ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ’ਤੇ ਅੰਸ਼ੁਲ ਛਤਰਪਤੀ ਨੇ ਕੀਤਾ ਇਤਰਾਜ਼

Ritesh Singh

ਸਿਰਸਾ (ਪ੍ਰਭੂ ਦਿਆਲ) : ਸਾਧਵੀਆਂ ਨਾਲ ਜਬਰ ਜਨਾਹ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ’ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ’ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਇਤਰਾਜ਼ ਕਰਦਿਆਂ ਕਿਹਾ ਹੈ ਕਿ ਹੁਣ ਡੇਰਾ ਮੁਖੀ ਨੂੰ ਸਿਰਸਾ ਲਿਆਉਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਪਹਿਲਾਂ ਡੇਰਾ ਮੁਖੀ ਨੂੰ 24 ਅਕਤੂਬਰ ਨੂੰ ਪੈਰੋਲ ਦਿੱਤੀ ਗਈ ਤੇ ਹੁਣ 48 ਘੰਟਿਆਂ ਲਈ ਮੁੜ ਪੈਰੋਲ ਦਿੱਤੀ ਗਈ ਹੈ। ਕਰੋਨਾ ਦੇ ਚਲਦਿਆਂ ਤਾਲਾਬੰਦੀ ਕੀਤੀ ਗਈ ਹੈ। ਅਦਾਲਤ ਬੰਦ ਹੈ ਤੇ ਇਸ ਦਾ ਫਾਇਦਾ ਲਿਆ ਜਾ ਰਿਹਾ ਹੈ। ਇਹ ਪੈਰੋਲ ਨਹੀਂ ਮਿਲੀਭੁਗਤ ਦੀ ਖੇਡ ਖੇਡੀ ਜਾ ਰਹੀ ਹੈ।

ਅੰਸ਼ੁਲ ਛਤਰਪਤੀ ਨੇ ਕਿਹਾ ਕਿ ਪਹਿਲਾਂ ਬਿਮਾਰੀ ਦਾ ਡਰਾਮਾ ਕਰਕੇ ਪੀਜੀਆਈ ਲਿਆਂਦਾ ਗਿਆ। ਜਦੋਂ ਡਾਕਟਰਾਂ ਨੇ ਰਿਪੋਰਟ ਡੇਰਾ ਮੁਖੀ ਦੇ ਹੱਕ ’ਚ ਨਹੀਂ ਦਿੱਤੀ ਤਾਂ ਮਾਂ ਦੀ ਬਿਮਾਰੀ ਦਸ ਕੇ ਛੁੱਟੀ ਦੀ ਅਰਜ਼ੀ ਲਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਜਬਰ ਜਨਾਹ ਤੇ ਕਤਲ ਦੀ ਸਜ਼ਾ ਭੁਗਤ ਰਹੇ ਇਕ ਅਜਿਹੇ ਕੈਦੀ ਨੂੰ ਵੀਆਈਪੀ ਟਰੀਟਮੈਂਟ ਦੇ ਰਹੀ ਹੈ, ਜਿਸ ਕਾਰਨ 25 ਅਗਸਤ 2017 ਨੂੰ ਹਰਿਆਣਾ ਤੇ ਪੰਜਾਬ ਵਿੱਚ ਵੱਡੇ ਪੱਧਰ ’ਤੇ ਸਾੜ ਫੂਕ ਦੀਆਂ ਘਟਨਾਵਾਂ ਵਾਪਰੀਆਂ ਸਨ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਨੂੰ 25 ਅਗਸਤ 2017 ਨੂੰ ਡੇਰੇ ਦੀਆਂ ਹੀ ਦੋ ਸਾਧਵੀਆਂ ਦੇ ਜਬਰ ਜਨਾਹ ਦੇ ਮਾਮਲੇ ਵਿੱਚ ਦਸ ਦਸ ਸਾਲ ਦੀ ਕੈਦ ਅਤੇ 11 ਜਨਵਰੀ 2019 ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ਵਿੱਚ ਉਮਰ ਕੈਦ ਸੀ ਸਜ਼ਾ ਸੁਣਾਈ ਗਈ ਸੀ। ਡੇਰਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਕੱਟ ਰਿਹਾ ਹੈ।

Leave a Reply

Your email address will not be published. Required fields are marked *