ਜਲ ਸੋਮਿਆਂ ਦੀ ਹੋਣੀ : ਵਿਜੇ ਬੰਬੇਲੀ

ਚੌਗਿਰਦਾ ਮਾਹਰ ਡਾ. ਡੇਵਿਡ ਇੱਕ ਦਿਲਚਸਪ ਵਰਨਣ ਕਰਦੇ ਹਨ; ”40ਵਿਆਂ ਵਿੱਚ ਜਦੋਂ ਅਸੀਂ ਅਜੇ ਜਵਾਨੀ ਵਿੱਚ ਪੈਰ ਧਰ ਰਹੇ ਸੀ ਤਾਂ ਅੋਨਤੇਰੀਓ ਦੀ ਝੀਲ ‘ਤੇ ਮੱਗ ਲੈ ਕੇ ਚਲੇ ਜਾਂਦੇ ਤੇ ਸਵੱਛ ਪਾਣੀ ਪੀ ਲਿਆ ਕਰਦੇ ਸਾਂ। ਇਹ ਝੀਲ ਆਸਟਰੇਲੀਆ ਵਿੱਚ ਹੈ। ਮੈਂ ਅਤੇ ਮੇਰੇ ਹਾਣੀ ਹੁਣ ਚੌਗਿਰਦਾ ਬਿਲਕੁਲ ਈ ਬਦਲਿਆ ਹੋਇਆ ਵੇਖਦੇ ਹਾਂ। ਹੁਣ ਇਸ ਝੀਲ ਦੇ ਕੰਢੇ ਚੇਤਾਵਨੀਆਂ ਵਾਲੇ ਬੋਰਡ ਲਿਖ ਕੇ ਲਾਏ ਹੋਏ ਹਨ।”
ਦੋ ਕੁ ਦਹਾਕੇ ਪਹਿਲਾਂ, ਜਾਪਾਨ ਦੀ ਮਿਨਾਮਾਤਾ ਖਾੜੀ ਨੇੜਲੇ ਮਛੇਰਿਆਂ ਨੇ ਰੋਜ਼ ਵਾਂਗ ਇਸ ਖਾੜੀ ਵਿਚੋਂ ਮੱਛੀਆਂ ਫੜੀਆਂ ਅਤੇ ਮੰਡੀ ਵਿਚ ਵੇਚ ਦਿੱਤੀਆਂ। ਮੱਛੀ ਖਾਂਦੇ ਸਾਰ ਸੈਂਕੜੇ ਜਾਪਾਨੀ ਮਰਨ ਕਿਨਾਰੇ ਹੋ ਗਏ। ਜਦੋਂ ਬਾਕੀ ਮੱਛੀਆਂ ਦੇ ਢਿੱਡ ਪਾੜੇ ਗਏ ਤਾਂ ਲੋਕੀਂ ਭੈ-ਭੀਤ ਹੋ ਗਏ। ਮੱਛੀਆਂ ਵਿਚ ਉਹ ਜ਼ਹਿਰੀਲਾ ਪਾਰਾ ਸੀ ਜਿਹੜਾ ਕਿਨਾਰੇ ਦੇ ਕਾਰਖ਼ਾਨਿਆਂ ਨੇ ਸਾਗਰ ਵਿਚ ਰਹਿੰਦ-ਖੂੰਹਦ ਵਜੋਂ ਡੋਲ੍ਹਿਆ ਸੀ।
ਦਰ-ਹਕੀਕਤ; ਸਮੁੰਦਰ ਵਿਚੋਂ ਭੋਜਨ ਲਈ ਫੜੀ ਗਈ ਇੱਕ ਟਨ ਮੱਛੀ ਦੇ ਬਦਲੇ ਉਸ ਵਿੱਚ ਤਿੰਨ ਟਨ ਕੂੜਾ ਕਰਕਟ ਸੁੱਟ ਦਿੱਤਾ ਜਾਂਦਾ ਹੈ। ਬਹੁਤਾ ਕਸੂਰ ਧੜਵੈਲ ਮੁਲਕਾਂ ਅਤੇ ਲੁਟੇਰੇ ਨਿਜ਼ਾਮਾਂ ਦਾ ਹੈ ਫਿਰ ਵੀ ਇਹ ਭਾਈਚਾਰਕ ਸਮੱਸਿਆ ਹੈ, ਪੂਰੇ ਭਾਈਚਾਰੇ ਵੱਲੋਂ ਹੀ ਮਿਲ ਕੇ ਹੱਲ ਕੀਤੀ ਜਾ ਸਕਦੀ ਹੈ। ਮਾਨਵਵਾਦੀ ਮਿ.