ਕਰੋਨਾ ਵੈਕਸੀਨ : ਵਿਗਿਆਨਕ ਸਮਝ ਅਤੇ ਬੇਭਰੋਸਗੀ : ਡਾ. ਸ਼ਿਆਮ ਸੁੰਦਰ ਦੀਪਤੀ

ਆਧੁਨਿਕ ਮੈਡੀਕਲ ਵਿਗਿਆਨ (ਐਲੋਪੈਥੀ) ਕੋਲ ਜੇਕਰ ਇਕ ਚੀਜ਼ ਮਾਣ ਕਰਨ ਯੋਗ ਹੈ ਤਾਂ ਉਹ ਹੈ ਵੈਕਸੀਨ। ਇਹ ਮਾਣ ਇਸ ਲਈ ਦਿੱਤਾ ਜਾਣਾ ਬਣਦਾ ਹੈ ਕਿ ਇਹ ਲੋਕਾਂ ਲਈ ਅਜਿਹੀ ਵਸਤੂ ਹੈ ਜੋ ਬਿਮਾਰੀ ਹੋਣ ਤੋਂ ਪਹਿਲਾਂ ਵਿਅਕਤੀ ਨੂੰ ਬਚਾਅ ਲਈ ਦਿੱਤੀ ਜਾਂਦੀ ਹੈ। ਇਸ ਲਈ ਐਡਵਰਡ ਜੈਨਰ ਦਾ ਧੰਨਵਾਦ ਕਰਨਾ ਬਣਦਾ ਹੈ, ਜਿਸ ਨੇ ਆਪਣੀ ਸੂਝ ਨਾਲ ਇਕ ਮਾਮੂਲੀ ਆਮ ਬਿਮਾਰੀ ਕਾਓਪਾਕਸ ਜ਼ਰੀਏ ਸੁਰੱਖਿਆ ਪ੍ਰਣਾਲੀ (ਇਮੀਊਨ ਸਿਸਟਮ) ਨੂੰ ਪਛਾਣਿਆ ਤੇ ਚੇਚਕ ਵਰਗੀ ਮਹਾਂਮਾਰੀ ਲਈ ਵੈਕਸੀਨ ਬਣਾਈ, ਜਿਸ ਨਾਲ ਅਸੀਂ ਇਸ ਘਾਤਕ ਬਿਮਾਰੀ ਨੂੰ ਦੁਨੀਆਂ ਵਿਚੋਂ ਖ਼ਤਮ ਕਰਨ ਵਿਚ ਕਾਮਯਾਬ ਹੋਏ। ਇਸੇ ਸਮਝ ਅਤੇ ਤਕਨੀਕ ਸਦਕਾ ਅਸੀਂ ਪੋਲੀਓ ਵਰਗੀ ਨਾ ਮੁਰਾਦ ਅਤੇ ਹਲਕਾਅ ਵਰਗੀਆਂ ਮਾਰੂ ਬਿਮਾਰੀਆਂ ਨੂੰ ਖ਼ਤਮ ਕਰਨ ਦੇ ਰਾਹ ਪਏ ਤੇ ਅੱਜ ਸੌ ਦੇ ਕਰੀਬ ਵੈਕਸੀਨ, ਅੱਡ ਅੱਡ ਬਿਮਾਰੀਆਂ ਲਈ ਉਪਲੱਬਧ ਹਨ।

ਅਜੋਕੇ ਸੰਦਰਭ ਵਿਚ ਵੈਕਸੀਨ ਜੋ ਕਿ ਸਿਹਤ ਵਿਗਿਆਨ ਦੀ ਇਕ ਚਮਤਕਾਰੀ ਕਾਢ ਹੈ, ਕਾਰਪੋਰੇਟ ਜਗਤ ਨੇ ਇਸ ਨੂੰ ਵੱਡੇ ਪੱਧਰ ’ਤੇ ਮੁਨਾਫ਼ੇ ਦਾ ਜ਼ਰੀਆ ਬਣਾਇਆ ਹੈ। ਬਿਮਾਰੀ ਨੂੰ ਲੈ ਕੇ ਸਾਡੇ ਸਾਹਮਣੇ ਦੋ ਤਸਵੀਰਾਂ ਨੇ ਕਿ ਜਦੋਂ ਵੀ ਮਹਾਂਮਾਰੀ ਫੈਲਦੀ ਹੈ ਤਾਂ ਕੁਝ ਕੁ ਲੋਕ ਪ੍ਰਭਾਵਿਤ ਹੁੰਦੇ ਹਨ ਤੇ ਕਾਫ਼ੀ ਵੱਡੀ ਗਿਣਤੀ ਸਲਾਮਤ ਰਹਿੰਦੀ ਹੈ। ਠੀਕ ਹੈ ਕਿ ਉਹ ਇਕ ਪੀੜਾ ਦਾ ਮਾਹੌਲ ਹੁੰਦਾ ਹੈ। ਟੀਕਾਕਰਨ ਨਾਲ ਉਸ ਸਥਿਤੀ ਤੋਂ ਬਚਾਅ ਹੁੰਦਾ ਹੈ, ਪਰ ਬਿਮਾਰੀ ਦੇ ਫੈਲਾਅ ਵਿਚ ਸਿਹਤ ਸਹੂਲਤਾਂ ਦੀ ਲੋੜ ਪੈਂਦੀ ਹੈ। ਦੋਹਾਂ ਦੀ ਤੁਲਨਾ ਕਰੀਏ ਤਾਂ ਟੀਕਾਕਰਨ, ਜੋ ਕਿ ਸਭ ਲਈ ਹੁੰਦਾ ਹੈ, ਹੋਣਾ ਚਾਹੀਦਾ ਹੈ, ਵੱਧ ਖ਼ਰਚੇ ਵਾਲਾ ਹੁੰਦਾ ਹੈ, ਪਰ ਉਸ ਨਾਲ ਪੀੜਾ ਦਾ ਦੌਰ ਨਹੀਂ ਆਉਂਦਾ। ਕਾਰਪੋਰੇਟ ਜਾਂ ਦਵਾ ਸੈਕਟਰ ਦੀ ਖਾਹਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਿਵੇਂ ਟੀਕਾਕਰਨ ਦੇ ਘੇਰੇ ਵਿਚ ਲਿਆਇਆ ਜਾਵੇ। ਕਰੋਨਾ ਦੇ ਮਾਮਲੇ ਵਿਚ ਵੀ ਇਕ ਸੱਚ ਇਹੀ ਹੈ। ਬਿਮਾਰ ਜਾਂ ਪਾਜ਼ੇਟਿਵ ਕੇਸ ਡੇਢ ਕਰੋੜ ਹਨ, ਗੰਭੀਰ ਕੇਸ ਕੋਈ ਪੰਜ ਛੇ ਲੱਖ ਸੀ ਤੇ ਕੋਈ ਡੇਢ ਪੋਣੇ ਦੋ ਲੱਖ ਮੌਤਾਂ ਹੋਈਆਂ ਹਨ ਤੇ ਹੁਣ ਟੀਕਾਕਰਨ ਦੀ ਤਿਆਰੀ ਸੌ ਕਰੋੜ ਲੋਕਾਂ ਲਈ ਹੈ ਤੇ ਜਦੋਂ ਸਭ ਲਈ ਹੋ ਜਾਵੇਗੀ ਤਾਂ ਇਹ ਗਿਣਤੀ ਇਕ ਸੌ ਚਾਲੀ ਕਰੋੜ ਬਣੇਗੀ।

ਇਸ ਮਿਆਰੀ ਕਾਢ ਬਾਰੇ ਕੁਝ ਕੁ ਹੋਰ ਵਿਗਿਆਨਕ ਪੱਖਾਂ ਬਾਰੇ ਸਮਝਦੇ ਹਾਂ:

ਵੈਕਸੀਨ ਹੈ ਕੀ?

-ਇਹ ਦਵਾ ਕੰਪਨੀਆਂ ਵੱਲੋਂ ਬਣਾਈ ਗਈ ਉਹ ਵਸਤੂ ਹੈ ਜੋ ਅਸਲ ਵਿਚ ਦਵਾਈ ਨਹੀਂ ਹੈ। ਦਵਾਈ, ਅਸਲ ਵਿਚ ਬਿਮਾਰੀ ਤੋਂ ਬਾਅਦ ਦਿੱਤੀ ਜਾਂਦੀ ਹੈ ਜਦੋਂ ਕਿ ਵੈਕਸੀਨ, ਬਿਮਾਰੀ ਦੇ ਖਦਸ਼ੇ ਨੂੰ ਭਾਂਪਦੇ ਹੋਏ, ਬਿਮਾਰੀ ਤੋਂ ਬਚਾਅ ਲਈ ਪਹਿਲਾਂ ਦਿੱਤੀ ਜਾਂਦੀ ਹੈ। ਜਿਵੇਂ ਬੱਚਿਆਂ ਵਿਚ ਖਸਰੇ, ਕਾਲੀ ਖਾਂਸੀ, ਪੋਲੀਓ, ਹੈਪੇਟਾਈਟਸ ਬੀ ਆਦਿ ਅਤੇ ਵੱਡਿਆਂ ਵਿਚ ਵੀ ਹੈਪੇਟਾਈਟਸ ਏ, ਟਾਈਫਾਈਡ ਤੇ ਕਿਸ਼ੋਰ ਲੜਕੀਆਂ ਨੂੰ ਸਰਵਾਈਕਲ ਕੈਂਸਰ ਲਈ।

ਵੈਕਸੀਨ ਕੰਮ ਕਿਵੇਂ ਕਰਦੀ ਹੈ?

-ਜਿਸ ਤਰ੍ਹਾਂ ਐਡਵਰਡ ਜੈਨਰ ਨੇ ਗੱਲ ਕੀਤੀ, ਉਸੇ ਸੰਦਰਭ ਵਿਚ ਜੇਕਰ ਸਮਝੀਏ ਕਿ ਸਾਡੇ ਸਰੀਰ ਵਿਚ ਇਕ ਬਹੁਤ ਹੀ ਸ਼ਾਨਦਾਰ ਪ੍ਰਣਾਲੀ ਹੈ, ਸੁਰੱਖਿਆ ਪ੍ਰਣਾਲੀ। ਉਸ ਦਾ ਆਪਣਾ ਕਾਰਜ ਦਿਨ ਪ੍ਰਤੀ ਦਿਨ ਦੇ ਬੈਕਟੀਰੀਆ/ਵਾਇਰਸ ਦੇ ਹੋਣ ਵਾਲੇ ਹਮਲਿਆਂ ਤੋਂ ਸਰੀਰ ਨੂੰ ਬਚਾ ਕੇ ਰੱਖਣਾ ਹੈ। ਜਦੋਂ ਵੀ ਕਿਸੇ ਜ਼ਰਮ ਦਾ ਹਮਲਾ ਹੁੰਦਾ ਹੈ, ਉਦੋਂ ਸਾਡਾ ਸਰੀਰ ਉਨ੍ਹਾਂ ਵਿਰੁੱਧ ਐਂਟੀਬਾਡੀਜ਼ (ਸੁਰੱਖਿਆ ਫ਼ੌਜਾਂ) ਤਿਆਰ ਕਰਕੇ ਭੇਜਦਾ ਹੈ। ਵੈਕਸੀਨ ਰਾਹੀਂ ਅਸੀਂ ਇਕ ਖ਼ਾਸ ਬਿਮਾਰੀ, ਜਿਸ ਤੋਂ ਬਚਾਅ ਚਾਹੁੰਦੇ ਹਾਂ, ਦੇ ਜ਼ਰਮ, ਜੋ ਕਿ ਇਸ ਤਰ੍ਹਾਂ ਤਿਆਰ ਕੀਤੇ ਜਾਂਦੇ ਹਨ ਕਿ ਬਿਮਾਰੀ ਨਹੀਂ ਕਰਦੇ, ਸਿਰਫ਼ ਐਂਟੀਬਾਡੀਜ਼ ਪੈਦਾ ਕਰਦੇ ਹਨ, ਉਹ ਭੇਜਦੇ ਹਾਂ। ਉਹ ਸਰੀਰ ਵਿਚ ਇਕ ਤਾਂ ਇਹ ਫ਼ੌਜ ਤਿਆਰ ਰੱਖਦੇ ਹਨ ਤੇ ਦੂਸਰੇ ਸੁਰੱਖਿਆ ਪ੍ਰਣਾਲੀ ਉਨ੍ਹਾਂ ਜ਼ਰਮਾਂ ਦੀ ਸ਼ਕਲ ਪਛਾਣ ਲੈਂਦੀ ਹੈ ਤੇ ਹਮਲੇ ਸਮੇਂ ਫੌਰੀ ਹਰਕਤ ਵਿਚ ਆ ਜਾਂਦੀ ਹੈ ਤੇ ਇਸ ਤਰ੍ਹਾਂ ਵਿਅਕਤੀ ਬਿਮਾਰੀ ਦੇ ਹਮਲੇ ਤੋਂ ਬਚ ਜਾਂਦਾ ਹੈ।

ਵੈਕਸੀਨ ਕਿਵੇਂ ਬਣਦੀ ਹੈ?

