ਯੂ.ਪੀ. ਪੰਚਾਇਤੀ ਚੋਣਾਂ : ਚੋਣ ਡਿਊਟੀ ‘ਚ ਲੱਗੇ ਦੋ ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਗਈ

ਲਖਨਊ : ਉੱਤਰ ਪ੍ਰਦੇਸ਼ ਵਿਚ 15 ਅਪ੍ਰੈਲ ਤੋਂ 5 ਮਈ ਤੱਕ ਹੋਈਆਂ ਪੰਚਾਇਤੀ ਚੋਣਾਂ ਤੋਂ ਬਾਅਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਕਰਮਚਾਰੀ ਸੰਘ ਸੰਯੁਕਤ ਪ੍ਰੀਸ਼ੱਦ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਚੋਣਾਂ ਵਿਚ ਡਿਊਟੀ ਕਰਨ ਗਏ 2 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਵਾਇਰਸ ਕਾਰਨ ਹੋ ਗਈ ਹੈ। ਪ੍ਰੀਸ਼ੱਦ ਦੇ ਮੁਖੀ ਹਰੀ ਕਿਸ਼ੋਰ ਤਿਵਾੜੀ ਨੇ ਕਿਹਾ ਕਿ ਮ੍ਰਿਤਕਾਂ ਵਿਚ ਵੱਖ-ਵੱਖ ਵਿਭਾਗ ਦੇ ਕਰਮਚਾਰੀ ਅਤੇ ਕਰੀਬ ਇਕ ਹਜ਼ਾਰ ਟੀਚਰ ਵੀ ਸ਼ਾਮਲ ਹਨ।
ਉੱਤਰ ਪ੍ਰਦੇਸ਼ ਸੈਕੰਡਰੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਿਨੇਸ਼ ਚੰਦਰ ਸ਼ਰਮਾ ਨੇ ਕਿਹਾ ਕਿ 8 ਦਿਨ ਪਹਿਲਾਂ ਹੀ 706 ਅਜਿਹੇ ਟੀਚਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਦੀ ਵਾਇਰਸ ਕਾਰਨ ਜਾਨ ਗਈ ਹੈ। ਇਨ੍ਹਾਂ ਦੀ ਡਿਊਟੀ ਪੰਚਾਇਤੀ ਚੋਣਾਂ ਵਿਚ ਲਗਾਈ ਗਈ ਸੀ। ਹੁਣ ਸੰਘ ਨੇ ਮੁੱਖ ਮੰਤਰੀ ਯੋਗੀ ਅਦਿਤਯਨਾਥ ਨੂੰ ਖ਼ਤ ਲਿਖ ਕੇ ਇਹ ਜਾਣਕਾਰੀ ਦਿੱਤੀ ਹੈ। ਸੰਘ ਨੇ 10 ਪੰਨਿਆਂ ਦੀ ਚਿੱਠੀ ਦੇ ਨਾਲ ਇਹ ਸੂਚੀ ਵੀ ਭੇਜੀ ਹੈ। ਨਾਲ ਹੀ ਇਨ੍ਹਾਂ ਅਧਿਆਪਕਾਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।