ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਭਾਰਤੀ ਫ਼ੌਜ ਤਿਆਰ ਕਰ ਰਹੀ ਹਸਪਤਾਲ

ਚੰਡੀਗੜ੍ਹ : ਭਾਰਤ ਵਿੱਚ ਲਗਾਤਾਰ ਵੱਧ ਰਹੇ ਕੋਵਿਡ ਮਾਮਲਿਆਂ ਦੇ ਚਲਦੇ ਫ਼ੌਜ ਵੀ ਇਸ ਲੜਾਈ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਦਰਅਸਲ ਭਾਰਤੀ ਫ਼ੌਜ ਘੰਟਿਆਂ ਜਾਂ ਵੱਧ ਤੋਂ ਵੱਧ ਦਿਨਾਂ ਦੇ ਵਿੱਚ ਹਸਪਤਾਲ ਬਣਾ ਰਹੀ ਹੈ। ਪੱਛਮੀ ਕਮਾਂਡ ਨੇ ਭਾਰਤੀ ਫ਼ੌਜ ਦੇ ‘ਆਪਰੇਸ਼ਨ ਨਮਸਤੇ’ ਅਧੀਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਖੇ 3 ਕੋਵਿਡ ਹਸਪਤਾਲ ਦੇਸ਼ ਨੂੰ ਸਮਰਪਿਤ ਕੀਤੇ ਹਨ।

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇੰਟਰਨੈਸ਼ਨਲ ਸਟੂਡੈਂਟਸ ਹੋਸਟਲ ਵਿਖੇ ਯੂ.ਟੀ. ਪ੍ਰਸ਼ਾਸਨ ਦੇ ਸਹਿਯੋਗ ਨਾਲ ਪਹਿਲਾ ਪੱਛਮੀ ਕਮਾਂਡ 100 ਬੈੱਡ ਵਾਲਾ ਕੋਵਿਡ ਹਸਪਤਾਲ ਸ਼ੁਰੂ ਹੋ ਗਿਆ। ਅਗਲੇ ਦੋ ਦਿਨਾਂ ਵਿੱਚ ਦੋ ਹੋਰ ਹਸਪਤਾਲ ਯਾਨੀ ਅਟਲ ਬਿਹਾਰੀ ਵਾਜਪਾਈ ਹਸਪਤਾਲ, ਫ਼ਰੀਦਾਬਾਦ ਅਤੇ ਰਾਜਿੰਦਰਾ ਸਰਕਾਰੀ ਹਸਪਤਾਲ, ਪਟਿਆਲਾ ਵੀ ਸਿਲਸਿਲੇ ਵਾਰ 11 ਮਈ ਅਤੇ 12 ਮਈ ਨੂੰ ਚਾਲੂ ਕੀਤੇ ਜਾਣਗੇ। ਪੱਛਮੀ ਸੈਨਾ ਦੇ ਕਮਾਂਡਰ ਨੇ ਇਨ੍ਹਾਂ ਹਸਪਤਾਲਾਂ ਨੂੰ ਸਬੰਧਿਤ ਰਾਜਾਂ ਨੂੰ ਸਮਰਪਿਤ ਕੀਤਾ ਹੈ।

ਲੈਫ਼ਟੀਨੈਂਟ ਜਨਰਲ ਆਰ.ਪੀ. ਸਿੰਘ, ਜੀ ਓ ਸੀ-ਇੰਨ-ਸੀ, ਪੱਛਮੀ ਕਮਾਂਡ, ਨੇ ਕਿਹਾ ਕਿ ਇਹ ਹਸਪਤਾਲ ਜੰਗੀ ਪੱਧਰ ‘ਤੇ ਸਥਾਪਤ ਕੀਤੇ ਗਏ ਹਨ ਅਤੇ ਇਹ ਕੰਮ ਸਬੰਧਿਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਨਾਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਸਪਤਾਲ ਘੰਟਿਆਂ ਜਾਂ ਵੱਧ ਤੋਂ ਵੱਧ ਦੋ-ਤਿੰਨ ਦਿਨਾਂ ਵਿੱਚ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਫ਼ੌਜ ਸਿਵਲ ਆਬਾਦੀ ਦੀ ਹਰ ਸਹਾਇਤਾ ਲਈ ਤਿਆਰ ਹੈ।