-ਵੈਕਸੀਨ ਲਈ, ਉਸੇ ਬਿਮਾਰੀ ਦੇ ਜ਼ਰਮ ਇਸਤੇਮਾਲ ਹੁੰਦੇ ਹਨ, ਜਿਸ ਤੋਂ ਅਸੀਂ ਬਚਾਅ ਕਰਨਾ ਹੈ, ਚਾਹੇ ਹੈਪੇਟਾਈਟਸ, ਚਾਹੇ ਖਸਰਾ ਤੇ ਚਾਹੇ ਪਹਿਲਾਂ ਚੇਚਕ। ਇਸ ਲਈ ਮਹੱਤਵਪੂਰਨ ਹੈ ਕਿ ਉਹ ਜ਼ਰਮ ਸਰੀਰ ਵਿਚ ਜਾਣ, ਪਰ ਬਿਮਾਰੀ ਪੈਦਾ ਨਾ ਕਰਨ ਤੇ ਨਾਲ ਹੀ ਉਹ ਆਪਣਾ ਐਂਟੀਬਾਡੀਜ਼ ਪੈਦਾ ਕਰਨ ਵਾਲਾ ਗੁਣ ਕਾਇਮ ਰੱਖਣ। ਇਸ ਲਈ ਤਿੰਨ ਤਰੀਕੇ ਇਸਤੇਮਾਲ ਹੁੰਦੇ ਹਨ। ਦੋ ਤਰੀਕੇ ਤਾਂ ਸ਼ੁਰੂ ਤੋਂ ਇਸਤੇਮਾਲ ਹੁੰਦੇ ਆਏ ਹਨ ਤੇ ਇਕ ਤਰੀਕਾ ਨਵਾਂ ਹੈ ਜੋ ਵੈਕਸੀਨ ਲਈ ਕਰੋਨਾ ਵਿਚ ਇਸਤੇਮਾਲ ਕੀਤਾ ਹੈ।