ਲਾਪਤੇਵ ਅਨੁਸਾਰ, ਨਫ਼ੇ ਲਈ, ਦੌਲਤ ਲਈ ਅਤੇ ਹੋਰ ਦੌਲਤ ਹਥਿਆਉਣ ਲਈ ਫਿਰ ਦੂਜਿਆਂ ਉੱਪਰ ਏਸੇ ਦੌਲਤ ਨਾਲ ਸੱਤਾ ਕਾਇਮ ਰੱਖਣ ਦੀ ਭੁੱਖ ਅਕਸਰ ਸੰਸਾਰ ਵਿਆਪੀ ਸਪਸ਼ਟ ਧਾਰਨਾਵਾਂ ਨੂੰ ਵੀ ਧੁੰਦਲਾ ਦਿੰਦੀ ਹੈ।
ਪਾਣੀ ਦੇ ਅੰਦਰ ਅਣਇੱਛਤ ਅਤੇ ਨੁਕਸਾਨਦੇਹ ਪਦਾਰਥਾਂ ਦੀ ਮੌਜੂਦਗੀ ਨੂੰ ਜਲ ਪ੍ਰਦੂਸ਼ਣ ਆਖਿਆ ਜਾਂਦਾ ਹੈ। ਪਾਣੀ ਵਿਚ ਬਹੁਤ ਸਾਰੇ ਪਦਾਰਥਾਂ ਨੂੰ ਆਪਣੇ ਵਿਚ ਘੋਲ ਲੈਣ ਦੀ ਸਮਰੱਥਾ ਹੈ। ਪਾਣੀ ਦਾ ਇਹੋ ਗੁਣ ਹੀ ਜਲ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ। ਪਾਣੀ ਨੂੰ ਬਹੁਤ ਸਾਰੇ ਪਦਾਰਥ ਦੂਸ਼ਿਤ ਕਰਦੇ ਹਨ, ਪਰ ਮੁੱਖ ਰੂਪ ਵਿਚ ਪੈਟਰੋਲੀਅਮ ਪਦਾਰਥ, ਕੀਟਨਾਸ਼ਕ-ਨਦੀਨਨਾਸ਼ਕ, ਪ੍ਰਮਾਣੂ ਤੇ ਮਨੁੱਖੀ ਰਹਿੰਦ-ਖੂੰਹਦ, ਡਾਈਆਂ, ਸਾਬਣ, ਮਲ ਤਿਆਗ ਅਤੇ ਕੂੜਾ ਕੱਚਰਾ। ਪਾਰਾ, ਕੇਮੀਅਮ ਅਤੇ ਆਰਸੈਨਿਕ ਤਾਂ ਬਹੁਤ ਹੀ ਜ਼ਹਿਰੀਲੇ ਹਨ।
ਪੱਛਮੀ ਦੇਸ਼ਾਂ ਵਿਚ ਹਰ ਸਾਲ ਔਸਤਨ 45 ਕਰੋੜ ਟਨ ਕਚਰਾ ਪੈਦਾ ਹੁੰਦਾ ਹੈ। ਇਕੱਲੇ ਅਮਰੀਕਾ ਦਾ ਹਿੱਸਾ 20 ਕਰੋੜ ਟਨ ਹੈ, ਵੱਡੇ ਹਿੱਸੇ ਨੂੰ ਭੰਡਾਰ ਵਜੋਂ ਸਾਂਭ ਕੇ ਬਾਕੀ ਨੂੰ ਫੂਕਿਆ ਜਾਂਦਾ ਹੈ। ਭੰਡਾਰ ਨੂੰ ਉਹ ਵਿਕਾਸਸ਼ੀਲ ਦੇਸ਼ਾਂ ਨੂੰ ਚੁਕਾ ਦਿੰਦੇ ਹਨ। ਇਸ ਲਈ ਕਚਰੇ ਦੀ ਇਹ ਸਮੱਸਿਆ ਸਥਾਨਕ ਲੱਛਣਾਂ ਵਾਲੀ ਨਹੀਂ ਰਹੀ। ਜਿਵੇਂ, ਗੰਗਾ ਦੇ ਵਹਾਅ ਨਾਲ ਕਾਰਖਾਨਿਆਂ ਅਤੇ ਸ਼ਹਿਰੀ ਗੰਦਗੀ ਨਾਲ ਬੰਗਾਲ ਦੀ ਖਾੜੀ ਮਲੀਨ ਹੁੰਦੀ ਹੈ, ਫਿਰ ਹਿੰਦ ਮਹਾਂਸਾਗਰ…ਤੇ ਫਿਰ ਸਾਰੇ ਮਹਾਂਸਾਗਰ ਭ੍ਰਿਸ਼ਟੇ ਜਾਂਦੇ ਹਨ।
ਗੰਦਗੀ ਪਹਿਲਾਂ ਵੀ ਦਰਿਆਵਾਂ, ਝੀਲਾਂ ਤੇ ਸਾਗਰਾਂ ਵਿਚ ਰਲਦੀ ਸੀ। ਪਰ ਉਹ ਗੰਦਗੀ ਰਵਾਇਤੀ ਅਤੇ ਘੱਟ ਮਾਤਰਾ ਤੇ ਘੱਟ ਜ਼ਹਿਰੀਲੀ ਹੁੰਦੀ ਸੀ। ਕੁਦਰਤੀ ਕਾਰਕ ਇਸ ਗੰਦਗੀ ਨੂੰ ਸਮੇਟਣ, ਗਾਲਣ ਅਤੇ ਮੁੜ-ਚੱਕਰ ਵਿਚ ਲਿਆਉਣ ਦੇ ਸਮਰਥ ਹੁੰਦੇ ਸਨ। ਹੁਣ ਰਹਿੰਦ-ਖੂੰਹਦ ਵਿਚ ਬਹੁਤੇ ਸਿੰਥੈਟਿਕ ਪਦਾਰਥ ਹੁੰਦੇ ਹਨ। ਕੁਦਰਤੀ ਕਾਰਜ ਇਨ੍ਹਾਂ ਨਾ-ਮੁਰਾਦ ਵਸਤਾਂ ਨੂੰ ਕਾਬੂ ਰੱਖਣ ਦੀ ਯੋਗਤਾ ਨਹੀਂ ਰੱਖਦੇ। ਪਟਰੋਲੀਅਮ ਪਦਾਰਥਾਂ ਦੇ ਰਹਿੰਦ-ਖੂੰਹਦ ਨੂੰ ਕੌਣ ਗਾਲੇਗਾ? ਸਿਡਨੀ (ਓਰਕਾ) ਸਰਵੇਖਣ ਅਨੁਸਾਰ ਉਸ ਵਿਚ 42 ਪ੍ਰਤੀਸ਼ਤ ਪਲਾਸਟਿਕ ਹੁੰਦਾ ਹੈ, ਗਲਣ ਲਈ ਪਲਾਸਟਿਕ ਕਰੀਬ 4 ਸਦੀਆਂ ਲੈਂਦਾ ਹੈ।
ਹਰ ਰੋਜ਼ ਔਸਤ ਰੂਪ ਵਿਚ ਹਰ ਭਾਰਤੀ ਪਰਿਵਾਰ ਅੱਧੀ ਟੋਕਰੀ ਗੰਦਗੀ ਪੈਦਾ ਕਰਦਾ ਹੈ। ਇਸ ਵਿਚ ਮਲ-ਮੂਤਰ ਸਮੇਤ ਰਹਿੰਦ-ਖੂੰਹਦ ਵੀ ਸ਼ਾਮਲ ਹੈ। ਕਰੀਬ 20 ਕਰੋੜ ਪਰਿਵਾਰ ਹਰ ਰੋਜ਼ 10 ਕਰੋੜ ਟੋਕਰੀਆਂ ਗੰਦਗੀ ਦੀਆਂ ਪੈਦਾ ਕਰ ਰਹੇ ਹਾਂ। ਇੱਕ ਸਾਲ ਵਿਚ ਗੰਦਗੀ ਦੇ 40 ਅਰਥ ਟੋਕਰੇ ਢੇਰਾਂ ਉੱਪਰ ਪੁੱਜ ਜਾਂਦੇ ਹਨ। ਇਹ ਕਚਰਾ ਦਾਅ ਲੱਗੇ ਥਾਂ ਖਲਾਰ ਦਿੱਤਾ ਜਾਂਦਾ ਹੈ। ਜਿਹੜਾ ਅਕਸਰ ਜਲ ਸੋਮਿਆਂ ਦਾ ਹਿੱਸਾ ਬਣ ਜਾਂਦਾ ਹੈ। ਸਾਡੇ ਹਾਕਮਾਂ ਨੂੰ ਨਰਮਦਾ ‘ਚ ਪੈ ਰਹੀ ਗਾਰ ਦਾ ਫਿਕਰ ਨਹੀਂ, ਉਸ ਕੰਢੇ ਧੜਵੈਲ ਮੂਰਤੀ ਸਥਾਪਤ ਕਰਨ ਦਾ ਹੇਜ ਹੈ।
ਗੰਗਾ ਮਲੀਨ ਹੋ ਚੁੱਕੀ ਹੈ, ਮੂਸੀ ਨਦੀ (ਹੈਦਰਾਬਾਦ) ਆਖਰੀ ਸੁਆਸ ਲੈ ਰਹੀ ਹੈ। ਸ੍ਰੀ ਨਗਰ ਦੀ ਆਰਥਿਕ ਸਾਹ-ਰਗ ਡੱਲ ਝੀਲ ਵੀ ਮਰਨ ਕਿਨਾਰੇ ਹੈ। ਮਨੀਪੁਰ ਦੀ ਲੋਕਤਾਰ ਝੀਲ ਦਾ ਵੀ ਇਹੋ ਹਸ਼ਰ ਹੋ ਰਿਹਾ ਹੈ। ਉੜੀਸਾ ਦੀ ਝਿਲਕਾ ਝੀਲ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ। ਇਹੀ ਹਾਲ ਕੂਮ ਨਦੀ ਅਤੇ ਹੈਦਰਾਬਾਦ ਤੇ ਸਿੰਕਦਰਾਬਾਦ ਨੂੰ ਵੰਡਦੇ ਹੁਸੈਨ ਸਾਗਰ ਦਾ ਹੈ। ਪਵਿੱਤਰ ਮੰਨੇ ਜਾਂਦੇ ਜਮਨਾ, ਕਾਵੇਰੀ ਤੇ ਗੋਦਾਵਰੀ ਦਰਿਆਵਾਂ ਦਾ ਜਲ ਵੀ ਬੇਹੱਦ ਪ੍ਰਦੂਸ਼ਿਤ ਹੋ ਚੁੱਕਿਆ ਹੈ। ਗੰਗਾ ‘ਚ ਉਸ ਦੀ 2,525 ਕਿਲੋਮੀਟਰ ਦੀ ਲੰਬਾਈ ਉਪਰਲੇ 98 ਸ਼ਹਿਰ 29 ਅਰਬ ਘਣ ਮੀਟਰ ਗੰਦਾ ਪਾਣੀ ਹਰ ਰੋਜ਼ ਡਿਗਦਾ ਹੈ। ਕੇਵਲ 16 ਸ਼ਹਿਰ ਅਜਿਹੇ ਹਨ ਜਿਨ੍ਹਾਂ ਕੋਲ ਅੰਸ਼ਕ ਸੀਵਰ ਵਿਵਸਥਾ ਹੈ, 82 ਨਗਰਾਂ ਦਾ ਮਲ ਮੂਤਰ ਤੇ ਕਚਰਾ ਸਿੱਧਾ ਨਦੀ ਵਿੱਚ।
