ਪੰਜਾਬੀਆਂ ਦੀ ਮਰਨ-ਮਿੱਟੀ

ਹਰਵਿੰਦਰ ਭੰਡਾਲ

ਮੌਤ ਪੰਜਾਬੀ ਸੰਵੇਦਨਾ ਦੇ ਧੁਰ ਅੰਦਰ ਕਿਤੇ ਬੈਠੀ ਹੈ। ਬੈਠੀ ਵੀ ਇਹ ਲੁਕੀ ਹੋਈ ਨਹੀਂ ਸਗੋਂ ਘਰ ਦੇ ਪਾਲ਼ੇ ਹੋਏ ਉਸ ਕੁੱਕੜ ਵਾਂਗ ਹੈ ਜੋ ਘਰ ਦੇ ਬਨੇਰੇ ਉੱਤੇ ਟੌਅਰ ਨਾਲ ਬੈਠਾ ਗਾਹੇ-ਬਗਾਹੇ ‘ਕੁਕੜੂੰ-ਘੜੂੰ’ ਕਰਦਾ ਰਹਿੰਦਾ ਹੈ। ਲੋਕ-ਕਲਾਵਾਂ ਤੇ ਹਰਮਨ ਪਿਆਰੇ ਪੰਜਾਬੀ ਸਾਹਿਤ ਵਿੱਚ ਮੌਤ ਸਦੀਵੀ ਤੇ ਫਖ਼ਰਯੋਗ ਵਿਸ਼ੇ ਵਜੋਂ ਵਾਰ-ਵਾਰ ਦੁਹਰਾਈ ਜਾਂਦੀ ਰਹੀ ਹੈ। ਪੰਜਾਬੀਆਂ ਨੇ ਆਪਣੇ ਸ਼ਬਦਾਂ ਤੇ ਕਲਾਵਾਂ ਵਿੱਚ ਮੌਤ ਨੂੰ ਵਾਰ-ਵਾਰ ਸੈਲੀਬਰੇਟ ਕੀਤਾ ਹੈ। ਇਸੇ ਲਈ ਪੰਜਾਬੀ ਇਸ ਸਵੈ-ਸਿਰਜਿਤ ਮਿੱਥ ਉੱਤੇ ਵਿਸ਼ਵਾਸ ਕਰਦੇ ਹਨ ਕਿ ਪੂਰੀ ਦੁਨੀਆ ਵਿੱਚ ਪੰਜਾਬੀ ਹੀ ਉਹ ਕੌਮ ਹੈ ਜੋ ‘ਮਰਨੋਂ ਮੂਲ ਨਹੀਂ ਡਰਦੀ’। ਵਿਸ਼ਵਾਸ ਕਰਨ ਦੇ ਨਾਲ਼-ਨਾਲ਼ ਉਹ ਇਸ ਮਿੱਥ ਨੂੰ ਪੁਨਰ-ਸਿਰਜਤ ਵੀ ਕਰਦੇ ਰਹਿੰਦੇ ਹਨ। ਇਸੇ ਲਈ’ ਜਿਸ ਮਰਨੇ ਸੇ ਜਗ ਡਰੇ ਮੇਰੇ ਮਨ ਆਨੰਦ’ ਦੁਆਲੇ ਪੰਜਾਬ ਵਿੱਚ ਸਿਰਜੇ ਗਏ ਬੇਅੰਤ ਬਿਰਤਾਂਤ ਮਿਲ਼ਦੇ ਹਨ। ਇੱਕ ਖਾਸ ਤਰ੍ਹਾਂ ਦੀ ਪੰਜਾਬੀ ਸੰਵੇਦਨਾ ਨੂੰ ਜਿਉਂਦੇ ਰੱਖਣ ਲਈ ਇਸ ਮਿੱਥ ਦਾ ਬੇਹੱਦ ਮਹੱਤਵ ਹੈ। ਉਂਜ ਮਿੱਥ ਤੇ ਵਾਸਤਵਿਕਤਾ ਦੇ ਫ਼ਰਕ ਨੂੰ ਇਸ ਤੱਥ ਤੋਂ ਸਮਝਿਆ ਜਾ ਸਕਦਾ ਹੈ ਕਿ ਮੌਤ ਉਪਰ ਜਿਸ ਤਰ੍ਹਾਂ ਦੇ ਵੈਣ ਪੰਜਾਬ ਵਿੱਚ ਪਾਏ ਜਾਂਦੇ ਹਨ, ਸ਼ਾਇਦ ਉਸ ਦੀ ਉਦਾਹਰਣ ਵੀ ਹੋਰ ਕਿਤੇ ਨਹੀਂ ਮਿਲ਼ਦੀ। 

ਮੌਤ ਪ੍ਰਤੀ ਪੁਰਾਤਨ ਹੁੰਗਾਰਾ ਪੰਜਾਬ ਦੇ ਪਿੰਡਾਂ ਵਿੱਚ ਅਜੇ ਵੀ ਪ੍ਰਚੱਲਤ ‘ਸ਼ਹੀਦਾਂ’ ਦੀ ਪੂਜਾ ਵਿਚੋਂ ਦਿਸਦਾ ਹੈ। ਇਨ੍ਹਾਂ ਸ਼ਹੀਦਾਂ ਵਿੱਚ ਕੁਝ  ਧਾਰਮਿਕ ਜਾਂ ਸਿਆਸੀ ਸ਼ਹੀਦ ਵੀ ਹਨ ਪਰ ਬਹੁਤੇ ਅਜਿਹੇ ਸ਼ਹੀਦ ਹਨ ਜਿਨ੍ਹਾਂ ਬਾਰੇ ਸਿਵਾਏ ਦੰਤ-ਕਥਾਵਾਂ ਤੋਂ, ਕੋਈ ਇਤਿਹਾਸਕ ਪ੍ਰਮਾਣ ਨਹੀਂ ਮਿਲਦੇ। ਉਹ ਅਜਿਹੇ ਸਾਧਾਰਨ ਜਾਂ ਕੁਝ ਅਸਾਧਾਰਨ ਵਿਅਕਤੀ ਸਨ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਗ਼ੈਰ-ਕੁਦਰਤੀ ਮੌਤੇ ਮਰੇ। ਉਨ੍ਹਾਂ ਦੀ ਗ਼ੈਰ-ਕੁਦਰਤੀ ਮੌਤ ਨੇ ਹੀ ਉਨ੍ਹਾਂ ਨੂੰ ਪੰਜਾਬੀ ਜਨ-ਚੇਤਨਾ ਵਿੱਚ ਵਿਸ਼ੇਸ਼ ਰੁਤਬਾ ਦੇ ਦਿੱਤਾ ਹੈ। ਇਹ ਤੱਥ ਪੰਜਾਬੀ ਜਨ-ਚੇਤਨਾ ਜਾਂ ਅਵਚੇਤਨਾ ਵਿੱਚ ਮੌਤ ਦੇ ਸੰਕਲਪ ਦੀ ਥਾਂ ਨੂੰ ਪੇਸ਼ ਕਰਦਾ ਹੈ। ਸ਼ਾਇਦ ਹਰੇਕ ਖਿੱਤੇ ਵਿੱਚ ਹੀ ਪੂਰਵ-ਆਧੁਨਿਕ ਸਮਾਜਾਂ ਦੇ ਦੌਰ ਵਿੱਚ ਅਜਿਹੇ ਸੰਕਲਪ ਅਤੇ ਰਵਾਇਤਾਂ ਪੈਦਾ ਹੁੰਦੀਆਂ ਹੋਣਗੀਆਂ। ਪੰਜਾਬ ਵਿੱਚ ਅੱਜ ਤੋਂ ਇੱਕ ਹਜ਼ਾਰ ਵਰ੍ਹੇ ਪਹਿਲਾਂ ਹੋਏ ਗਾਜ਼ੀ ਮੀਆਂ ਜਿਹੇ ਸ਼ਹੀਦ ਦੀ ਪੂਜਾ ਦੀ ਰਵਾਇਤ ਵੀ ਹੈ ਅਤੇ ਅਠਾਰ੍ਹਵੀਂ ਸਦੀ ਦੇ ਸ਼ਹੀਦ ਬਾਬਾ ਦੀਪ ਸਿੰਘ ਦੀ ਵੀ। ਸ਼ਹੀਦ-ਪੂਜਾ ਦੀ ਇਸ ਰਵਾਇਤ ਨੂੰ ਨਾ ਤਾਂ ਸਿੰਘ-ਸਭਾਈ ਪ੍ਰਚਾਰ ਹੀ ਰੋਕ ਸਕਿਆ ਹੈ ਤੇ ਨਾ ਹੀ ਤਰਕਸ਼ੀਲ ਜਿਹੀਆਂ ਲਹਿਰਾਂ। ਪੰਜਾਬ ਦੀ ਕਿਸਾਨੀ-ਚੇਤਨਾ ਨੇ ਮੁੱਢ-ਕਦੀਮ ਤੋਂ ਆਪਣੇ ਵਿਸ਼ੇਸ਼ ਅਮਲੀ ਪ੍ਰਯੋਜਨ ਤੋਂ ਸ਼ਹੀਦ-ਪੂਜਾ ਦੀ ਰਵਾਇਤ ਨੂੰ ਕਾਇਮ ਰੱਖਿਆ ਹੋਇਆ ਹੈ। ਕਿਸਾਨੀ ਚੇਤਨਾ ਨੂੰ ਜੀਵਨ ਦੀ ਸਹਿਜ ਨਿਰੰਤਰਤਾ ਨੂੰ ਕਾਇਮ ਰੱਖਣ ਲਈ ਹਮੇਸ਼ਾ ਅਜਿਹੀਆਂ ਪਰਾ-ਪ੍ਰਕ੍ਰਿਤਕ ਸ਼ਕਤੀਆਂ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਦੇ ਜੀਵਨ ਵਿੱਚ ਆਉਣ ਵਾਲੇ ਕਸ਼ਟਾਂ ਨੂੰ ਆਪਣੇ ਸਿਰ ਲੈ ਕੇ ਉਨ੍ਹਾਂ ਨੂੰ ਕਸ਼ਟਾਂ ਤੋਂ ਮੁਕਤੀ ਦਾ ਭਰੋਸਾ ਦਵਾਉਂਦੀਆਂ ਹਨ। ਇਨ੍ਹਾਂ ਆਤਮਾਵਾਂ ਦੀ ਮਿਹਰ ਜਾਂ ਬਖ਼ਸ਼ਿਸ਼ ਸੁਖੀ-ਖੁਸ਼ਹਾਲ ਜੀਵਨ ਲਈ ਜ਼ਰੂਰੀ ਮੰਨੀ ਜਾਂਦੀ ਹੈ। ਇਸੇ ਲਈ ਪੰਜਾਬੀ ਜਨ-ਚੇਤਨਾ ਨੇ ਆਪਣੇ ਲਈ ਇਨ੍ਹਾਂ ਸ਼ਹੀਦਾਂ ਦੀ ਸਿਰਜਣਾ ਕੀਤੀ ਹੈ। ਗ਼ੈਰ-ਕੁਦਰਤੀ ਮੌਤ ਮਰੇ ਵਿਅਕਤੀਆਂ ਨੂੰ ਪਰਾ-ਪ੍ਰਕ੍ਰਿਤਕ ਸ਼ਕਤੀਆਂ ਨਾਲ ਲੈਸ ਕਰਨ ਲਈ ਇਨ੍ਹਾਂ ਵਿਅਕਤੀਆਂ ਦੀ ਮੌਤ ਦੀ ਕਥਾ ਨਾਲ ਕਰਾਮਾਤੀ ਅੰਸ਼ ਜੋੜੇ ਗਏ। ਮਰਨ ਤੋਂ ਬਾਅਦ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਸਮਾਨੀ ਹਰਕਤ ਹੋਣ ਬਾਰੇ ਬਿਰਤਾਂਤ ਸਭ ਤੋਂ ਵੱਧ ਦੁਹਰਾਇਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਬਹੁਤ ਸਾਰੇ ਧਾਰਮਿਕ ਅਕੀਦੇ ਲਈ ਮਾਰੇ ਜਾਣ ਵਾਲੇ ਸ਼ਹੀਦਾਂ ਦਾ ਵੀ ਆਧਾਰਮਿਕੀਕਰਨ ਕਰ ਦਿੱਤਾ ਗਿਆ ਹੈ। ਮਰਨ ਤੋਂ ਬਾਅਦ ਕਿਸੇ ਵੀ ਫ਼ਿਰਕੇ ਨਾਲ ਸੰਬੰਧਤ ਸ਼ਹੀਦ ਸਭਨਾਂ ਫਿਰਕਿਆਂ ਲਈ ਪੂਜਣਯੋਗ ਬਣ ਜਾਂਦਾ ਹੈ। ਪੰਜਾਬ ਦੇ ਪੌਪੂਲਰ-ਧਰਮ ਵਿੱਚ ਚੋਰਾਂ ਹੱਥੋਂ ਮਾਰੇ ਜਾਣ ਵਾਲੇ ਦੀ ਵੀ ਉਹੀ ਮਹਿਮਾ ਹੈ ਜੋ ਸਰਕਾਰੀ ਦਮਨ ਕਾਰਨ ਸ਼ਹੀਦ ਹੋਏ ਕਿਸੇ ਕਾਰਕੁਨ ਦੀ ਹੈ।


ਮੌਤ ਨੂੰ ਮਜ਼ਾਕਾਂ ਕਰਨ ਦੀ ਪੰਜਾਬੀ ਸੰਵੇਦਨਾ ਇੱਕ ਖਾਸ ਤਰ੍ਹਾਂ ਦੀ ਵਿਚਾਰਧਾਰਾ ਦੀ ਉਪਜ ਹੈ। ਇਸ ਵਿਚਾਰਧਾਰਾ ਨੂੰ ਕਰੜੀ ਬੌਧਿਕ ਮੁਸ਼ੱਕਤ ਰਾਹੀਂ ਘੜਿਆ ਗਿਆ ਹੈ। ਕਿਸੇ ਖਾਸ ਵਿਚਾਰ ਜਾਂ ਅਕੀਦੇ ਲਈ ਜ਼ਿੰਦਗੀ ਨਾਲ਼ੋਂ ਮੌਤ ਨੂੰ ਪਹਿਲ ਦੇਣ ਦਾ ਵਿਚਾਰ ਪੰਜਾਬ ਵਿੱਚ ਸਤਾਰ੍ਹਵੀਂ ਸਦੀ ਦੇ ਅਖੀਰ ਵਿੱਚ ਪੈਦਾ ਹੋਣਾ ਸ਼ੁਰੂ ਹੁੰਦਾ ਹੈ। ਇਸ ਤੋਂ ਪਹਿਲਾਂ ਪੰਜਾਬੀ  ਮੌਤ-ਪ੍ਰਵਚਨ ਸਹਿਜ ਮੌਤ ਨਾਲ਼ ਸੰਬੰਧਤ ਹੀ ਹੈ। ਗੂਰੁ ਤੇਗ ਬਹਾਦਰ ਦੇ ਸ਼ਲੋਕਾਂ ਨਾਲ ਪੰਜਾਬੀ ਵਿੱਚ ਉਸ ਮੌਤ ਨਾਲ਼ ਸੰਬੰਧਤ ਵਿਚਾਰ-ਚਿੰਤਨ ਸ਼ੁਰੂ ਹੁੰਦਾ ਹੈ ਜੋ ਜਿਸਮਾਨੀ ਕਾਰਨਾਂ ਨਾਲ਼ ਨਹੀਂ ਸਗੋਂ ਹੋਰਨਾ ਸਰੋਕਾਰਾਂ ਨਾਲ਼ ਜੁੜ ਕੇ ਵਾਪਰਦੀ ਹੈ। ਇਸੇ ਸਮੇਂ ਪੰਜਾਬ ਵਿੱਚ ਸ਼ੁਰੂ ਹੋਏ ਸੱਤਾ-ਸੰਘਰਸ਼ ਨੇ ਇਸ ਮਿੱਥ ਦੇ ਪੈਦਾ ਹੋਣ ਤੇ ਪਸਰਨ ਲਈ ਹਾਲਾਤ ਪੈਦਾ ਕੀਤੇ। ਸਮੁੱਚੀ ਅਠਾਰ੍ਹਵੀਂ ਸਦੀ ਇਸ ਪੱਖੋਂ ਬਹੁਤ ਅਹਿਮ ਹੈ। ਇਸ ਸਦੀ ਦੌਰਾਨ ਔਰੰਗਜ਼ੇਬ ਦੀ ਮੌਤ ਪਿੱਛੋਂ ਮੁਗ਼ਲ ਬਾਦਸ਼ਾਹਾਂ ਦੀ ਰੁਚੀ ਪੰਜਾਬ ਵਿੱਚ ਘੱਟ ਗਈ ਸੀ। ਜਾਂ ਇਹ ਕਹਿਣਾ ਚਾਹੀਦਾ ਹੈ ਕਿ ਉਹ ਪੰਜਾਬ ਨੂੰ ਸਿੱਧੇ ਆਪਣੇ ਕਬਜ਼ੇ ਵਿੱਚ ਰੱਖਣ ਦੇ ਅਸਮਰਥ ਹੋ ਗਏ ਸਨ। ਇਸ ਸਮੇਂ ਪੰਜਾਬ ਦੀ ਸੱਤਾ ਉੱਤੇ ਕਬਜ਼ੇ ਲਈ ਤਿੰਨ ਧਿਰੀ ਸੰਘਰਸ਼ ਹੋਇਆ। ਇਹ ਧਿਰਾਂ ਸਨ-ਪੰਜਾਬ ਦੇ ਮੁਸਲਮਾਨ ਸਾਮੰਤ, ਖਾਲਸਾ ਪੰਥ ਦੀ ਅਗਵਾਈ ਵਿੱਚ ਹਿੰਦੂ-ਸਿੱਖ ਸਾਮੰਤ ਤੇ ਕਿਸਾਨ ਅਤੇ ਅਫ਼ਗਾਨ। ਮੁਗ਼ਲ ਆਰਥਿਕਤਾ ਦੇ ਢਹਿ-ਢੇਰੀ ਹੋ ਜਾਣ ਦੀ ਵਾਸਤਵਿਕਤਾ ਨੇ ਇਹ ਪਹਿਲਾਂ ਹੀ ਤੈਅ ਕਰ ਦਿੱਤਾ ਸੀ ਕਿ ਹੁਣ ਭਵਿੱਖ ਸ਼ਹਿਰ ਕੇਂਦਰਤ ਦਸਤਕਾਰੀ ਦਾ ਨਹੀਂ, ਪਿੰਡ ਕੇਂਦਰਤ ਕਿਸਾਨੀ ਦਾ ਹੈ। ਕਿਸਾਨੀ ਜੀਵਨ ਸੁਭਾਵਕ ਤੌਰ ਉੱਤੇ ਹਿੰਸਾ ਨਾਲ ਨੇੜਿਉਂ ਜੁੜਿਆ ਹੁੰਦਾ ਹੈ। ਕਿਸਾਨੀ ਕਿੱਤੇ ਦਾ ਇਹ ਕੁਦਰਤੀ ਸੁਭਾਅ ਹੈ। ਸੱਪਾਂ ਦੀਆਂ ਸਿਰੀਆਂ ਮਿੱਧਣ ਦਾ ਮੁਹਾਵਰਾ ਇਸੇ ਵਾਸਤਵਿਕਤਾ ਵਿਚੋਂ ਘੜ ਹੁੰਦਾ ਹੈ।

ਇਸੇ ਲਈ ਕਿਸਾਨੀ ਦੇ ਕੇਂਦਰ ਵਿੱਚ ਆਉਣ ਨਾਲ ਹਿੰਸਾ ਵੀ ਕੇਂਦਰ ਵਿੱਚ ਆ ਜਾਂਦੀ ਹੈ। ਹਿੰਸਾ ਇੱਕ ਤਰ੍ਹਾਂ ਦੀ ਜੀਵਨ ਜਾਚ ਹੀ ਬਣ ਜਾਂਦੀ ਹੈ। ਅਠਾਰ੍ਹਵੀਂ ਸਦੀ ਦੇ ਪੰਜਾਬ ਦੇ ਤੇ ਖਾਸ ਕਰ ਸਿੱਖਾਂ ਨਾਲ਼ ਸੰਬੰਧਤ ਇਤਿਹਾਸ ਨਾਲ਼ ਜੁੜੇ ਬਿਰਤਾਂਤ  ਇਸੇ ਗੱਲ ਦੀ ਗਵਾਹੀ ਭਰਦੇ ਹਨ। ਹਿੰਸਾ ਦੇ ਜੀਵਨ ਜਾਚ ਬਣ ਜਾਣ ਕਾਰਨ ਹੀ ਇਸ ਸਮੇਂ ਸਿੱਖਾਂ ਦੇ ਛੋਟੇ-ਵੱਡੇ ਘੱਲੂਘਾਰਿਆਂ ਵਿੱਚ ਪਰਿਵਾਰਾਂ ਦੇ ਪਰਿਵਾਰ ਮਾਰੇ ਜਾਂਦੇ ਹਨ। ਇਹ ਹਿੰਸਾ ਏਨੀ ਵਿਆਪਕ ਸੀ ਕਿ ਇਸ ਸਮੇਂ ਦੀ ਤਲਵਾਰ ਹਰ ਦਿਸ਼ਾ ਵਿੱਚ ਚਲਦੀ ਦਿਸਦੀ ਹੈ। ਮਿਸਲਾਂ ਸਮੇਤ ਸਿੱਖ ਵੀ ਕੋਈ ਇੱਕ ਬਝਵੀਂ ਧਿਰ ਨਹੀਂ ਸਨ। ਉਹ ਹਮੇਸ਼ਾ ਅਬਦਾਲੀ ਜਾਂ ਮੀਰ ਮੱਨੂ ਦੇ ਖ਼ਿਲਾਫ਼ ਹੀ ਨਹੀਂ ਸਨ ਲੜਦੇ, ਆਪਸ ਵਿੱਚ ਵੀ ਲੜਦੇ ਰਹਿੰਦੇ ਸਨ। ਬੇਸ਼ੱਕ ਗਿਆਨੀ ਸੋਹਣ ਸਿੰਘ ਸੀਤਲ ਦੁਆਰਾ ਲਿਖੇ ਇਤਿਹਾਸ ‘ਸਿੱਖ ਰਾਜ ਕਿਵੇਂ ਬਣਿਆ?’ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਜਿਸ ਪਿੰਡ ਉੱਤੇ ਇੱਕ ਸਿੱਖ ਕਬਜ਼ਾ ਕਰ ਲੈਂਦਾ, ਦੂਜਾ (ਭਾਵੇਂ ਕੋਈ ਵੱਡਾ ਸਰਦਾਰ ਵੀ ਹੋਵੇ) ਉਸ ਉੱਤੇ ਆਪਣਾ ਹੱਕ ਨਾ ਜਮਾਉਂਦਾ। ਪਰ ਇਸ ਦਾਅਵੇ ਦੇ ਹੱਕ ਵਿੱਚ ਸਾਨੂੰ ਅਸਲ ਇਤਿਹਾਸ ਵਿਚੋਂ ਬਹੁਤੇ ਪ੍ਰਮਾਣ ਨਹੀਂ ਮਿਲ਼ਦੇ। ਗਿਆਨੀ ਗਿਆਨ ਸਿੰਘ ਦੁਆਰਾ ਲਿਖੀ ਸਿੰਘ ਸਭਾਈ ‘ਤਵਾਰੀਖ਼ ਗੁਰੁ ਖਾਲਸਾ’ ਵਿਚੋਂ ਵੀ ਇਨ੍ਹਾਂ ਝਗੜਿਆਂ ਦੇ ਸੰਕੇਤ ਮਿਲ ਜਾਂਦੇ ਹਨ। ਇਸ ਦੇ ਹਿੱਸਾ  3 ਭਾਗ 1 ਵਿੱਚ ਦਰਜ ਹੈ: ਬਾਦਸ਼ਾਹ (ਮਿਰਜ਼ਾ ਗੌਹਰ ਅਲੀ ਸ਼ਾਹ ਸਾਨੀ) ਨੇ ਪੁੱਛਿਆ (ਬਘੇਲ ਸਿੰਘ ਨੂੰ ) ਕਿ ਖਾਲਸੇ ਦੀ ਧਾਕ ਸਾਰੇ ਮੁਲਕ ਵਿੱਚ ਬੈਠ ਗਈ ਹੈ ਹਰ ਇੱਕ ਆਦਮੀ ਇਨ੍ਹਾਂ ਦਾ ਲੋਹਾ ਮੰਨਦਾ ਹੈ, ਕਿੰਤੂ ਇਹ ਅੱਡ-ਅੱਡ ਜਥੇ ਬਣਾ ਕੇ ਰਹਿੰਦੇ ਹਨ ਤੇ ਆਪਸ ਵਿੱਚ ਵੀ ਇੱਕ ਦੂਜੇ ਨਾਲ ਇਨ੍ਹਾਂ ਦੇ ਝਗੜੇ ਹੁੰਦੇ ਰਹਿੰਦੇ ਹਨ, ਇਸ ਦਾ ਕੀ ਕਾਰਨ ਹੈ ? ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜੋ ਵਾਪਰਿਆ, ਉਹ ਪਹਿਲਾਂ ਵਾਪਰਦੇ ਦਾ ਹੀ ਵਿਆਪਕ ਰੂਪ ਸੀ। ਸਪਸ਼ਟ ਹੈ ਕਿ ਮਿਸਲਾਂ ਪਹਿਲਾਂ ਵੀ ਇੱਕ ਦੂਜੀ ਨਾਲ ਲੜਦੀਆਂ ਰਹਿੰਦੀਆਂ ਸਨ। ਦਿੱਲੀ ਜਿੱਤਣ ਉਪਰੰਤ ਦਿੱਲੀ ਦੇ ਸਿੰਘਾਸਨ ਉੱਪਰ ਬੈਠਣ ਦੇ ਮਸਲੇ ਉੱਤੇ ਜੋ ਲੜਾਈ ਦੋ ਜੱਸਿਆਂ (ਆਹਲੂਵਾਲੀਆ ਤੇ ਰਾਮਗੜ੍ਹੀਆ) ਵਿਚਕਾਰ  ਹੋਈ, ਉਸੇ ਨੂੰ ਦੇਖ ਕੇ ਦਿੱਲੀ ਦੇ ਅਸਲ ਜੇਤੂ ਬਘੇਲ ਸਿੰਘ ਨੇ ਦਿੱਲੀ ਦੇ ਤਖ਼ਤ ਉੱਤੇ ਦਾਅਵੇ ਨੂੰ ਵਿਚੇ ਛੱਡਣਾ ਬੇਹਤਰ ਸਮਝਿਆ ਸੀ। ਇਸ ਸਮੇਂ ਦੀ ਨਵਾਬ ਜੱਸਾ ਸਿੰਘ ਆਹਲੂਵਾਲੀਆ ਨਾਲ ਸੰਬੰਧਤ ਲਿਖਤ ਵਿੱਚ ਇੱਕ ਘਟਨਾ ਦਾ ਜ਼ਿਕਰ ਮਿਲ਼ਦਾ ਹੈ। ਇਸ ਘਟਨਾ ਅਨੁਸਾਰ ਇੱਕ ਵਾਰ ਨਵਾਬ ਜੱਸਾ ਸਿੰਘ ਨੂੰ ਕਿਤੇ ਜਾਂਦਿਆਂ ਕੁਝ ਸਿੱਖ ਸਰਦਾਰਾਂ ਨੇ ਘੇਰ ਲਿਆ। ਲੜਾਈ ਵਿੱਚ ਜੱਸਾ ਸਿੰਘ ਜ਼ਖ਼ਮੀ ਹੋ ਗਿਆ। ਪਰ ਬਾਅਦ ਵਿੱਚ ਉਸ ਦੀ ਪਛਾਣ ਜਾਣ ਕੇ ਉਨ੍ਹਾਂ ਸਰਦਾਰਾਂ ਨੇ ਉਸ ਤੋਂ ਮੁਆਫ਼ੀ ਮੰਗ ਲਈ। 

ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਤੁਰੰਤ ਬਾਅਦ ਖਾਲਸਾ ਰਾਜ ਵਿੱਚ ਫੈਲੀ ਬੁਰਸ਼ਾਗਰਦੀ ਉਸੇ ਅਰਾਜਕ ਵਿਹਾਰ ਨੂੰ ਪੇਸ਼ ਕਰਦੀ ਹੈ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਧਾਕੜ ਸ਼ਖ਼ਸੀਅਤ ਨੇ ਕਾਫ਼ੀ ਸਮਾਂ ਲੁਕਾ ਰੱਖਿਆ ਸੀ। ਇਸ ਅਰਸੇ ਦੌਰਾਨ ਹੁੰਦੇ ਕਤਲ ਦਰ ਕਤਲ, ਮਹਾਰਾਣੀ ਜਿੰਦਾਂ ਤੋਂ ਲੈ ਕੇ ਡੋਗਰਿਆਂ-ਸੰਧਾਵਾਲੀਆਂ ਤੇ ਖ਼ਾਲਸਾ ਫ਼ੌਜ ਦਾ ਅਮਲ ਦੱਸਦਾ ਹੈ ਕਿ ਸਿੱਖੀ ਦੇ ਅਰੰਭਲੇ ਸਮਿਆਂ ਦਰਮਿਆਨ ਪੈਦਾ ਹੋਈਆਂ ਕਦਰਾਂ-ਕੀਮਤਾਂ ਚਿਰ ਪਹਿਲਾਂ ਵੇਲਾ ਵਿਹਾ ਚੁੱਕੀਆਂ ਸਨ। ਸੁਰਜੀਤ ਹਾਂਸ ਦੇ ਸਪਸ਼ਟ ਕਰਨ ਅਨੁਸਾਰ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦੇ  ਦਸਤਕਾਰ-ਸਿਧਾਂਤ ਤੋਂ ਅੱਗੇ ਜਾ ਕੇ ਸਮਾਂ ਕਿਸਾਨੀ ਦੀ ਹੰਨੇ ਹੰਨੇ ਮੀਰੀ ਤੱਕ ਪਹੁੰਚ ਚੁੱਕਾ ਸੀ। ਅਰੰਭਲੀ ਸਿੱਖੀ ਵੇਲੇ ਦਾ ਦਸਤਕਾਰ ਕੇਂਦਰਤ ਵਪਾਰਕ ਸ਼ਹਿਰੀ ਅਰਥਚਾਰੇ ਦਾ ਰੂਪ ਬਦਲ ਕੇ ਸਾਮੰਤੀ ਖੇਤੀ ਅਤੇ ਪਿੰਡ ਤੱਕ ਸੀਮਤ ਹੋ ਗਿਆ ਸੀ।  ਇੱਥੋਂ ਤੱਕ ਕਿ ਅੰਗਰੇਜ਼ਾਂ ਦੇ ਪੰਜਾਬ ਵਿੱਚ ਪੈਰ ਪਾਉਣ ਤੋਂ ਪਹਿਲਾਂ ਹੀ ਇਹ ਸਾਮੰਤੀ ਨਿਜ਼ਾਮ ਹੈਰਾਨੀਜਨਕ ਤੇਜ਼ੀ ਨਾਲ ਆਪਣੇ ਪਤਨ ਦੀਆਂ ਜੜ੍ਹਾਂ ਖੁਦ ਖੋਦ ਚੁੱਕਾ ਸੀ। ਇਸੇ ਪਤਨ ਵਿਚੋਂ ਸਮੇਂ ਦੀਆਂ ਸਾਰੀਆਂ ਸਰਗਰਮ ਧਿਰਾਂ ਸਾਮੰਤੀ ਨਿਜ਼ਾਮ ਦੀਆਂ ਕੁਝ ਸਕਾਰਾਤਮਕ ਕੀਮਤਾਂ ਵੀ ਪੂਰੀ ਤਰ੍ਹਾਂ ਗਵਾ ਬੈਠਦੀਆਂ ਹਨ। ਉਨ੍ਹਾਂ ਕੋਲ ਵਿਅਕਤੀਗਤ ਬਦਲਿਆਂ, ਲਾਲਸਾਵਾਂ ਤੇ ਹਊਮੈ ਤੋਂ ਸਿਵਾ ਕੁਝ ਨਹੀਂ ਬਚਦਾ। ਨਤੀਜਾ ਇਹ ਨਿਕਲਦਾ ਹੈ ਕਿ ਕਿਸੇ ਸਮੇਂ ਅੰਗਰੇਜ਼ਾਂ ਦੇ ਗਲੇ ਦੀ ਹੱਡੀ ਖਾਲਸਾ ਰਾਜ, ਉਨ੍ਹਾਂ ਨੂੰ ਥਾਲੀ ਵਿੱਚ ਪਰੋਸਿਆ ਮਿਲ ਜਾਂਦਾ ਹੈ। ਸਿਰਫ਼ ਇੱਕ ਦੁਸ਼ਮਣ ਰਾਜ ਹੀ ਉਨ੍ਹਾਂ ਦੇ ਹੱਥ ਨਹੀਂ ਆਉਂਦਾ ਸਗੋਂ ਅੰਗਰੇਜ਼ਾਂ ਨੂੰ ਆਉਣ ਵਾਲੇ ਸਮੇਂ ਦੇ ਸਭ ਤੋਂ ਭਰੋਸੇਮੰਦ ਗੁਲਾਮ ਵੀ ਮਿਲ ਜਾਂਦੇ ਹਨ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਸਾਮਰਾਜ ਨੂੰ ਕਾਇਮ-ਦਾਇਮ ਰੱਖਣ ਵਿੱਚ ਆਪਣਾ ਹਿੱਸਾ ਪਾਉਣਾ ਸੀ।
ਪੰਜਾਬੀਆਂ ਦਾ ਸਭਿਆਚਾਰ ਤੇ ਇਤਿਹਾਸ ਅੰਗਰੇਜ਼ਾਂ ਨੂੰ ਹੈਰਾਨ ਕਰ ਦੇਣ ਵਾਲਾ ਸੀ। ਆਪਣੇ ਵਿਸ਼ਾਲ ਬਸਤੀਵਾਦੀ ਸਾਮਰਾਜ ਨੂੰ ਕਾਇਮ ਰੱਖਣ ਲਈ ਉਹ ਅਜਿਹਾ ਹੀ ਕੁਝ ਭਾਲ ਰਹੇ ਸਨ। ਪੰਜਾਬੀਆਂ ਵਿਚੋਂ ਵੀ ਉਹ ਖਾਸ ਤੌਰ ਉੱਤੇ ਖ਼ਾਲਸੇ ਵੱਲ ਖਿੱਚੇ ਗਏ। ਇਹੀ ਉਹ ਲੜਾਕੂ ਲੋਕ ਸਨ, ਜਿਨ੍ਹਾਂ ਦੀ ਉਨ੍ਹਾਂ ਦੀ ਫ਼ੌਜ ਨੂੰ ਲੋੜ ਸੀ। ਖ਼ਾਲਸਾ ਭਾਈਚਾਰਾ ਪਿਤਰਕੀ, ਮਰਦਾਵੀਂ ਦਰਜੇਬੰਦੀ ਵਾਲਾ ਭਾਈਚਾਰਾ ਸੀ। ਉਸ ਸਮੇਂ  ਅੰਗਰੇਜ਼ਾਂ ਦਾ ਆਪਣਾ ਬਰਤਾਨਵੀ ਸਮਾਜ ਵੀ ਵਿਕਟੋਰੀਅਨ ਪਿਤਰਕੀ ਮਰਦਾਵੇਂ ਦਾਬੇ ਉੱਤੇ ਮਾਣ ਕਰਦਾ ਸੀ। ਬਰਤਾਨਵੀ ਸਮਾਜ ਵਿੱਚ ਖਾਸ ਤੌਰ ਉੱਤੇ ਲੜਾਕੂ-ਖਾੜਕੂ ਮਰਦ ਦਾ ਚਿਹਨ ਪੈਦਾ ਕੀਤਾ ਜਾ ਰਿਹਾ ਸੀ। ਉਸ ਬਰਤਾਨਵੀ ਸਾਮਰਾਜ ਨੂੰ ਬਚਾਉਣ ਲਈ, ਜਿਸ ਅੰਦਰ ਸਚਮੁਚ ਸੂਰਜ ਕਦੇ ਨਹੀਂ ਸੀ ਛਿਪਦਾ, ਅਜਿਹੇ ਚਿਹਨ ਅਤੇ ਮਿੱਥਾਂ ਪੈਦਾ ਕਰਨੀਆਂ ਅਤਿਅੰਤ ਜ਼ਰੂਰੀ ਸਨ। ਖੁਦ ਨੂੰ ਲੜਾਕੂ ਕੌਮ ਸਿੱਧ ਕਰਨ ਲਈ ਉਨ੍ਹਾਂ ਨੇ ਸੋਲ੍ਹਵੀਂ ਸਦੀ ਦੇ ਟਿਊਡਰ ਰਾਜ ਦੀਆਂ ਫ਼ੌਜੀ ਜਿੱਤਾਂ ਲਭ ਲਈਆਂ। ਉਨ੍ਹਾਂ ਦੀ ਇਸ ਉਚੇਰੀ ਬਲਵਾਨ ਸਭਿਅਤਾ ਦੇ ਮੁਕਾਬਲੇ ਆਇਰਸ਼ ਲੋਕ ਜਾਂਗਲੀ ਅਤੇ ਕਮਜ਼ੋਰ ਸਨ ਤੇ ਇਸੇ ਲਈ ਉਨ੍ਹਾਂ ਨੂੰ ਆਇਰਸ਼ਾਂ ਉੱਤੇ ਹਕੂਮਤ ਕਰਨ ਦਾ ਅਧਿਕਾਰ ਸੀ। ਆਪਣੀ ਇਸੇ ਮਿੱਥ ਨੂੰ ਉਨ੍ਹਾਂ ਨੇ ਹੋਰਨਾਂ ਬਸਤੀਆਂ ਉੱਤੇ ਆਪਣੀ ਹਕੂਮਤ ਨੂੰ ਜਾਇਜ਼ ਸਿੱਧ ਕਰਨ ਲਈ ਵਰਤਿਆ। ਇਸੇ ਮਿੱਥ ਨੂੰ ਰੁਡਯਰਡ ਕਿਪਲਿੰਗ ‘ਗੋਰੇ ਬੰਦੇ ਦਾ ਬੋਝ’ (White man’s Burden) ਆਖਦਾ ਹੈ।

