ਮਜ਼ਦੂਰ ਦਿਹਾੜਾ: ਘੋਲ ਤਿੱਖੇ ਕਰਨ ਦਾ ਪ੍ਰਣ ਲੈਂਦਿਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 500ਵੇਂ ਪ੍ਰਕਾਸ਼ ਦਿਵਸ ਮੌਕੇ ਉਨ੍ਹਾਂ ਦੀ ਕੁਰਬਾਨੀ ਨੂੰ ਕੀਤਾ ਯਾਦ
ਬਠਿੰਡਾ (ਮਹੀਪਾਲ) : ਜਨਤਕ ਜਥੇਬੰਦੀਆਂ ਦੇ ਸਾਂਝਾ ਮੰਚ (ਜੇ.ਪੀ.ਐਮ.ਓ.) ਦੀ ਬਠਿੰਡਾ ਜ਼ਿਲ੍ਹਾ ਇਕਾਈ ਵੱਲੋਂ ਕੌਮਾਂਤਰੀ ਕਿਰਤ ਦਿਵਸ (ਮਈ ਦਿਹਾੜਾ) ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਭਾਰੀ ਗਿਣਤੀ ਮਜ਼ਦੂਰ-ਮੁਲਾਜ਼ਮਾਂ ਵੱਲੋਂ ਥਰਮਲ ਬਠਿੰਡਾ, ਸੀਵਰੇਜ ਬੋਰਡ, ਜੰਗਲਾਤ ਵਿਭਾਗ ਅਤੇ ਪੀ.ਆਰ.ਟੀ.ਸੀ. ਵਰਕਸ਼ਾਪ ਵਿਖੇ ਲਾਲ ਫੁਰੇਰੇ ਲਹਿਰਾ ਕੇ ਸ਼ਿਕਾਗੋ ਦੇ ਰਾਹ ਵਿਖਾਵੇ ਸ਼ਹੀਦਾਂ ਦੇ ਲਾਸਾਨੀ ਤਿਆਗ ਅਤੇ ਘਾਲਣਾਵਾਂ ਨੂੰ ਸਿੱਜਦਾ ਕੀਤਾ ਗਿਆ।
ਧਾਰਮਿਕ ਆਜ਼ਾਦੀ ਦੇ ਮਹਾਨ ਅਕੀਦੇ ਦੀ ਰਾਖੀ ਲਈ ਅਦੁੱਤੀ ਕੁਰਬਾਨੀ ਕਰਨ ਵਾਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 500ਵੇਂ ਪ੍ਰਕਾਸ਼ ਦਿਵਸ ਮੌਕੇ ਉਨ੍ਹਾਂ ਦੇ ਦਿਖਾਏ ਰਾਹ ‘ਤੇ ਚੱਲਦਿਆਂ ਜਾਬਰ ਹਕੂਮਤਾਂ ਵਿਰੁੱਧ ਜੂਝਣ ਦਾ ਸੰਕਲਪ ਲਿਆ ਗਿਆ। ਕਿਰਤੀ ਮਾਰੂ ਕਿਰਤ ਕੋਡ ਰੱਦ ਕਰਵਾ ਕੇ 44 ਕਿਰਤ ਕਾਨੂੰਨਾਂ ਨੂੰ ਬਹਾਲ ਕਰਵਾਉਣ ਅਤੇ ਇਨ੍ਹਾਂ ਕਾਨੂੰਨਾਂ ਵਿੱਚ ਮਜ਼ਦੂਰ ਪੱਖੀ ਰੈਡੀਕਲ ਸੋਧਾਂ ਕਰਵਾਉਣ ਲਈ ਫ਼ੈਸਲਾਕੁਨ ਪੜਾਅਵਾਰ ਸੰਘਰਸ਼ ਵਿੱਢਣ ਦਾ ਅਹਿਦ ਕੀਤਾ ਗਿਆ। ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਫਿਰਕੂ-ਫਾਸ਼ੀ, ਫੁੱਟਪਾਊ ਏਜੰਡੇ ਖ਼ਿਲਾਫ਼ ਆਰ ਪਾਰ ਦੀ ਲੜਾਈ ਲੜਨ ਦਾ ਨਿਰਣਾ ਲਿਆ ਗਿਆ।
ਦਿੱਲੀ ਦੀਆਂ ਜੂਹਾਂ ਤੇ ਜਾਰੀ ਜਨ ਅੰਦੋਲਨ ਦੀ ਸ਼ਕਲ ਅਖ਼ਤਿਆਰ ਕਰ ਚੁੱਕੇ ਦੇਸ਼ ਵਿਆਪੀ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਹਰ ਪੱਖ ਤੋਂ ਡਟਵਾਂ ਯੋਗਦਾਨ ਪਾਉਣ ਦਾ ਐਲਾਨ ਕੀਤਾ ਗਿਆ।
ਸਰਵ ਸਾਥੀ ਮਹੀਪਾਲ, ਮੱਖਣ ਸਿੰਘ ਖਣਗਵਾਲ, ਤੇਜਾ ਸਿੰਘ, ਰਵਿੰਦਰ ਸਿੰਘ, ਜਸਪਾਲ ਸਿੰਘ ਜੱਸੀ, ਕਿਸ਼ੋਰ ਚੰਦ ਗਾਜ਼, ਕੁਲਵਿੰਦਰ ਸਿੰਘ ਭਾਈਕਾ, ਦਰਸ਼ਨ ਰਾਮ ਸ਼ਰਮਾ, ਅੰਮ੍ਰਿਤ ਪਾਲ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ, ਮਦਨ ਰਾਣਾ ਨੇ ਇਸ ਮੌਕੇ ਹੋਏ ਪ੍ਰਭਾਵਸ਼ਾਲੀ ਲੋਕ ਇਕੱਠਾਂ ਨੂੰ ਸੰਬੋਧਨ ਕੀਤਾ।

