ਆਮ ਜਨ-ਮਾਨਸ ਦੀ ਤ੍ਰਾਸਦੀ ਪੇਸ਼ ਕਰਦਾ ਹੈ ਨਾਵਲ “ਟੁੱਟ ਭੱਜ”/ ਹਰਜਿੰਦਰ ਸਿੰਘ

ਨਾਵਲ “ਟੁੱਟ ਭੱਜ”, ਅਫਰੀਕੀ ਲੇਖਕ “ਸ਼ਨਵਾ ਅਸ਼ਬੀ” ਦੇ ਅੰਗਰੇਜ਼ੀ ਨਾਵਲ Things fall Apart ਦਾ ਪੰਜਾਬੀ ਅਨੁਵਾਦ ਹੈ। ਇਹ ਨਾਵਲ ਪਹਿਲੀ ਵਾਰ ਲੰਡਨ ਵਿੱਚ 1958 ਵਿੱਚ ਛਪਿਆ ਸੀ ਤੇ ਹੁਣ ਤੱਕ ਅਣਗਿਣਤ ਵਾਰ ਛਪ ਚੁੱਕਿਆ ਹੈ।
ਨਾਵਲ ਪੰਜਾਬੀ ਵਿਚ ਸ਼ਾਹਮੁਖੀ ਰਾਹੀਂ ਆਇਆ, ਜਿੱਥੇ ਇਸ ਨੂੰ ਲਹਿੰਦੇ ਪੰਜਾਬ ਦੇ ਸਿਰਮੌਰ ਲੇਖਕ ਅਫ਼ਜ਼ਲ ਅਹਿਸਨ ਰੰਧਾਵਾ ਨੇ ਟੁੱਟ ਭੱਜ ਨਾਮ ਹੇਠ ਅਨੁਵਾਦ ਕੀਤਾ ਸੀ , ਸ਼ਾਹਮੁਖੀ ਤੋਂ ਗੁਰਮੁਖੀ ਲਿਪੀਅੰਤਰ ਚੜਦੇ ਪੰਜਾਬ ਦੇ ਨਾਮਵਰ ਲੇਖਕ ਜੋਗਿੰਦਰ ਸਿੰਘ ਕੈਰੋਂ ਨੇ ਕੀਤਾ ਹੈ। ਨਾਵਲ ਦੇ ਕਿਤਾਬੀ ਰੂਪ (ਗੁਰਮੁਖੀ) ਲੈਣ ਦੀ ਕਹਾਣੀ ਵੀ ਇਸ ਦੇ ਪਾਤਰਾਂ ਵਾਂਗ ਸੰਘਰਸ਼ਮਈ ਹੈ। ਜੋਗਿੰਦਰ ਸਿੰਘ ਕੈਰੋਂ ਨੇ ਇਸ ਨੂੰ ਪਹਿਲਾਂ ਇਸ ਨੂੰ ਅਜੀਤ ਅਖ਼ਬਾਰ ਨੂੰ ਭੇਜਿਆ, ਜਿਥੇ ਕਾਫੀ ਦੇਰ ਬਾਅਦ ਵੀ ਇਹ ਨਹੀਂ ਛਪਿਆ। ਫਿਰ ਪਟਿਆਲੇ ਤੋਂ ਛਪਣ ਵਾਲੇ ਕਿਸੇ ਅਖ਼ਬਾਰ ਨੂੰ ਭੇਜਿਆ, ਪਰ ਉੱਥੇ ਵੀ ਗੱਲ ਨਹੀਂ ਬਣੀ। ਫਿਰ ਜਦੋਂ ਕਾਫੀ ਦੇਰ ਬਾਅਦ ਜਦੋਂ ਸ਼ਿਲਾਲੇਖ ਮੈਗਜ਼ੀਨ ਨਿਕਲਿਆ ਤਾਂ ਨਾਵਲ ਉਸ ਵਿੱਚ ਛਪਿਆ ਤੇ ਉੱਥੋਂ ਮਿਲੇ ਹੁੰਗਾਰੇ ਦੇ ਸਦਕੇ ਹੀ ਇਸ ਨੇ ਪੁਸਤਕ ਦਾ ਰੂਪ ਲਿਆ।
