ਦੂਸਰੇ ਦੀ ਪਾਟੀ ਬਿਆਈ ਦਾ ਵੀ ਦਰਦ ਮਹਿਸੂਸ ਕਰਨ ਵਾਲਾ ਸਾਗਰ ਸਰਹੱਦੀ

ਸੰਜੀਵਨ ਸਿੰਘ

ਲਮਕਾਰ/ਕਲਾਕਾਰ/ਫ਼ਨਕਾਰ ਹੋਣ ਦੀ ਮੁੱਢਲੀ ਸ਼ਰਤ ਹੈ, ਉਹ ਸੰਵੇਦਨਸ਼ੀਲ ਹੋਵੇ, ਜਿਹੜਾ ਆਪਣੀ ਤਾਂ ਕੀ ਦੂਸਰੇ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕਰਦਾ ਹੋਵੇ। ਆਪਣੀ ਤਾਂ ਕੀ ਸਾਰੀ ਮਨੁੱਖਤਾ ਦੀ ਪੀੜਾ ਨੂੰ ਆਪਣੀ ਪੀੜਾ ਸਮਝਦਾ ਹੋਵੇ। ਸਾਗਰ ਸਰਹੱਦੀ ਨੇ ਫ਼ਨਕਾਰ ਹੋਣ ਦੀ ਮੁੱਢਲੀ ਸ਼ਰਤ ਪੂਰੀ ਕਰਦੇ ਹੋਰ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕੀਤਾ, ਮਨੁੱਖੀ ਪੀੜਾ ਨੂੰ ਖ਼ੁਦ ਦੀ ਪੀੜਾ ਸਮਝੀ ਵੀ ਤੇ ਆਪਣੀ ਲੇਖਣੀ ਜ਼ਰੀਏ ਲੋਕਾਈ ਦੇ ਦੁੱਖਾਂ-ਤਕਲੀਫ਼ਾਂ ਨੂੰ ਹਰਨ ਦਾ ਯਤਨ ਵੀ ਕੀਤਾ।
ਆਜ਼ਾਦੀ ਤੋਂ ਚੌਦਾਂ ਸਾਲ ਪਹਿਲਾਂ 1933 ਵਿਚ ਜੇਠ ਦੇ ਤਪਦੇ ਮਹੀਨੇ ਸਾਗਰ ਸਰਹੱਦੀ ਵਰਗੇ ਕੁੰਦਨ ਦਾ ਜਨਮ ਐਬਟਾਬਾਦ ਸ਼ਹਿਰ ਨੇੜੇ ਬੱਫਾ, ਵਿਖੇ ਪਿਤਾ ਥਾਨ ਸਿੰਘ ਤਲਵਾੜ ਤੇ ਮਾਤਾ ਪ੍ਰੇਮ ਦਾਈ ਦੇ ਘਰ ਹੋਇਆ। ਮਾਂ-ਪਿਓ ਨੇ ਉਨ੍ਹਾਂ ਦਾ ਨਾਂ ਗੰਗਾ ਸਾਗਰ ਰੱਖਿਆ ਪਰ ਸਰਹੱਦੀ ਸੂਬੇ ਨਾਲ ਸਬੰਧਤ ਹੋਣ ਕਰਕੇ ਗੰਗਾ ਸਾਗਰ ਨੇ ਆਪਣਾ ਨਾਂ ਸਾਗਰ ਸਰਹੱਦੀ ਰੱਖ ਲਿਆ।
