ਉਦਾਸ ਪਿੰਡ ਅਤੇ ਕਿਸਾਨ ਅੰਦੋਲਨ

ਦਿੱਲੀ ਦੀਆਂ ਹੱਦਾਂ ‘ਤੇ ਕਿਸਾਨਾਂ ਨੇ ਪਿੰਡ ਵਸਾ ਲਏ ਹਨ। ਇਹ ਅਸਥਾਈ ਪਿੰਡ ਹਨ। ਕਿਸਾਨਾਂ ਦਾ ਅਹਿਦ ਹੈ ਕਿ ਉਹ ਅੰਦੋਲਨ ਜਿੱਤਣ ਤੋਂ ਬਾਅਦ ਆਪੋ-ਆਪਣੇ ਪਿੰਡਾਂ ਨੂੰ ਪਰਤ ਜਾਣਗੇ। ਉਦੋਂ ਦਿੱਲੀ ਦੀਆਂ ਹੱਦਾਂ ‘ਤੇ ਕੌਮੀ ਰਾਜ ਮਾਰਗਾਂ ਦੇ ਵਸਾਏ ਗਏ ਇਨ੍ਹਾਂ ਪਿੰਡਾਂ ਦੇ ਇਲਾਕਿਆਂ ਵਿਚ ਅਜੀਬ ਜਿਹੀ ਖ਼ਾਮੌਸ਼ੀ ਫ਼ੈਲ ਜਾਏਗੀ। ਕੌਮੀ ਰਾਜ ਮਾਰਗਾਂ ਖੱਬੇ ਸੱਜੇ ਵੱਸਦੇ ਲੋਕਾਂ ਦਾ ਕਈ ਦਿਨ ਰੋਟੀ ਖਾਣ ਨੂੰ ਵੀ ਦਿਲ ਨਹੀਂ ਕਰੇਗਾ। ਇਨ੍ਹਾਂ ਇਲਾਕਿਆਂ ਵਿਚ ਕਈ ਦਿਨ ਉਦਾਸੀ ਦਾ ਆਲਮ ਤਾਰੀ ਰਹੇਗਾ। ਲੋਕ ਸ਼ਾਂਤ ਦਿਸਣਗੇ ਪਰ ਕੌਮੀ ਰਾਜ ਮਾਰਗਾਂ ‘ਤੇ ਇਕ ਵਾਰ ਫੇਰ ਦੌੜਦੇ ਵਾਹਨਾਂ ਦਾ ਬੇਸੁਰਾ ਸ਼ੋਰ ਹੋਵੇਗਾ।
ਕਿਸਾਨ ਅੰਦੋਲਨ ਦੇ ਆਰ-ਪਾਰ ਬਹੁਤ ਕੁਝ ਅਜਿਹਾ ਹੈ ਜੋ ਤੁਸੀਂ ਪੜ੍ਹ/ਦੇਖ/ਸੁਣ ਚੁੱਕੇ ਹੋ। ਅਗਾਂਹ ਵੀ ਬਹੁਤ ਕੁਝ ਦੇਖਣ/ਪੜ੍ਹਨ/ਸੁਣਨ ਨੂੰ ਮਿਲੇਗਾ ਪਰ ਅੱਜ ਅਸੀਂ ਪਿੰਡ ਦੀ ਬਾਤ ਪਾਉਣੀ ਹੈ।
ਪਿੰਡ ਉਦਾਸ ਹੈ, ਕਿਉਂਕਿ ਪਿੰਡ ਹੁਣ ਪਿੰਡ ਨਹੀਂ ਰਹਿਣਾ। ਪਿੰਡ ਤਾਂ ਹੁਣ ਉਜੜਨ ਦੀ ਜੂਨ ਹੀ ਭੋਗੇਗਾ। ਇਹ ਮੇਰੇ ਜਾਂ ਤੁਹਾਡੇ ਪਿੰਡ ਦੀ ਹੀ ਤਕਦੀਰ ਨਹੀਂ ਹੈ, ਸੰਸਾਰ ਦੇ ਹਰ ਮੁਲਕ ਦਾ ਹਰ ਪਿੰਡ ਹੀ ਉਜਾੜੇ ਦੇ ਸਫ਼ਰ ‘ਤੇ ਹੈ।
