ਆਧੁਨਿਕ ਇਸਤਰੀ ਦੀ ਆਵਾਜ਼ ਹੈ ‘ਚੁੱਪ ਦੀ ਚੀਖ਼’

ਡਾ. ਸੁਰਿੰਦਰ ਗਿੱਲ, ਸੰਪਰਕ: +91-99154-73505
ਡਾ. ਹਰਸ਼ਿੰਦਰ ਕੌਰ ਪੰਜਾਬੀ ਸੰਸਾਰ ਵਿੱਚ ਜਾਣਿਆ ਪਛਾਣਿਆ ਨਾਂ ਹੈ। ਸਿਹਤ ਵਿਗਿਆਨ, ਬਾਲ ਮਨੋਵਿਗਿਆਨ, ਭਰੂਣ–ਹੱਤਿਆ, ਜੀਵਨ ਨੂੰ ਅਰੋਗ ਰੱਖਣ ਅਤੇ ਹੋਰ ਸਮਾਜਿਕ ਵਿਸ਼ਿਆਂ ਸਬੰਧੀ ਉਸ ਦੀਆਂ ਰਚੀਆਂ ਪੁਸਤਕ ਦੀ ਗਿਣਤੀ ਦੋ ਦਰਜਨ ਤੋਂ ਵੱਧ ਹੈ। ‘ਚੁੱਪ ਦੀ ਚੀਖ਼‘ ਉਸ ਦੀ ਨਵੀਂ ਪੁਸਤਕ ਹੈ। ਚੁੱਪ ਦੀ ਚਿਖ਼ਾ ਦੇ ਸਮਰਪਣ ਸ਼ਬਦ ਪੜ੍ਹਨ ਸਾਰ ਪੁਸਤਕ ਦੇ ਵਿਸ਼ਾ–ਵਸਤੂ ਦਾ ਗਿਆਨ ਹੋ ਜਾਂਦਾ ਹੈ ”ਚੁੱਪ ਦੀ ਚਿਖ਼ਾ ਵਿੱਚ ਦਫ਼ਨ ਹੋਈਆਂ। ਉਨ੍ਹਾਂ ਔਰਤਾਂ ਦੀਆਂ ਦਰਦਨਾਕ ਚੀਖ਼ਾਂ ਨੂੰ, ਜੋ ਹਾਲੇ ਵੀ ਚੀਖਾ ਦੀ ਉਡੀਕ ਵਿੱਚ ਹਨ।”
ਪੁਸਤਕ ਵਿੱਚ ਲੇਖਿਕਾ ਨੇ ਨਿਮਨ–ਲਿਖਤ ਵਿਸ਼ਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ:- ਭਰੂਣ ਹੱਤਿਆ, ਬਲਾਤਕਾਰ, ਬਾਲ ਵਰ੍ਹੇ ਵਿੱਚ ਹੀ ਕੁੜੀਆਂ ਨੂੰ ਉਨ੍ਹਾਂ ਦੇ ਪਿਓ ਜਾਂ ਉਸ ਤੋਂ ਵੀ ਵੱਡੀ ਉਮਰ ਦੇ ਕਿਸੇ ਵਿਅਕਤੀ ਨਾਲ ਨਰੜ੍ਹ ਦੇਣਾ; ‘ਅੱਛੇ ਦਿਨਾਂ‘ ਦੇ ਯੁੱਗ ਵਿੱਚ ਇਸਤਰੀ ਦੀ ਦੁਰਦਸ਼ਾ; ਮੰਦਬੁੱਧੀ ਸਮਾਜ; ਹੋਦ ਚਿੱਲੜ ਦਾ ਦੁਖਾਂਤ; ਪਰਦੇਸ਼ਾਂ ਵਿੱਚ ਦੁੱਖ ਸਹਿੰਦੀਆਂ ਪੰਜਾਬਣਾਂ ਦਾ ਦੁਖਾਂਤ। ਸੱਤ–ਅੱਠ ਵਰ੍ਹਿਆਂ ਦੀਆਂ ਕੁੜੀਆਂ ਨੂੰ ਪੰਜਾਹ ਸੱਠ ਵਰ੍ਹਿਆਂ ਦੇ ਬੁੱਢੇ ਹੱਥ ਵੇਚ ਦੇਣਾ; ਭਰੂਣ–ਹੱਤਿਆ ਤੋਂ ਉਤਪੰਨ ਹੋ ਰਹੇ ਭਿਆਨਕ ਖ਼ਤਰੇ; ਇਸਤਰੀਆਂ ਦੀ ਸਮਕਾਲੀ ਸਥਿਤੀ ਇੱਕੀਵੀਂ ਸਦੀ ਵਿੱਚ ਔਰਤ ਦੀ ਦਸ਼ਾ, ਲੱਚਰ ਗੀਤ–ਸੰਗੀਤ, ਇਸਤਰੀ ਦੀਆਂ ਸਰੀਰਕ ਇਛਾਵਾਂ ਦੇ ਮਨੋਵਿਗਿਆਨਕ ਤੱਥ ਤੇ ਨਿੱਤ ਵੱਧ ਰਹੀ ਦਰਿੰਦਗੀ ਆਦਿ।
ਡਾ. ਹਰਸ਼ਿੰਦਰ ਕੌਰ ਨੇ ਕੁੱਖ ਵਿੱਚ ਮਾਰੀਆਂ ਜਾਣ ਵਾਲੀਆਂ ਧੀਆਂ ਦੇ ਦੁਖਾਂਤ ਤੋਂ ਲੈ ਕੇ ਧੀ ਦੇ ਜਨਮ ਸਾਰ ਘਰਾਂ ਵਿੱਚ ਛਾਏ ਸੋਗ ਦੇ ਦ੍ਰਿਸ਼; ਧੀ ਜੰਮਣ ਵਾਲੀ ਇਸਤਰੀ ਪ੍ਰਤੀ ਘ੍ਰਿਣਾ, ਤ੍ਰਿਸਕਾਰ ਤੇ ਨਫ਼ਰਤ ਭਰਿਆ ਵਰਤਾਰਾ, ਧੀਆਂ ਦੀ ਸੰਭਾਲ ਵਿੱਚ ਲਾ–ਪ੍ਰਵਾਹੀ ਕਰਕੇ ਉਨ੍ਹਾਂ ਨੂੰ ਮਰਨ ਦੀ ਸਥਿਤੀ ਵਿੱਚ ਰੱਖਣ ਤੋਂ ਆਰੰਭ ਕਰਕੇ ਵਿਵਾਹਿਤ ਕੁੜੀਆਂ ਪ੍ਰਤੀ ਜ਼ੁਲਮ–ਤਸ਼ੱਦਦ, ਦਾਜ–ਖਾਤਰ ਕੁੱਟ–ਮਾਰ ਤੇ ਕਤਲ, ਨਿੱਕੀਆਂ ਬਾਲੜ੍ਹੀਆਂ ਤੋਂ ਲੈ ਕੇ ਬੁੱਢੀਆਂ ਮਾਂਵਾਂ ਤੱਕ ਦਾ ਸਰੀਰਕ ਸੋਸ਼ਣ ਅਤੇ ਬਲਾਤਕਾਰ ਜਿਹੇ ਕੁਕਰਮਾਂ ਪ੍ਰਤੀ ਚੇਤੰਨ ਕੀਤਾ ਹੈ। ਲੇਖਿਕਾ ਨੇ ਕੇਵਲ ਪੰਜਾਬ ਹੀ ਨਹੀਂ, ਸਗੋਂ ਸਮੁੱਚੇ ਭਾਰਤ ਅਤੇ ਦੂਰ ਪਰਦੇਸ਼ਾਂ ਵਿੱਚ ਜਾ ਕੇ ਦੁੱਖ ਸਹਿੰਦੀਆਂ ਪੰਜਾਬਣਾਂ ਦਾ ਦੁੱਖ ਦਰਦ ਵੀ ਰੋਇਆ ਹੈ। ਉਨ੍ਹਾਂ ਦੇ ਡੂੰਘੇ ਜ਼ਖ਼ਮਾਂ ‘ਤੇ ਪਿਆਰ ਅਤੇ ਹਮਦਰਦੀ ਭਰੀ ਟਕੋਰ ਕੀਤੀ ਹੈ। ਲੇਖਿਕਾ ਦੇ ਆਪਣੇ ਕਥਨ ਅਨੁਸਾਰ: ”ਧਰਤੀ ਉੱਤੇ ਜਲ ਅਤੇ ਥਲ ਵਿੱਚ ਘੁੰਮਦੇ ਅਨੇਕ ਜਨੌਰਾਂ, ਪੰਛੀਆਂ ਤੇ ਕੀੜਿਆਂ ਵਿੱਚੋਂ ਸਭ ਤੋਂ ਖ਼ਤਰਨਾਕ ਸਾਬਤ ਹੋ ਚੁੱਕਿਆ ਇਨਸਾਨ, ਕਿਸ ਹੱਦ ਤੱਕ ਵਹਿਸ਼ੀ ਬਣ ਜਾਂਦਾ ਹੈ, ਇਸ ਕਿਤਾਬ ਵਿਚਲੀਆਂ ਦਿਲ–ਕੰਬਾਊ ਅਸਲ ਘਟਨਾਵਾਂ ਪੜ੍ਹਨ ਤੋਂ ਬਾਅਦ ਉਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।”
ਪੁਸਤਕ ਦਾ ਆਰੰਭ ਲੇਖਿਕਾ ਵੱਲੋਂ ਰਚੀ ਇੱਕ ਕਵਿਤਾ ਨਾਲ ਹੁੰਦਾ ਹੈ: ‘ਨਾ ਤੁਰੋ ਮਰਨ ਮਾਰਗ ‘ਤੇ‘। ਇਸ ਕਵਿਤਾ ਵਿੱਚ ਲੇਖਿਕਾ ਅਤੇ ਇੱਕ ਦਸਾਂ ਵਰ੍ਹਿਆਂ ਦੀ ਬੱਚੀ ਵਿੱਚ ਪ੍ਰਸਪਰ ਸੰਵਾਦ ਦੌਰਾਨ ਬੱਚੀ ਦੱਸਦੀ ਹੈ:- ਉਸਤਾਦਾਂ ਨੇ ਹੀ ਤਾਂ
ਮੇਰੀ ਵੱਡੀ ਭੈਣ ਦਾ, ਸਤਿ ਭੰਗ ਕੀਤੈ।
ਇਹ ਉਸਤਾਦ ਨਹੀਂ, ਬਲਾਤਕਾਰੀਏ ਨੇ।
ਵੱਡੀ ਭੈਣ ਨੂੰ ਖਾ ਗਿਆ ਖੂਹ।
ਛੋਟੀ ਨੂੰ ਮਾਪੇ ਖਾ ਗਏ।
(ਪੰਨਾ 17-18)
ਭਰੂਣ ਹੱਤਿਆ ਦੀ ਗੱਲ ਕਰਨ ਸਾਰ ਜਾਗਰੂਕ ਲੇਖਿਕਾ ਨੇ ਆਧੁਨਿਕ ਯੁੱਗ ਦੀ ਗੱਲ ਹੀ ਨਹੀਂ ਕੀਤੀ ਸਗੋਂ ਪੱਥਰ ਯੁੱਗ ਵਿੱਚ ਨਿੱਕੀਆਂ ਬਾਲੜੀਆਂ ਦੇ ਨਿਰਦਈ ਕਤਲੇਆਮ ਦਾ ਵੀ ਉਲੇਖ ਕੀਤਾ ਹੈ, ”ਮੈਂ ਤੁਹਾਨੂੰ ਆਪਣੇ ਨਾਲ ਪੱਥਰ ਯੁੱਗ ਵਿੱਚ ਲੈ ਚਲਦੀ ਹਾਂ। ਸਾਇੰਸਦਾਨਾਂ ਨੇ ਖੁਦਾਈ ਤੋਂ ਮਿਲੇ ਸਬੂਤਾਂ ਤੋਂ ਜਿਹੜੇ ਕਿਆਸ ਲਾਏ ਹਨ, ਉਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੈ: ਲੈਲਾ ਵਿਲੀਅਮਸਨ ਤੇ ਜੋਜ਼ੇਫ਼ ਬਰਡ ਸੈੱਲ ਨੇ ਪੁਰਾਣੇ ਸਮਿਆਂ ਵਿੱਚ ਢੇਰ ਸਾਰੇ ਨਿੱਕੇ ਬੱਚਿਆਂ ਦੇ ਵੱਢੇ ਹੋਏ ਸਿਰ ਮਿਲਣ ਬਾਰੇ ਜ਼ਿਕਰ ਕੀਤਾ ਹੈ… ਪੱਥਰ ਯੁੱਗ ਦੀਆਂ ਖੋਜਾਂ ਤੋਂ ਇਹ ਵੀ ਤੱਥ ਸਾਹਮਣੇ ਲਿਆਂਦੇ ਗਏ ਕਿ ਭੁੱਖਮਰੀ ਸਮੇਂ ਘਰ ਦੇ ਬੱਚਿਆਂ ਨੂੰ ਹੀ ਵੱਢ ਕੇ ਖਾ ਲਿਆ ਜਾਂਦਾ ਸੀ।
ਕੁਝ ਅਜਿਹੇ ਸਬੂਤ ਮਿਲੇ ਹਨ, ਜਿਹੜੇ ਦਰਸਾਉਂਦੇ ਸਨ ਕਿ ਜਨਮ ਤੋਂ ਬਾਅਦ ਪੰਜਾਹ ਪ੍ਰਤੀਸ਼ਤ ਨਵ–ਜੰਮੀਆਂ ਨੂੰ ਉਨ੍ਹਾਂ ਦੇ ਮਾਪੇ ਹੀ ਮਾਰ ਦਿੰਦੇ ਸਨ ਤਾਂ ਜੋ ਖੁਰਾਕ ਦੀ ਘਾਟ ਨੂੰ ਪੂਰ ਚੜ੍ਹਾਇਆ ਜਾ ਸਕੇ।”
ਇਕ ਪ੍ਰਬੁੱਧ ਖੋਜਾਰਥੀ ਵਾਂਗ ਡਾ. ਹਰਸ਼ਿੰਦਰ ਕੌਰ ਨੇ ਉਪਰੋਕਤ ਭਾਂਤ ਦੀਆਂ ਅਨੇਕ ਉਦਾਹਰਣਾਂ ਵਿਸ਼ਵ ਇਤਿਹਾਸ ਵਿੱਚੋਂ ਦਿੱਤੀਆਂ ਹਨ ਪਰ ਖੋਜ ਵਿਧੀ ਨੂੰ ਅੱਖੋਂ–ਪਰੋਖੇ ਕਰਕੇ ਤੱਥ–ਅੰਕੜੇ ਤੇ ਸੰਕੇਤ ਭਾਵੇ ਲੇਖਿਕਾ ਦੀ ਪੁਸਤਕ, ਪੰਨਾ, ਪ੍ਰਕਾਸ਼ਕ ਅਤੇ ਪ੍ਰਕਾਸ਼ਨ ਮਿਤੀ ਵੱਲ ਕੋਈ ਸੰਕੇਤ ਕੀਤਾ ਹੁੰਦਾ ਤਾਂ ਉਪਰੋਕਤ ਜਾਣਕਾਰੀ ਨਾਲ ਸੋਨੇ ‘ਤੇ ਸੁਹਾਗਾ ਵਾਲੀ ਗੱਲ ਬਣ ਜਾਣੀ ਸੀ। ਉਦਾਹਰਣ ਰੂਪ, ”ਹੈਂਡ ਬੁੱਕ ਆਫ ਨਾਰਥ ਅਮੈਰੀਕਨ ਇੰਡੀਅਨਜ਼ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਅਲਾਸਕਾ ਵਿੱਚ ਨਵਜੰਮੀ ਬੱਚੇ ਦੇ ਗਲੇ ਵਿੱਚ ਘਾਹ ਫਸਾ ਕੇ ਮਰਨ ਲਈ ਬਾਹਰ ਸੁੱਟ ਦਿੱਤਾ ਜਾਂਦਾ ਸੀ ਤਾਂ ਜੋ ਉਸ ਦੀ ਚੀਕ ਨਾ ਸੁਣਾਈ ਦੇਵੇ। ਪੋਲਰ ਹਿੱਸਿਆਂ ਵਿੱਚ ਨਵਜੰਮੀ ਬੱਚੀ ਸਮੁੰਦਰ ਵਿੱਚ ਸੁੱਟ ਦਿੱਤੀ ਜਾਂਦੀ ਸੀ ਤੇ ਪੇਂਡੂ ਅਮਰੀਕਨ ਤਾਂ ਸਾਰੀਆਂ ਹੀ ਨਵਜੰਮੀਆਂ ਕੁੜੀਆਂ ਮਾਰ ਦਿੰਦੇ ਸਨ। ਨਤੀਜੇ ਵੱਲੋਂ ਉਨ੍ਹਾਂ ਨੂੰ ਵਿਆਹੁਣ ਵਾਸਤੇ ਨੂੰਹਾਂ ਹੋਰਨਾਂ ਥਾਵਾਂ ਤੋਂ ਲਿਆਉਣੀਆਂ ਪੈਂਦੀਆਂ ਸਨ।” (ਪੰਨਾ-24)
