ਕਾਫ਼ਲਾ

ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ !
ਕਾਫ਼ਲਾ
ਮੇਰੀ ਪਹਿਲੀ ਤਸਵੀਰ ਵੇਖ ਕੇ ਉਹਨਾਂ ਨੇ ਪੁੱਛਿਆ :
ਇਹ ਕਿੱਥੇ ਰੋਟੀਆਂ ਪਕਾਈ ਜਾਨੀ ਐਂ
ਇਹ ਤਾਂ ਖਾਲਸਿਆਂ ਦਾ ਗੜ੍ਹ ਆ …?
ਦੂਜੀ ਤਸਵੀਰ ਵੇਖ ਕੇ ਉਹਨਾਂ ਨੇ ਪੁੱਛਿਆ
ਇਹ ਕਿੱਥੇ ਦਾਲ ਬਣਾਈ ਜਾਨੀ ਐਂ
ਇਹ ਤਾਂ ਕਾਮਰੇਡਾਂ ਦਾ ਮੱਠ ਆ…?
ਤੀਜੀ ਤਸਵੀਰ ਵੇਖ ਕੇ ਕਹਿਣ ਲੱਗੇ
ਇਹ ਕਿਹੜੀ ਖਾਪ ਦੀ ਟਰਾਲੀ ‘ਤੇ ਚੜ੍ਹੀ ਫਿਰਦੀ ਐਂ…?
ਚੌਥੀ ਤਸਵੀਰ ਵੇਖ ਕੇ ਪੁੱਛਣ ਲੱਗੇ
ਆਹ ਤੂੰ ਝੰਡਾ ਕਿਹੜੀ ਪਾਰਟੀ ਦਾ ਚੁੱਕਿਆ…?
ਇਹ ਚਾਰੇ ਸਵਾਲ
ਚਾਰ ਨੇਜ਼ਿਆਂ ਵਾਂਗ
ਮੇਰੇ ਉਮਾਹ ਨੂੰ ਵਿੰਨ ਕੇ ਲੰਘ ਗਏ
ਮੇਰੀਆਂ ਚਾਰੇ ਦਿਸ਼ਾਵਾਂ ਅੰਨ੍ਹੀਆਂ ਹੋ ਗਈਆਂ
ਪੰਜਵਾਂ ਸਵਾਲ ਸੁਣਨ ਤੋਂ ਪਹਿਲਾਂ
ਮੈਂ ਚੱਕਰ ਖਾ ਕੇ ਅੰਦੋਲਨ ਦੇ ਸਿਖ਼ਰ ਤੋਂ
ਭੁੰਜੇ ਡਿੱਗ ਪਈ…
ਅਚੇਤ ਅਵਸਥਾ ਵਿਚ ਇਕ ਦ੍ਰਿਸ਼ ਦਿਸਿਆ :
ਬਾਬਾ ਨਾਨਕ ਫ਼ਸਲ ਬੀਜ ਰਿਹਾ
ਸਾਂਝੀ ਪੰਗਤ ਵਿਚ ਬੈਠੇ ਲੋਕ ਪ੍ਰਸ਼ਾਦਾ ਛਕ ਰਹੇ
ਪੰਛੀ ਦਾਣਾ ਚੁਗ ਰਹੇ
ਫ਼ਿਜ਼ਾ ਵਿਚ ਸ਼ਬਦ ਗੂੰਜ ਰਿਹਾ-
‘ਕੂੜ ਨਿਖੁਟੇ ਨਾਨਕਾ ਓੜਿਕ ਸਚਿ ਰਹੀ ।।’
ਅਚਨਚੇਤ ਕੋਈ ਚਾਨਣ ਜਗਿਆ…
ਮੈਂ ਸੁਰਤ ਸੰਭਾਲੀ
ਮਿੱਟੀ ਝਾੜੀ
ਤੇ ਹੱਕ ਸੱਚ ਦਾ ਝੰਡਾ ਚੁੱਕ ਕੇ
ਕਾਫ਼ਲੇ ਨਾਲ ਜਾ ਰਲ਼ੀ
ਉਸੇ ਉਮਾਹ ਨਾਲ ਜਿਵੇਂ ਕੋਈ ਪਤੰਗਾ ਲੋਅ ਵੱਲ ਜਾਂਦਾ ਹੈ ।