ਦੇਸ਼ ਦੀ ਆਜ਼ਾਦੀ ਨੇ ਜਿੱਥੇ ਦੇਸ਼ ਵਾਸੀਆਂ ਅੰਦਰ ਜੋਸ਼, ਉਤਸ਼ਾਹ ਤੇ ਉਮੰਗ ਦਾ ਸੰਚਾਰ ਕੀਤਾ, ਉੱਥੇ ਹੀ ਭਾਰਤ ਦੇ ਜਿਸਮ ਉੱਪਰ ਲੀਕ ਵੀ ਵਾਹ ਦਿੱਤੀ। ਇਸ ਲੀਕ ਨੇ ਧਰਤੀ ਇਨਸਾਨੀ ਖ਼ੂਨ ਨਾਲ ਲੱਥ-ਪੱਥ ਕਰ ਦਿੱਤੀ। ਭਾਈ ਨੂੰ ਭਾਈ ਦੀ ਜਾਨ ਦਾ ਦੁਸ਼ਮਣ ਬਣਾ ਦਿੱਤਾ। ਇਕ ਦੀ ਧੀ ਸਾਰੇ ਪਿੰਡ ਦੀ ਧੀ ਦੀ ਸੋਚ ਨੂੰ ਮਧੋਲ਼ ਕੇ ਰੱਖ ਦਿੱਤਾ। ਇਸ ਅਣ-ਮਨੁੱਖੀ ਵਰਤਾਰੇ ਨੇ ਸਾਗਰ ਸਰਹੱਦੀ ਦੀ ਰੂਹ ਵਲੂੰਧਰ ਕੇ ਰੱਖ ਦਿੱਤੀ। ਉਸ ਦੀ ਆਤਮਾ ਕੁਰਲਾ ਉੱਠੀ। ਆਪਣਾ-ਆਪਣਾ ਲੱਗਦਾ ਆਲਾ-ਦੁਆਲਾ, ਖੇਤ-ਖਲਿਆਣ ਰਾਤੋ-ਰਾਤ ਓਪਰੇ-ਓਪਰੇ, ਬੇਗਾਨੇ-ਬੇਗਾਨੇ ਜਾਪਣ ਲੱਗ ਪਏ। ਚਾਚੇ-ਤਾਏ, ਭਰਾ-ਭਰਜਾਈਆਂ, ਭਤੀਜੇ-ਭਤੀਜੀਆਂ ਪਲਾਂ ਵਿਚ ਹੀ ਹਿੰਦੁ-ਮੁਲਮਾਨ ਜਾਪਣ ਲੱਗ ਪਏ।
ਲੱਖਾਂ ਭਾਰਤੀਆਂ ਤੋਂ ਸ਼ਰਨਾਰਥੀ ਬਣੇ ਲੋਕਾਂ ਵਿਚ ਸਾਗਰ ਸਰਹੱਦੀ ਵੀ ਸ਼ੁਮਾਰ ਸੀ। ਇਨਸਾਨੀਅਤ ਵਿਰੋਧੀ ਤੱਤੀਆਂ ਹਵਾਵਾਂ ਦੇ ਥਪੇੜੇ ਸਹਿੰਦਾ ਸਰਹੱਦੀ ਨੇ ਪਹਿਲਾਂ ਦਿੱਲੀ ਤੇ ਫੇਰ ਬੰਬਈ ਟਿਕਾਣਾ ਬਣਾ ਲਿਆ। ਵੱਡੇ ਭਰਾ ਦੇ ਵੱਡੇ ਪਰਿਵਾਰ ਨਾਲ ਛੋਟੇ ਕਮਰੇ ਵਿਚ ਜਿਵੇਂ-ਕਿਵੇਂ ਸਾਗਰ ਸਰਹੱਦੀ ਜ਼ਿੰਦਗੀ ਤੋਰਨੀ ਸ਼ੁਰੂ ਕਰ ਦਿੰਦਾ ਹੈ।
ਮੁਲਕ ਦੀ ਵੰਡ ਦੌਰਾਨ ਸਰਹੱਦੀ ਦੇ ਜਿਸਮਾਨੀ ਫੱਟ ਤਾਂ ਭਾਵੇਂ ਸਮੇਂ ਨੇ ਭਰ ਦਿੱਤੇ ਪਰ ਰੂਹ ਦੇ ਜ਼ਖ਼ਮ ਸਾਰੀ ਉਮਰ ਨਾਸੂਰ ਬਣ ਕੇ ਰਿਸਦੇ ਰਹੇ। ਉਨ੍ਹਾਂ ਨੂੰ ਸਮਝ ਨਹੀਂ ਸੀ ਆਇਆ ਕਿ ਉਹ ਕਿਹੜੀਆਂ ਤਾਕਤਾਂ ਹਨ ਜੋ ਤੁਹਾਨੂੰ ਆਪਣੀ ਸਰਜ਼ਮੀਨ, ਆਪਣਾ ਘਰ-ਬਾਰ, ਆਪਣਾ ਪਿੰਡ ਛੱਡਣ ਲਈ ਮਜਬੂਰ ਕਰ ਦਿੰਦੀਆਂ ਹਨ। ਤੁਹਾਨੂੰ ਇਨਸਾਨ ਤੋਂ ਰਿਫਿਉਜ਼ੀ ਬਣਾ ਦਿੰਦੀਆਂ ਹਨ। ਸਾਗਰ ਸਰਹੱਦੀ ਸਾਰੀ ਉਮਰ ਉਜਾੜੇ ਦੇ ਦਰਦ ਨੂੰ ਭੁਲਾ ਨਹੀਂ ਸਕਿਆ। ਸਾਰੀ ਉਮਰ ਪਿੰਡ ਉਸ ਦੇ ਚੇਤਿਆਂ ਵਿਚ ਵੱਸਿਆ ਰਿਹਾ।
ਮਾਰਕਸਵਾਦੀਆਂ ਦੀ ਸੁਹਬਤ ਤੇ ਸੰਵੇਦਨਸ਼ੀਲਤਾ ਉਸ ਦਾ ਝੁਕਾਅ ਖੱਬੇ-ਪੱਖੀ ਵਿਚਾਰਧਾਰਾ ਵੱਲ ਕਰਨ ਵਿਚ ਸਹਾਈ ਹੁੰਦੀ ਹੈ। ਇਸੇ ਕਾਰਨ ਸਾਗਰ ਸਰਹੱਦੀ ਦੀ ਦਿਲਚਸਪੀ ਲੋਕ ਹਿਤੈਸ਼ੀ, ਸਾਫ਼-ਸੁਥਰੇ ਅਤੇ ਨਿਰੋਏ ਸਭਿਆਚਾਰ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਇਪਟਾ ਵੱਲ ਹੋਈ। ਜੋ 78 ਸਾਲ ਪਹਿਲਾਂ 1943 ਵਿਚ ਹਿੰਦੀ ਫਿਲਮੀਆਂ ਦੇ ਸਿਰਮੌਰ ਹਸਤਾਖ਼ਰ ਪ੍ਰਿਥਵੀ ਰਾਜ ਕਪੂਰ, ਕੈਫ਼ੀ ਆਜ਼ਮੀ, ਬਲਰਾਜ ਸਾਹਨੀ ਦੇ ਯਤਨਾਂ ਸਦਕਾ ਹੋਂਦ ਵਿਚ ਆਈ।
ਇਪਟਾ ਦੇ ਕਲਾਵੇ ਵਿਚ ਨਰਗਿਸ ਦੱਤ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਹੇਮੰਤ ਕੁਮਾਰ, ਮਨਾ ਡੇ, ਏ.ਕੇ.ਹੰਗਲ, ਉਤਪਲ ਦੱਤ, ਦੁਰਗਾ ਖੋਟੇ, ਸੰਜੀਵ ਕੁਮਾਰ, ਭੀਸ਼ਮ ਸਾਹਨੀ, ਸ਼ਬਾਨਾ ਆਜ਼ਮੀ ਵਰਗੇ ਅਣਗਿਣਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫ਼ਨਕਾਰ ਵੀ ਆਏ।
