ਦੰਗਲ ਤੋਂ ਨਾਰਾਜ਼ ਹੈ ਸਾਬਕਾ ਕੌਮੀ ਕੁਸ਼ਤੀ ਕੋਚ ਸੋਂਧੀ
ਫਗਵਾੜਾ (ਨਦਬ): ਸਾਬਕਾ ਭਾਰਤੀ ਕੁਸ਼ਤੀ ਕੋਚ ਪੀ.ਆਰ. ਸੋਂਧੀ ਇਸ ਗੱਲ ਤੋਂ ਨਾਰਾਜ਼ ਹੈ ਕਿ ਆਮਿਰ ਖ਼ਾਨ ਦੀ ਫਿਲਮ ‘ਦੰਗਲ‘ ‘ਚ ਕੁਸ਼ਤੀ ਕੋਚ ਦੇ ਕਿਰਦਾਰ ਨੂੰ ਕਥਿਤ ਤੌਰ ‘ਤੇ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਇਸ ਅਦਾਕਾਰ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਹੈ। ਫਗਵਾੜਾ ‘ਚ ਰਹਿੰਦੇ ਸੋਂਧੀ ਨੇ 2010 ਰਾਸ਼ਟਰ ਮੰਡਲ ਖੇਡਾਂ ‘ਚ ਭਾਗ ਲੈਣ ਤੋਂ ਪਹਿਲਾਂ ਫੋਗਾਟ ਭੈਣਾਂ ਨੂੰ ਟਰੇਨਿੰਗ ਦਿੱਤੀ ਸੀ। ਉਹ ਫਿਲਮਸਾਜ਼ਾਂ ਵੱਲੋਂ ਉਸ ਦੇ ਜੀਵਨ ‘ਤੇ ਆਧਾਰਤ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕਰਨ ਤੋਂ ਕਾਫੀ ਨਾਰਾਜ਼ ਹਨ। ਉਨ੍ਹਾਂ ਕੱਲ ਆਮਿਰ ਖ਼ਾਨ ਨਾਲ ਫੋਨ ‘ਤੇ ਕੀਤੀ ਗਈ ਗੱਲਬਾਤ ਦੌਰਾਨ ਇਹ ਗਿਲਾ ਜ਼ਾਹਰ ਕੀਤਾ। ਉਨ੍ਹਾਂ ਅੱਜ ਕਿਹਾ, ‘ਮੈਂ ਆਮਿਰ ਨੂੰ ਕਿਹਾ ਕਿ ਫਿਲਮ ਚੰਗੀ ਸੀ ਅਤੇ ਇਸ ਨਾਲ ਖੇਡਾਂ ਤੇ ਵਿਸ਼ੇਸ਼ ਕਰਕੇ ਕੁਸ਼ਤੀ ਨੂੰ ਉਤਸ਼ਾਹ ਮਿਲੇਗਾ ਅਤੇ ਖਾਸ ਕਰਕੇ ਉੱਤਰ ਭਾਰਤ ‘ਚ ਜਿੱਥੇ ਕੰਨਿਆ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਮੌਜੂਦ ਹਨ। ਇਸ ਫਿਲਮ ਵਿੱਚ ਕੁੜੀਆਂ ਦੀ ਮੁੰਡਿਆਂ ਨਾਲ ਬਰਾਬਰੀ ਦੀ ਗੱਲ ਕੀਤੀ ਗਈ ਹੈ।‘ ਸ੍ਰੀ ਸੋਂਧੀ ਨੇ ਕਿਹਾ ਕਿ ਉਹ ਕੋਚ ਨੂੰ ਨਕਾਰਾਤਮਕ ਢੰਗ ਨਾਲ ਪੇਸ਼ ਕਰਨ ਦੀ ਗੱਲ ਵੀ ਆਮਿਰ ਖ਼ਾਨ ਕੀਤੀ, ਜਿਸ ਤੋਂ ਉਹ ਕਾਫੀ ਦੁਖੀ ਹਨ। ਉਨ੍ਹਾਂ ਕਿਹਾ ਕਿ ਆਮਿਰ ਜਾਂ ਨਿਰਦੇਸ਼ਕ ਨਿਤੇਸ਼ ਤਿਵਾੜੀ ਨੂੰ ਉਨ੍ਹਾਂ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਸੀ। ਫਿਲਮ ‘ਚ ਸ੍ਰੀ ਸੋਂਧੀ ਦਾ ਕਿਰਦਾਰ ਪੀਆਰ ਕਦਮ ਦੇ ਰੂਪ ਵਿੱਚ ਗਿਰਿਸ਼ ਕੁਲਕਰਨੀ ਨੇ ਨਿਭਾਇਆ ਹੈ।