  • ਇਕ ਤਰੀਕਾ ਹੈ ਕਿ ਕਿਸੇ ਰਸਾਣਿਕ ਤੱਤ ਨਾਲ ਜ਼ਰਮਾਂ/ਵਾਇਰਸਾਂ ਨੂੰ ਬਿਮਾਰੀ ਦੇ ਪੱਖ ਤੋਂ ਨਕਾਰਾ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਮਰੇ ਹੋਏ (ਕਿੱਲਡ ਵਾਇਰਸ) ਕਿਹਾ ਜਾਂਦਾ ਹੈ ਜਿਵੇਂ ਕਾਲੀ ਖਾਂਸੀ, ਟਾਇਫਾਈਡ ਆਦਿ। ਇਹ ਵੈਕਸੀਨ ਮਰੇ ਹੋਏ ਵਾਇਰਸਾਂ ਤੋਂ ਬਣਾਈ ਜਾਂਦੀ ਹੈ।
  • ਦੂਸਰੀ ਕਿਸਮ ਦੀ ਵੈਕਸੀਨ ਵਿਚ ਵਾਇਰਸਾਂ ਨੂੰ ਵਾਰ ਵਾਰ ਲੈਬਾਰਟਰੀ ਵਿਚ ਵਧਾਇਆ-ਪੈਦਾ ਕੀਤਾ ਜਾਂਦਾ ਹੈ। ਜਦੋਂ ਤਕ ਉਨ੍ਹਾਂ ਦੀ ਮਾਰਕ ਸਮਰੱਥਾ ਮੁੱਕ ਨਹੀਂ ਜਾਂਦੀ। ਇਨ੍ਹਾਂ ਨੂੰ ਜਿਉਂਦੇ (ਲਾਈਵ) ਵਾਇਰਸ ਕਹਿੰਦੇ ਹਾਂ, ਜਿਵੇਂ ਖਸਰਾ ਆਦਿ। ਦੂਸਰੀ ਤਰ੍ਹਾਂ ਦੀ ਵੈਕਸੀਨ ਅਜਿਹੇ ਕਮਜ਼ੋਰ ਵਾਇਰਸਾਂ ਤੋਂ ਬਣਾਈ ਜਾਂਦੀ ਹੈ।
  • ਹੁਣ ਜੋ ਤੀਸਰੀ ਕਿਸਮ ਦੀ ਵੈਕਸੀਨ ਹੈ ਉਸ ਵਿਚ ਇਕ ਆਮ ਵਾਇਰਸ ਲੈ ਕੇ ਉਸ ਵਿਚੋਂ ਲੋੜੀਂਦਾ ਜੀਨ (ਡੀ.ਐੱਨ.ਏ.) ਕੱਢ ਕੇ ਵੈਕਸੀਨ ਬਣਾਈ ਜਾਂਦੀ ਹੈ। ਇਹ ਵੈਕਸੀਨ ਸਰੀਰ ਵਿਚ ਇਕ ਤਰ੍ਹਾਂ ਦੀ ਸੰਦੇਸ਼ ਵਾਹਕ ਹੁੰਦੀ ਹੈ। ਜੋ ਸਰੀਰ ਵਿਚ ਜਾ ਕੇ ਐਂਟੀਬਾਡੀਜ਼ ਲਈ ਇਸਤੇਮਾਲ ਹੁੰਦੇ ਪ੍ਰੋਟੀਨ ਨੂੰ ਇਸ ਕੰਮ ਲਈ ਸੁਨੇਹਾ ਦਿੰਦੀ ਹੈ ਤੇ ਇਹ ਕੰਮ ਕਰਵਾਉਂਦੀ ਹੈ। ਕਰੋਨਾ ਲਈ ਇਸਤੇਮਾਲ ਹੋ ਰਹੇ ਵੈਕਸੀਨ?

-ਉਂਜ ਤਾਂ ਦੁਨੀਆਂ ਭਰ ਵਿਚ ਕਈ ਦਰਜਨ ਕੰਪਨੀਆਂ ਨੇ ਇਹ ਕੰਮ ਸ਼ੁਰੂ ਕੀਤਾ ਤੇ ਅਜੇ ਵੀ ਕਰ ਰਹੀਆਂ ਹਨ। ਪਰ ਹੁਣ ਤਕ ਜਿਨ੍ਹਾਂ ਨੂੰ ਕਾਮਯਾਬੀ ਮਿਲੀ ਹੈ ਉਹ ਹਨ:

-ਭਾਰਤ ਬਾਇਓਟੈਕ ਕੰਪਨੀ ਦੀ ‘ਕੋਵੈਕਸਿਨ’।

-ਐਸਟਰਾਜੈਨਿਕਾ ਕੰਪਨੀ, ਔਕਸਫੋਰਡ ਯੂਨੀਵਰਸਿਟੀ, ਯੂ.ਕੇ, ਜਿਸ ਦੀ ਸਾਂਝੀਦਾਰੀ ਨਾਲ ਭਾਰਤ ਵਿਚ ‘ਕੋਵੀਸ਼ੀਲਡ’ ਵੈਕਸੀਨ ਮਿਲ ਰਹੀ ਹੈ।

-ਮੋਡਰੇਨਾ, ਫਾਈਜ਼ਰ ਅਤੇ ਜੋਹਨਸਨ, ਅਮਰੀਕਾ ਦੀਆਂ ਕੰਪਨੀਆਂ ਹਨ, ਜਿਨ੍ਹਾਂ ਨੂੰ ਇਸ ਵਿਚ ਕਾਮਯਾਬੀ ਮਿਲੀ ਹੈ ਤੇ ਉਹ ਅਮਰੀਕਾ ਵਿਚ ਲੱਗ ਰਹੀਆਂ ਹਨ।