ਇਪਟਾ ਨੇ ਆਪਣੀ ਸਥਾਪਨਾ ਮੌਕੇ ਹੀ ਐਲਾਨ ਕਰ ਦਿੱਤਾ ਸੀ ਕਿ ਕਲਾ ਸਿਰਫ਼ ਕਲਾ ਨਹੀਂ ਬਲਕਿ ਲੋਕਾਂ ਲਈ ਹੈ। ਭਾਵੇਂ ਬੰਗਾਲ ਦਾ ਹਿਰਦਾ ਹਿਲਾਊ ਅਕਾਲ ਹੋਵੇ, ਆਜ਼ਾਦੀ ਦੀ ਲੜਾਈ ਜਾਂ ਹੁਣ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਕਿਸਾਨ ਅੰਦੋਲਨ ਹੋਵੇ। ਇਪਟਾ ਨੇ ਹਮੇਸ਼ਾ ਹੀ ਆਪਣੀ ਜ਼ੁੰਮੇਵਾਰੀ ਮੁਹਰਲੀ ਕਤਾਰ ਵਿਚ ਰਹਿ ਕੇ ਦਲੇਰੀ, ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ। ਇਪਟਾ ਦੀਆਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀਆਂ ਰੰਗਮੰਚੀ ਤੇ ਸਭਿਆਚਾਰਕ ਗਤੀਵਿਧੀਆਂ ਉੱਪਰ ਹਮੇਸ਼ਾ ਹੀ ਹਾਕਮ ਦੀ ‘ਜ਼ਰਾ-ਨਿਵਾਜ਼ੀ’ ਰਹੀ। ਚਾਹੇ ਉਹ ਹਾਕਮ ਵਿਦੇਸ਼ੀ ਹੋਵੇ ਚਾਹੇ ਦੇਸੀ।
ਆਮ ਤੌਰ ‘ਤੇ ਇਹ ਗੱਲ ਪ੍ਰਚਲਿਤ ਹੈ ਕਿ ਸਰਸਵਤੀ ਤੇ ਲਕਸ਼ਮੀ ਦਾ ਕਦੇ ਮੇਲ ਨਹੀਂ ਹੁੰਦਾ ਤੇ ਹੋਣਾ ਵੀ ਨਹੀਂ ਚਾਹੀਦਾ। ਕਲਮਕਾਰ/ਕਲਾਕਾਰ/ਫ਼ਨਕਾਰ ਦੀ ਜ਼ਿੰਦਗੀ ਫ਼ਾਕਿਆਂ ਤੇ ਤੰਗ-ਦਸਤੀਆਂ ਵਿਚ ਹੀ ਬੀਤਣੀ ਚਾਹੀਦੀ ਹੈ। ਤਾਂ ਜੋ ਉਹ ਉਹ ਸਮਾਜ ਦੀ ਤੰਗੀਆਂ-ਤੁਰਸ਼ੀਆਂ, ਦੁੱਖਾਂ-ਤਕਲੀਫ਼ਾਂ ਤੇ ਦੁਸ਼ਵਾਰੀਆਂ ਦੀ ਬਾਤ ਵਧੇਰੇ ਸ਼ਿੱਦਤ ਨਾਲ ਪਾ ਸਕੇ। ਪਰ ਇੱਥੇ ਮੈਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜ਼ਿਕਰ ਕਰਨਾ ਲਾਜ਼ਮੀ ਸਮਝਦਾ ਹਾਂ। ਭਗਤ ਸਿੰਘ ਇਕ ਖ਼ੁਸ਼ਹਾਲ ਤੇ ਸਾਧਨ ਸੰਪੰਨ ਪਰਿਵਾਰ ਵਿਚ ਪੈਦਾ ਹੋਏ, ਜਿਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ-ਦੁਸ਼ਵਾਰੀ ਦਾ ਸਾਹਮਣਾ ਨਹੀਂ ਕਰਨਾ ਪਿਆ। ਆਰਥਕ ਔਕੜ ਦਾ ਤਾਂ ਕਦੇ ਵੀ ਨਹੀਂ ਪਰ ਭਗਤ ਸਿੰਘ ਨੇ ਸਮਾਜ ਦੇ ਸ਼ੋਸ਼ਿਤ ਤੇ ਪੀੜਤ ਵਰਗ ਦਾ ਦਰਦ ਵੀ ਮਹਿਸੂਸ ਕੀਤਾ ਤੇ ਉਨ੍ਹਾਂ ਦੇ ਪੱਖ ਵੀ ਖੜੇ ਵੀ, ਲੜੇ ਵੀ। ਹੱਸਣ-ਖੇਡਣ ਦੀ ਅੱਲ੍ਹੜ ਉਮਰੇ ਆਪਣੇ ਦੇਸ਼ ਦੀ ਆਜ਼ਾਦੀ ਖ਼ਾਤਰ ਸ਼ਹਾਦਤ ਵੀ ਦਿੱਤੀ।
ਸਾਗਰ ਸਰਹੱਦੀ ਇਪਟਾ ਦੀਆਂ ਸਭਿਆਚਾਰਕ ਤੇ ਸਮਾਜਿਕ ਸਰਗਰਮੀਆਂ ਵਿਚ ਹਮੇਸ਼ਾ ਹੀ ਮੁੱਢਲੀ ਕਤਾਰ ਵਿਚ ਰਹਿ ਕੇ ਸੁਹਿਰਦਤਾ ਤੇ ਇਮਾਨਦਾਰੀ ਨਾਲ ਸਰਗਰਮ ਰਹੇ। ਉਨ੍ਹਾਂ ਨਾਟਕ ਲਿਖੇ ਤੇ ਨਿਰਦੇਸ਼ਤ ਵੀ ਕੀਤੇ। ਉਨ੍ਹਾਂ ਦੇ ਪ੍ਰਸਿੱਧ ਨਾਟਕ ਮੇਰੇ ਦੇਸ ਕੇ ਗਾਓਂ, ਖ਼ਿਆਲ ਕੀ ਦਸਤਕ,ਮਸੀਹਾ, ਮੈ ਆਸ਼ਾ ਹੋਤਾ ਹੂੰ, ਮਿਰਜ਼ਾ ਸਾਹਿਬਾ, ‘ਭਗਤ ਸਿੰਘ ਕੀ ਵਾਪਸੀ, ਭੂਖੇ ਭਜਨ ਨਾ ਹੋਏ ਗੋਪਾਲਾ,ਅਸ਼ਫਾਕੁੱਲਾ’ ਅਤੇ ‘ਰਾਜ ਦਰਬਾਰ’ ਦੇਸ਼ ਭਰ ਵਿਚ ਇਪਟਾ ਤੇ ਹੋਰ ਨਾਟ-ਮੰਡਲੀਆਂ ਵੱਲੋਂ ਦੇਸ਼-ਭਰ ਵਿਚ ਮੰਚਿਤ ਕੀਤੇ।
ਸਾਗਰ ਸਰਹੱਦੀ ਨੇ ਯਸ਼ ਚੋਪੜਾ ਦੀਆਂ ਫ਼ਿਲਮਾਂ ‘ਕਭੀ ਕਭੀ’, ‘ਸਿਲਸਿਲਾ’, ‘ਫ਼ਾਸਲੇ’ ਅਤੇ ‘ਚਾਂਦਨੀ’ ਵਰਗੀਆਂ ਪਿਆਰ ਦੀਆਂ ਗਾਥਾਵਾਂ ਵਿੱਚ ਆਪਣੇ ਸੰਵਾਦ ਅਤੇ ਸਕ੍ਰੀਨਪਲੇ ਲਈ ਮਸ਼ਹੂਰ ਹਨ,ਉਨ੍ਹਾਂ ਬਾਸੂ ਭੱਟਾਚਾਰੀਆ ਦੀ ਫ਼ਿਲਮ ‘ਅਨੁਭਵ’, ਰਾਜ ਕੰਵਰ ਦੀ ਫ਼ਿਲਮ ‘ਦੀਵਾਨਾ’ ਅਤੇ ਰਾਕੇਸ਼ ਰੌਸ਼ਨ ਦੀ ਫ਼ਿਲਮ ‘ਕਹੋ ਨਾ ਪਿਆਰ ਹੈ’ ਤੋਂ ਇਲਾਵਾ ‘ਬਾਜ਼ਾਰ’, ‘ਨੂਰੀ’, ‘ਫ਼ਾਸਲਾ’, ‘ਜ਼ਿੰਦਗੀ’, ‘ਦੂਸਰਾ ਆਦਮੀ’, ‘ਅਨੁਭਵ’, ‘ਕਰਮਯੋਗੀ’, ‘ਚੌਸਰ’ ਲਈ ਵੀ ਸੰਵਾਦ ਲਿਖੇ ਪਰ ਹਮੇਸ਼ਾ ਲਈ ਯਸ਼ ਚੋਪੜਾ ਨਾਲ ਜੁੜੇ ਰਹਿਣ ਲਈ ਜਾਣਿਆ ਜਾਂਦਾ ਸੀ।
