ਤਿੰਨ ਮੰਤਰੀਆਂ ਨੇ ਨਵਜੋਤ ਸਿੱਧੂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਚੱਲ ਰਹੀ ਖਿੱਚੋਤਾਣ ਵਿਚਾਲੇ ਤਿੰਨ ਮੰਤਰੀਆਂ ਨੇ ਮੁੱਖ ਮੰਤਰੀ ਦੇ ਪੱਖ ’ਚ ਨਿੱਤਰਦਿਆਂ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਇਸ ਬਾਗੀ ਵਿਧਾਇਕ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ।

ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਦੇ ਨਾਂ ’ਤੇ ਜਾਰੀ ਹੋਏ ਬਿਆਨ ਰਾਹੀਂ ਸਿੱਧੂ ਵੱਲੋਂ ਮੁੱਖ ਮੰਤਰੀ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਨੂੰ ਅਨੁਸ਼ਾਸਨਹੀਣਤਾ ਅਤੇ ਸੂਬੇ ਦੀ ਕਾਂਗਰਸ ਸਰਕਾਰ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਦੱਸਦੇ ਹੋਏ ਇਨ੍ਹਾਂ ਮੰਤਰੀਆਂ ਨੇ ਕਿਹਾ ਕਿ ਵਿਧਾਇਕ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਉੱਤੇ ਨਿੱਜੀ ਹਮਲੇ ਕਰਨਾ ਪਾਰਟੀ ਵਿਰੋਧੀ ਕਾਰਾ ਹੈ। ਮੰਤਰੀਆਂ ਨੇ ਕਿਹਾ ਕਿ ਸਿੱਧੂ ਵੱਲੋਂ ਮੁੱਖ ਮੰਤਰੀ ਖਿਲਾਫ਼ ਲਗਾਤਾਰ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੂੰ ਇੱਕ ਲੋਕਤੰਤਰੀ ਪਾਰਟੀ ਦੇ ਨਾਰਾਜ਼ ਮੈਂਬਰ ਦਾ ਗੁੱਸਾ ਕਹਿ ਕੇ ਹੁਣ ਹੋਰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਖੁੱਲ੍ਹੀ ਬਗਾਵਤ ਉਸ ਵੇਲੇ ਕਾਂਗਰਸ ਦੇ ਹਿੱਤਾਂ ਨੂੰ ਢਾਹ ਲਾ ਰਹੀ ਹੈ ਜਦੋਂ ਅਸੈਂਬਲੀ ਚੋਣਾਂ ਵਿੱਚ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ।

ਮੰਤਰੀਆਂ ਨੇ ਕਿਹਾ ਕਿ ਜੇਕਰ ਸਿੱਧੂ ਖ਼ਿਲਾਫ਼ ਹੁਣ ਕਾਰਵਾਈ ਨਾ ਕੀਤੀ ਗਈ ਤਾਂ ਇਸ ਨਾਲ ਪਾਰਟੀ ਦੀ ਸੂਬਾ ਇਕਾਈ ਵਿੱਚ ਬਦਅਮਨੀ ਫੈਲੇਗੀ। ਉਨ੍ਹਾਂ ਕਿਹਾ ਕਿ ਇਹ ਹੁਣ ਸਪੱਸ਼ਟ ਹੋ ਚੁੱਕਿਆ ਹੈ ਕਿ ਸਿੱਧੂ ਦੀ ਨੀਅਤ ਠੀਕ ਨਹੀਂ ਹੈ ਅਤੇ ਉਸ ਨੂੰ ਸਿਰਫ਼ ਆਪਣੇ ਨਿੱਜੀ ਤੇ ਸਿਆਸੀ ਹਿੱਤਾਂ ਦੀ ਹੀ ਚਿੰਤਾ ਹੈ ਅਤੇ ਉਹ ਪੰਜਾਬ ’ਚ ਕੈਪਟਨ ਖਿਲਾਫ਼ ਮਾਹੌਲ ਸਿਰਜਣਾ ਚਾਹੁੰਦੇ ਹਨ। ਮੰਤਰੀਆਂ ਨੇ ਕਿਹਾ ਕਿ ਜੇਕਰ ਪਾਰਟੀ ਖ਼ਿਲਾਫ਼ ਲਗਾਤਾਰ ਹੋ ਰਹੇ ਕੂੜ ਪ੍ਰਚਾਰ ਨੂੰ ਰੋਕਣ ਲਈ ਕਦਮ ਨਾ ਚੁੱਕਿਆ ਗਿਆ ਤਾਂ ਇਸ ਨਾਲ ਹੋਰ ਬਾਗੀ ਤੇ ਉੱਚਾ ਉੱਡਣ ਦੇ ਚਾਹਵਾਨ ਮੈਂਬਰਾਂ ਨੂੰ ਖੁੱਲ੍ਹੇ ਤੌਰ ਉੱਤੇ ਕਾਂਗਰਸ ਦੀ ਲੀਡਰਸ਼ਿਪ ਖ਼ਿਲਾਫ਼ ਆਵਾਜ਼ ਚੁੱਕਣ ਦੀ ਸ਼ਹਿ ਮਿਲੇਗੀ। ਮੰਤਰੀਆਂ ਵੱਲੋਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਇਹ ਅਪੀਲ ਕੀਤੀ ਗਈ ਕਿ ਇਸ ਬਗਾਵਤ ਨੂੰ ਸਮਾਂ ਰਹਿੰਦਿਆਂ ਹੀ ਠੱਲ੍ਹ ਪਾਈ ਜਾਵੇ।

Leave a Reply

Your email address will not be published. Required fields are marked *