ਪਾਕਿਸਤਾਨ ਟੀ.ਵੀ. ਪੱਤਰਕਾਰ ਦਾ ਵੱਡਾ ਖੁਲਾਸਾ – ਖੇਤੀ ਬਿੱਲ ਲਿਆਉਣ ਦਾ ਅਸਲੀ ਕਾਰਨ : ਸਿਮਰਜੀਤ ਸਿੰਘ ਸੰਧੂ

ਦੋਸਤੋ, ਪਾਕਿਸਤਾਨ ਦੇ ਇੱਕ ਆਹਲਾ ਪੱਤਰਕਾਰ, ਆਫ਼ਤਾਬ ਇਕਬਾਲ “ਖ਼ਬਰਦਾਰ” ਨਾਂ ਦਾ ਇੱਕ ਟੀ.ਵੀ. ਸ਼ੋਅ ਚਲਾਉਂਦੇ ਨੇ, ਜਿਸ ‘ਚ ਹਾਸੇ ਠੱਠਿਆਂ ਦੇ ਨਾਲ-ਨਾਲ ਦੁਨੀਆ ਦੇ ਇਤਿਹਾਸ ਦੀਆਂ ਉਹ ਬੇਸ਼ਕੀਮਤੀ ਜਾਣਕਾਰੀਆਂ ਵੀ ਦਿੰਦੇ ਰਹਿੰਦੇ ਨੇ। ਕੱਲ੍ਹ ਉਨ੍ਹਾਂ ਨੇ ਆਪਣੇ ਸ਼ੋਅ ‘ਚ ਦੁਨੀਆ ਵਿਚ ਹੋਣ ਵਾਲੀ ਸੜਕੀ ਗਲੋਬਲਾਈਜੇਸ਼ਨ ਬਾਰੇ ਇੱਕ ਗੱਲ ਕਹੀ ਜੋ ਬਹੁਤ ਮਹੱਤਵਪੂਰਨ ਹੈ ਤੇ ਆਪ ਸਭ ਨਾਲ ਸਾਂਝੀ ਕਰਨੀ ਜ਼ਰੂਰੀ ਸੀ। ਇਸ ਦੇ ਹਿੰਦੁਸਤਾਨੀ ਤੇ ਪਾਕਿਸਤਾਨੀ ਪੰਜਾਬ ‘ਤੇ ਆਉਣ ਵਾਲੇ ਸਮੇਂ ‘ਚ ਕੀ ਪ੍ਰਭਾਵ ਪੈਣੇ ਨੇ, ਉਹ ਹੇਠ ਲਿਖੇ ਹੋ ਸਕਦੇ ਨੇ। ਆਫ਼ਤਾਬ ਇਕਬਾਲ ਦੁਨੀਆ ਦਾ ਉਹ ਬੁੱਧੀਜੀਵੀ ਬੰਦਾ ਹੈ, ਜਿਸ ਜਿੰਨੀ ਦੁਨੀਆ ਦੀ ਬੇਸ਼ਕੀਮਤੀ ਜਾਣਕਾਰੀ ਸ਼ਾਇਦ ਕਿਸੇ ਹੋਰ ਬੰਦੇ ਕੋਲ ਨਾ ਹੋਵੇ।
ਦੋਸਤੋ ਆਉਣ ਵਾਲੇ ਪੰਦਰਾਂ ਵੀਹ ਸਾਲਾਂ ਵਿਚ ਦੁਨੀਆ ਦਾ ਸੜਕੀ ਗਲੋਬਲਾਈਜੇਸ਼ਨ ਹੋਣ ਜਾ ਰਿਹਾ ਹੈ। ਯੂਰਪ ਤੇ ਅਮਰੀਕੀ ਮਹਾਂਦੀਪਾਂ ਦੇ ਮੁਲਕ ਆਪਸ ਵਿਚ ਅੰਦਰੂਨੀ ਸੜਕੀ ਆਵਾਜਾਈ ਲਈ ਖੁੱਲ੍ਹੇ ਹੋਏ ਨੇ ਤੇ ਸੜਕੀ ਵਪਾਰ ਜ਼ੋਰਾਂ ‘ਤੇ ਹੈ। ਅਮਰੀਕਾ ਦੁਨੀਆ ਦੀ ਸੁਪਰ ਪਾਵਰ ਇਸ ਕਰਕੇ ਹੈ ਕਿ ਅਮਰੀਕਾ ਚਾਰੇ ਪਾਸੇ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ। ਦੁਨੀਆ ਦਾ 80% ਵਪਾਰ ਸਵੇਜ ਨਹਿਰ ਦੇ ਰਸਤਿਓਂ ਹੁੰਦਾ ਹੈ। ਚੀਨ ਕੋਲ ਸਾਰੇ ਸਾਧਨ ਹੋਣ ਦੇ ਬਾਵਜੂਦ ਚੀਨ ਬੰਦਰਗਾਹਾਂ ਤੋਂ ਮਾਰ ਖਾ ਰਿਹਾ ਹੈ।