ਇਨ੍ਹਾਂ ਫ਼ਿਲਮਾਂ ਵਿਚ ਅਮਿਤਾਭ ਬੱਚਨ, ਸੁਨੀਲ ਦੱਤ, ਸ਼ਸ਼ੀ ਕਪੂਰ, ਵਿਨੋਦ ਖੰਨਾ, ਰਾਖੀ, ਰਿਸ਼ੀ ਕਪੂਰ, ਜਯਾ ਭਾਦੂੜੀ, ਰੇਖਾ, ਸ਼੍ਰੀਦੇਵੀ ਅਤੇ ਪੂਨਮ ਢਿੱਲੋਂ ਵਰਗੇ ਕਮਰਸ਼ੀਅਲ ਫ਼ਿਲਮਾਂ ਦੇ ਦਿੱਗਜ ਕਲਾਕਾਰਾਂ ਨੇ ਵੀ ਅਦਾਕਾਰੀ ਦੇ ਜਲਵੇ ਬਿਖੇਰੇ ਅਤੇ ਯਥਾਰਥਵਾਦੀ ਫ਼ਿਲਮਾਂ ਵਿਚ ਨਾਮਣਾ ਖੱਟ ਚੁੱਕੇ ਨਸੀਰੂਦੀਨ ਸ਼ਾਹ, ਫ਼ਾਰੂਕ ਸ਼ੇਖ਼, ਦੀਪਤੀ ਨਵਲ, ਸਮਿਤਾ ਪਾਟਿਲ ਅਤੇ ਸੁਪ੍ਰੀਆ ਪਾਠਕ ਨੇ ਵੀ।
ਸਾਗਰ ਸਰਹੱਦੀ 1982 ਵਿਚ ਯਥਾਰਥਵਾਦੀ ਫ਼ਿਲਮ ‘ਬਾਜ਼ਾਰ’ ਰਾਹੀਂ ਨਾਲ ਡਾਇਰੈਕਟਰ ਬਣੇ। ਫ਼ਾਰੂਕ ਸ਼ੇਖ਼, ਸਮਿਤਾ ਪਾਟਿਲ, ਨਸੀਰੂਦੀਨ ਸ਼ਾਹ ਅਤੇ ਸੁਪ੍ਰੀਆ ਪਾਠਕ ਦੀ ਅਦਾਕਾਰੀ ਵਾਲੀ ਇਹ ਫ਼ਿਲਮ ਕਥਿਤ ਤੌਰ ‘ਤੇ ਹੈਦਰਾਬਾਦ ਵਿਚ ਮੁਸਲਿਮ ਕੁੜੀਆਂ ਨੂੰ ਪੈਸੇ ਦੇ ਬਦਲੇ ਅਮੀਰ ਪਰਵਾਸੀਆਂ ਨਾਲ ਵਿਆਹ ਕਰਨ ਲਈ ਮਜਬੂਰ ਕਰਨ ਬਾਰੇ ਇਕ ਸੱਚੀ ਕਹਾਣੀ ‘ਤੇ ਆਧਾਰਤ ਸੀ।ਫ਼ਿਲਮ ਦਾ ਸੰਗੀਤ ਅਤੇ ਗੀਤ ਵੀ ਕਾਫ਼ੀ ਚਰਚਿਤ ਹੋਏ।ਇਹ ਫ਼ਿਲਮ ਭਾਰਤ ਵਿਚ ਨਵੇਂ-ਯਥਾਰਥਵਾਦੀ ਸਿਨੇਮਾ ਦੀ ਇਕ ਵਿਸ਼ੇਸ਼ਤਾ ਵੀ ਮੰਨੀ ਗਈ ਅਤੇ ਕਲਾ ਫ਼ਿਲਮਾਂ ਦੇ ਨਾਲ-ਨਾਲ ਵਪਾਰਕ ਸਫਲਤਾ ਵੀ ਸੀ। ਬਦਕਿਸਮਤੀ ਨਾਲ, ਫ਼ਿਲਮ ਸਫਲ ਹੋਣ ਦੇ ਬਾਵਜੂਦ, ਸਰਹੱਦੀ ਇੱਕ ਫ਼ਿਲਮ ਨਿਰਦੇਸ਼ਕ ਦੇ ਰੂਪ ਵਿੱਚ ਆਪਣਾ ਕੈਰੀਅਰ ਬਣਾਉਣ ਵਿਚ ਸਫਲ ਨਹੀਂ ਹੋ ਸਕੇ।