ਨਾਵਲ ਦਾ ਨਾਇਕ”ਉਕਾਨਕੂ” ਹੈ, ਜੋ ਕਿ ਇੱਕ ਗ਼ਰੀਬ ਪਰਿਵਾਰ ਵਿੱਚ ਪੈਦਾ ਹੋਇਆ, ਪ੍ਰੰਤੂ ਆਪਣੀ ਸੂਝ-ਬੂਝ, ਮਿਹਨਤ ਅਤੇ ਦਲੇਰੀ ਕਰਕੇ ਹੌਲੀ-ਹੌਲੀ ਕਬੀਲੇ ਦੇ ਸਰਦਾਰਾਂ ਵਿੱਚ ਸ਼ਾਮਲ ਹੋਇਆ। ਉਕਾਨਕੂ ਅਜਿਹਾ ਨਾਇਕ ਹੈ ਦੋ ਸਾਰੇ ਨਾਵਲ ਵਿਚ ਤ੍ਰਾਸਦੀ ਹੀ ਹੰਢਾਉਂਦਾ ਹੈ, ਭਾਵੇਂ ਕਿ ਸਰੀਰਕ ਅਤੇ ਮਾਨਸਿਕ ਤੌਰ ‘ਤੇ ਉਹ ਬਹੁਤ ਬਹਾਦਰ ਤੇ ਮਜ਼ਬੂਤ ਹੈ ਪ੍ਰੰਤੂ ਫਿਰ ਵੀ ਜੀਵਨ ਦੇ ਕਈ ਮੁਹਾਜ਼ਾਂ ਤੇ ਉਹ ਟੁੱਟ ਭੱਜ ਹੀ ਹੰਢਾਉਂਦਾ ਹੈ। ਉਕਾਨਕੂ ਦੀ ਟੁੱਟ-ਭੱਜ ਸਿਰਫ਼ ਉਸ ਦੀ ਹੀ ਨਹੀਂ, ਇਹ ਤ੍ਰਾਸਦੀ ਆਮ ਜਨ-ਮਾਨਸ ਦੀ ਹੈ ਅਤੇ ਇਹੀ ਪੇਸ਼ਕਾਰੀ ਇਸ ਨੂੰ ਵਿਸ਼ਵ ਸਾਹਿਤ ਵਿੱਚ ਕਲਾਸਿਕ ਦਾ ਦਰਜਾ ਦਿਵਾਉਂਦੀ ਹੈ।
ਉਕਾਨਕੂ ਸਿਰਫ਼ ਵਿਅਕਤੀਗਤ ਤੌਰ “ਤੇ ਹੀ ਨਹੀਂ ਟੁੱਟਦਾ ਸਗੋਂ ਸਮਾਜਿਕ ਤੌਰ ‘ਤੇ ਵੀ ਟੁੱਟ ਜਾਂਦਾ ਹੈ, ਜਦੋਂ ਉਸ ਨੂੰ ਕਬੀਲੇ ਵਿਚੋਂ ਛੇਕਿਆ ਜਾਂਦਾ ਹੈ ਤੇ ਵਾਪਸੀ ਤੇ ਉਹ ਵੇਖਦਾ ਹੈ ਕਿ ਉਸ ਦੇ ਹਮੇਸ਼ਾ ਅਜੇਯ ਰਹਿਣ ਵਾਲੇ ਕਬੀਲੇ “ਅਮੂਫੀਆ” ਨੂੰ ਕਿਵੇਂ ਸੱਭਿਆਚਾਰਕ, ਸਮਾਜਿਕ, ਧਾਰਮਿਕ ਤੇ ਭਾਸ਼ਾਈ ਤੌਰ ‘ਤੇ ਤਹਿਸ ਨਹਿਸ ਕੀਤਾ ਜਾ ਰਿਹਾ ਹੈ। ਉਹ ਆਪਣੇ ਵੱਲੋ ਪੂਰਾ ਜ਼ੋਰ ਤਾਣ ਲਗਾ ਕੇ ਇਸ ਸਭ ਨੂੰ ਰੋਕਣ ਲਈ ਸੰਘਰਸ਼ ਕਰਦਾ ਹੈ ਅਖੀਰ ਨੂੰ ਆਤਮ ਹੱਤਿਆਂ ਕਰ ਲੈਂਦਾ ਹੈ, ਪ੍ਰੰਤੂ ਉਕਾਨਕੂ ਦੇ ਸਵੈਮਾਣ ਕਰਕੇ ਇਹ ਆਤਮ ਹੱਤਿਆ ਨਹੀਂ ਸਗੋ “ਹਾਰਾਕੀਰੀ” ਹੋ ਨਿੱਬੜਦੀ ਹੈ।