ਪੰਜਾਬ ਦੀ ਸਾਹ-ਰਗ ਸਤਲੁਜ ਵੀ ਬਹੁਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਿਆ ਹੈ। ਸ਼ਹਿਰਾਂ ਅਤੇ ਸੱਨਅਤੀ ਖੇਤਰਾਂ ਦੇ ਗੰਦੇ ਨਾਲਿਆਂ ਦਾ ਪਾਣੀ ਬਿਨਾਂ ਸੋਧੇ ਇਸ ਵਿਚ ਪੈਂਦਾ ਹੈ। ਪਾਣੀ ਐਨਾ ਗੰਦਾ ਹੋ ਗਿਆ ਹੈ ਕਿ ਖਪਤ ਦੇ ਯੋਗ ਹੀ ਨਹੀਂ। ਸਾਰਾ ਜਲ-ਥਲੀ ਵਾਤਾਵਰਣ ਇਸ ਨਾਲ ਪ੍ਰਭਾਵਿਤ ਹੁੰਦਾ ਹੈ। ਭਾਖੜਾ ਡੈਮ ਤੋਂ ਮੈਦਾਨੀ ਇਲਾਕੇ ਵਿਚ ਦਾਖ਼ਲ ਹੋਣ ਅਤੇ ਪਾਕਿਸਤਾਨ ਵਿਚ ਜਾਣ ਦੇ 277 ਕਿਲੋਮੀਟਰ ਸਫਰ ਦੌਰਾਨ ਘਰੇਲੂ ਅਤੇ ਸੱਨਅਤੀ ਪਾਣੀ ਸਿੱਧਾ ਜਾਂ ਨਾਲਿਆਂ ਰਾਹੀਂ ਸਤਲੁਜ ਵਿਚ ਪੈਂਦਾ ਹੈ। ਇਸ ਪਾਣੀ ਨੂੰ ਦਰਿਆ ਵਿਚ ਡਿੱਗਣ ਤੋਂ ਪਹਿਲਾਂ ਸੋਧਿਆ ਨਹੀਂ ਜਾਂਦਾ।
ਪ੍ਰਦੂਸ਼ਿਤ ਨਾਲਿਆਂ ਵਿਚ ਬੁੱਢਾ ਨਾਲਾ, ਪੂਰਬੀ ਵੇਈਂ ਅਤੇ ਪੱਛਮੀ ਵੇਈਂ ਵੀ ਸ਼ਾਮਲ ਹਨ। ਇਹੀ ਹਾਲ ਬਿਆਸ ਦਾ ਹੈ। ਬਨਸਪਤੀ ਤੇਲ, ਰੰਗਾਈ, ਸ਼ਰਾਬ ਅਤੇ ਉੱਨ ਦੀਆਂ ਫ਼ੈਕਟਰੀਆਂ 100 ਕਿਲੋ ਮਾਲ ਬਨਾਉਣ ਪਿੱਛੇ ਕ੍ਰਮਵਾਰ 400, 500, 750 ਅਤੇ 800 ਲੀਟਰ ਗੰਧਲਾ ਤੇ ਜ਼ਹਿਰੀਲਾ ਪਾਣੀ ਛੱਡਦੀਆਂ ਹਨ। ਚੰਡੀਗੜ੍ਹ ਦੀ ਸੁਖਨਾ ਝੀਲ ਦਾ ਵੀ ਮੰਦਾ ਹਾਲ ਹੈ। ਪੰਜਾਬ ਦੇ ਮੌਸਮੀ ਜਲ-ਵਹਿਣ (ਖੱਡਾਂ-ਚੋਅ) ਵੀ ਸੁਰੱਖਿਅਤ ਨਹੀਂ ਰਹੇ, ਹੁਣ ਇਹ ਲਾਗਲੇ ਸ਼ਹਿਰਾਂ ਦਾ ਸੀਵਰੇਜ ਬਣ ਗਏ ਹਨ।