ਅਠਾਰ੍ਹਵੀਂ ਸਦੀ ਦੇ ਅਖ਼ੀਰ ਅਤੇ ਉੱਨੀਵੀਂ ਸਦੀ ਵਿੱਚ ਬਰਤਾਨੀਆ ਅੰਦਰ ਚੱਲੀ ਧਾਰਮਿਕ ਪੁਨਰ-ਜਾਗਰਣ ਦੀ ਲਹਿਰ ਨੇ ਵੀ ਇਹ ਚਿਹਨ ਪੈਦਾ ਕਰਨ ਵਿੱਚ ਆਪਣੀ ਭੂਮਿਕਾ ਨਿਭਾਈ। ਇਹ ਧਾਰਮਿਕ ਲਹਿਰ ਰੋਮਨ ਅਤੇ ਐਂਗਲੋ ਕਥੌਲਿਕਵਾਦ ਵਿਰੁੱਧ ਪ੍ਰਤੀਕ੍ਰਿਆ ਵਜੋਂ ਪੈਦਾ ਹੋਈ। ਇਸ ਲਹਿਰ ਨੇ ਇਸਾਈ ਮਰਦਾਵੇਂਪਣ ਜਾਂ ਮਰਦਾਵੀਂ ਇਸਾਈਅਤ ਦੇ ਸੰਕਲਪ ਪੈਦਾ ਕੀਤੇ। ਪੁਰਾਣੇ ਗਿਰਜੇ ਦੀਆਂ ਪਰੰਪਰਾਵਾਂ ਨੂੰ ਇਸ ਲਹਿਰ ਨੇ ਜ਼ਨਾਨਾ ਐਲਾਨ ਕਰਕੇ ਨਵਾਂ ਸੰਯੋਗ ਪੈਦਾ ਕੀਤਾ। ਇਹ ਸੰਯੋਗ ਸੀ-ਬਾਈਬਲ, ਸਲੀਬ, ਧਰਮ-ਪਰਿਵਰਤਨ ਅਤੇ ਸਰਗਰਮੀ। ਇਸ ਤਰ੍ਹਾਂ ਬਰਤਾਨੀਆ ਵਿੱਚ ਸਿਰਫ਼ ਈਸਾਈਅਤ ਦਾ ਹੀ ਖਾੜਕੂਕਰਨ ਨਹੀਂ ਕੀਤਾ ਗਿਆ ਸਗੋਂ ਖਾੜਕੂਪਨ ਅਤੇ ਫ਼ੌਜੀ ਸਰਗਰਮੀਆਂ ਪ੍ਰਤੀ ਪ੍ਰਚੱਲਤ ਵਤੀਰੇ ਬਦਲ ਦਿੱਤੇ ਗਏ। ਫ਼ੌਜੀ ਜਾਂ ਸੈਨਿਕ ਦਾ ਨਵਾਂ ਚਿਹਨ ਸਿਰਜ ਦਿੱਤਾ ਗਿਆ, ਜਿਸ ਅੰਦਰ ਫ਼ੌਜੀ ਉਹ ਨਾਇਕ ਸੀ ਜੋ ਸਾਮਰਾਜੀ ਮਨਸ਼ਿਆਂ ਹਿੱਤ ਆਪਣੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਸੀ।

ਅੰਗਰੇਜ਼ਾਂ ਲਈ ਫ਼ੌਜੀ ਭਰਤੀ ਲਈ ਉਹੀ ਲੋਕ ਸਭ ਤੋਂ ਢੁਕਵੇਂ ਸਨ, ਜਿਨ੍ਹਾਂ ਦਾ ਸਮਾਜ ਸਿਰੇ ਦੇ ਪਿਤਰਕੀ ਦਾਬੇ ਵਾਲਾ ਸੀ। ਉਨ੍ਹਾਂ ਨੂੰ ਪਤਾ ਸੀ ਕਿ ਅਜਿਹੇ ਲੋਕ ਹੀ ਮਾਲਕ ਪ੍ਰਤੀ ਸਭ ਤੋਂ ਵੱਧ ਵਫ਼ਾਦਾਰ ਹੋ ਸਕਦੇ ਹਨ। ਇਸ ਲਈ ਉਨ੍ਹਾਂ ਅਜਿਹੇ ਲੋਕਾਂ ਨੂੰ ਮਾਰਸ਼ਲ ਕੌਮਾਂ ਐਲਾਨਿਆ। ਵਿਕਟੋਰੀਅਨ ਬਰਤਾਨਵੀ ਸਮਾਜ ਕੌਮ ਜਾਂ ਨਸਲ ਨੂੰ ਹੀ ਸਮੂਹਕ ਵਿਹਾਰ ਦਾ ਆਧਾਰ ਮੰਨਦਾ ਸੀ। ਆਪਣੇ ਇਸੇ ਨਸਲੀ ਦ੍ਰਿਸ਼ਟੀਕੋਣ ਤੋਂ ਪੰਜਾਬ ਦੀ ਕਿਸਾਨੀ ਲਈ ਉਨ੍ਹਾਂ ਨੇ ਦੋ ਧਾਰੀ ਨੀਤੀ ਅਪਣਾਈ। ਇੱਕ ਪਾਸੇ ਫ਼ੌਜੀ ਭਰਤੀ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ ਜਦਕਿ ਦੂਸਰੇ ਪਾਸੇ ਨਹਿਰਾਂ ਦਾ ਜਾਲ ਵਿਛਾ ਕੇ ਉਨ੍ਹਾਂ ਨੂੰ ਆਪਣੇ ਲਈ ਕੱਚਾ ਮਾਲ ਪੈਦਾ ਕਰਨ ਦਾ ਕੰਮ ਸੌਂਪ ਦਿੱਤਾ। ਰਾਜਪੂਤਾਂ ਅਤੇ ਪੰਜਾਬ ਦੇ ਜੱਟਾਂ ਨਾਲ ਆਪਣੀ ਸਾਂਝ ਸਿੱਧ ਕਰਨ ਲਈ ਉਨ੍ਹਾਂ ਇਹ ਥਿਊਰੀ ਘੜੀ ਕਿ ਇਹ ਲੋਕ ਵੀ ਅੰਗਰੇਜ਼ਾਂ ਵਾਂਗ ਹੀ ਆਰੀਅਨ ਨਸਲ ਦੇ ਹਨ। ਟਰੰਪ ਲਿਖਦਾ ਹੈ, ”ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਜੱਟ, ਜੋ ਭਾਰਤ ਦੀ ਮੌਲਿਕ ਨਸਲ ਹੈ, ਆਰੀਅਨ ਸਟੌਕ ਨਾਲ ਸੰਬੰਧ ਰੱਖਦੇ ਹਨ। ਮੈਕਮੁਨ ਨੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਲਿਖੀ ਆਪਣੀ ਕਿਤਾਬ ਵਿੱਚ ਜ਼ਿਕਰ ਕੀਤਾ ਹੈ ਕਿ ਪੰਜਾਬ ਉੱਤੇ ਕਬਜ਼ੇ ਤੋਂ ਬਾਅਦ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਏ। ਉਸ ਸਮੇਂ ਇੱਕ ਅੰਗਰੇਜ਼ ਅਫ਼ਸਰ ਨੇ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ, ”ਤੂੰ ਉਥੇ ਆਪਣੇ ਲੋਕਾਂ ਦਰਮਿਆਨ ਹੀ ਹੋਵੇਂਗਾ ਕਿਉਂ ਕਿ ਤੂੰ ਜੱਟ ਏਂ ਤੇ ਕੈਂਟ ਦੇ ਲੋਕ ਉੱਥੇ ਦੇ ਜੱਟ ਹਨ।”” 1881 ਈ. ਦੀ ਮਰਦਮਸ਼ੁਮਾਰੀ ਦੀ ਰਿਪੋਰਟ ਵਿੱਚ ਮਰਦਮਸ਼ੁਮਾਰੀ ਕਮਿਸ਼ਨਰ ਸਰ ਡੈਨਜ਼ਿਲ ਚਾਰਲਸ ਇਬਟਸਨ ਨੇ ਜੱਟਾਂ ਨੂੰ ਇੰਡੋ-ਸਿਦੀਅਨ ਨਸਲ ਨਾਲ ਜੋੜਦਿਆਂ ਇਨ੍ਹਾਂ ਸ਼ਬਦਾਂ ਵਿੱਚ ਪੰਜਾਬ ਦੇ ਜੱਟਾਂ, ਖਾਸ ਕਰ ਸਿੱਖ-ਜੱਟਾਂ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ:

ਜੱਟ ਹਰ ਤਰ੍ਹਾਂ ਨਾਲ ਪੰਜਾਬ ਦੇ ਲੋਕਾਂ ਵਿਚੋਂ ਸਭ ਤੋਂ ਮਹੱਤਵਪੂਰਨ ਹੈ। ਸਿਆਸੀ ਤੌਰ ਉੱਤੇ ਖਾਲਸੇ ਦੇ ਸਾਡੇ ਹਥਿਆਰਾਂ ਅੱਗੇ ਝੁਕਣ ਤੋਂ ਪਹਿਲਾਂ ਉਹ ਪੰਜਾਬ ਦਾ ਹਾਕਮ ਸੀ। ਨਸਲ-ਵਿਗਿਆਨ ਦੀ ਦ੍ਰਿਸ਼ਟੀ ਤੋਂ ਉਹ ਵਿਸ਼ੇਸ਼ ਅਤੇ ਪੰਜ ਦਰਿਆਵਾਂ ਦੀ ਧਰਤੀ ਦੀ ਸਭ ਤੋਂ ਵੱਧ ਸਿਰਕੱਢ ਉਪਜ ਹੈ। ਆਰਥਿਕ ਅਤੇ ਪ੍ਰਬੰਧਕੀ ਦ੍ਰਿਸ਼ਟੀ ਤੋਂ ਉਹ ਵਾਹਕ, ਕਿਸਾਨ ਅਤੇ ਪ੍ਰਾਂਤ ਲਈ ਕਮਾਲ ਦਾ ਮਾਲੀਆ ਅਦਾ ਕਰਨ ਵਾਲਾ ਹੈ। ਸਾਡੇ ਸਰਹੱਦੀ ਪਰਬਤਾਂ ਵਿਚਲੀਆਂ ਨਸਲਾਂ ਜਿਸ ਤਰ੍ਹਾਂ ਦੀ ਜਾਂਗਲੀ ਆਜ਼ਾਦੀ ਨਾਲ ਪੇਸ਼ ਆਉਂਦੀਆਂ ਹਨ, ਉਹ ਇਸ ਦੇ ਵਿਹਾਰ ਵਿੱਚ ਨਹੀਂ ਹੈ। ਪਰ ਉਹ ਵਧੇਰੇ ਇਮਾਨਦਾਰ, ਵਧੇਰੇ ਮਿਹਨਤੀ, ਵਧੇਰੇ ਹੱਟਾ-ਕੱਟਾ ਹੈ ਅਤੇ ਉਨ੍ਹਾਂ ਨਾਲੋਂ ਘੱਟ ਮਰਦਾਵਾਂ ਨਹੀਂ ਹੈ। 