‘ਸਾਈਕੋਵੈਕ’ ਚੀਨ ਦੀ ਤੇ ‘ਸਪੂਤਨਿਕ’ ਰੂਸ ਦੀਆਂ ਕੰਪਨੀਆਂ ਹਨ। ਭਾਰਤ ਵਿਚ ਇਸ ਵੇਲੇ ਦੋ ਵੈਕਸੀਨ ਵੱਡੇ ਪੱਧਰ ’ਤੇ ਇਸਤੇਮਾਲ ਹੋ ਰਹੀਆਂ ਹਨ। ਇਕ ਕਿੱਲਡ ਵੈਕਸੀਨ ਹੈ (ਕੋਵੈਕਸੀਨ) ਅਤੇ ਦੂਸਰੀ ਜੀਨ ਤਕਨੀਕ ਨਾਲ ਤਿਆਰ ਬਿਲਕੁਲ ਨਵੀਂ ਕਿਸਮ ਨਾਲ ਬਣੀ, ਪਹਿਲੀ ਵਾਰੀ ਵਰਤੀ ਜਾ ਰਹੀ ਵੈਕਸੀਨ ਹੈ ‘ਕੋਵੀਸ਼ੀਲਡ’।

ਵੈਕਸੀਨ ਨੂੰ ਆਮ ਲੋਕਾਂ ਤਕ ਪਹੁੰਚਾਉਣ, ਇਸਤੇਮਾਲ ਕਰਨ ਦੇ ਕਿਹੜੇ ਕਿਹੜੇ ਪੜਾਅ ਹਨ?

-ਜਿਸ ਤਰ੍ਹਾਂ ਵਾਰ ਵਾਰ ਕਿਹਾ ਜਾ ਰਿਹਾ ਹੈ ਕਿ ਵੈਕਸੀਨ ਵਿਚ ਬਿਮਾਰੀ ਦੇ ਜ਼ਰਮ ਇਸਤੇਮਾਲ ਹੁੰਦੇ ਹਨ ਤੇ ਉਨ੍ਹਾਂ ਦੀ ਮਾਰੂ ਸਮਰੱਥਾ (ਨੁਕਸਾਨ ਪਹੁੰਚਾਉਣਾ) ਨੂੰ ਖ਼ਤਮ ਕੀਤਾ ਜਾਂਦਾ ਹੈ। ਕੀ ਦੂਸਰਾ ਲੋੜੀਂਦਾ ਗੁਣ ਮੌਜੂਦਾ ਹੈ ਜਾਂ ਉਹ ਕਿੰਨਾ ਕੁ ਚਾਹੀਦਾ ਹੈ ਕਿ ਬਿਮਾਰੀ ਨਾਲ ਲੜ ਸਕੇ, ਆਦਿ ਲਈ ਪਰਖ ਕੀਤੀ ਜਾਂਦੀ ਹੈ, ਇਸ ਲਈ ਆਮ ਲੋਕਾਂ ਨੂੰ ਵਾਲੰਟੀਅਰ ਦੇ ਤੌਰ ’ਤੇ ਭਰਤੀ ਕੀਤਾ ਜਾਂਦਾ ਹੈ। ਪਰ ਇਸ ਤੋਂ ਪਹਿਲਾਂ ਦੋ ਪਰਖ ਪੜਾਅ ਜਾਨਵਰਾਂ ਵਿਚ ਹੁੰਦੇ ਹਨ, ਜਿਨ੍ਹਾਂ ਦੀ ਬਣਤਰ ਮਨੁੱਖਾਂ ਨਾਲ ਮੇਲ ਖਾਂਦੀ ਹੈ ਜਿਵੇਂ ਚੂਹੇ, ਗਿੰਨੀ ਪਿਗ, ਹੈਮਸਟਰ ਆਦਿ। ਫਿਰ ਮਨੁੱਖਾਂ ਵਿਚ ਚਾਰ ਪਰਖ ਪੜਾਅ ਪਾਰ ਕਰਕੇ ਹੀ ਵੈਕਸੀਨ ਮਾਰਕੀਟ ਵਿਚ ਆਉਂਦੀ ਹੈ। ਇਨ੍ਹਾਂ ਵੱਖ ਵੱਖ ਪਰਖ ਪੜਾਆਂ ਦੌਰਾਨ ਵੈਕਸੀਨ ਦੀ ਬਚਾਅ ਸਮਰੱਥਾ, ਉਸ ਦੇ ਬੁਰੇ ਪ੍ਰਭਾਵ, ਉਸ ਦੇ ਕਾਰਗਰ ਰਹਿਣ ਦਾ ਸਮਾਂ, ਵੈਕਸੀਨ ਦੀ ਮਾਤਰਾ ਆਦਿ ਕਈ ਪੱਖ ਪਰਖੇ ਜਾਂਦੇ ਹਨ।