ਉਪਰੋਕਤ ਤੱਥਾਂ ਨੂੰ ਅਸੀਂ ਗਲਤ ਨਹੀਂ ਕਹਿੰਦੇ ਪਰ ਇਨ੍ਹਾਂ ਦੇ ਸਹੀ ਪ੍ਰਸੰਗ ਸਪਸ਼ਟ ਨਹੀਂ ਕੀਤੇ। ਵਿਸ਼ਵ ਦੇ ਬਹੁਤ ਸਾਰੇ ਦੇਸਾਂ ਸਬੰਧੀ ਉਪਰੋਕਤ ਜਾਣਕਾਰੀ ਇੱਕਤਰ ਕਰਨ ਲਈ ਲੇਖਿਕਾ ਪ੍ਰਸੰਸਾ ਦੀ ਹੱਕਦਾਰ ਹੈ। ਭਰੂਣ ਹੱਤਿਆ ਕਾਰਨ ਕੁੜੀਆਂ ਦੀ ਲਗਾਤਾਰ ਘਟ ਰਹੀ ਸੰਖਿਆ ਸਬੰਧੀ ਡਾ. ਹਰਸ਼ਿੰਦਰ ਕੌਰ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਸਤੰਬਰ 2007 ਤੋਂ ਮਾਰਚ 2008 ਤੱਕ ਮੁੰਡਿਆਂ ਅਤੇ ਕੁੜੀਆਂ ਦੀ ਗਿਣਤੀ ਦਾ ਚਾਰਟ ਲਿਖ ਕੇ ਸਿੱਧ ਕਰ ਦਿੱਤਾ ਹੈ ਕਿ ਕਿਵੇਂ ਮੁੰਡਿਆਂ ਦੀ ਜਨਮ ਦਰ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਦਿਨੋ–ਦਿਨ ਘਟ ਰਹੀ ਹੈ। ਕੁੜੀਆਂ ਦੀ ਸਿਹਤ ਪ੍ਰਤੀ ਮਾਪਿਆਂ ਦੀ ਬੇਪ੍ਰਵਾਹੀ ਦੱਸਦਿਆਂ ਸੁਘੜ ਲੇਖਿਕਾ ਦੇ ਸ਼ਬਦ ਹਨ: ”ਇਨ੍ਹਾਂ ਮਹੀਨਿਆਂ ਟੀਕਾਕਰਨ ਲਈ ਲਿਆਂਦੇ ਜਾਂ ਪਹਿਲਾਂ ਜੰਮ ਚੁੱਕੇ ਬੱਚਿਆਂ ਵਿੱਚੋਂ ਹਰ ਹਜ਼ਾਰ ਮੁੰਡਿਆਂ ਪਿੱਛੇ ਸਿਰਫ 585 ਕੁੜੀਆਂ ਹੀ ਟੀਕਾਕਰਨ ਲਈ ਲਿਆਂਦੀਆਂ ਗਈਆਂ ਭਾਵ ਕਿ ਵਿਤਕਰਾ ਜੰਮਦੇ ਸਾਰ ਹੀ ਸ਼ੁਰੂ ਹੋ ਗਿਆ। …ਜੇ ਹਸਪਤਾਲ ਵਿਚਲੇ ਦਾਖਲੇ ਵੱਲ ਝਾਤ ਮਾਰੀਏ ਤਾਂ ਵੀ ਕੁੜੀਆਂ ਦੀ ਗਿਣਤੀ ਹਰ ਹਜ਼ਾਰ ਮੁੰਡਿਆਂ ਪਿੱਛੇ 309 ਤੋਂ 317 ਤੱਕ ਸੀਮਤ ਹੈ ਜੋ ਪਹਿਲੇ ਸਾਲਾਂ ਨਾਲੋ ਹੋਰ ਘਟ ਚੁੱਕੀ ਹੈ। ਜ਼ਾਹਿਰ ਹੈ ਕਿ ਮਾਪੇ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਕਰਵਾ ਕੇ ਵੀ ਆਪਣੀ ਕੁੜੀ ਦਾ ਇਲਾਜ ਨਹੀਂ ਕਰਵਾਉਣਾ ਚਾਹੁੰਦੇ ਤਾਂ ਪ੍ਰਾਈਵੇਟ ਹਸਪਤਾਲਾਂ ਦਾ ਖਰਚਾ ਕਿਵੇਂ ਝੱਲ ਸਕਦੇ ਹਨ।” (ਪੰਨਾ-45)
ਡਾ. ਹਰਸ਼ਿੰਦਰ ਕੌਰ ਦੀਆਂ ਰਚਨਾਵਾਂ ਪੜ੍ਹ ਕੇ ਕੁਝ ਧਰਵਾਸ ਵੀ ਹੁੰਦਾ ਹੈ ਕਿ ਬਲਾਤਕਾਰ, ਭਰੂਣ ਹੱਤਿਆ ਅਤੇ ਇਸਤਰੀਆਂ ਪ੍ਰਤੀ ਹੋਰ ਕਈ ਜ਼ੁਲਮ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿੱਚ ਵਿਆਪਕ ਹਨ। ਡਾ. ਹਰਸ਼ਿੰਦਰ ਕੌਰ ਨੇ ਮੁਟਿਆਰਾਂ ਨਾਲ ਹੋ ਰਹੀਆਂ ਬਲਾਤਕਾਰੀ ਘਟਨਾਵਾਂ ਦੇ ਨਾਲ–ਨਾਲ ਨਿੱਕੀਆਂ–ਨਿੱਕੀਆਂ ਮਾਸੂਮ ਬਾਲੜੀਆਂ ਨਾਲ ਹੋ ਰਹੇ ਕਾਮੁਕ ਅਪਰਾਧਾਂ ਅਤੇ ਉਨ੍ਹਾਂ ਦੇ ਸਰੀਰਕ ਸੋਸ਼ਣ ਦੀਆਂ ਕੋਝੀਆਂ ਹਰਕਤਾਂ ਨੂੰ ਵੀ ਬੇਪਰਦ ਕੀਤਾ ਹੈ। ਕਈ ਵਾਰ ਭੁੱਖ ਦੇ ਦੁੱਖ ਦੇ ਸਤਾਏ ਗਰੀਬ ਮਾਪੇ ਆਪਣੀਆਂ ਬਾਲੜੀਆਂ ਧੀਆਂ ਨੂੰ ਆਪਣੇ ਪੇਟ ਦੀ ਅੱਗ ਬੁਝਾਉਣ ਹਿੱਤ ਬੁੱਢੇ ਤੇ ਧਨੀਆਂ ਨਾਲ ਨਰੜ ਦਿੰਦੇ ਹਨ ਤੇ ਵਿਚਾਰੀਆਂ ਬਾਲੜੀਆਂ ਜ਼ਿੰਦਗੀ ਭਰ ਨਰਕ ਭੋਗਦੀਆਂ ਹਨ। ਸੁਘੜ ਲੇਖਿਕਾ ਨੇ ਆਪਣੇ ਕਥਨ ਦੀ ਪ੍ਰੋੜਤਾ ਕਰਦੀਆਂ ਅਨੇਕ ਉਦਾਹਰਣਾਂ ਪੇਸ਼ ਕੀਤੀਆਂ ਹਨ।
