ਗੰਗਾ ‘ਚ ਰੁੜ੍ਹ ਰਹੀ ਲਾਸ਼ ਬਾਹਰ ਕੱਢ ਕੇ ਪੁਲੀਸ ਨੇ ਪੈਟਰੋਲ ਤੇ ਟਾਇਰ ਸੁੱਟ ਕੇ ਸਾੜੀ

ਬਲਿਆ : ਕਰੋਨਾ ਦੀ ਦੂਸਰੀ ਲਹਿਰ ਵਿਚ ਗੰਗਾ ਨਦੀ ਵਿਚ ਲਾਸ਼ਾਂ ਵਹਿ ਰਹੀਆਂ ਸਨ ਤਾਂ ਕਿਨਾਰੇ ‘ਤੇ ਰੇਤੇ ਵਿਚ ਪਤਾ ਨਹੀਂ ਕਿੰਨੀਆਂ ਹੀ ਦਫ਼ਨ ਸਨ। ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਕਈ ਜ਼ਿਲ੍ਹਿਆਂ ਵਿਚ ਲਾਸ਼ਾਂ ਗੰਗਾ ਵਿਚ ਵਹਾਉਣ ਦਾ ਖੁਲਾਸਾ ਹੋਣ ਮਗਰੋਂ ਯੂ.ਪੀ. ਸਰਕਾਰ ਨੇ ਗੰਗਾ ਕਿਨਾਰੇ ਜ਼ਿਲ੍ਹਿਆਂ ਵਿਚ ਸਖ਼ਤੀ ਕਾਫ਼ੀ ਵਧਾ ਦਿੱਤੀ ਸੀ। ਗੰਗਾ ਦੇ ਘਾਟਾਂ ‘ਤੇ ਪੁਲੀਸ ਵੀ ਤੈਨਾਤ ਕਰ ਦਿੱਤੀ ਗਈ ਸੀ।
ਸਰਕਾਰੀ ਸਖ਼ਤੀ ਦੇ ਬਾਵਜੂਦ ਹਾਲੇ ਵੀ ਗੰਗਾ ਵਿਚ ਲਾਸ਼ਾਂ ਵਹਿ ਕੇ ਆ ਰਹੀਆਂ ਹਨ। ਪ੍ਰਸ਼ਾਸਨ ਜਿਵੇਂ-ਕਿਵੇਂ ਉਨ੍ਹਾਂ ਨੂੰ ਨਬੇੜਨ ਵਿਚ ਲੱਗਾ ਹੈ। ਅਜਿਹਾ ਹੀ ਇਕ ਮਾਮਲਾ ਬਲਿਆ ਵਿਚ ਸਾਹਮਣੇ ਆਇਆ ਹੈ, ਜਿੱਥੇ ਪੁਲੀਸ ਮੁਲਾਜ਼ਮਾਂ ਨੇ ਲਾਸ਼ ਨੂੰ ਗੰਗਾ ਵਿੱਚੋਂ ਕੱਢ ਕੇ ਉਸ ‘ਤੇ ਪੈਟਰੋਲ ਛਿੜਕ ਦਿੱਤਾ ਤੇ ਫੇਰ ਚਿਤਾ ‘ਤੇ ਟਾਇਰ ਰੱਖ ਕੇ ਅੱਗ ਲਗਾ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਿਆ ਦੇ ਮਾਲਦੇਪੁਰ ਵਿਚ ਪੁਲੀਸ ਮੁਲਾਜ਼ਮਾਂ ਨੇ ਗੰਗਾ ਵਿਚ ਵਹਿੰਦੀ ਲਾਸ਼ ਕੱਢ ਕੇ ਚਿਤਾ ‘ਤੇ ਲੱਕੜਾਂ ਦੇ ਨਾਲ-ਨਾਲ ਟਾਇਰ ਵੀ ਰੱਖ ਦਿੱਤਾ। ਐਸ.ਪੀ. ਵਿਪਨ ਟਾਡਾ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਪੁਲੀਸ ਮੁਲਾਜ਼ਮ ਪੈਟਰੋਲ ਅਤੇ ਟਾਇਰਾਂ ਨਾਲ ਲਾਸ਼ਾਂ ਸਾੜ ਰਹੇ ਹਨ। ਇਸ ਮਾਮਲੇ ਵਿਚ ਉਥੇ ਤੈਨਾਤ 5 ਪੁਲੀਸ ਮੁਲਾਜ਼ਮਾਂ ਨੂੰ ਸੰਵੇਦਨਹੀਣਤਾ ਦੇ ਦੋਸ਼ ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ।
‘ਦੈਨਿਕ ਭਾਸਕਰ’ ਦੀ ਰਿਪੋਰਟ ਅਨੁਸਾਰ ਗੰਗਾ ਕਿਨਾਰੇ ਵਸੇ 27 ਜ਼ਿਲ੍ਹਿਆਂ ਵਿਚ 2 ਹਜ਼ਾਰ ਤੋਂ ਜ਼ਿਆਦਾ ਲਾਸ਼ਾਂ ਦਾ ਰਾਜ਼ ਦਫ਼ਨ ਹੈ। ਕਈ ਜ਼ਿਲ੍ਹਿਆਂ ਵਿਚ ਗੰਗਾ ਕਿਨਾਰੇ ਲਾਸ਼ਾਂ ਮਿਲੀਆਂ ਹਨ।