ਕਰੋਨਾ ਵੈਕਸੀਨ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਤਿਆਰ ਹੋ ਗਈ ਹੈ, ਜਦੋਂ ਕਿ ਸੁਣਿਆ ਹੈ ਕਿ ਇਨ੍ਹਾਂ ਨੂੰ ਬਣਾਉਣ ਵਿਚ ਕਈ ਕਈ ਸਾਲ ਲੱਗ ਜਾਂਦੇ ਹਨ। ਕੀ ਸਾਰੇ ਪਰਖ ਪੜਾਅ ਹੋਏ ਹਨ ?

-ਇਹ ਠੀਕ ਹੈ ਕਿ ਵੈਕਸੀਨ ਦੇ ਪਿਛੋਕੜ ਵਿਚ ਜਾਈਏ ਤਾਂ ਦਸ ਦਸ ਸਾਲ ਲੱਗਦੇ ਰਹੇ ਹਨ, ਪਰ ਹੁਣ ਸਾਡੇ ਕੋਲ ਤਜਰਬਾ ਵੀ ਹੈ ਤੇ ਕਈ ਨਵੀਆਂ ਤਕਨੀਕਾਂ ਵੀ ਵਿਕਸਤ ਹੋਈਆਂ ਹਨ। ਇਸ ਵਾਰੀ ਰਾਜਨੀਤਕ ਇੱਛਾ ਸ਼ਕਤੀ ਵੀ ਮੌਜੂਦ ਸੀ। ਪਰ ਫਿਰ ਵੀ ਲੋੜੀਂਦੇ ਚਾਰ ਪਰਖ ਪੜਾਅ ਕਿਸੇ ਵੀ ਵੈਕਸੀਨ ਨੇ ਪਾਰ ਨਹੀਂ ਕੀਤੇ ਹਨ। ਇਸੇ ਲਈ ‘ਕੋਵੈਕਸੀਨ’ ਦੇ ਦੋ ਪੜਾਆਂ ਅਤੇ ‘ਕੋਵੀਸ਼ੀਲਡ’ ਦੇ ਤਿੰਨ ਪੜਾਆਂ ਤੋਂ ਬਾਅਦ ਹੀ ਇਨ੍ਹਾਂ ਨੂੰ ‘ਐਮਰਜੈਂਸੀ ਇਸਤੇਮਾਲ’ ਦੇ ਨਾਂ ਹੇਠ ਮਨਜ਼ੂਰੀ ਦਿੱਤੀ ਗਈ ਭਾਵੇਂ ਕਿ ਅਸੀਂ ਹੁਣ ਇਸ ਨੂੰ 18 ਸਾਲ ਤੋਂ ਉੱਪਰ ਸਭ ਲਈ ਖੋਲ੍ਹ ਦਿੱਤਾ ਹੈ।

ਵੈਕਸੀਨ ਦੇ ਅਸਰ, ਇਸ ਦੇ ਭੈੜੇ ਚੰਗੇ ਪ੍ਰਭਾਵ ਅਤੇ ਬਦਲ ਰਹੇ ਸਟ੍ਰੇਨ ਦੇ ਮੱਦੇਨਜ਼ਰ ਕਈ ਸ਼ੰਕੇ ਹਨ, ਉਹ ਸ਼ੰਕੇ ਕਿੰਨੇ ਕੁ ਵਾਜਬ ਹਨ?

