ਦਿੱਲੀ ਪੁਲੀਸ ਨੂੰ ਕਤਲ ਮਾਮਲੇ ਵਿਚ ਓਲੰਪਿਕ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਭਾਲ

ਨਵੀਂ ਦਿੱਲੀ : ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲੀਸ ਭਾਲ ਰਹੀ ਹੈ। ਸੁਸ਼ੀਲ ‘ਤੇ ਸਾਬਕਾ ਜੂਨੀਅਰ ਨੈਸ਼ਨਲ ਚੈਂਪੀਅਨ ਸਾਗਰ ਦੇ ਕਤਲ ਅਤੇ ਛਤਰਸਾਲ ਸਟੇਡੀਅਮ ਵਿਚ ਹੋਈ ਝੜਪ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਉਸ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਮਾਮਲੇ ਵਿਚ ਦਿੱਲੀ ਪੁਲੀਸ ਥਾਂ-ਥਾਂ ਛਾਪੇ ਮਾਰ ਰਹੀ ਹੈ। ਪੁਲੀਸ ਮੁਤਾਬਕ ਘਟਨਾ ਤੋਂ ਬਾਅਦ ਤੋਂ ਸੁਸ਼ੀਲ ਲਾਪਤਾ ਹੈ।
ਕੀ ਹੈ ਮਾਮਲਾ?
ਮਾਮਲਾ ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿਚ ਛਤਰਸਾਲ ਸਟੇਡੀਅਮ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਹੋਇਆ। ਸਾਗਰ ਤੇ ਉਸ ਦੇ ਦੋਸਤ ਜਿਸ ਘਰ ਵਿਚ ਰਹਿੰਦੇ ਸਨ, ਸੁਸ਼ੀਲ ਉਸ ਨੂੰ ਖਾਲੀ ਕਰਨ ਦਾ ਦਬਾਅ ਪਾ ਰਿਹਾ ਸੀ। ਇਸ ਨੂੰ ਲੈ ਕੇ ਮੰਗਲਵਾਰ ਦੇਰ ਰਾਤ ਸਟੇਡੀਅਮ ਅੰਦਰ ਪਹਿਲਵਾਨਾਂ ਦੇ ਦੋ ਧੜੇ ਆਪਸ ਵਿਚ ਭਿੜ ਗਏ। ਇਸ ਵਿਚ 5 ਪਹਿਲਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਇਕ ਸਾਗਰ (23) ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਉਹ ਦਿੱਲੀ ਪੁਲੀਸ ਵਿਚ ਹੈੱਡ ਕਾਂਸਟੇਬਲ ਦਾ ਪੁੱਤ ਸੀ। ਸਾਗਰ ਤੇ ਉਸ ਦੇ ਚਾਰ ਸਾਥੀਆਂ ਸੋਨੂ, ਅਮਿਤ ਕੁਮਾਰ ਤੇ ਦੋ ਹੋਰਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।
ਘਟਨਾ ਵਾਲੀ ਥਾਂ ਤੋਂ 5 ਗੱਡੀਆਂ ਤੋਂ ਇਲਾਵਾ ਇਕ ਲੋਡਡ ਡਬਲ ਬੈਰਲ ਗੰਨ ਤੇ 3 ਕਾਰਤੂਸ ਬਰਾਮਦ ਹੋਏ ਹਨ। ਫ਼ਿਲਹਾਲ ਪ੍ਰਿੰਸ ਦਲਾਲ ਸਮੇਤ ਦੋ ਪਹਿਲਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਹਲਾਂਕਿ ਸੁਸ਼ੀਲ ਕੁਮਾਰ ਇਸ ਮਾਮਲੇ ਵਿੱਚ ਆਪਣੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰ ਚੁੱਕਿਆ ਹੈ।