ਹਿਸਾਰ ਪੁਲਿਸ ਕਿਸਾਨਾਂ ਉੱਤੇ ਦਰਜ ਸਾਰੇ ਮੁਕੱਦਮੇ ਵਾਪਸ ਲੈਣ ਲਈ ਤਿਆਰ

ਹਿਸਾਰ : ਹਿਸਾਰ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਹਾਂ-ਪੱਖੀ ਰਹੀ ਹੈ। ਇਸ ਬੈਠਕ ਵਿੱਚ ਪੁਲਿਸ ਨੇ ਕਿਸਾਨਾਂ ਉੱਤੇ ਦਰਜ ਸਾਰੇ ਮੁਕੱਦਮੇ ਵਾਪਸ ਲੈਣ ਲਈ ਹਾਮੀ ਭਰ ਦਿੱਤੀ ਹੈ। 26 ਮੈਂਬਰੀ ਕਿਸਾਨਾਂ ਦੀ ਟੀਮ ਅਤੇ ਹਿਸਾਰ ਰੇਂਜ ਦੇ ਆਈਜੀ, ਡੀਸੀ ਅਤੇ ਐਸਪੀ ਸਣੇ ਕਈ ਕਿਸਾਨ ਆਗੂ ਵੀ ਮੀਟਿੰਗ ਵਿੱਚ ਸ਼ਾਮਲ ਸਨ। ਹਿਸਾਰ ਦੇ ਮਿੰਨੀ ਸਕੱਤਰੇਤ ਵਿਖੇ ਹੋਈ ਇਸ ਬੈਠਕ ਵਿੱਚ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਢੂਨੀ ਸਣੇ ਕਈ ਕਿਸਾਨ ਆਗੂ ਸ਼ਾਮਲ ਸਨ। ਹਿਸਾਰ ਪੁਲਿਸ ਵਲੋਂ ਕਿਸਾਨਾਂ ਉੱਤੇ ਦਰਜ ਹੋਏ ਪਰਚੇ ਰੱਦ ਕਰਨ ਦੇ ਸਮਝੌਤੇ ਤੋਂ ਬਾਅਦ ਕਿਸਾਨਾਂ ਨੇ ਹਿਸਾਰ ਜ਼ਿਲ੍ਹਾ ਕੂਲੈਕਟਰ ਦੇ ਦਫ਼ਤਰ ਦਾ ਘਿਰਾਓ ਖ਼ਤਮ ਕਰ ਦਿੱਤਾ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਬਲਵੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਪ੍ਰਸਾਸ਼ਨ ਹਿਸਾਰ ਵਿਚ 16 ਤਾਰੀਕ ਨੂੰ ਦਰਜ ਹੋਏ ਪਰਚਿਆਂ ਨੂੰ ਰੱਦ ਕਰਵਾਉਣ ਲਈ ਇੱਕ ਮਹੀਨੇ ਵਿਚ ਤੈਅ ਕਾਨੂੰਨੀ ਪ੍ਰਕਿਰਿਆ ਅਪਣਾਏਗਾ।

ਇਸ ਤਰ੍ਹਾਂ ਜੋ ਹੋਰ ਪਰਚੇ ਹਨ, ਉਹ ਇੱਕ ਹਫ਼ਤੇ ਵਿਚ ਰੱਦ ਕੀਤੇ ਜਾਣਗੇ। ਜੇਕਰ ਸਰਕਾਰ ਮੁੜ ਵਾਅਦੇ ਤੋਂ ਮੁੱਕਰੀ ਤਾਂ ਅਗਲਾ ਐਕਸ਼ਨ ਹੋਰ ਵੱਡਾ ਹੋਵੇਗਾ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਸ ਵਾਪਸ ਨਹੀਂ ਹੁੰਦੇ ਉਹ ਧਰਨਾ ਨਹੀਂ ਚੁੱਕਣਗੇ। ਕਿਸਾਨ ਆਗੂ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚਢੂਨੀ ਅਤੇ ਜੋਗਿੰਦਰ ਸਿੰਘ ਉਗਰਾਹਾਂ ਖੁਦ ਇਸ ਧਰਨੇ ਦੀ ਅਗਵਾਈ ਕਰ ਰਹੇ ਹਨ। ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਸਾਂਤਮਈ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਮਾਡਰਨ ਯੁੱਗ ਵਿੱਚ ਲੰਬੇ ਤੇ ਵੱਡੇ ਅੰਦੋਲਨਾਂ ਨੂੰ ਜਿੱਤਣ ਦਾ ਮੂਲ ਮੰਤਰ ਸਾਂਤਮਈ ਰਹਿ ਕੇ ਲੜਨਾ ਹੈ।

ਇਸ ਮੌਕੇ ਗੁਰਨਾਮ ਸਿੰਘ ਚਢੂਨੀ ਨੇ ਪੱਤਰਾਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਪਹਿਲਾਂ ਕਿਸਾਨਾਂ ਨਾਲ ਸਮਝੌਤਾ ਕੀਤਾ ਸੀ ਕਿ ਕੋਈ ਕੇਸ ਦਰਜ ਨਹੀਂ ਹੋਵੇਗਾ, ਹੁਣ 350 ਕਿਸਾਨਾਂ ਉੱਤੇ ਕੇਸ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਸਰਕਾਰ ਕਿਸਾਨਾਂ ਵਿੱਚ ਭੜਕਾਹਟ ਪੈਦਾ ਕਰਨਾ ਚਾਹੁੰਦੀ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਦੇ ਮਨ ਵਿਚ ਚੋਰ ਹੈ ਅਤੇ ਇਹ ਵਾਰ-ਵਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਪਰ ਕਿਸਾਨ ਸਾਂਤਮਈ ਤਰੀਕੇ ਨਾਲ ਡਟੇ ਹੋਏ ਹਨ ਅਤੇ ਜਿੱਤ ਤੱਕ ਡਟੇ ਰਹਿਣਗੇ।

Leave a Reply

Your email address will not be published. Required fields are marked *