ਦਰਅਸਲ ਅੰਗਰੇਜ਼ਾਂ ਨੂੰ ਲਗਦਾ ਸੀ ਕਿ ਉਨ੍ਹਾਂ ਲਈ ਉਨ੍ਹਾਂ ਦੇ ਸਾਮਰਾਜ ਲਈ ਭਾਵੀ ਖ਼ਤਰਿਆਂ, ਅਫਗਾਨਾਂ, ਪਠਾਣਾਂ ਜਾਂ ਰੂਸੀਆਂ ਵਿਰੁੱਧ ਇਹੋ ਜਿਹੀਆਂ ਮਾਰਸ਼ਲ ਕੌਮਾਂ ਹੀ ਲੜ ਸਕਦੀਆਂ ਹਨ। ਇਸੇ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਪਹਿਲੀ ਸੰਸਾਰ ਜੰਗ ਸਮੇਂ ਲੜਨ ਵਾਲੀ ਕੁੱਲ ਬਰਤਾਨਵੀ ਫ਼ੌਜ ਵਿੱਚ 36 ਪ੍ਰਤੀਸ਼ਤ ਤੋਂ ਵੱਧ ਸਿੰਘ ਸਨ। ਆਪਣੇ ਫ਼ੌਜੀਆਂ ਦੀ ਖਾੜਕੂ ਮਨੋਸਥਿਤੀ ਘੜਨ ਵਿੱਚ ਅੰਗਰੇਜ਼ ਜਿੰਨੇ ਕਾਮਯਾਬ ਹੋਏ, ਅਸੀਂ ਸਾਰਾ-ਗੜ੍ਹੀ ਜਿਹੀਆਂ ਘਟਨਾਵਾਂ ਤੋਂ ਅੰਦਾਜ਼ਾ ਲਾ ਸਕਦੇ ਹਾਂ। ਸਾਰਾ-ਗੜ੍ਹੀ ਵਿੱਚ ਕੁੱਲ 32 ਸਿੱਖ ਫ਼ੌਜੀ ਹਜ਼ਾਰਾਂ ਕਬਾਇਲੀਆਂ ਨਾਲ ਲੜਦੇ ਮਾਰੇ ਗਏ। ਇਸ ਲੜਾਈ ਵਿੱਚ ਉਨ੍ਹਾਂ ਦੀ ਮੌਤ ਨਿਸ਼ਚਿਤ ਸੀ ਪਰ ਫਿਰ ਵੀ ਉਹ ਆਪਣੇ ਬਰਤਾਨਵੀ ਜਰਨੈਲ, ਜੋ ਦੂਰ ਸੁਰੱਖਿਅਤ ਥਾਂ ਉੱਤੇ ਬੈਠਾ ਉਨ੍ਹਾਂ ਨੂੰ ਗੜ੍ਹੀ ਨਾ ਛੱਡਣ ਦਾ ਹੁਕਮ ਸੁਣਾ ਰਿਹਾ ਸੀ, ਦਾ ਹੁਕਮ ਵਜਾਉਂਦੇ ਰਹੇ। ਸਾਰਾ-ਗੜ੍ਹੀ ਬਾਰੇ ਪੜ੍ਹਦਿਆਂ ਮੈਨੂੰ ਹਮੇਸ਼ਾ ਟੈਨੀਸਨ ਦੀ ਕਵਿਤਾ  Charge Of The Light Brigade ਯਾਦ ਆਉਂਦੀ ਹੈ। ਇਸ ਕਵਿਤਾ ਵਿੱਚ ਟੈਨੀਸਨ ਅੰਗਰੇਜ਼ਾਂ-ਫਰਾਂਸੀਸੀਆਂ-ਤੁਰਕਾਂ ਦੇ ਰੂਸੀਆਂ ਖ਼ਿਲਾਫ਼ ਕਰੀਮੀਅਨ ਯੁੱਧ ਦੌਰਾਨ 25 ਅਕਤੂਬਰ 1854 ਨੂੰ ਹੋਈ ਬਰਕਲੇਵਾ ਦੀ ਲੜ੍ਹਾਈ ਵਿਚਲੇ ਉਨ੍ਹਾਂ ਫ਼ੌਜੀਆਂ ਦੀ ਬਾਤ ਪਾਉਂਦਾ ਹੈ ਜੋ ਕਿਸੇ ਜਰਨੈਲ ਦੇ ਗ਼ਲਤ ਹੁਕਮਾਂ ਕਾਰਨ ਅਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਸਨ। ਕਵਿਤਾ ਦੀਆਂ ਸਤਰਾਂ ਹਨ:

“Forward, the Light Brigade!”
Was there a man dismay’d?
Not tho’ the soldier knew
Someone had blunder’d:

(ਅੱਗੇ ਵਧੋ ਲਾਈਟ ਬ੍ਰਗੇਡ 

ਕੀ ਉੱਥੇ ਇੱਕ ਵੀ ਬੰਦਾ ਨਿਰਾਸ਼ ਸੀ ?

ਬੇਸ਼ੱਕ ਸਿਪਾਹੀਆਂ ਨੂੰ ਪਤਾ ਨਹੀਂ ਸੀ

ਕਿ ਕਿਸੇ ਨੇ ਕੀਤੀ ਹੈ ਬੱਜਰ ਗਲਤੀ)

… ਪਰ ਸਾਰਾ-ਗੜ੍ਹੀ ਵਿੱਚ ਮਰਨ ਵਾਲੇ ਜਰਨੈਲ ਦੀ ਕਿਸੇ ‘ਬੱਜਰ-ਗਲਤੀ’ ਕਾਰਨ ਨਹੀਂ ਸਨ ਮਾਰੇ ਗਏ। ਉਹ ਇਸ ਲਈ ਮਾਰੇ ਗਏ ਕਿਉਂ ਕਿ ਉਨ੍ਹਾਂ ਦੇ ਸਾਮਰਾਜੀ ਆਕਾਵਾਂ ਲਈ ਉਨ੍ਹਾਂ ਦੀ ਜਾਨ ਦੀ ਕੋਈ ਵਧੇਰੇ ਕੀਮਤ ਨਹੀਂ ਸੀ। ਪੰਜਾਬੀ ਹੁਣ ਤੱਕ ਇਨ੍ਹਾਂ ਫ਼ੌਜੀਆਂ ਦੀ ਸੂਰਬੀਰਤਾ ਦੀ ਗਾਥਾ ਗਾਉਂਦੇ ਹਨ ਪਰ ਇਸ ਗਾਥਾ ਵਿਚੋਂ ਸਾਮਰਾਜੀ ਆਕਾਵਾਂ ਦੀ ਰਣਨੀਤੀ ਪ੍ਰਤੀ ਸ਼ੰਕਾ ਨਦਾਰਦ ਹੁੰਦੀ ਹੈ। ਅੰਗਰੇਜ਼ਾਂ ਨੇ ਹੀ ਪਹਿਲਾਂ ਇਨ੍ਹਾਂ ਫ਼ੌਜੀਆਂ ਨੂੰ ਆਪਣੇ ਸਾਮਰਾਜੀ ਪਸਾਰ ਦਿਆਂ ਮਨਸ਼ਿਆਂ ਲਈ ਚਾਰੇ ਵਜੋਂ ਵਰਤਿਆ ਤੇ ਫਿਰ ਇਨ੍ਹਾਂ ਦੀ ਸੂਰਬੀਰਤਾ ਦੇ ਬਿਰਤਾਂਤ ਨੂੰ ਹੋਰ ਚਾਰਾ ਇਕੱਠਾ ਕਰਨ ਭਾਵ ਹੋਰ ਸਿੱਖ ਫ਼ੌਜੀਆਂ ਵਿੱਚ ਇਸੇ ਤਰ੍ਹਾਂ ਦੀ ਸਪਿਰਟ ਪੈਦਾ ਕਰਨ ਲਈ ਵਰਤਣਾ ਸ਼ੁਰੂ ਕੀਤਾ।

