ਇਜ਼ਰਾਈਲ ਅਤੇ ਫਲਸਤੀਨੀ ਕੱਟੜਪੰਥੀ ਹਮਾਸ ਵਿਚਕਾਰ ਗੋਲੀਬੰਦੀ ਲਾਗੂ

ਗਾਜ਼ਾ/ਯੋਰੋਸ਼ਲਮ : ਇਜ਼ਰਾਈਲ ਅਤੇ ਫਲਸਤੀਨੀ ਕੱਟੜਪੰਥੀ ਹਮਾਸ ਵਿਚਕਾਰ ਗੋਲੀਬੰਦੀ ਲਾਗੂ ਹੋ ਗਈ ਹੈ। ਇਹ ਗੋਲੀਬੰਦੀ ਸ਼ੁੱਕਰਵਾਰ ਤੜਕੇ ਲਾਗੂ ਹੋਈ ਅਤੇ 11 ਦਿਨਾਂ ਤੋਂ ਜਾਰੀ ਬੰਬਾਰੀ ਬੰਦ ਹੋ ਗਈ ਜਿਸ ਵਿੱਚ ਹੁਣ ਤੱਕ 240 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਇਸ ਤੋਂ ਕੁਝ ਘੰਟੇ ਪਹਿਲਾਂ ਇਜ਼ਰਾਈਲੀ ਕੈਬਿਨਿਟ ਨੇ “ਆਪਸੀ ਅਤੇ ਬੇਸ਼ਰਤ” ਗੋਲੀਬੰਦ ਦੀ ਪੁਸ਼ਟੀ ਕੀਤੀ।
ਹਾਲਾਂਕਿ ਹਮਾਸ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਬਰ ਤਿਆਰ ਹੈ। ਹਮਾਸ ਨੇ ਮੰਗ ਕੀਤੀ ਇਜ਼ਰਾਇਲ ਯੋਰੋਸ਼ਲਮ ਵਿੱਚ ਹਿੰਸਕ ਕਾਰਵਾਈਆਂ ਬੰਦ ਕਰੇ ਤੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਜੰਗ ਦੌਰਾਨ ਗਾਜ਼ਾ ਪੱਟੀ ਵਿੱਚ ਹੋਏ ਨੁਕਸਾਨ ਦੀ ਭਰਪਾਈ ਕਰੇ। ਅਸਥਾਈ ਜੰਗਬੰਦੀ ਮਗਰੋਂ ਗਾਜ਼ਾ ਪੱਟੀ ਵਿੱਚ ਜਸ਼ਨ ਦਾ ਮਾਹੌਲ ਹੈ। ਪਿਛਲੇ 11 ਦਿਨਾਂ ਤੋਂ ਜਾਰੀ ਜੰਗ ਦੌਰਾਨ 244 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ, ਜਿਨ੍ਹਾਂ ਵਿੱਚ 65 ਬੱਚੇ ਵੀ ਸ਼ਾਮਲ ਸਨ।
ਵੀਰਵਾਰ ਨੂੰ 100 ਤੋਂ ਜ਼ਿਆਦਾ ਇਜ਼ਰਾਈਲੀ ਹਵਾਈ ਹਮਲਿਆਂ ਨੇ ਉੱਤਰੀ ਗਾਜ਼ਾ ਵਿੱਚ ਹਮਾਸ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ। ਹਮਾਸ ਨੇ ਵੀ ਰਾਕਟਾਂ ਨਾਲ ਹਮਲਿਆਂ ਦਾ ਜਵਾਬ ਦਿੱਤਾ। ਗਾਜ਼ਾ ਵਿੱਚ 10 ਮਈ ਨੂੰ ਜੰਗ ਛਿੜੀ ਸੀ। ਇਸ ਤੋਂ ਕਈ ਹਫ਼ਤੇ ਪਹਿਲਾਂ ਤੋਂ ਇਜ਼ਰਾਈਲ-ਫ਼ਲਸਤੀਨ ਵਿੱਚ ਤਣਾਅ ਜਾਰੀ ਸੀ ਜਿਸ ਦੇ ਨਤੀਜੇ ਵਜੋਂ ਮੁਸਲਮਾਨਾਂ ਅਤੇ ਯਹੂਦੀਆਂ ਦੋਵਾਂ ਵੱਲੋਂ ਸਤਿਕਾਰੇ ਜਾਂਦੇ ਇੱਕ ਪਵਿੱਤਰ ਥਾਂ ‘ਤੇ ਹਿੰਸਾ ਹੋਈ। ਹਮਾਸ ਨੇ ਇਜ਼ਰਾਈਲ ਨੂੰ ਜਗ੍ਹਾ ਤੋਂ ਪਿੱਛੇ ਹਟਣ ਦੀ ਚੇਤਾਵਨੀ ਦਿੱਤੀ ਅਤੇ ਰਾਕਟ ਸੁੱਟਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਇਜ਼ਰਾਈਲ ਨੇ ਵੀ ਮੋੜਵੀਂ ਕਾਰਵਾਈ ਸ਼ੁਰੂ ਕਰ ਦਿੱਤੀ।
ਹਮਾਸ ਅਧੀਨ ਸਿਹਤ ਮੰਤਰਾਲੇ ਮੁਤਾਬਕ ਗਾਜ਼ਾ ਵਿੱਚ ਇਸ ਲੜਾਈ ਵਿੱਚ ਘੱਟੋ ਘੱਟ 232 ਜਿਨ੍ਹਾਂ ਵਿੱਚ 100 ਤੋਂ ਵਧੇਰੇ ਔਰਤਾਂ ਅਤੇ ਬੱਚੇ ਸ਼ਾਮਲ ਹਨ, ਗਾਜ਼ਾ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਇਜ਼ਰਾਈਲ ਮੁਤਾਬਕ ਮਰਨ ਵਾਲਿਆਂ ਵਿੱਚ ਘੱਟੋ-ਘੱਟ 150 ਮਿਲੀਟੈਂਟ ਵੀ ਸਨ। ਜਦਕਿ ਹਮਾਸ ਨੇ ਲੜਾਕਿਆਂ ਬਾਰੇ ਅਜਿਹੀ ਕੋਈ ਸੰਖਿਆ ਨਹੀਂ ਦੱਸੀ ਹੈ।