ਹੁਣ ਚੀਨ ਏਸ਼ੀਆ ‘ਚ ਇਸੇ ਤਕਨੀਕ ‘ਤੇ ਕੰਮ ਕਰ ਰਿਹਾ ਹੈ। ਪਾਕਿਸਤਾਨ ਦੀ ਗਵਾਦਰ ਬੰਦਰਗਾਹ ਚੀਨ ਨੇ ਲੀਜ਼ ‘ਤੇ ਲੈ ਲਈ ਹੈ। ਚੀਨ ਇਸ ਬੰਦਰਗਾਹ ਦੇ ਰਸਤੇ ਇੱਕ ਤਾਂ ਸਵੇਜ ਨਹਿਰ ਦੇ ਨੇੜੇ ਹੋਇਆ ਹੈ ਤੇ ਦੂਜਾ ਪੂਰੇ ਏਸ਼ੀਆ ਨੂੰ ਚੀਨ ਸੜਕੀ ਵਪਾਰਕ ਆਵਾਜਾਈ ਨਾਲ ਜੋੜਨ ‘ਤੇ ਕੰਮ ਕਰ ਰਿਹਾ ਹੈ। ਚੀਨ C Peck ਸੜਕ ਯੋਜਨਾਂ ਰਾਹੀਂ ਪੂਰੀ ਦੁਨੀਆ ‘ਤੇ ਆਪਣਾ ਕੰਟਰੋਲ ਕਰਨ ਦੀ ਫ਼ਿਰਾਕ ‘ਚ ਹੈ। ਇਸ ਯੋਜਨਾਂ ਵਿਚ ਰੂਸ ਵੀ ਚੀਨ ਦੇ ਨਾਲ ਹੈ।
ਇਸ ਸੜਕ ਰਾਹੀਂ ਚੀਨ ਆਪਣਾ ਮਾਲ ਸਿੱਧਾ ਟਰਾਂਸਪੋਰਟੇਸ਼ਨ ਰਾਹੀਂ ਪਾਕਿਸਤਾਨ, ਇਰਾਕ, ਇਰਾਨ, ਉਜ਼ਬੇਕਿਸਤਾਨ, ਰੂਸ, ਤਾਈਵਾਨ, ਤੁਰਕੀ ਇਟਲੀ ਪੂਰੇ ਯੂਰਪ ਵਿਚ ਸੁੱਟੇਗਾ। ਇਹ ਸੜਕ ਹਿੰਦੁਸਤਾਨ ਦੀ ਜਵਾਂ ਵੱਖੀ ‘ਚੋਂ ਨਿੱਕਲ ਰਹੀ ਹੈ। ਉਹ ਸੜਕ ਹਿੰਦੁਸਤਾਨ ‘ਚ ਜਿਸ ਸੂਬੇ ਦੇ ਸਭ ਤੋਂ ਨੇੜਿਉਂ ਗੁਜ਼ਰਨੀ ਹੈ, ਉਹ ਪੰਜਾਬ ਹੈ। ਜੇ ਏਸ਼ੀਆ ਦਾ ਵਪਾਰ ਖੁੱਲ੍ਹਦਾ ਹੈ ਤਾਂ ਹਿੰਦੁਸਤਾਨ ‘ਚ ਸਭ ਤੋਂ ਮਹਿੰਗੀ ਹੋਣ ਵਾਲੀ ਜ਼ਮੀਨ ਪੰਜਾਬ ਦੀ ਹੈ। ਦੁਨੀਆ ਦੇ ਕਾਰਪੋਰੇਟਸ ਦੀ ਨਜ਼ਰ ਦੋਨੋਂ ਪਾਸੇ ਪੰਜਾਬ ਦੀ ਧਰਤੀ ‘ਤੇ ਹੈ। ਦੁਨੀਆ ਦਾ ਟੌਪ ਦਾ ਕਿੰਨੂ, ਅੰਬ, ਮਾਲਟਾ, ਆੜੂ, ਅਮਰੂਦ ਗੱਲ ਕੀ ਹਰ ਤਰ੍ਹਾਂ ਦੇ ਫਲ, ਸਬਜ਼ੀਆਂ ਤੇ ਬੀਜ ਤਿਆਰ ਕਰਨ ਦੇ ਸਮਰਥ ਹੈ। ਹਿੰਦੁਸਤਾਨ ਤੇ ਦੁਨੀਆ ਦੇ ਵਪਾਰਕ ਅਦਾਰੇ ਉਸ ਸੜਕ ਨਾਲ ਜੁੜਨ ਵਾਸਤੇ ਤਰਲੋ ਮੱਛੀ ਹੋ ਰਹੇ ਨੇ। ਉਹ ਕਦੇ ਵੀ ਨਹੀਂ ਚਾਹੁੰਦੇ ਕਿ ਐਨੇ ਵੱਡੇ ਸੁਨਹਿਰੇ ਮੌਕੇ ਦਾ ਦੋਨਾਂ ਪਾਸਿਆਂ ਦੇ ਪੰਜਾਬੀ ਲਾਭ ਉਠਾਉਣ।
ਪਾਕਿਸਤਾਨੀ ਪੰਜਾਬ ‘ਚ ਵੱਡੀਆਂ ਕੰਪਨੀਆਂ ਦੀ ਐਂਟਰੀ ਹੋ ਚੁੱਕੀ ਹੈ ਤੇ ਉਹ ਗੋਲਡਨ ਸੜਕ ਲਾਹੌਰ ਲੰਘ ਚੁੱਕੀ ਹੈ। ਪਾਕਿਸਤਾਨ ‘ਚ ਜ਼ਿਮੀਂਦਾਰਾ ਤੇ ਮੁਜ਼ਾਰਾ ਸਿਸਟਮ ਹੈ। ਜ਼ਮੀਨਾਂ ਦੇ ਮਾਲਕੀ ਹੱਕ ਪਹਿਲਾਂ ਈ ਵੱਡੇ ਜ਼ਿਮੀਂਦਾਰਾਂ ਕੋਲ ਨੇ ਤੇ ਮੁਜ਼ਾਰੇ ਨੇ ਲੇਬਰ ਈ ਕਰਨੀ ਹੈ ਉਹ ਜ਼ਿਮੀਂਦਾਰ ਦੀ ਹੋਵੇ ਜਾਂ ਕੰਪਨੀਆਂ ਦੀ। ਦੂਜਾ ਭੁੱਖਮਰੀ ਦਾ ਸ਼ਿਕਾਰ ਪਾਕਿਸਤਾਨ ਇਸ ਸੜਕੀ ਯੋਜਨਾਂ ਰਾਹੀਂ ਆਪਣੇ ਦੇਸ਼ ਦੀ ਗ਼ਰੀਬੀ ਚੁੱਕਣਾ ਚਾਹੁੰਦਾ ਹੈ।
ਏਧਰ ਹਿੰਦੁਸਤਾਨੀ ਪੰਜਾਬ ਦੇ ਹਾਲਾਤ ਪਾਕਿਸਤਾਨੀ ਪੰਜਾਬ ਤੋਂ ਬਿਲਕੁਲ ਉਲਟ ਨੇ, ਏਥੇ ਮੁਜ਼ਾਰੇਦਾਰੀ ਸਿਸਟਮ ਦਾ ਅੰਤ 1950 ‘ਚ ਈ ਹੋ ਗਿਆ ਸੀ। ਇਸਤੇਮਾਲ ਵੇਲੇ ਤਕਰੀਬਨ ਸਭ ਨੂੰ ਮਾਲਕੀ ਹੱਕ ਦੇ ਕੇ ਉਸ ਵੇਲੇ ਦੀ ਸਾਂਝੇ ਪੰਜਾਬ ਦੀ ਸਰਕਾਰ ਨੇ ਪਹਿਲੀ ਜਮ੍ਹਾਬੰਦੀ ਪੰਜਾਬੀ ਭਾਸ਼ਾ ‘ਚ 1950 ‘ਚ ਲਾਗੂ ਕਰਕੇ ਜਗੀਰਦਾਰੀ ਸਿਸਟਮ ਦਾ ਭੋਗ ਪਾ ਦਿੱਤਾ ਸੀ। ਜਿਸ ਤਰ੍ਹਾਂ ਲਹਿੰਦੇ ਪੰਜਾਬ ‘ਚ ਬਿਨਾਂ ਰੋਕ ਟੋਕ ਦੇ ਕੰਪਨੀਆਂ ਉੱਤਰ ਗਈਆਂ ਹਨ। ਭਾਰਤੀ ਪੰਜਾਬ ‘ਚ ਇਹ ਕੰਮ ਬਹੁਤ ਔਖਾ ਸੀ, ਇਸ ਲਈ ਕੰਪਨੀਆਂ ਨੂੰ ਜ਼ਰੂਰਤ ਤੋਂ ਵੱਧ ਛੋਟਾਂ ਦਿੰਦੇ ਕਾਨੂੰਨ ਭਾਰਤ ਸਰਕਾਰ ਨੇ ਭਾਰਤੀ ਕਾਰਪੋਰੇਟਾਂ ਲਈ ਲਿਆਂਦੇ ਤਾਂ ਕਿ ਭਾਰਤੀ ਕਾਰਪੋਰੇਟਾਂ ਨੂੰ ਪਾਕਿਸਤਾਨ ਨਾਲ ਦਰਵਾਜ਼ੇ ਖੋਲ੍ਹ ਕੇ ਸਿੱਧੀ ਇੰਟਰਨੈਸ਼ਨਲ ਮਾਰਕੀਟ ‘ਚ ਆਪਣਾ ਸਾਮਾਨ ਵੇਚਣ ਦੀ ਖੁੱਲ੍ਹ ਦਿੱਤੀ ਜਾ ਸਕੇ।
ਭਾਰਤੀ ਕਾਰਪੋਰੇਟ ਘਰਾਣਿਆਂ ਨੂੰ ਜਿਵੇਂ ਇਸ ਦੀ ਸੂਹ ਲੱਗੀ ਇਨ੍ਹਾਂ ਸਰਕਾਰ ਨਾਲ ਰਲ਼ ਕੇ ਪੰਜਾਬ ਦੀ ਜ਼ਮੀਨ ਹਥਿਆਉਣ ਤੇ ਇਸ ਸੋਨੇ ਦੀ ਖਾਨ ਬਣਨ ਜਾ ਰਹੀ ਜ਼ਮੀਨ ‘ਤੇ ਆਪਣਾ ਕਬਜ਼ਾ ਕਰਨ ਦੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਤੇ ਸਰਕਾਰ ਨੇ ਇਸ ਨੂੰ ਐਸ ਤਰੀਕੇ ਨਾਲ ਪਲਟਾ ਦਿੱਤਾ ਕਿ ਲੋਕਾਂ ਨੂੰ ਸਮਝ ਈ ਨਾ ਆਵੇ ਕਿ ਅਸਲ ਮਾਜਰਾ ਹੈ ਕੀ। ਹਿੰਦੁਸਤਾਨੀ ਪੰਜਾਬ ਦੀ ਗਵਾਦਰ ਬੰਦਰਗਾਹ ਤੋਂ ਮਹਿਜ਼ ਦੂਰੀ 350-400 ਕਿੱਲੋਮੀਟਰ ਹੈ। ਨਵਾਂ ਬਣ ਰਿਹਾ ਕਟੜਾ ਐਕਸਪ੍ਰੈੱਸ ਵੇਅ ਵੀ ਏਸੇ ਲੜੀ ਦਾ ਹਿੱਸਾ ਹੈ। ਏਸੇ ਲਈ ਸਰਕਾਰ ਕਾਨੂੰਨ ਬਦਲਣ ਤੋਂ ਟੱਸ ਤੋਂ ਮੱਸ ਨਹੀਂ ਹੋਣਾ ਚਾਹੁੰਦੀ ਕਿਉਂਕਿ ਕਾਰਪੋਰੇਟਸ ਦਾ ਭਾਰਤੀ ਸਰਕਾਰ ‘ਤੇ ਪ੍ਰੈਸ਼ਰ ਹੀ ਐਨਾ ਹੈ ਕਿ ਉਹ ਕਿਸੇ ਵੀ ਕੀਮਤ ‘ਤੇ ਫ਼ੈਸਲਾ ਨਹੀਂ ਬਦਲਣਾ ਚਾਹੁੰਦੀ। ਚੀਨ ਜਿਸ ਤਰੀਕੇ ਨਾਲ ਨਵੇਂ ਵਪਾਰਕ ਰਸਤੇ ਖੋਲ੍ਹ ਰਿਹਾ ਹੈ। ਭਾਰਤ ਦਾ ਉਸ ਤੋਂ ਪ੍ਰਭਾਵਿਤ ਹੋਣਾ ਲਾਜ਼ਮੀ ਹੈ।
