ਪਟਿਆਲਾ ਵਿਚ ਕੈਪਟਨ ਦੀ ਰਿਹਾਇਸ਼ ਦੇ ਬਾਹਰ ਕਿਸਾਨਾਂ ਦਾ ਧਰਨਾ ਸ਼ੁਰੂ

ਪਟਿਆਲਾ : ਪਟਿਆਲਾ ਦੇ ਪੁੱਡਾ ਗਰਾਉਂਡ ਵਿਚ ਤੈਅ ਪ੍ਰੋਗਰਾਮ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਤਿੰਨ ਰੋਜ਼ਾ ਧਰਨਾ ਸ਼ੁਰੂ ਹੋ ਗਿਆ ਹੈ। ਕੋਵਿਡ ਗਾਈਡਲਾਈਨਜ਼ ਦਾ ਪਾਲਣ ਕਰਦੇ ਹੋਏ ਇਸ ਧਰਨੇ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਯੂਨੀਅਨ ਦੇ ਸੂੁਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕਰੋਨਾ ਰੋਕਣ ਲਈ ਪ੍ਰਬੰਧ ਕਰਨ ਵਿਚ ਕੇਂਦਰ ਤੇ ਪੰਜਾਬ ਸਰਕਾਰਾਂ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ। ਨਤੀਜਾ ਸਾਰਿਆਂ ਦੇ ਸਾਹਮਣੇ ਹੈ, ਹਸਪਤਾਲਾਂ ਵਿਚ ਸੈਂਕੜੇ ਲੋਕਾਂ ਨੇ ਇਲਾਜ ਦੀ ਕਮੀ ਕਾਰਨ ਜਾਨਾਂ ਗਵਾਈਆਂ।
ਉਨ੍ਹਾਂ ਕਿਹਾ ਕਿ ਪੰਜਾਬ ਦੇ 11 ਹਜ਼ਾਰ ਪਿੰਡਾਂ ਵਿਚ ਡਾਕਟਰ ਨਹੀਂ ਹਨ। ਬਾਕੀ ਸਟਾਫ ਦੀ ਵੀ ਭਾਰੀ ਕਮੀ ਹੈ। ਸਰਕਾਰੀ ਹਸਪਤਾਲਾਂ ਵਿਚ ਵੈਂਟੀਲੇਟਰ ਹਨ, ਪਰ ਇਨ੍ਹਾਂ ਨੂੰ ਚਲਾਉਣ ਲਈ ਤਕਨੀਕੀ ਸਟਾਫ ਦੀ ਕਮੀ ਹੈ। ਜਿਸ ਕਾਰਨ ਸਰਕਾਰੀ ਹਸਪਤਾਲਾਂ ਵਿਚ ਇਹ ਵੈਂਟੀਲੇਟਰ ਸ਼ੋਅ ਪੀਸ ਬਣੇ ਹਨ ਜਾਂ ਫੇਰ ਪ੍ਰਾਈਵੇਟ ਮੈਡੀਕਲ ਸੰਸਥਾਵਾਂ ਨੂੰ ਦਿੱਤੇ ਜਾ ਰਹੇ ਹਨ। ਯੂਨੀਅਨ ਦੀ ਮੰਗ ਹੈ ਕਿ ਕਰੋਨਾ ਦੀ ਇਸ ਆਫ਼ਤ ਨੂੰ ਦੇਖਦੇ ਹੋਏ ਸਰਕਾਰੀ ਖਜ਼ਾਨੇ ਦਾ ਮੂੰਹ ਖੋਲ੍ਹਿਆ ਜਾਵੇ ਅਤੇ ਹਸਪਤਾਲਾਂ ਵਿਚ ਸਟਾਫ਼ ਦੀ ਕਮੀ ਦੂਰ ਕਰਨ ਦੇ ਨਾਲ-ਨਾਲ ਜ਼ਰੂਰੀ ਮੈਡੀਕਲ ਉਪਕਰਨ ਵੀ ਮੁਹੱਈਆ ਕਰਵਾਏ ਜਾਣ।
ਕੋਕਰੀ ਕਲਾਂ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਪਿੰਡਾਂ ਵਿਚ ਨਾ ਤਾਂ ਟੀਕਾਕਰਨ ਕਰਨ ਅਤੇ ਨਾ ਹੀ ਕੋਵਿਡ ਸੈਂਪਲਿੰਗ ਦੀਆਂ ਟੀਮਾਂ ਪਹੁੰਚ ਰਹੀਆਂ ਹਨ। ਹੁਣ ਭਾਵੇਂ ਸਰਕਾਰ ਦਾਅਵੇ ਜੋ ਵੀ ਕਰੇ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਤੇ ਰਾਜ ਸਰਕਾਰਾਂ ਆਪਣੀਆਂ ਖਾਮੀਆਂ ਲੁਕਾਉਣ ਲਈ ਦਿੱਲੀ ਮੋਰਚੇ ਵਿਚ ਸ਼ਾਮਲ ਕਿਸਾਨਾਂ ‘ਤੇ ਕਰੋਨਾ ਫੈਲਾਉਣ ਦੇ ਬੇਬੁਨਿਆਦ ਦੋਸ਼ ਲਗਾ ਰਹੀਆਂ ਹਨ।

Leave a Reply

Your email address will not be published. Required fields are marked *