ਪੰਜਾਬੀਆਂ ਤੇ ਖ਼ਾਸ ਕਰ ਪੰਜਾਬ ਵਿਚਲੀਆਂ ਐਲਾਨੀਆਂ ਮਾਰਸ਼ਲ ਕੌਮਾਂ ਅੰਦਰ ਸਵੈ-ਬਰਤਰੀ ਦਾ ਅਹਿਸਾਸ ਪੈਦਾ ਕਰਨ ਲਈ ਅੰਗਰੇਜ਼ਾਂ ਨੇ ਉਨ੍ਹਾਂ ਦੀ ਤੁਲਨਾ ਹੋਰਨਾਂ ਕੌਮਾਂ ਨਾਲ ਸ਼ੁਰੂ ਕੀਤੀ। ਤੁਲਨਾ ਦੇ ਇਹ ਬਿਰਤਾਂਤ ਵੀ ਅੰਗਰੇਜ਼ਾਂ ਦੀ ਆਪਣੀ ਅੰਤਰਮੁਖਤਾ ਜਾਂ ਉਨ੍ਹਾਂ ਦੇ ਸੁਚੇਤ ਮਨਸੂਬਿਆਂ ਵਿਚੋਂ ਹੀ ਘੜੇ ਜਾਂਦੇ ਸਨ। ਉਦਹਾਰਣ ਵਜੋਂ ਉਨ੍ਹਾਂ ਨੇ ਖਾਲਸੇ ਦੀ ਬੰਗਾਲੀਆਂ ਨਾਲ ਤੁਲਨਾ ਕਰਦਿਆਂ ਬੰਗਾਲੀਆਂ ਨੂੰ ਕਮਜ਼ੋਰ-ਜਨਾਨੜੇ ਅਤੇ ਸਿੱਖਾਂ ਨੂੰ ਮਰਦਾਵੇਂ-ਤਕੜੇ ਸਿੱਧ ਕੀਤਾ। ਇਸ ਦਾ ਕਾਰਨ ਇਹ ਸੀ ਕਿ ਉਦੋਂ ਤੱਕ ਬੰਗਾਲੀ ਅੰਗਰੇਜ਼ਾਂ ਦਾ ਵਿਸ਼ਵਾਸ ਗੰਵਾ ਚੁੱਕੇ ਸਨ। 1857 ਦੇ ਵਿਦਰੋਹ ਵਿੱਚ ਪੂਰਬੀਏ ਅਤੇ ਬੰਗਾਲੀ ਹੀ ਮੁੱਖ ਰੂਪ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਿਨਾਂ ਬੰਗਾਲ ਵਿੱਚ ਪੈਦਾ ਹੋਈ ਸ਼ਹਿਰੀ ਮੱਧਲੀ ਜਮਾਤ ਨੇ ਹੀ ਸਭ ਤੋਂ ਪਹਿਲਾਂ ਸਵੈ-ਰਾਜ ਦੀ ਆਵਾਜ਼ ਉਠਾਉਣੀ ਸ਼ੁਰੂ ਕੀਤੀ ਸੀ। ਇਨ੍ਹਾਂ ਬੰਗਾਲੀਆਂ ਨੂੰ ਕਦੇ ਸਤਿਕਾਰ ਨਾਲ “ਬਾਬੂ” ਕਿਹਾ ਜਾਂਦਾ ਸੀ ਪਰ ਅੰਗਰੇਜ਼ਾਂ ਨੇ ਇਸੇ ਬਾਬੂ ਸ਼ਬਦ ਨੂੰ ਹਿਕਾਰਤ ਨਾਲ ਵਰਤਣਾ ਸ਼ੁਰੂ ਕਰ ਦਿੱਤਾ। ਅੰਗਰੇਜ਼ਾਂ ਦੇ ਇਨ੍ਹਾਂ ਭਾਰੂ ਪ੍ਰਵਚਨਾਂ ਦਾ ਹੀ ਸਿੱਟਾ ਸੀ ਕਿ ਭਾਰਤ ਦੇ ਕੁਝ ਲੋਕਾਂ ਨੇ ਸਚਮੁਚ ਆਪਣੇ ਆਪ ਨੂੰ ਮਾਰਸ਼ਲ ਤੇ ਬੰਗਾਲੀਆਂ ਨੂੰ ਬੁਜ਼ਦਿਲ-ਜ਼ਨਾਨੀ ਕੌਮ ਸਮਝਣਾ ਸ਼ੁਰੂ ਕਰ ਦਿੱਤਾ। ਬਾਬੂ ਸ਼ਬਦ ਤੋਂ ਵਿਗੜ ਕੇ ਬਣੇ ਸ਼ਬਦ ਬਾਊ ਨੂੰ ਹੁਣ ਵੀ ਪੰਜਾਬ ਵਿੱਚ ਚੰਗੇ ਅਰਥਾਂ ਵਿੱਚ ਨਹੀਂ ਵਰਤਿਆ ਜਾਂਦਾ। ਇਸ ਤੋਂ ਰਿਚਰਡ ਗੈਬਰੀਅਲ ਫੌਕਸ ਦੇ ਅਪਣੀ ਪੁਸਤਕ Lions of Punjab ਵਿੱਚ ਲਿਖੇ ਇਨ੍ਹਾਂ ਸ਼ਬਦਾਂ ਦੀ ਅਸਲੀਅਤ ਸਮਝ ਆਉਂਦੀ ਹੈ, ਇਸ ਸਾਮਰਾਜੀ ਕਲਾਵੇ ਵਿੱਚ, ਅੰਗਰੇਜ਼ਾਂ ਨੇ ਭਾਰਤੀ ਵਿਸ਼ਵਾਸਾਂ ਉੱਤੇ ਵੀ ਅਧਿਕਾਰ ਜਮਾ ਲਿਆ। ਮਾਨਚੈਸਟਰ ਦੇ ਕੱਪੜੇ ਅਤੇ ਵੈੱਸਟਮਨਿਸਟਰ ਦੀ ਨੌਕਰਸ਼ਾਹੀ ਦੇ ਨਾਲ ਮਾਰਸ਼ਲ ਕੌਮਾਂ ਅਤੇ ਵਿਰਾਸਤੀ ਗੁਣਾਂ ਦੇ ਸਿਧਾਂਤ ਵੀ ਭਾਰਤ ਵਿੱਚ ਦਾਖ਼ਲ ਹੋ ਗਏ।”


ਪੰਜਾਬੀਆਂ ਦੀ ਅੰਗਰੇਜ਼ਾਂ ਲਈ ਮਰਨ ਲਈ ਤਿਆਰ ਮਿੱਟੀ ਪਹਿਲੀ ਸੰਸਾਰ ਜੰਗ ਤੋਂ ਬਾਅਦ ਝੜਨੀ ਸ਼ੁਰੂ ਹੋਈ। ਇਸ ਦੌਰਾਨ ਅਮਰੀਕਾ-ਕਨੇਡਾ ਵਿਚਲੇ ਪੰਜਾਬੀ ਉਨ੍ਹਾਂ ਮੁਲਕਾਂ ਦੇ ਉਦਾਰ ਲੋਕਤੰਤਰਾਂ ਨੂੰ ਦੇਖ ਕੇ ਆਪਣੇ ਮੁਲਕ ਨੂੰ ਵੀ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਪ੍ਰੇਰਤ ਹੋਏ। ਉਨ੍ਹਾਂ ਗ਼ਦਰ ਪਾਰਟੀ ਬਣਾ ਕੇ ਦੂਜੀ ਸੰਸਾਰ ਜੰਗ ਦੌਰਾਨ ਭਾਰਤ ਵਿੱਚ ਗ਼ਦਰ ਕਰਨ ਦਾ ਯਤਨ ਕੀਤਾ। ਉਨ੍ਹਾਂ ਦੇ ਪ੍ਰਚਾਰ ਵਿੱਚ ਵੀ ਉਹੀ ਰੈਟਰਿਕ ਸੀ ਜਿਸ ਦਾ ਆਸਰਾ ਲੈ ਕੇ ਅੰਗਰੇਜ਼ ਪੰਜਾਬੀਆਂ ਨੂੰ ਆਪਣੀ ਫ਼ੌਜ ਲਈ ਤਿਆਰ ਕਰਦੇ ਸਨ। ਫ਼ਰਕ ਸਿਰਫ਼ ਇਹ ਸੀ ਕਿ ਹੁਣ ਗ਼ਦਰ ਪਾਰਟੀ ਇਸੇ ਰੈਟਰਿਕ ਨੂੰ ਅੰਗਰੇਜ਼ਾਂ ਵਿਰੁੱਧ ਵਰਤ ਰਹੀ ਸੀ। ਪਰ ਪੰਜਾਬੀਆਂ ਉੱਤੇ ਸਾਮਰਾਜੀ ਸਭਿਆਚਾਰਕ ਪ੍ਰਵਚਨਾਂ ਤੇ ਰੈਟਰਿਕ ਦਾ ਅਸਰ ਕਿਤੇ ਵੱਧ ਡੂੰਘਾ ਸੀ। ਫਲਸਰੂਪ ਸੱਦਾ ਦੇ ਕੇ ਬੇਅੰਤ ਸ਼ਹੀਦੀਆਂ ਪਾਉਣ ਦੇ ਬਾਵਜੂਦ ਗ਼ਦਰ ਪਾਰਟੀ ਆਪਣੇ ਯਤਨ ਵਿੱਚ ਸਫਲ ਨਾ ਹੋ ਸਕੀ। 1919 ਦੇ ਅੰਦੋਲਨ ਵਿੱਚ ਪਹਿਲੀ ਵਾਰ ਪੰਜਾਬ ਦੀ ਸ਼ਹਿਰੀ ਮੱਧਲੀ ਜਮਾਤ ਸ਼ਾਮਲ ਹੋਈ। ਘਟਨਾਵਾਂ ਦਾ ਅਸਰ ਪਿੰਡਾਂ ਤੱਕ ਵੀ ਫੈਲਿਆ। ਅੰਗਰੇਜ਼ਾਂ ਦੀ ਹੜਬੜੀ ਦਾ ਨਤੀਜਾ ਜੱਲਿਆਂ ਵਾਲੇ ਬਾਗ ਦੇ ਸਾਕੇ ਦੇ ਰੂਪ ਵਿੱਚ ਨਿੱਕਲਿਆ। ਸਾਕੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਅੰਮ੍ਰਿਤਸਰ ਦੀਆਂ ਘਟਨਾਵਾਂ ਦੀ ਪੜਤਾਲ ਦਿਖਾਉਂਦੀ ਹੈ ਕਿ ਅੰਗਰੇਜ਼ ਆਪ ਹੀ ਅੰਮ੍ਰਿਤਸਰ ਦੇ ਲੋਕਾਂ ਦੇ ਉਸ ਵਿਦਰੋਹ ਦੀ ਕਲਪਨਾ ਕਰੀ ਬੈਠੇ ਸਨ, ਜੋ ਉਸ ਰੂਪ ਵਿੱਚ ਕਿਤੇ ਨਹੀਂ ਸੀ। ਇਸ ਸਾਕੇ ਨੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਗਹਿਰਾਈ ਤੋਂ ਝੰਜੋੜ ਸੁੱਟਿਆ।