ਇਹ ਅਸੀਂ ਨਹੀਂ ਸੰਯੁਕਤ ਰਾਸ਼ਟਰ ਦੀ ਉਹ ਰਿਪੋਰਟ ਕਹਿ ਰਹੀ ਹੈ, ਜਿਹਦੇ ਵਿਚ ਦਰਜ ਹੈ ਕਿ ਸੰਸਾਰ ਦੀ ਅੱਧੀ ਆਬਾਦੀ ਸ਼ਹਿਰਾਂ ਵਿਚ ਜਾ ਵਸੀ ਹੈ ਤੇ ਪਿੰਡਾਂ ਤੋਂ ਸ਼ਹਿਰਾਂ ਵੱਲ ਹਿਜ਼ਰਤ ਲਗਾਤਾਰ ਜਾਰੀ ਹੈ। ਆਉਂਦੇ ਪੰਜ-ਸੱਤ ਸਾਲਾਂ ਵਿਚ ਬਾਕੀ ਬਚੇ ਪੇਂਡੂਆਂ ਦਾ ਕੀ ਬਣਨਾ ਹੈ, ਇਹਦਾ ਕਿਆਸ ਤੁਸੀਂ ਕਰੋ। ਅੱਗੇ ਤੁਰਨ ਤੋਂ ਪਹਿਲਾਂ ਮੇਰੀ ਹੀ ਗ਼ਜ਼ਲ ਦਾ ਮਤਲਾ ਹੋ ਜਾਏ-
‘ਮੈਂ ਕੈਸਾ ਪਿੰਡ ਹਾਂ ਕਾਲਖ ਜੋ ਮੈਨੂੰ ਨਿਗਲਦੀ ਜਾਂਦੀ,
ਮੇਰੇ ਵਿੱਚੋਂ ਦੀਵਿਆਂ ਜੋਗੀ ਵੀ ਮਿੱਟੀ ਮੁੱਕਦੀ ਜਾਂਦੀ।’
ਸੰਸਾਰ ਨੂੰ ਇਕ ਪਿੰਡ ਵਿਚ ਬਦਲ ਦੇਣ ਦਾ ਤਹੱਈਆ ਕਰੀ ਬੈਠੇ ਮੁੱਠੀ ਭਰ ਪੂੰਜੀਪਤੀਆਂ ਦਾ ਮਕਸਦ ਪਿੰਡ ਨੂੰ ਖ਼ਤਮ ਕਰਨਾ ਹੈ। ਪਿੰਡ ਨੂੰ ਸ਼ਹਿਰ ਵੱਲ ਭਜਾ ਦੇਣ ਜਾਂ ਫਿਰ ਪਿੰਡ ਨੂੰ ਸ਼ਹਿਰ ਵਿਚ ਤਬਦੀਲ ਕਰ ਦੇਣ ਵਿਚ ਹੀ ਇਨ੍ਹਾਂ ਦਾ ਮੁਨਾਫ਼ਾ ਹੈ। ਸਾਰੇ ਸੰਸਾਰ ਦੇ ਆਮ ਲੋਕਾਂ ਦੀ ਮਿਹਨਤ ਦੀ ਲੁੱਟ ਹੀ ਇਨ੍ਹਾਂ ਦੇ ਸਾਹਾਂ ਦੀ ਤੰਦ ਹੈ ਤੇ ਆਪਣੀ ਮੁਨਾਫ਼ਾ ਪ੍ਰਵਿਰਤੀ ਨੂੰ ਹੋਰ-ਹੋਰ ਬਲਵਾਨ ਕਰੀ ਜਾਣਾ ਹੀ ਹਰ ਵਪਾਰੀ ਦੀ ਫ਼ਿਤਰਤ ਹੋਇਆ ਕਰਦੀ ਹੈ।
ਸਵਾਲ ਇੱਥੇ ਇਹ ਹੈ ਕਿ ਜਿਹੜੇ ਲੋਕ ਸ਼ਹਿਰਾਂ ਵੱਲ ਜਾ ਰਹੇ ਹਨ, ਉਹ ਉਥੇ ਕਰ ਕੀ ਰਹੇ ਹਨ?
