ ਤਾਂ ਝੂਲੇ ‘ਤੇ ਬੈਠਦਾ ਹਾਂ। ਮੈਂ ਪ੍ਰਸੰਨ ਚਿੱਤ ਹੋ ਜਾਂਦਾ ਹਾਂ।” ਇਹ ਗੱਲ ਤਾਂ ਸਾਡੇ ਬਜ਼ੁਰਗ ਅਕਸਰ ਕਿਹਾ ਕਰਦੇ ਹਨ ਕਿ ਵਿਹਲਾ ਮਨ ਸ਼ੈਤਾਨ ਦਾ ਘਰ। ਬੰਦੇ ਨੂੰ ਕੋਈ ਨਾ ਕੋਈ ਆਹਰ ਵਿਚ ਲੱਗੇ ਰਹਿਣਾ ਚਾਹੀਦਾ ਹੈ। ਬੱਚਿਆਂ ਨੂੰ ਕ੍ਰੀਏਟਿਵ ਕੰਮ ਕਰਨ, ਘਰਦਿਆਂ ਨਾਲ ਹੱਥ ਵਟਾਉਣ ਦੀ ਸਲਾਹ ਚੰਗੀ ਹੈ ਪਰ ਇਹ ਗੱਲਾਂ ਤਾਂ ਉਨ੍ਹਾਂ ਦੀ ਪਰਿਵਾਰਕ ਜ਼ਿੰਦਗੀ ਲਈ ਤਾਂ ਚੰਗੀਆਂ ਹਨ, ਆਪਣਾ ਭਵਿੱਖ ਸੰਵਾਰਨ ਲਈ ਤਾਂ ਉਨ੍ਹਾਂ ਨੂੰ ਨਾ ਚਾਹੁੰਦਿਆਂ ਵੀ ਜ਼ਿੰਦਗੀ ਦੀ ਇਸ ਬੇਲਗ਼ਾਮ ਦੌੜ ਦਾ ਹਿੱਸਾ ਬਣਨਾ ਹੀ ਪਏਗਾ।
ਮੋਦੀ ਜੀ ਨੇ ਮਾਪਿਆਂ ਨਾਲ ਨਾਰਾਜ਼ਗੀ ਵੀ ਜ਼ਾਹਰ ਕੀਤੀ ਕਿ ਤੁਸੀਂ ਕਦੇ ਉਨ੍ਹਾਂ ਲੋਕਾਂ ਦਾ ਦੁਖ-ਸੁਖ ਫਰੋਲਿਆ ਹੈ ਜੋ ਤੁਹਾਡੇ ਘਰ ਕੰਮ ਕਰਨ ਆਉਂਦੇ ਹਨ। ਜੇ ਤੁਸੀਂ ਇੰਜ ਕਰਦੇ ਤਾਂ ਆਪਣੇ ਬੱਚਿਆਂ ਨੂੰ ਕਦਰਾਂ-ਕੀਮਤਾਂ ਨਾ ਸਿਖਾਉਣੀਆਂ ਪੈਂਦੀਆਂ। ਇਹ ਸੁਣ ਕੇ ਮੈਨੂੰ ਉਹ ਲੱਖਾਂ-ਕਰੋੜਾਂ ਮਜ਼ਦੂਰ ਯਾਦ ਆਏ ਜਿਨ੍ਹਾਂ ਨੂੰ ਮੋਦੀ ਸਰਕਾਰ ਨੇ ਲੌਕਡਾਊਨ ਦੌਰਾਨ ਸੜਕਾਂ ‘ਤੇ ਬੇਸਹਾਰਾ ਤੁਰਨ-ਮਰਨ ਲਈ ਮਜਬੂਰ ਕਰ ਦਿੱਤਾ ਸੀ। ਉਹ ਸ਼ਾਇਦ ਖ਼ੁਦ ਨੈਤਿਕਤਾ ਦਾ ਪਾਠ ਪੜ੍ਹਨਾ ਭੁੱਲ ਗਏ। ਕਾਰਪੋਰੇਟ ਦੀਆਂ ਤਿਜੌਰੀਆਂ ਭਰਨ ਲਈ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਹੋਰ ਬਦਤਰ ਬਣਾਉਣ ਲਈ ਕਾਨੂੰਨ ਘੜਨ ਵੇਲੇ ਉਨ੍ਹਾਂ ਨੂੰ ਇਨ੍ਹਾਂ ਕਾਮਿਆਂ ਦੇ ਦੁਖ-ਦਰਦ ਚੇਤੇ ਨਹੀਂ ਆਏ। ਸਿਲੇਬਸ ਵਿੱਚੋਂ ਨੈਤਿਕਤਾ ਵਾਲੇ ਪਾਠ ਬਾਹਰ ਕਰ ਕੇ, ਬੱਚਿਆਂ ਨੂੰ ਮਿਥਾਂ ਪੜ੍ਹਾਉਣ ਦੇ ਯਤਨ ਹੋ ਰਹੇ ਹਨ। ਕੀ ਖ਼ੁਦ ਸਤਾਪ੍ਰਸਤ ਸਿਆਸਤਦਾਨਾਂ ਨੂੰ ਨੈਤਿਕਤਾ ਦੇ ਪਾਠ ਦੀ ਜ਼ਰੂਰਤ ਨਹੀਂ ਹੈ?