ਨਾਵਲ ਵਿਚ ਅਫਰੀਕੀ ਕਬੀਲਿਆਂ ਦੇ ਸਮਾਜਿਕ, ਸਭਿਆਚਾਰਕ ਸੰਬੰਧਾਂ, ਵਿਆਹ, ਨਿਆਂ ਪ੍ਰਬੰਧਾਂ, ਰਹੁ-ਰੀਤਾਂ ਦੀ ਬਹੁਤ ਸੋਹਣੀ ਪੇਸ਼ਕਾਰੀ ਹੋਈ ਹੈ। ਇਸ ਨਾਲ ਵਿੱਚ ਕਈ ਗੱਲਾਂ ਇੰਨੀਆਂ ਪ੍ਰਭਾਵਸ਼ਾਲੀ ਹਨ ਕਿ ਵੱਖ-ਵੱਖ ਮੌਕਿਆਂ ‘ਤੇ Quote (ਹਵਾਲਾ) ਕੀਤੀਆਂ ਜਾ ਸਕਦੀਆਂ ਹਨ ਜਿਵੇਂ “ਧਰਮ ਤੇ ਸਿੱਖਿਆ ਨਾਲ ਨਾਲ ਚਲਦੇ ਹਨ”, “ਜਿਹੜਾ ਆਪਣੇ ਵੱਡਿਆਂ ਦਾ ਆਦਰ ਕਰਦਾ ਹੈ,ਉਹ ਆਪਣੀ ਤਰੱਕੀ ਲਈ ਰਾਹ ਸਾਫ਼ ਕਰਦਾ ਹੈ”
ਗੱਲ ਕਰੀਏ ਅਨੁਵਾਦ ਦੀ ਤਾਂ ਲੱਗਦਾ ਹੈ ਕਿ ਅਨੁਵਾਦ ਅਜਿਹਾ ਹੀ ਹੋਣਾ ਚਾਹੀਦਾ ਹੈ ਜਿਵੇਂ ਟੁੱਟ ਭੱਜ ਦਾ ਹੋਇਆ ਹੈ। ਨਾਵਲ ਪੜ੍ਹਦਿਆਂ ਕਿਤੇ ਵੀ ਅਜਿਹਾ ਨਹੀਂ ਲੱਗਦਾ ਕਿ ਇਹ ਅਨੁਵਾਦ ਹੈ ਜਾਂ ਤੀਜੀ ਥਾਂ ਉਲੱਥਾਇਆ ਗਿਆ ਨਾਵਲ ਹੈ। ਇਹ ਇਸ ਸ਼ਾਹਕਾਰ ਤੇ ਕੰਮ‌ ਕਰਨ ਵਾਲਿਆਂ ਦੀ ਪ੍ਰਾਪਤੀ ਹੈ ਕਿ ਇੰਨੇ ਪੜਾਵਾਂ ਵਿਚੋਂ ਲੰਘਣ ਦੇ ਬਾਵਜੂਦ ਵੀ ਇਹ ਉਨ੍ਹਾਂ ਹੀ ਸ਼ਾਨਦਾਰ ਤੇ ਜਾਨਦਾਰ ਹੈ, ਜਿੰਨਾ ਕਿ ਮੂਲ ਨਾਵਲ । ਬੇਸ਼ੱਕ ਇਹ ਇੱਕ ਕਲਾਸਿਕ ਲਿਖਤ ਹੈ, ਪਰ ਅਫਰੀਕੀ ਪੁਸਤਕਾਂ ਦਾ ਸ਼ਾਇਦ ਉਨਾ ਅਨੁਵਾਦ ਨਹੀਂ ਹੋਇਆ ਜਿੰਨਾ ਰੂਸੀ ਜਾਂ ਅੰਗਰੇਜ਼ੀ ਦਾ ਹੋਇਆ ਹੈ। ਉਮੀਦ ਹੈ ਕਿ ਹੋਰ ਅਫਰੀਕੀ ਲਿਖਤਾਂ ਦੇ ਵੀ ਪੰਜਾਬੀ ਅਨੁਵਾਦ ਆਉਣ ਵਾਲੇ ਸਮੇਂ ਵਿੱਚ ਹੋਣਗੇ ਤੇ ਪੰਜਾਬੀ ਸਾਹਿਤ ਦੀ ਅਮੀਰੀ ਵਿਚ ਵਾਧਾ ਕਰਨਗੇ।

Leave a Reply

Your email address will not be published. Required fields are marked *