31
May
ਆਰਮੇਨੀਆਈ ਕਵਿਤਾ/ ਜਦ ਵੀ ਅਚਾਨਕ ਕਦੇ ਉਦਾਸ ਹੋ ਜਾਵੋਂ ਤੁਸੀਂ

ਜਦ ਵੀ ਅਚਾਨਕ ਕਦੇ
ਉਦਾਸ ਹੋ ਜਾਵੋਂ ਤੁਸੀਂ
ਉਨ੍ਹਾਂ ਗੀਤਾਂ ਤੇ ਲੋਕਾਂ ਬਾਰੇ ਸੋਚੋ
ਜਿਨ੍ਹਾਂ ਨੂੰ ਕਰਦੇ ਹੋ
ਪਿਆਰ ਤੁਸੀਂ
ਲਤੀਫਿ਼ਆਂ ਬਾਰੇ
ਇਕ ਦੂਜੇ ਨਾਲ਼ ਕੀਤੇ
ਹਾਸੇ-ਠੱਠੇ, ਮਖੌਲਾਂ ਬਾਰੇ
ਆਪਣੇ ਮਿੱਤਰਾਂ, ਬੇਲੀਆਂ ਬਾਰੇ ਸੋਚੋ
ਯਾਦ ਕਰੋ ਕਿ ਚੰਗਿਆਈਆਂ ਨੇ ਜ਼ਿਆਦਾ
ਤੇ ਇਨ੍ਹਾਂ ਨਾਲ਼ ਹੀ
ਚਲਦੀ ਹੈ ਜ਼ਿੰਦਗੀ
ਯਾਦ ਕਰੋ ਕਿ
ਨਹੀਂ ਜਾਣਦੇ ਬਹੁਤ ਸਾਰੇ ਲੋਕ
ਕਿਵੇਂ ਹੋਈਦੈ ਉਦਾਸ
ਖ਼ੁਸ਼ਨਸੀਬ ਹੋ ਕਿ ਤੁਹਾਨੂੰ ਪਤੈ
ਕਿਹੋ ਜਿਹੀ ਹੁੰਦੀ ਹੈ ਉਦਾਸੀ
ਆਪਣੇ ਨਿੱਕੜੇ ਜਿਹੇ ਦੁੱਖ ਦੀ
ਤੁਲਨਾ ਕਰੋ
ਮਨੁੱਖ ਜਾਤੀ ਵਲੋਂ ਬਰਦਾਸ਼ਤ ਕੀਤੀਆਂ ਗਈਆਂ
ਤਕਲੀਫ਼ਾਂ, ਮੁਸੀਬਤਾਂ ਨਾਲ਼
ਪਹਾੜ ਡਿਗੇ ਨੇ
ਮਨੁੱਖ ਦੇ ਮੋਢਿਆਂ `ਤੇ
ਪਰ ਉਹ ਜਿਉਂਦਾ ਹੈ ਤਾਂ ਵੀ
ਤੇ ਰਹੇਗਾ ਜਿਉਂਦਾ
ਯਾਦ ਰੱਖਣਾ ਕਿ
ਤੁਸੀਂ ਨਹੀਂ ਜਿਉਣਾ ਰਿੜ-ਰਿੜ ਕੇ
ਤੇ ਸਦਾ ਹੀ ਨਹੀਂ ਰਹਿੰਦੇ
ਦੁੱਖ ਕਦੇ
ਜਦ ਵੀ ਅਚਾਨਕ ਕਦੇ
ਉਦਾਸ ਹੋ ਜਾਵੋਂ ਤੁਸੀਂ…
ਪਰ ਉਦਾਸ ਹੋਵੋਂ ਹੀ ਕਿਉਂ?
ਜਦ ਤੁਹਾਡੇ ਕੋਲ ਨੇ
ਬਹੁਤ ਸਾਰੀਆਂ ਗੱਲਾਂ
ਯਾਦ ਕਰਨ ਲਈ।