ਸ਼ਹਿਰਾਂ ਵਿਚ ਬਹੁਤਾ ਰੁਜ਼ਗਾਰ ਮਾਹਰ ਲੋਕਾਂ ਲਈ ਹੈ। ਪਿੰਡਾਂ ਵਿਚੋਂ ਸ਼ਹਿਰਾਂ ਵੱਲ ਜਾਣ ਵਾਲੇ ਲੋਕ ਬਿਲਕੁਲ ਹੱਥਲ ਹਨ। ਉਨ੍ਹਾਂ ਕੋਲ ਕੋਈ ਮੁਹਾਰਤ ਨਹੀਂ। ਉਹ ਸਿਰਫ਼ ਮਜ਼ਦੂਰ ਹਨ ਤੇ ਸ਼ਹਿਰਾਂ ਵਿਚ ਮਜ਼ਦੂਰੀ ਕਰਕੇ ਰਹਿਣ-ਸਹਿਣ ਦੇ ਖਰਚਿਆਂ ਨੂੰ ਚੁੱਕਦਿਆਂ ਉਹ ਆਪਣੇ ਪਰਿਵਾਰਾਂ ਦਾ ਪੇਟ ਕਿਵੇਂ ਪਾਲਣਗੇ, ਇਹਦੀ ਕੋਈ ਸਾਫ਼ ਤਸਵੀਰ ਸਾਡੇ ਸਾਹਮਣੇ ਨਹੀਂ ਹੈ।
ਦਰਅਸਲ, ਆਪਣੇ ਮੁਲਕ ਦੀ ਕੋਈ ਰੁਜ਼ਗਾਰ ਨੀਤੀ ਤਾਂ ਹੈ ਨਹੀਂ ਤੇ ਵਿਸ਼ਵ ਵਪਾਰ ਸੰਗਠਨ ਦੇ ਦਬਾਅ ਹੇਠ ਮੁਲਕ ਵਿਚ ਲਾਗੂ ਕੀਤੀਆਂ ਜਾ ਰਹੀਆਂ ਆਰਥਕ ਨੀਤੀਆਂ ਆਮ ਬੰਦੇ ਨੂੰ ਰੁਜ਼ਗਾਰ ਦੇਣ ਦੀ ਥਾਂ ਰੁਜ਼ਗਾਰ ਖੋਹਣ ਵਾਲੀਆਂ ਹਨ। ਅਜਿਹੀਆਂ ਹਾਲਤਾਂ ਵਿਚ ਪਿੰਡ ਦਾ ਛੋਟਾ ਕਿਸਾਨ ਵੀ ਪੂਰੀ ਤਰ੍ਹਾਂ ਮਜ਼ਦੂਰ ਬਣ ਚੁੱਕਾ ਹੈ ਤੇ ਸ਼ਹਿਰਾਂ ਦੇ ਲੇਬਰ ਚੌਕਾਂ ਵਿਚ ਖੜ ਕੇ ਰੁਜ਼ਗਾਰ ਮੰਗਣ ਦੀ ਹਾਲੇ ਨਾ ਉਹਨੂੰ ਜਾਚ ਹੈ ਤੇ ਨਾ ਹੀ ਉਹਦੀ ਹਊਮੈ ਉਹਨੂੰ ਇਹ ਕੁਝ ਕਰਨ ਦਿੰਦੀ ਹੈ। ਅਜਿਹੀ ਹਾਲਤ ਵਿਚ ਉਹ ਤੇ ਉਹਦਾ ਪਰਿਵਾਰ ਭੁਖਮਰੀ ਦੀ ਕਗਾਰ ‘ਤੇ ਖਲੋਤਾ ਖੁਦਕੁਸ਼ੀ ਨੂੰ ਆਪਣੀ ਮੁਕਤੀ ਦਾ ਸਭ ਤੋਂ ਸੌਖਾ ਰਾਹ ਸਮਝਣ ਦੇ ਕੁਰਾਹੇ ਪੈ ਜਾਂਦਾ ਹੈ। ਇਹ ਬੜੀ ਭਿਆਨਕ ਸਥਿਤੀ ਹੈ।
