ਕੈਨੇਡੀਅਨ ਪਹਿਲਵਾਨ ਅਰਜਨ ਸਿੰਘ ਭੁੱਲਰ ਪਹਿਲੇ ਭਾਰਤੀ ਮਿਕਸਡ ਮਾਰਸ਼ਲ ਆਰਟਸ ਵਰਲਡ ਚੈਂਪੀਅਨ ਬਣੇ

ਬ੍ਰਿਟਿਸ਼ ਕੋਲੰਬੀਆ : ਪੰਜਾਬੀ ਮੂਲ ਦੇ ਕੈਨੇਡੀਅਨ ਪਹਿਲਵਾਨ ਅਰਜਨ ਸਿੰਘ ਭੁੱਲਰ ਨੇ ਲੰਬੇ ਸਮੇਂ ਤੋਂ ਹੈਵੀਵੇਟ ਚੈਂਪੀਅਨ ਬਣੇ ਰਹਿਣ ਵਾਲੇ ਬ੍ਰੈਂਡਨ ਵੇਰਾ ਨੂੰ ਦੂਜੇ ਰਾਊਂਡ ਵਿੱਚ ਤਕਨੀਕੀ ਤੌਰ ‘ਤੇ ਨੌਕਆਊਟ ਕਰਕੇ ਇਤਿਹਾਸ ਵਿੱਚ ਪਹਿਲੇ ਭਾਰਤੀ ਮਿਕਸਡ ਮਾਰਸ਼ਲ ਆਰਟਸ ਵਰਲਡ ਚੈਂਪੀਅਨ ਹੋਣ ਦਾ ਮਾਣ ਹਾਸਿਲ ਕਰ ਲਿਆ ਹੈ। ਭੁੱਲਰ ਨੇ ਵੇਰਾ ਨੂੰ ਪਹਿਲੇ ਰਾਊਂਡ ਵਿੱਚ ਸਾਵਧਾਨੀ ਨਾਲ ਪਰਖਿਆ ਅਤੇ ਦੂਜੇ ਰਾਊਂਡ ਵਿੱਚ ਮੈਟ ਉੱਤੇ ਸੁੱਟ ਲਿਆ ਅਤੇ ਤਕਨੀਕੀ ਤੌਰ ‘ਤੇ ਨੌਕਆਊਟ ਕਰਕੇ ਸ਼ਾਨਦਾਰ ਜਿੱਤ ਹਾਸਿਲ ਕਰ ਲਈ।

ਸਿੰਗਾਪੁਰ ਵਿਖੇ ਹੋਈ ਵਨ ਚੈਂਪੀਅਨਸ਼ਿੱਪ ਵਿੱਚ 34 ਸਾਲ ਦੇ ਭੁੱਲਰ ਬ੍ਰੈਂਡਨ ਵੇਰਾ ਨੂੰ ਹਰਾ ਕੇ ਭਾਰਤੀ ਮੂਲ ਦੇ ਪਹਿਲੇ ਫਾਈਟਰ ਅਤੇ ਮਿਕਸਡ ਮਾਰਸ਼ਲ ਆਰਟਸ ਦੇ ਵਿਸ਼ਵ ਜੇਤੂ ਬਣ ਗਏ ਹਨ।

ਈਐਸਪੀਐਨ ਵੈੱਬਸਾਈਟ ਮੁਤਾਬਕ ਕੈਨੇਡਾ ਵਿੱਚ ਵੱਡੇ ਹੋਏ ਅਰਜਨ ਸਿੰਘ ਭੁੱਲਰ ਦਾ ਪਿਛੋਕੜ ਜਲੰਧਰ ਦੇ ਨੇੜੇ ਪਿੰਡ ਬਿੱਲੀ ਭੁੱਲਰ ਦਾ ਹੈ। 2010 ਵਿੱਚ ਅਰਜਨ ਨੇ ਦਿੱਲੀ ਵਿੱਚ ਹੋਈਆਂ 19ਵੀਂ ਰਾਸ਼ਟਰਮੰਡਲ ਖੇਡਾਂ ਵਿੱਚ 120 ਕਿੱਲੋਗ੍ਰਾਮ ਫਰੀਸਟਾਈਲ ਰੈਸਲਿੰਗ ਵਿੱਚ ਗੋਲਡ ਮੈਡਲ ਜਿੱਤਿਆ ਸੀ। 2012 ਵਿੱਚ ਅਰਜਨ ਪੰਜਾਬੀ ਮੂਲ ਦੇ ਪਹਿਲੇ ਕੈਨੇਡੀਅਨ ਬਣੇ ਜਿਸ ਨੇ ਓਲੰਪਿਕਸ ਲਈ ਕੁਆਲੀਫਾਈ ਕੀਤਾ। ਇੱਕ ਤੋਂ ਬਾਅਦ ਇੱਕ ਟੀਚਾ ਤੈਅ ਕਰਦਿਆਂ ਅਰਜਨ ਨੇ ਭਾਰਤੀ ਮੂਲ ਦੇ ਐਥਲੀਟਾਂ ਦੀ ਘੱਟ ਸ਼ਮੂਲੀਅਤ ਵਾਲੀ ਐਮ.ਐਮ.ਏ. ਵੱਲ ਪੈਰ ਧਰਿਆ।

ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿੱਪ (ਯੂਐਫ.ਸੀ.) ਵਿੱਚ ਮੁਕਾਬਲੇ ਲਈ ਭੁੱਲਰ ਨੇ ਦਸਤਾਰ ਪਹਿਣਕੇ ਰਿੰਗ ਵਿੱਚ ਉੱਤਰਨ ਲਈ ਵਿਸ਼ੇਸ਼ ਤੌਰ ‘ਤੇ ਇਜਾਜ਼ਤ ਲਈ। ਵਨ ਚੈਂਪੀਅਨਸ਼ਿੱਪ ਵਿੱਚ ਹੈਵੀਵੇਟ ਦਾ ਟਾਈਟਲ 2016 ਤੋਂ ਸਾਂਭੀ ਬੈਠੇ ਬ੍ਰੈਂਡਨ ਵੇਰਾ ਨੂੰ ਪਿਛਲੇ ਪੰਜ ਸਾਲਾਂ ਵਿੱਚ ਕੋਈ ਨਾ ਹਰਾ ਸਕਿਆ ਪਰ ਭੁੱਲਰ ਨੂੰ ਵਿਸ਼ਵਾਸ ਸੀ ਕਿ ਉਹ ਅਜਿਹਾ ਕਰ ਸਕਦੇ ਹਨ। ਮੁਕਾਬਲੇ ਤੋਂ ਬਾਅਦ ਭੁੱਲਰ ਕਹਿੰਦੇ ਹਨ, ”ਮੈਂ ਜਾਣਦਾ ਸੀ ਕਿ ਮੈਂ ਉਸ ਨੂੰ ਹਰਾ ਦੇਵਾਂਗਾ, ਮੈਂ 5 ਰਾਊਂਡ ਤੱਕ ਖੇਡਣ ਲਈ ਵੀ ਤਿਆਰ ਸੀ।”

ਦੱਸ ਦਈਏ ਕਿ ਭੁੱਲਰ ਅਤੇ ਵੇਰਾ ਦਰਮਿਆਨ ਪਹਿਲਾਂ ਮੁਕਾਬਲਾ ਮਾਰਚ 2020 ਵਿੱਚ ਹੋਣਾ ਤੈਅ ਹੋਇਆ ਸੀ ਪਰ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਮੁਕਾਬਲਾ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮੁਕਾਬਲੇ 2020 ਦੇ ਅਖੀਰ ਵਿੱਚ ਹੋਣਾ ਤੈਅ ਹੋਇਆ ਪਰ ਫ਼ਿਰ ਰੱਦ ਹੋ ਗਿਆ ਸੀ। ਹਾਲਾਂਕਿ ਇਸ ਦੌਰਾਨ ਭੁੱਲਰ ਨੂੰ ਤਿਆਰੀ ਕਰਨ ਲਈ ਹੋਰ ਸਮਾਂ ਮਿਲ ਗਿਆ। ਵੇਰਾ ਨੂੰ ਹਰਾਉਣ ਤੋਂ ਬਾਅਦ ਭੁੱਲਰ ਕਹਿੰਦੇ ਹਨ, ”ਮੈਂ ਉਸ ਉੱਤੇ ਉਦੋਂ ਤੱਕ ਦਬਾਅ ਬਣਾਉਣਾ ਚਾਹੁੰਦਾ ਸੀ ਜਦੋਂ ਤੱਖ ਉਹ ਟੁੱਟ ਨਾ ਜਾਵੇ। ਉਸ ਉੱਤੇ ਪੰਚ ਮਾਰਨਾ, ਪ੍ਰੈਸ਼ਰ ਬਣਾਉਣਾ, ਘੋਲ ਕਰਨਾ। ਮੈਂ ਸਿਰਫ਼ ਇਹੀ ਕੀਤਾ।”

Leave a Reply

Your email address will not be published. Required fields are marked *