ਮਾਨਸਾ (ਜੋਗਿੰਦਰ ਸਿੰਘ ਮਾਨ) : ਮਜ਼ਦੂਰ ਦਿਵਸ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਪੰਜਾਬ ਦੇ 16 ਜ਼ਿਲ੍ਹਿਆਂ ‘ਚ 45 ਤੋਂ ਵੱਧ ਥਾਂਵਾਂ ‘ਤੇ ਕਿਸਾਨ ਮਜ਼ਦੂਰ ਏਕਤਾ ਨੂੰ ਸਮਰਪਿਤ ਕੀਤਾ ਗਿਆ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਖੇਤ ਮਜਦੂਰ, ਮੁਲਾਜ਼ਮ, ਮਜ਼ਦੂਰ, ਨੌਜਵਾਨ, ਵਿਦਿਆਰਥੀ ਜਥੇਬੰਦੀਆਂ ਨਾਲ ਬਾਕਾਇਦਾ ਤਾਲਮੇਲ ਰਾਹੀਂ 13 ਜ਼ਿਲ੍ਹਿਆਂ ‘ਚ 40 ਥਾਂਵਾਂ’ਤੇ ਚੱਲ ਰਹੇ ਪੱਕੇ ਧਰਨਿਆਂ ਤੋਂ ਇਲਾਵਾ ਹੋਰ ਜ਼ਿਲ੍ਹਿਆਂ ‘ਚ 6 ਥਾਂਵਾਂ ‘ਤੇ ਇਸ ਸਬੰਧੀ ਕੀਤੇ ਗਏ ਸਮਾਗਮਾਂ ਵਿੱਚ ਕੁੱਲ ਮਿਲਾਕੇ ਹਜ਼ਾਰਾਂ ਲੋਕਾਂ ਨੇ ਭਾਗ ਲਿਆ। ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਹਰਦੀਪ ਸਿੰਘ ਟੱਲੇਵਾਲ,ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲ਼ਾਝਾੜ ਸਮੇਤ ਸਮੂਹ ਜ਼ਿਲ੍ਹਿਆਂ ਦੇ ਮੁੱਖ ਆਗੂ ਸ਼ਾਮਲ ਸਨ। ਬੁਲਾਰਿਆਂ ਵੱਲੋਂ ਸਮੂਹ ਹਾਜ਼ਰੀਨ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਗਈ।

ਬਰਨਾਲਾ : ਬਰਨਾਲਾ ਦੇ ਰੇਲਵੇ ਸਟੇਸ਼ਨ ਦੀ ਪਾਰਟੀ ਵਿੱਚ ਲੱਗੇ ਕਿਸਾਨ ਮੋਰਚੇ ਵੱਲੋਂ ਵਿਸ਼ਵ ਮਜ਼ਦੂਰ ਦਿਵਸ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੀ ਮੋਰਚੇ ਵਿੱਚ ਸ਼ਾਮਲ ਹੋਏ। ਜਿਨ੍ਹਾਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਸਾਂਝੇ ਤੌਰ ‘ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਬਜ਼ਾਰਾਂ ‘ਚ ਮਾਰਚ ਵੀ ਕੱਢਿਆ ਗਿਆ।

Leave a Reply

Your email address will not be published. Required fields are marked *