ਆਪਣੇ ਮੁਲਕ ਵਾਂਗ ਹੀ ਬਾਕੀ ਗਰੀਬ ਅਤੇ ਵਿਕਾਸਸ਼ੀਲ ਮੁਲਕ ਇਨ੍ਹਾਂ ਸਾਮਰਾਜੀਆਂ ਲਈ ਖੁਲ੍ਹੀ ਮੰਡੀ ਹਨ। ਇਨ੍ਹਾਂ ਖੁਲ੍ਹੀਆਂ ਮੰਡੀਆਂ ਵਿਚ ਇਹ ਖੁਲ੍ਹ ਖੇਡ ਰਹੇ ਹਨ। ਸਾਮਰਾਜੀਆਂ ਦੀ ਇਸ ਢਾਣੀ ਦਾ ਸਰਦਾਰ ਉਹ ਅਮਰੀਕਾ ਹੈ, ਜਿਹਦਾ ਆਪਣਾ ਅਰਥਚਾਰਾ ਢਹਿੰਦੀ ਕਲਾ ਵਿਚ ਹੈ। ਸੰਸਾਰੀਕਰਨ ਦਾ ਇਹ ਦੈਂਤ ਅੱਜ ਇਸ ਕਰਕੇ ਅਮੋੜ ਦਿਖਾਈ ਦੇ ਰਿਹਾ ਹੈ ਕਿਉਂਕਿ ਸਾਡੇ ਹਾਕਮ ਇਨ੍ਹਾਂ ਦੇ ਗੁਲਾਮ ਹਨ।
ਪਰ ਪੰਜਾਬ ਤੋਂ ਉੱਠੇ ਤੇ ਫੇਰ ਦੇਸ਼-ਵਿਆਪੀ ਰੂਪ ਅਖ਼ਤਿਆਰ ਕਰ ਗਏ ਕਿਸਾਨ ਅੰਦੋਲਨ ਨੇ ਜਨ-ਸੰਘਰਸ਼ਾਂ ਦੇ ਨਵੇਂ ਰਾਹ-ਰਸਤੇ ਮੋਕਲੇ ਕੀਤੇ ਹਨ। ਕਿਸਾਨ ਅੰਦੋਲਨ ਅੱਜ ਕੇਵਲ ਦਿੱਲੀ ਦੀਆਂ ਹੱਦਾਂ ‘ਤੇ ਹੀ ਨਹੀਂ ਹੈ; ਮੁਲਕ ਦੇ ਹਰ ਹਰ ਹਿੱਸੇ ਵਿਚ ਹੁਣ ਇਸ ਦਾ ਅਸਰ ਦੇਖਿਆ ਜਾ ਸਕਦਾ ਹੈ। ਇਸ ਅੰਦੋਲਨ ਨੇ ਇਤਿਹਾਸ ਸਿਰਜਿਆ ਹੈ; ਦੁਨੀਆ ਦੇ ਆਮ ਬੰਦੇ ਨੂੰ ਆਪਣੀ ਹੋਂਦ ਦੀ ਲੜਾਈ ਲੜਨ ਦੀ ਜਾਚ ਸਿਖਾਈ ਹੈ। ਇਸ ਅੰਦੋਲਨ ਨੇ ਅਗਲੇ ਸਮਿਆਂ ਵਿਚ ਲੜੇ ਜਾਣ ਵਾਲੇ ਜਨ-ਅੰਦੋਲਨ ਦਾ ਪਿੜ ਬੰਨ੍ਹਿਆ ਹੈ। ਕਿਸਾਨ ਅੰਦੋਲਨ ਸਿਰਫ਼ ਜ਼ਮੀਨ ਨੂੰ ਬਚਾਉਣ ਦੀ ਹੀ ਲੜਾਈ ਨਹੀਂ ਹੈ; ਇਹ ਪਿੰਡ ਨੂੰ ਬਚਾਉਣ ਦੀ ਲੜਾਈ ਹੈ ਅਤੇ ਆਮ ਬੰਦੇ ਦੀ ਹੋਂਦ ਨੁੰ ਬਚਾਉਣ ਦੀ ਲੜਾਈ ਵੀ।
ਪਿੰਡ ਅਤੇ ਆਪਣੀ ਹੋਂਦ ਨੂੰ ਬਚਾਉਣ ਦੀ ਇਸ ਮਹਾਨ ਲੜਾਈ ਵਿਚ ਆਪੋ-ਆਪਣਾ ਹਿੱਸਾ ਪਾਉਣਾ ਹੀ ਅੱਜ ਦੀ ਸਭ ਤੋਂ ਅਹਿਮ ਜ਼ਰੂਰਤ ਹੈ।