-ਜਦੋਂ ਤਕ ਪਰਖ ਪੜਾਅ ਪੂਰੇ ਨਹੀਂ ਹੋ ਜਾਂਦੇ ਇਨ੍ਹਾਂ ਦੇ ਜਵਾਬ ਮਿਲਣੇ ਮੁਸ਼ਕਿਲ ਹਨ। ਅਜੇ ਤਕ ਸਾਨੂੰ ਪਤਾ ਨਹੀਂ ਕਿ ਇਹ ਕਿੰਨਾ ਕੁ ਅਸਰ ਕਰੇਗੀ ਤੇ ਇਸ ਦਾ ਅਸਰ ਕਿੰਨਾ ਕੁ ਚਿਰ ਰਹੇਗਾ। ਇੱਥੋਂ ਤਕ ਕਿ ਇਨ੍ਹਾਂ ਨਾਲ ਹੋਣ ਵਾਲੇ ਬਹੁਤੇ ਪ੍ਰਭਾਵ ਵੀ ਪੂਰੀ ਤਰ੍ਹਾਂ ਪਤਾ ਨਹੀਂ ਹਨ ਜੋ ਕਿ ਚੌਥੇ ਪੜਾਅ ਵਿਚ ਲੰਮੇ ਸਮੇਂ ਦੇ ਬਾਅਦ ਪਤਾ ਚੱਲਦੇ ਹਨ। ਇਕ ਗੱਲ ਜੋ ਜ਼ੋਰ-ਸ਼ੋਰ ਨਾਲ ਪ੍ਰਚਾਰੀ ਜਾ ਰਹੀ ਹੈ ਕਿ ਇਨ੍ਹਾਂ ਦੇ ਇਸਤੇਮਾਲ ਮਗਰੋਂ ਜੇਕਰ ਕਰੋਨਾ ਹੋ ਜਾਂਦਾ ਹੈ ਤਾਂ ਲੱਛਣ ਬਹੁਤ ਘੱਟ ਹੋਣ ਤੇ ਘਾਤਕ ਪਰਿਣਾਮ (ਮੌਤ) ਨਹੀਂ ਹੋਣਗੇ। ਜਦੋਂ ਕਿ ਸਾਡੇ ਕੋਲ ਇਸ ਦਾ ਵੀ ਕੋਈ ਆਂਕੜਾ ਨਹੀਂ ਹੈ। ਅਸੀਂ ਕਹਿ ਸਕਦੇ ਹਾਂ ਕਿ ਸਾਰੇ ਟੀਕਾਕਰਨ ਵਾਲੇ ਭਾਗੀਦਾਰ ਪਰਖ ਪੜਾਅ ਦੇ ਵਾਲੰਟੀਅਰ ਹੀ ਹਨ। ਇਕ ਵੱਡਾ ਸਵਾਲ, ਜੋ ਹਮੇਸ਼ਾਂ ਵੈਕਸੀਨ ਦੇ ਸੰਦਰਭ ਵਿਚ ਮੈਡੀਕਲ ਵਿਗਿਆਨ ਖਾਸਕਰ, ਪਬਲਿਕ ਹੈਲਥ ਵਾਲੇ ਸਮਝਦੇ ਅਤੇ ਸਮਝਾਉਂਦੇ ਰਹੇ ਹਨ ਕਿ ਵੈਕਸੀਨ ਕੀ ਇਹ ਸ਼ਰਤ ਪੂਰੀ ਕਰਦੀ ਹੈ ਕਿ ਵੈਕਸੀਨ ਤੋਂ ਬਿਨਾਂ ਜੋ ਸਥਿਤੀ ਪੈਦਾ ਹੋਈ ਹੈ, ਇਸ ਦੇ ਪਾਜ਼ੇਟਿਵ ਕੇਸ, ਹਸਪਤਾਲ ਦਾਖਲ ਕੇਸ ਅਤੇ ਮੌਤਾਂ ਆਦਿ ਤੇ ਦੂਸਰੇ ਪਾਸੇ ਵੈਕਸੀਨ ਲਗਵਾ ਕੇ ਜੇਕਰ ਕਰੋਨਾ ਫੈਲਦਾ ਹੈ ਤਾਂ ਕੀ ਕੋਈ ਵੱਡਾ ਜ਼ਿਕਰਯੋਗ ਫ਼ਰਕ ਪਵੇਗਾ। ਕਈ ਮਾਹਿਰਾਂ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਨਹੀਂ। ਇਸ ਤਰ੍ਹਾਂ ਦਾ ਵੱਡਾ ਫ਼ਰਕ ਨਹੀਂ ਪੈਣ ਵਾਲਾ। ਇਸ ਲਈ ਕਿਤੇ ਨਾ ਕਿਤੇ ਰਾਜਨੀਤੀ ’ਤੇ ਵੀ ਉਂਗਲ ਉੱਠਦੀ ਹੈ।

ਸੰਪਰਕ: 98158-08506

Leave a Reply

Your email address will not be published. Required fields are marked *