ਇਨ੍ਹਾਂ ਹਸਪਤਾਲਾਂ ਵਿੱਚ ਕੋਵਿਡ-19 ਤੋਂ ਪੀੜਤ ਹਲਕੇ ਤੋਂ ਦਰਮਿਆਨੇ ਲੱਛਣ ਵਾਲੇ ਮਰੀਜ਼ਾਂ ਦੇ ਇਲਾਜ ਕਰਨ ਦੀ ਸਮਰੱਥਾ ਹੈ। ਫੌਜ ਨੇ ਆਪਣੇ ਡਾਕਟਰਾਂ, ਨਰਸਿੰਗ ਅਫ਼ਸਰਾਂ ਅਤੇ ਪੈਰਾਮੈਡਿਕ ਸਟਾਫ਼ ਨੂੰ ਆਈਸੀਐਮਆਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਰੀਜ਼ਾਂ ਨੂੰ ਸੰਪੂਰਨ ਇਲਾਜ ਲਈ ਤਾਇਨਾਤ ਕੀਤਾ ਹੈ। ਫ਼ੌਜ ਨੇ ਐਂਬੂਲੈਂਸਾਂ ਅਤੇ ਹਸਪਤਾਲ ਦੇ ਪ੍ਰਬੰਧਨ ਲਈ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਤਾਇਨਾਤੀ ਵੀ ਕੀਤੀ ਹੈ। ਸਿਵਲ ਪ੍ਰਸ਼ਾਸਨ ਇਨ੍ਹਾਂ ਹਸਪਤਾਲਾਂ ਵਿੱਚ ਜ਼ਰੂਰੀ ਸਹੂਲਤਾਂ, ਸੇਵਾ ਪ੍ਰਬੰਧਨ, ਨਿਰਵਿਘਨ ਆਕਸੀਜਨ ਸਪਲਾਈ, ਮਰੀਜ਼ਾਂ ਦੇ ਦਾਖ਼ਲੇ ਅਤੇ ਡਿਸਚਾਰਜ ਅਤੇ ਐਂਬੂਲੈਂਸ ਸੇਵਾਵਾਂ ਦੀ ਸਹੂਲਤ ਦੇ ਰਿਹਾ ਹੈ।

ਹਸਪਤਾਲ ਬੁਨਿਆਦੀ ਲੈਬ, ਐਕਸ-ਰੇ, ਫਾਰਮੇਸੀ ਅਤੇ ਮਰੀਜ਼ਾਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਕਰਨਗੇ। ਇਨ੍ਹਾਂ ਹਸਪਤਾਲਾਂ ਵਿੱਚ ਦਾਖਲਾ ਸਾਰੇ ਨਾਗਰਿਕਾਂ ਲਈ ਖੋਲ੍ਹਿਆ ਜਾਵੇਗਾ ਅਤੇ ਸਬੰਧਿਤ ਜ਼ਿਲ੍ਹਿਆਂ ਦੇ ਸੀ.ਐੱਮ.ਓ ਦੁਆਰਾ ਤਾਲਮੇਲ ਕੀਤਾ ਜਾਵੇਗਾ। ਦਾਖਲਾ ਹੋਣ ‘ਤੇ, ਸਬੰਧਿਤ ਹਸਪਤਾਲ ਪ੍ਰਬੰਧਨ ਵੱਲੋਂ ISO ਨੰਬਰ ਦਿੱਤੇ ਜਾਣਗੇ, ਮਰੀਜ਼ਾਂ ਦਾ ਡਿਸਚਾਰਜ ਆਰਮੀ ਦੇ ਮੈਡੀਕਲ ਅਫ਼ਸਰ ਦੀ ਸਿਫ਼ਾਰਸ਼ ‘ਤੇ ਹੋਵੇਗਾ। ਉੱਚ ਦਰਜੇ ਦੀ ਲੋੜ ਵਾਲੇ ਮਰੀਜ਼ਾਂ ਨੂੰ ਆਈਸੀਯੂ ਸਹੂਲਤਾਂ ਦੀ ਉਪਲਬਧਤਾ ਦੇ ਅਨੁਸਾਰ ਸੀਐਮਓ ਨਾਲ ਤਾਲਮੇਲ ਕਰ ਕੇ, ਹੋਰ ਹਸਪਤਾਲਾਂ ਵਿੱਚ ਭੇਜਿਆ ਜਾਵੇਗਾ।

ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਦੀ ਜੰਗ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਹਾਇਤਾ ਦੀ ਅਪੀਲ ਕੀਤੀ ਗਈ ਸੀ। ਇਸੇ ਦੇ ਜਵਾਬ ਵਿੱਚ ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਨੇ ਹਸਪਤਾਲਾਂ ਵਿੱਚ ਮੈਡੀਕਲ ਕਰਮੀਆਂ ਦੀ ਕਮੀ ਦੀ ਫ਼ੌਰੀ ਲੋੜ ਨੂੰ ਪੂਰਾ ਕਰਨ ਲਈ ਪੰਜਾਬ ਨੂੰ ਮੈਡੀਕਲ ਸਟਾਫ਼ ਅਤੇ ਡਾਕਟਰੀ ਸਿਖਲਾਈ ਯਾਫ਼ਤਾ ਕਰਮਚਾਰੀਆਂ ਦੀਆਂ ਸੇਵਾਵਾਂ ਸਣੇ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਸੀ। ਇਸ ਦੇ ਨਾਲ ਹੀ ਸੂਬੇ ਦੇ ਮੌਜੂਦਾ ਸਮੇਂ ਬੰਦ ਪਏ ਪੁਰਾਣੇ ਆਕਸੀਜਨ ਪਲਾਟਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਵੀ ਮਦਦ ਦੀ ਪੇਸ਼ਕਸ਼ ਕੀਤੀ ਗਈ।

Leave a Reply

Your email address will not be published. Required fields are marked *