‘ਚੁੱਪ ਦੀ ਚੀਖ‘ ਦੇ ਪ੍ਰਕਾਸ਼ਨ ਨਾਲ ਡਾ. ਹਰਸ਼ਿੰਦਰ ਕੌਰ ਇਕ ਸਫਲ ਵਾਰਤਾਕਾਰ ਹੀ ਨਹੀਂ ਸਗੋਂ ਇਕ ਜਾਗਰੂਕ ਖੋਜਾਰਥੀ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ”ਜਿਉਣ ਜੋਗਿਆ! ਮੈਂ ਤੇਰੀ ਮਾਂ ਬੋਲਦੀ ਹਾਂ” (ਪੰਨਾ 217-219) ਧਰਤੀ ਮਾਂ ਦੇ ਦੁਖੀ ਹਿਰਦੈ ਦੀ ਆਵਾਜ਼ ਹੈ। ਇਸ ਅਧਿਆਏ ਵਿੱਚ ਲੇਖਿਕਾ ਨੇ ਸਾਡੇ ਸਮਾਜ ਦੀਆਂ ਅਤਿ ਸ਼ਰਮਨਾਕ ਘਟਨਾਵਾਂ ਤੋਂ ਪਰਦਾ ਚੁੱਕਿਆ ਹੈ। ”ਬਹੁਤ ਵਾਰੀ ਤੁਸੀਂ ਵੀ ਖਬਰਾਂ ਪੜ੍ਹੀਆਂ ਹੋਣਗੀਆਂ ਕਿ ਇਸ ਧਰਤੀ ਉੱਤੇ ਮਾਂ ਦਾ ਬਲਾਤਕਾਰ ਕਰਦਿਆਂ ਉਸ ਦਾ ਪੁੱਤਰ ਕਸੂਰਵਾਰ ਸਾਬਤ ਹੋ ਚੁੱਕਿਆ ਹੈ ਤੇ ਪਿਉਆਂ ਨੇ ਵੀ ਆਪਣੀਆਂ ਧੀਆਂ ਦਾ ਅਨੇਕ ਵਾਰ ਚੀਰ ਹਰਨ ਕੀਤਾ ਹੈ…।” (ਪੰਨਾ 217)
‘ਚੁੱਪ ਦੀ ਚੀਖ‘ ਦੇ ਮੁੱਖ ਬੰਧ ਵਿੱਚ ਲਿਖੇ ਇਹ ਸ਼ਬਦ ਕਿ ”ਆਪਣੇ ਪੇਸ਼ੇ ਨਾਲ ਜੁੜੇ ਕੰਮਾਂ ਤੇ ਫਰਜ਼ਾਂ ਤੋਂ ਇਲਾਵਾ ਡਾ. ਹਰਸ਼ਿੰਦਰ ਨੇ ਸਿਹਤ ਗਿਆਨ, ਭਾਸ਼ਾ ਗਿਆਨ, ਮੈਡੀਕਲ ਸਿੱਖਿਆ, ਬਾਲ ਸਾਹਿਤ ਤੇ ਬਾਲ ਮਨੋਵਿਗਿਆਨ ਆਦਿ ਖੇਤਰਾਂ ਵਿੱਚ ਲਿਖਣਾ ਵੀ ਨਿਰੰਤਰ ਜਾਰੀ ਰੱਖਿਆ ਹੈ। ਸਮਾਜ ਕਲਿਆਣ ਲਈ ਜੋ ਕਾਰਜ ਉਹ ਕਰ ਰਹੇ ਹਨ, ਉਹ ਵੱਖਰੇ ਤੌਰ ‘ਤੇ ਸ਼ਲਾਘਾਯੋਗ ਹੈ। ਉਨ੍ਹਾਂ ਦੀ ਊਰਜਾ, ਦਿੜ੍ਹਤਾ ਤੇ ਦਲੇਰੀ ਨੂੰ ਸਲਾਮ।” ਡਾ. ਹਰਸ਼ਿੰਦਰ ਕੌਰ ਦੇ ਸਾਹਿਤਕ ਯੋਗਦਾਨ ਪ੍ਰਤੀ ਪੂਰਨ ਰੂਪ ਵਿੱਚ ਢੁੱਕਦੇ ਹਨ।