ਅਖ਼ੀਰ ਵਿੱਚ ਉਨ੍ਹਾਂ ਕਿਹਾ- ”ਮੈਂ ਤੁਹਾਨੂੰ ਵੱਡੇ ਇਮਤਿਹਾਨ ਲਈ ਤਿਆਰ ਕਰਨਾ ਚਾਹੁੰਦਾ ਹਾਂ ਤੇ ਤੁਸੀਂ ਸੌ ਫ਼ੀਸਦੀ ਪਾਸ ਹੋਣਾ ਹੈ। ਇਹ ਹੈ ਆਪਣੇ ਭਾਰਤ ਨੂੰ ਆਤਮ ਨਿਰਭਰ ਬਣਾਉਣਾ।” ਇਸ ਦਾ ਸਿੱਧਾ-ਸਿੱਧਾ ਅਰਥ ਤਾਂ ਇਹੀ ਹੈ ਕਿ ਉਨ੍ਹਾਂ ਨੇ ਤਾਂ ਇਕ-ਇਕ ਕਰਕੇ ਸਾਰੇ ਜਨਤਕ ਅਦਾਰੇ ਕਾਰਪੋਰੇਟ ਹਵਾਲੇ ਕਰ ਦਿੱਤੇ ਹਨ ਜਾਂ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਵਚਨਬੱਧਤਾ ਕਾਰਪੋਰੇਟ ਘਰਾਣਿਆਂ ਨਾਲ ਹੈ। ਆਮ ਲੋਕਾਂ ਨੂੰ ‘ਆਤਮ ਨਿਰਭਰਤਾ’ ਦਾ ਜੁਮਲਾ ਦੇ ਕੇ ਉਨ੍ਹਾਂ ਆਪਣੀ ਜਵਾਬਦੇਹੀ, ਜ਼ਿੰਮੇਵਾਰੀ ਤੋਂ ਪਾਸਾ ਵੱਟ ਲਿਆ ਹੈ।
ਕੋਈ ਵੀ ਸੱਤਾ ਸਦੀਵੀ ਨਹੀਂ ਹੁੰਦੀ। ਜਿੰਨਾ ਜ਼ੁਲਮ ਵਧਦਾ ਹੈ, ਬਗ਼ਾਵਤ ਵੀ ਓਨੇ ਤਿੱਖੇ ਰੂਪ ਵਿਚ ਹੁੰਦੀ ਹੈ। ਯੂਨੀਵਰਸਿਟੀਆਂ ਤੋਂ ਹੁੰਦਾ ਹੋਇਆ ਵਿਰੋਧ ‘ਸ਼ਾਹੀਨ ਬਾਗ਼’ ਪੁੱਜਾ ਤੇ ਹੁਣ ਕਿਸਾਨ ਅੰਦੋਲਨ ਦੇ ਰੂਪ ਵਿਚ ਦਿੱਲੀ ਦੀਆਂ ਬਰੂਹਾਂ ਤੋਂ ਹੁੰਦਾ ਹੋਇਆ ਜਨ-ਅੰਦੋਲਨ ਬਣ ਕੇ ਮੁਲਕ ਦੇ ਹਰ ਹਿੱਸੇ ਵਿਚ ਫੈਲ ਰਿਹਾ ਹੈ।
ਵਿਦਿਆਰਥੀਆਂ ਨੂੰ ਜੁਮਲੇਬਾਜ਼ੀ ਵਿਚ ਉਲਝਾਉਣ ਤੇ ਫੁਸਲਾਉਣ ਦੇ ਪਾਠ ਪੜ੍ਹਾਉਂਦਿਆਂ ਮੋਦੀ ਸਰਕਾਰ ਨੂੰ ਇਤਿਹਾਸ ਤੋਂ ਕੁਝ ਜ਼ਰੂਰੀ ਸਬਕ ਜ਼ਰੂਰ ਲੈ ਲੈਣੇ ਚਾਹੀਦੇ ਹਨ।
ਪਹਿਲਾ ਤੇ ਆਖ਼ਰੀ ਸਬਕ ਤਾਂ ਇਹੀ ਹੈ ਕਿ ਇੱਥੇ ਕੁਝ ਵੀ ਸਥਾਈ ਨਹੀਂ ਹੈ;ਨਾ ਵਿਅਕਤੀ, ਨਾ ਸਤਾ।

Leave a Reply

Your email address will not be published. Required fields are marked *