ਜਿਹੜਾ ਚੀਨ C Peck ਐਕਸ ਪ੍ਰੈੱਸ ਵੇਅ ਬਣਾ ਰਿਹਾ ਹੈ। ਉਹ ਭਾਰਤੀ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਨਾਲ ਖਹਿ ਕੇ ਲੰਘਦਾ ਹੈ। ਫ਼ਿਰੋਜ਼ਪੁਰ ਤੋਂ ਇਹਦੀ ਦੂਰੀ 80 ਕਿੱਲੋਮੀਟਰ ਤਰਨਤਾਰਨ ਸਾਹਿਬ ਤੋਂ 65 ਕਿੱਲੋਮੀਟਰ ਤੇ ਸ਼ਿਰੀ ਅੰਮ੍ਰਿਤਸਰ ਸਾਹਿਬ ਤੋਂ ਮਹਿਜ਼ 50 ਕਿੱਲੋਮੀਟਰ ਦੀ ਦੂਰੀ ‘ਤੇ ਲੰਘਦਾ ਹੈ। ਕਟੜਾ ਐਕਸ ਪ੍ਰੈੱਸ ਵੇਅ ਨੂੰ ਵੀ ਅੰਮ੍ਰਿਤਸਰ ਨਾਲ ਜੋੜ ਕੇ C Peck ਐਕਸਪ੍ਰੈੱਸ ਨਾਲ ਜੋੜਨ ਦੀ ਭਾਰਤ ਸਰਕਾਰ ਦੀ ਯੋਜਨਾ ਹੈ।
ਸੋ ਵੀਰੋ ਇਹ ਕੋਈ ਛੋਟੀ ਗੱਲ ਨਹੀਂ ਜ਼ਮੀਨਾਂ ਹਥਿਆ ਕਿ ਪੰਜਾਬੀਆਂ ਨੂੰ ਫਿਰ ਇੱਕ ਈਸਟ ਇੰਡੀਆ ਕੰਪਨੀ ਦੇ ਬੂਥੇ ਸੁੱਟਣ ਦੀ ਤਿਆਰੀ ਹੈ। ਪਹਿਲਾਂ ਈ ਸੰਤਾਲੀ ਦੀ ਵੰਡ ਫਿਰ ਹਰਿਆਣਾ ਹਿਮਾਚਲ ਬਣਾ ਕੇ ਪੰਜਾਬ ਦੀਆਂ ਬਾਹਾਂ ਵੱਢ ਦਿੱਤੀਆਂ ਗਈਆਂ ਨੇ। ਫਿਰ ਚੁਰਾਸੀ ਫਿਰ ਦਿੱਲੀ ਤੋਂ ਹੈਰੋਇਨ ਰਾਹੀਂ ਪੰਜਾਬ ਨੂੰ ਨਸ਼ੇੜੀ ਬਣਾ ਕੇ ਮਾਰਨ ਦੇ ਸਰਕਾਰੀ ਮਨਸੂਬੇ ਫ਼ੇਲ੍ਹ ਹੋਣ ਤੋਂ ਬਾਅਦ ਹੁਣ ਪੰਜਾਬ ਨੂੰ ਇਹ ਖੇਤੀ ਬਿੱਲ ਲਿਆ ਕੇ ਫਾਹੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਬਹੁਤ ਵੱਡੀ ਸਾਜ਼ਿਸ਼ ਹੈ। ਜੇ ਹੁਣ ਆਪਾਂ ਹੱਕਾਂ ਦੀ ਲੜਾਈ ਛੱਡ ਕੇ ਘਰੇ ਬਹਿ ਗਏ ਤਾਂ ਇਹ ਸਮਝ ਲਿਉ, ਅਸੀਂ ਮੁਦਕੀ ਸਭਰਾਵਾਂ ਦੀ ਜੰਗ ਇੱਕ ਵਾਰ ਫੇਰ ਹਾਰ ਜਾਵਾਂਗੇ ਤੇ ਜਿਵੇਂ 1849 ਤੋਂ ਬਾਅਦ ਸਾਨੂੰ ਆਪਣੀ ਆਜ਼ਾਦੀ ਲਈ ਲੜਦਿਆਂ ਨੂੰ 98 ਸਾਲ ਬੀਤ ਗਏ ਸਨ। ਫਿਰ ਪਤਾ ਨੀ ਹੋਰ ਕਿੰਨੀਆਂ ਪੀਹੜੀਆਂ ਇਨਾਂ ਕਾਰਪੋਰੇਟਾਂ ਨਾਲ ਲੜਦਿਆਂ ਨਿਕਲ ਜਾਣ। ਆਊ ਤਕੜੇ ਹੋ ਕੇ ਹੱਕਾਂ ਲਈ ਲੜੀਏ।