ਉਨ੍ਹਾਂ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਦੀਪਤੀ ਨਵਲ ਅਤੇ ਮਾਰਕ ਜ਼ਬਰ ਦੀ ਭੂਮਿਕਾ ਵਾਲੀ ‘ਤੇਰੇ ਸ਼ਹਿਰ ਮੇ’ ਨਾਂ ਦੀ ਫ਼ਿਲਮ ਦੀ ਯੋਜਨਾ ਬਣਾਈ ਸੀ, ਪਰ ਫ਼ਿਲਮ ਬਣ ਨਹੀਂ ਸਕੀ। ਉਨ੍ਹਾਂ ‘ਬਾਜ਼ਾਰ’ ਦਾ ਸੀਕਵਲ ਬਣਾਉਣ ਬਾਰੇ ਵੀ ਸੋਚਿਆ ਸੀ ਪਰ ਆਪਣਾ ਸੁਪਨਾ ਸਾਕਾਰ ਹੁੰਦਾ ਨਹੀਂ ਵੇਖ ਸਕਿਆ। ਸਾਗਰ ਸਰਹੱਦੀ ਉਰਦੂ ਲੇਖਕ ਅਤੇ ਕਵੀ ਬਣਨ ਵਿੱਚ ਦਿਲਚਸਪੀ ਰੱਖਦਾ ਸੀ। ਪਰ ਵਿੱਤੀ ਸੁਰੱਖਿਆ ਦੀ ਜ਼ਰੂਰਤ ਨੇ ਉਸ ਦਾ ਫ਼ਿਲਮਾਂ ਵੱਲ ਵਧੇਰੇ ਝੁਕਾਅ ਕਰ ਦਿੱਤਾ।
ਕਹਿੰਦੇ ਨੇ ਫ਼ਿਲਮ ਨਗਰੀ ਵਿਚ ਚੜ੍ਹਦੇ ਸੂਰਜ ਨੂੰ ਹੀ ਹਰ ਕੋਈ ਸਲਾਮ ਕਰਦਾ ਹੈ, ਡੁੱਬਦੇ ਵੱਲ ਸਾਰੇ ਪਿੱਠ ਕਰ ਲੈਂਦੇ ਹਨ। ਹਾਲਾਂਕਿ ਡੁੱਬਦੇ ਸੂਰਜ ਦੀ ਭਾਅ ਮਾਰਦੀ ਲਾਲੀ ਦੀ ਖ਼ੂਬਸੂਰਤੀ ਵੇਖਣ ਯੋਗ ਹੁੰਦੀ ਹੈ। ਪਰ ਕੁਦਰਤ ਨੂੰ ਨਿਹਾਰਨ, ਕੁਦਰਤ ਨਾਲ ਇਕ-ਮਿੱਕ ਹੋਣ ਦਾ ਵਕਤ ਕਿਸ ਕੋਲ ਹੈ। ਉਹ ਵੀ ਮੁੰਬਈ ਵਰਗੇ ਤੇਜ਼-ਰਫ਼ਤਾਰੀ ਸ਼ਹਿਰ ਵਿਚ। ਫ਼ਿਲਮ ਨਗਰੀ ਨਾਲ ਜੁੜੇ ਮਿੱਤਰ ਦੀ ਜਦ ਤੂਤੀ ਬੋਲਦੀ ਹੈ ਤਾਂ ਉਸ ਦੀਆਂ ਸ਼ਾਮਾਂ ਵੀ ਰੰਗੀਨ ਤੇ ਰਾਤਾਂ ਵੀ। ਜਦ ਤੂਤੀ ਬੋਲਣੀ ਬੰਦ ਸ਼ਾਮਾਂ, ਰਾਤਾਂ ਤਾਂ ਕੀ ਸਿਖਰ ਦੁਪਹਿਰੇ ਹੀ ਸੰਨਾਟਾ ਛਾ ਜਾਂਦਾ ਹੈ।
