ਕਰੋਨਾ ਇਫੈਕਟਸ : ਹੁਣ ਬਲੈਕ ਤੇ ਵ੍ਹਾਈਟ ਫੰਗਸ ਬਣ ਰਹੀ ਮੁਸੀਬਤ

ਨਵੀਂ ਦਿੱਲੀ : ਹੁਣ ਤੱਕ ਬਲੈਕ ਫੰਗਸ (ਮਯੂਕਰ ਮਾਈਕੋਸਿਸ) ਨਾਲ ਜੂਝ ਰਹੇ ਪਟਨਾ ਵਿਚ ਵ੍ਹਾਈਟ ਫੰਗਸ ਦੇ ਮਰੀਜ਼ ਮਿਲਣ ਨਾਲ ਤਰਥਲੀ ਮੱਚ ਗਈ ਹੈ। ਬਲੈਕ ਫੰਗਸ ਨਾਲੋਂ ਜ਼ਿਆਦਾ ਖ਼ਤਰਨਾਕ ਮੰਨੀ ਜਾਣ ਵਾਲੀ ਇਸ ਬਿਮਾਰੀ ਦੇ ਚਾਰ ਮਰੀਜ਼ ਪਿਛਲੇ ਕੁਝ ਦਿਨਾਂ ਵਿਚ ਮਿਲੇ ਹਨ। ਵ੍ਹਾਈਟ ਫੰਗਸ (ਕੈਂਡਿਡੋਸਿਸ) ਫੇਫੜਿਆਂ ਦੇ ਵਾਇਰਸ ਦਾ ਮੁੱਖ ਕਾਰਨ ਹੈ। ਇਹ ਫੇਫੜਿਆਂ ਤੋਂ ਇਲਾਵਾ ਚਮੜੀ, ਨਹੁੰ, ਮੂੰਹ ਦੇ ਅੰਦਰੂਨੀ ਹਿੱਸੇ, ਅੰਤੜੀਆਂ, ਕਿਡਨੀ, ਗੁਪਤ ਅੰਗ ਅਤੇ ਦਿਮਾਗ਼ ਨੂੰ ਵੀ ਲਪੇਟ ਵਿਚ ਲੈਂਦੀ ਹੈ।
ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਮਾਈਕਰੋਬਾਇਓਲਾਜੀ ਵਿਭਾਗ ਦੇ ਹੈੱਡ ਡਾ. ਐਸ.ਐਨ. ਸਿੰਘ ਮੁਤਾਬਕ ਹੁਣ ਤੱਕ ਅਜਿਹੇ ਚਾਰ ਮਰੀਜ਼ ਮਿਲੇ ਹਨ, ਜਿਨ੍ਹਾਂ ਵਿਚ ਕੋਵਿਡ-19 ਵਰਗੇ ਲੱਛਣ ਸਨ ਪਰ ਉਹ ਕਰੋਨਾ ਨਹੀਂ, ਸਗੋਂ ਵ੍ਹਾਈਟ ਫੰਗਸ ਨਾਲ ਪੀੜਤ ਸਨ। ਮਰੀਜ਼ਾਂ ਵਿਚ ਕਰੋਨਾ ਦੇ ਤਿੰਨੋਂ ਟੈਸਟ ਨੈਗੇਟਿਵ ਸਨ। ਜਾਂਚ ਹੋਣ ‘ਤੇ ਸਿਰਫ਼ ਐਂਟੀ ਫੰਗਲ ਦਵਾਈਆਂ ਨਾਲ ਉਹ ਠੀਕ ਹੋ ਗਈ।
ਕਰੋਨਾ ਮਹਾਮਾਰੀ ਦੌਰਾਨ ਸਾਹਮਣੇ ਆਇਆ ਬਲੈਕ ਫੰਗਸ ਕੇਂਦਰ ਲਈ ਵੱਡੀ ਚਿੰਤਾ ਬਣ ਗਿਆ ਹੈ। ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਚਿੱਠੀ ਲਿਖ ਕੇ ਬਲੈਕ ਫੰਗਸ ਲਈ ਅਲਰਟ ਕੀਤਾ ਹੈ। ਨਾਲ ਹੀ ਸਾਰੀ ਸੂਬਾਈ ਸਰਕਾਰਾਂ ਨੂੰ ਇਸ ਨੂੰ ਮਹਾਮਾਰੀ ਐਕਟ ਤਹਿਤ ਨੋਟਏਬਲ ਡਿਜ਼ੀਜ਼ ਐਲਾਨ ਕਰਨ ਲਈ ਕਿਹਾ ਹੈ। ਭਾਵ ਸੂਬਿਆਂ ਨੂੰ ਬਲੈਕ ਫੰਗਸ ਦੇ ਕੇਸ, ਮੌਤਾਂ, ਇਲਾਜ ਅਤੇ ਦਵਾਈਆਂ ਦਾ ਹਿਸਾਬ ਰੱਖਣਾ ਹੋਵੇਗਾ।
ਰਾਜਸਥਾਨ, ਹਰਿਆਣਾ, ਤੇਲੰਗਾਨਾ ਅਤੇ ਤਾਮਿਲਨਾਡੂ ਇਸ ਬਲੈਕ ਫੰਗਸ ਨੂੰ ਪਹਿਲਾਂ ਹੀ ਮਹਾਮਾਰੀ ਐਲਾਨ ਕਰ ਚੁੱਕੇ ਹਨ। ਦਿੱਲੀ ਵਿਚ ਵੀ ਇਸ ਦੇ ਮਰੀਜ਼ਾਂ ਦੇ ਇਲਾਜ ਲਈ ਵੱਖਰੇ ਤੌਰ ‘ਤੇ ਸੈਂਟਰਜ਼ ਬਣਾਏ ਜਾ ਰਹੇ ਹਨ।