ਹਰੇ ਇਨਕਲਾਬ ਲਈ ਮਾਰੀ ਟਪੂਸੀ ਨੇ ਵੀ ਜਲ ਪ੍ਰਦੂਸ਼ਣ ਵਿੱਚ ਕਹਿਰ ਢਾਹਿਆ ਹੈ। ਅੰਨ੍ਹੇਵਾਹ ਵਰਤੇ ਜਾ ਰਹੇ ਖਾਦ-ਪਦਾਰਥਾਂ, ਨਦੀਨ, ਉੱਲੀ ਅਤੇ ਕੀਟਨਾਸ਼ਕਾਂ ਦੇ ਜ਼ਹਿਰੀ ਰਸਾਇਣ ਹਵਾ, ਮਿੱਟੀ ਤੇ ਜਲ ਸ੍ਰੋਤਾਂ ਨੂੰ ਪ੍ਰਦੂਸ਼ਿਤ ਕਰਦੇ ਹਨ। ਵਰਖਾ ਨਾਲ ਵਿਸ਼ੈਲੇ ਤੱਤ ਭੂ-ਜਲ ਵਿਚ ਰਿਸ ਜਾਂਦੇ ਹਨ। ਮਗਰੋਂ, ਘੱਟ ਗਹਿਰਾਈ ਤੋਂ ਖਿੱਚਿਆਂ ਪਾਣੀ ਅਸਾਧ ਰੋਗ ਲਾ ਰਿਹਾ ਹੈ।
ਸ਼ਰਾਬ ਦੇ ਕਾਰਖਾਨਿਆਂ ਵਿਚੋਂ ਨਿਕਲੀ ਤਰਲ ਗੰਦਗੀ ਤੇ ਰੋੜ੍ਹ ਨੂੰ ਲਾਹਣ (Spent wash) ਦਾ ਨਾਂ ਦਿੱਤਾ ਗਿਆ ਹੈ। ਇਹ ਵਿਹੁਲਾ ਬਦਬੂਦਾਰ ਪਦਾਰਥ ਹੈ। ਇਸ ਗੰਦਗੀ ਨੂੰ ਬਾਹਰ ਸੁੱਟਣ ਤੋਂ ਪਹਿਲਾਂ ਸੋਧਣਾ ਬਹੁਤ ਜ਼ਰੂਰੀ ਹੁੰਦਾ ਹੈ। ਪਰ ਕਿੰਨੇ ਕੁ ਕਾਰਖਾਨੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਰ ਰਹੇ ਹਨ? ਇਕ ਸਾਧਾਰਨ ਜਿਹੀ ਡਿਸਟਲਿਰੀ ਜਿਹੜੀ ਪ੍ਰਤੀ ਦਿਨ 40,000 ਲਿਟਰ ਸ਼ਰਾਬ ਬਣਾਉਂਦੀ ਹੈ ਉਹ ਇਸ ਵਿਹੁਲੇ ਲਾਹਣ ਦੀ 4 ਤੋਂ 6 ਲੱਖ ਲਿਟਰ ਮਾਤਰਾ ਨਾਲ ਹੀ ਪੈਦਾ ਕਰ ਦਿੰਦੀ ਹੈ।
ਇਹੀ ਹਾਲ ਕਾਗਜ਼ ਮਿੱਲਾਂ ਦਾ ਹੈ। ਵਾਤਾਵਰਣੀ ਸੁਰੱਖਿਅਤਾ ਐਕਟ ਇਸ ਰੋੜ੍ਹ ਨੂੰ ਪਾਣੀ ਵਿਚ ਰੋੜ੍ਹਣ ਲਈ 30 ਮਿਲੀਗ੍ਰਾਮ ਪ੍ਰਤੀ ਲਿਟਰ ਅਤੇ ਜ਼ਮੀਨੀ ਰੋੜ੍ਹ ਲਈ 100 ਮਿਲੀ ਗ੍ਰਾਮ ਪ੍ਰਤੀ ਲਿਟਰ ਦੀ ਆਗਿਆ ਦਿੰਦੀ ਹੈ। ਪਰ ਸਾਡੇ ਕਾਰਖਾਨੇ ਇਹ ਮਾਤਰਾ 50,000 ਮਿਲੀਗ੍ਰਾਮ ਪ੍ਰਤੀ ਲਿਟਰ ਭਿਆਨਕ ਦਰ ਨਾਲ ਡੋਲ੍ਹ ਰਹੇ ਹਨ। ਏਸੇ ਤਰ੍ਹਾਂ ‘ਰਸਾਇਣੀ ਆਕਸੀਜਨ ਮੰਗ’ ਦੀ ਆਗਿਆ 250 ਮਿਲੀਗ੍ਰਾਮ ਪ੍ਰਤੀ ਲਿਟਰ ਹੈ, ਪ੍ਰੰਤੂ ਹੈ ਇਹ 85,000 ਮਿਲੀਗ੍ਰਾਮ ਪ੍ਰਤੀ ਲਿਟਰ।
ਇਹ ਕਾਰਖਾਨੇ ਫਿਰ ਵੀ ਚਲ ਰਹੇ ਹਨ, ਕੋਈ ਕਾਨੂੰਨ ਨਹੀਂ, ਕੋਈ ਸਜ਼ਾ ਨਹੀਂ। ਇੱਕ ਇਕਾਲੋਜੀ ਮਾਹਰ ਨੇ ਕਿਹਾ ਸੀ, ਇਨ੍ਹਾਂ ਕਾਰਖ਼ਾਨੇਦਾਰਾਂ ਨੂੰ ਵਸਤਾਂ ਬਣਾਉਣ ਦੇ ਲਾਈਸੈਂਸ ਤਾਂ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਦਿੱਤੇ ਹੋਏ ਹਨ। ਪਰ ਇਨ੍ਹਾਂ ਨੂੰ ਜੀਵਨ ਨਸ਼ਟ ਕਰਨ ਦੇ ਲਾਈਸੈਂਸ ਕਿਸ ਦਿੱਤੇ ਹਨ? ਮਾਹਰਾਂ ਅਨੁਸਾਰ ਆਉਂਦੀ 21ਵੀਂ ਸਦੀ ਤੀਕ ਇਸ ਰੋੜ੍ਹ ਦੀ ਜ਼ੀਰੋ-ਸੀਮਾ ਪ੍ਰਾਪਤ ਕਰਨੀ ਪਵੇਗੀ ਨਹੀਂ ਤਾਂ ਕੁਦਰਤ ਦੇ ਇਸ ਅੰਗ ਦੀ ਤਬਾਹੀ ਮਨੁੱਖ ਨੂੰ ਫਨਾਹ ਕਰ ਦੇਵੇਗੀ।
ਮੁੱਕਦੀ ਗੱਲ; ਸਾਡਾ ਭਵਿੱਖ ਪਦਾਰਥਵਾਦੀ ਸਹੂਲਤਾਂ ਅਤੇ ਰਾਜਨੀਤੀ ਦੇ ਤੱਕੜ ਵਿਚ ਨਹੀਂ ਸਗੋਂ ਭੌਤਿਕ ਤੱਕੜ ਵਿਚ ਲਟਕਦਾ ਹੈ ਅਤੇ ਚੌਗਿਰਦੇ ਨਾਲ ਜੁੜਿਆ ਹੋਇਆ ਹੈ। ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ? ਇਸ ਦਾ ਨਿਤਾਰਾ ਇਸ ਗੱਲ ਉੱਪਰ ਆਧਾਰਤ ਹੈ ਕਿ ਅਸੀਂ ਕੁਦਰਤ ਦੀ ਸੰਭਾਲ ਕਿੰਨੀ ਕੁ ਕੀਤੀ ਹੈ।