ਏ.ਕੇ ਹੰਗਲ ਚਰਿੱਤਰ ਅਭਿਨੇਤਾ ਵਜੋਂ ਹਿੰਦੀ ਫ਼ਿਲਮਾਂ ਵਿਚ ਲੰਮਾ ਅਰਸਾ ਸਰਗਰਮ ਰਹੇ। ਫ਼ਿਲਮ ਜਗਤ ਦੀਆ ਤਕਰੀਬਨ ਸਾਰੀਆਂ ਦਿੱਗਜ ਹਸਤੀਆਂ ਨਾਲ ਕੰਮ ਵੀ ਕੀਤਾ। ਅਤੇ ਅਖੀਰਲੇ ਕੁੱਝ ਸਾਲ ਇਪਟਾ ਦੇ ਰਾਸ਼ਟਰੀ ਪ੍ਰਧਾਨ ਵੀ ਰਹੇ। ਪਰ ਉਨ੍ਹਾਂ ਦੀ ਅੰਤਿਮ ਰਸਮਾਂ ਵੇਲੇ ਤਕਰੀਬਨ ਸਾਰੇ ਹੀ ਦਿੱਗਜ ‘ਰੁਝੇਵਿਆਂ’ ਕਾਰਨ ਮਨਫ਼ੀ ਸਨ।
ਹੁਣ ਵੇਖਣਾ ਇਹ ਹੋਵੇਗਾ ਸਾਰੀ ਉਮਰ ਕਲਾ ਨੂੰ ਲੋਕਾਈ ਦੇ ਹਿਤਾਂ ਨੂੰ ਵਰਤਣ ਵਾਲੇ, ਲੋਕਾਂ ਦੇ ਹਿਤਾਂ ਨੂੰ ਪ੍ਰਣਾਏ ਹੋਏ, ਦੂਸਰੇ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕਰਨ ਵਾਲੇ ਅਤੇ ਸਾਰੀ ਮਨੁੱਖਤਾ ਦੀ ਪੀੜਾ ਨੂੰ ਆਪਣੀ ਪੀੜਾ ਸਮਝਣ ਵਾਲੇ ਸਾਗਰ ਸਰਹੱਦੀ, ਜਿਨ੍ਹਾਂ ਫ਼ਿਲਮ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਈਆਂ, ਜਿਹੜੇ ਫ਼ਿਲਮ ਜਗਤ ਦੀਆਂ ਸਾਰੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨਾਲ ਵਿਚਰੇ, ਕਈਆਂ ਨੂੰ ਸਥਾਪਤ ਕਰਨ ਵਿਚ ਵੀ ਆਪਣੀ ਇਮਦਾਦ ਕੀਤੀ, ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿਚ ਸ਼ਮੂਲੀਅਤ ਕਿੰਨੀ ਕੁ ਅਤੇ ਕਿੰਨੀ ਸ਼ਿੱਦਤ ਨਾਲ ਹੁੰਦੀ ਹੈ।

Leave a Reply

Your email address will not be published. Required fields are marked *