ਪੰਜਾਬੀਆਂ ਦੀ ਮਨੋ-ਚੇਤਨਾ ਵਿੱਚ ਮੋੜ ਆਉਣ ਦਾ ਇੱਕ ਹੋਰ ਵੀ ਕਾਰਨ ਸੀ। ਆਪਣੇ ਫ਼ੌਜੀ ਮਨੋਰਥਾਂ ਕਾਰਨ ਅੰਗਰੇਜ਼ਾਂ ਦੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਵੀ ਦਿਲਚਸਪੀ ਸੀ। ਉਨ੍ਹਾਂ ਨੇ 1857 ਤੋਂ ਬਾਅਦ ਹਿੰਦੂਆਂ ਅਤੇ ਮੁਸਲਮਾਨਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨੀ ਬੰਦ ਕਰ ਦਿੱਤੀ ਸੀ। ਪਰ ਸਿੱਖਾਂ ਦੇ ਮਾਮਲੇ ਵਿੱਚ ਉਹ ਉਨ੍ਹਾਂ ਸਨਾਤਨੀ ਸਿੱਖਾਂ ਦੀ ਸਰਪ੍ਰਸਤੀ ਕਰਦੇ ਰਹੇ, ਜਿਨ੍ਹਾਂ ਦਾ ਸਿੱਖਾਂ ਦੇ ਗੁਰਦੁਆਰਿਆਂ ਉੱਤੇ ਕਬਜ਼ਾ ਸੀ। ਇਹ ਇੱਕ ਅਜੀਬ ਵਿਰੋਧਾਭਾਸੀ ਸਥਿਤੀ ਸੀ। ਅੰਗਰੇਜ਼ ਧਰਮ ਵਜੋਂ ਸਿੱਖੀ ਦੇ ਜਿਸ ਰੂਪ ਨੂੰ ਸਲਾਹੁੰਦੇ ਸਨ, ਉਹ ਤੱਤ-ਖ਼ਾਲਸਾਈ ਸੀ। ਇਸੇ ਤੱਤ ਖ਼ਾਲਸੇ ਨੇ ਜਦੋਂ ਅੰਗਰੇਜ਼ਾਂ ਪਾਸੋਂ ਧਾਰਮਿਕ ਸਥਾਨਾਂ ਦਾ ਕੰਟਰੋਲ ਮੰਗਿਆ ਤਾਂ ਉਹ ਸਨਾਤਨੀਆਂ ਦੇ ਹੱਕ ਵਿੱਚ ਖੜ੍ਹੇ ਹੋ ਗਏ। ਅੰਗਰੇਜ਼ਾਂ ਨੇ ਅਜਿਹਾ ਕਿਉਂ ਕੀਤਾ? ਹਾਲਾਂਕਿ ਉਸ ਸਮੇਂ ਤੱਕ ਤੱਤ ਖ਼ਾਲਸਾ-ਸਿੰਘ ਸਭਾ ਪੂਰੀ ਤਰ੍ਹਾਂ ਸਰਕਾਰ ਦੀ ਵਫ਼ਾਦਾਰ ਸੀ। ਸ਼ਾਇਦ ਇਸ ਲਈ ਕਿਉਂ ਕਿ ਖ਼ਾਲਸੇ ਦਾ ਜਿਸ ਤਰ੍ਹਾਂ ਦਾ ਸਰੂਪ ਘੜਿਆ ਗਿਆ ਸੀ, ਅੰਗਰੇਜ਼ ਖੁਦ ਵੀ ਉਸ ਤੋਂ ਡਰਦੇ ਸਨ। ਅੰਗਰੇਜ਼ਾਂ ਨੇ ਐਂਗਲੋ-ਸਿੱਖ ਯੁੱਧਾਂ ਦੌਰਾਨ ਉਨ੍ਹਾਂ ਦੇ ਹੱਥ ਵੇਖੇ ਸਨ। 1872 ਦੇ ਕੂਕਾ ਵਿਦਰੋਹ ਨੇ ਵੀ ਉਨ੍ਹਾਂ ਦੇ ਕੰਨ ਖੜ੍ਹੇ ਕਰ ਦਿੱਤੇ ਸਨ। ਵਰਨਣਯੋਗ ਹੈ ਕਿ ਕੂਕਾ ਵਿਦਰੋਹ ਪਿੱਛੋਂ ਹੀ ਅੰਗਰੇਜ਼ਾਂ ਨੇ ਵਿਸ਼ੇਸ਼ ਰੂਪ ਵਿੱਚ ਜਰਮਨ ਦੇ ਵਿਦਵਾਨ ਟਰੰਪ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਕਰਵਾਇਆ ਸੀ ਅਤੇ ਇਹ ਜਾਨਣ ਲਈ ਉਸ ਨਾਲ ਲੰਬੇ ਵਿਚਾਰ-ਵਟਾਂਦਰੇ ਕੀਤੇ ਸਨ ਕਿ ਕਿਤੇ ਕੂਕਾ ਵਿਦਰੋਹ ਦੀਆਂ ਜੜ੍ਹਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚ ਤਾਂ ਨਹੀਂ ਹਨ। 1863 ਦਾ ਐਕਟ ਸਰਕਾਰ ਨੂੰ ਲੋਕਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਦੇਣ ਤੋਂ ਰੋਕਦਾ ਸੀ ਪਰ ਇੱਕ ਗੁਪਤ ਸਰਕਾਰੀ ਰਿਪੋਰਟ ਵਿੱਚ ਦਰਜ ਕੀਤਾ ਗਿਆ ਕਿ ਹਰਿਮੰਦਰ ਸਾਹਿਬ ਨੂੰ ਇਸ ਐਕਟ ਅਧੀਨ ਨਹੀਂ ਰੱਖਣਾ ਚਾਹੀਦਾ। ਇਹ ਇੱਕ ਬਹੁਤ ਹੀ ਖ਼ਾਸ ਮਾਮਲਾ ਹੈ ਕਿਉਂ ਕਿ ਸਿੱਖ ਅਸਾਨੀ ਨਾਲ ਭੜਕ ਜਾਣ ਵਾਲੇ ਲੋਕ ਹਨ ਅਤੇ ਹਰਿਮੰਦਰ ਸਾਹਿਬ ਨਾਲ ਜੁੜੀ ਕੋਈ ਵੀ ਸਮੱਸਿਆ ਉਨ੍ਹਾਂ ਨੂੰ ਪਲੀਤਾ ਲਾ ਸਕਦੀ ਹੈ। ਅੰਗਰੇਜ਼ ਡਰਦੇ ਸਨ ਕਿ ਸਿੱਖਾਂ (ਤੱਤ ਖਾਲਸਾ) ਨੂੰ ਉਨ੍ਹਾਂ ਦੇ ਧਾਰਮਿਕ ਸਥਾਨਾਂ ਦਾ ਮੁਕੰਮਲ ਕੰਟਰੋਲ ਦੇਣ ਨਾਲ ਉਹ ਆਪਣੀ ਮਰਜ਼ੀ ਦੇ ਮਾਲਕ ਵੀ ਬਣ ਸਕਦੇ ਹਨ। ਇਸ ਲਈ ਉਹ ਸਿੱਖਾਂ ਦੀਆਂ ਮੰਗਾਂ ਮੰਨਣ ਤੋਂ ਟਾਲਾ ਵੱਟਦੇ ਰਹੇ। ਅੰਗਰੇਜ਼ਾਂ ਦੇ ਇਸੇ ਵਤੀਰੇ ਕਾਰਨ ਤੱਤ-ਖਾਲਸਾ, ਆਪਣੀ ਚੀਫ਼ ਖ਼ਾਲਸਾ ਦੀਵਾਨ ਦੀ ਵਿਰਾਸਤ ਨੂੰ ਤਿਆਗ ਕੇ, ਸੈਂਟਰਲ ਸਿੱਖ ਲੀਗ ਰਾਹੀਂ ਅਖ਼ੀਰ ਅਕਾਲੀ ਵਿਚਾਰਧਾਰਾ ਤੇ ਮੋਰਚਿਆਂ ਤੱਕ ਅੱਪੜ ਗਿਆ। ਜਾਂਬਾਜ਼ੀ ਤੇ ਸੂਰਬੀਰਤਾ ਦਾ ਤਸੱਵੁਰੀ ਅਤੀਤ ਜਿਸ ਨੂੰ ਸਿੰਘ ਸਭਾ ਨੇ ਬਣਾਇਆ ਸੀ ਤੇ ਅੰਗਰੇਜ਼ ਹਕੂਮਤ ਨੇ ਆਪਣੇ ਸਾਮਰਾਜੀ ਮਨਸ਼ਿਆਂ ਖ਼ਾਤਰ ਵੈਧਤਾ ਪ੍ਰਦਾਨ ਕੀਤੀ ਸੀ, ਹੁਣ ਵਰਤਮਾਨ ਬਣ ਕੇ ਉਸੇ ਅੰਗਰੇਜ਼ੀ ਹਕੂਮਤ ਖ਼ਿਲਾਫ਼ ਡਟ ਗਿਆ ਸੀ। ਇਸ ਅਤੀਤ ਤੋਂ ਪ੍ਰੇਰਨਾ ਲੈ ਕੇ ਜਿਸ ਤਰ੍ਹਾਂ ਅਕਾਲੀਆਂ ਨੇ ਤੀਸਰਾ ਸਿੱਖ ਯੁੱਧ ਲੜਿਆ, ਉਸ ਨੇ ਇਸ ਤਸੱਵੁਰੀ ਅਤੀਤ ਨੂੰ ਵੀ ਪੰਜਾਬੀਆਂ ਦੀ ਸਮੂਹਕ ਸਭਿਆਚਾਰਕ ਸਿਮਰਤੀ ਵਿੱਚ ਪੱਕਿਆਂ ਕਰ ਦਿੱਤਾ। ਇਹ ਅਕਾਲੀ ਮੋਰਚੇ ਪੰਜਾਬੀਆਂ ਲਈ ਆਪਣੀ ਜਾਂਬਾਜ਼ੀ ਨੂੰ ਆਪਣੀਆਂ ਹੀ ਅੱਖਾਂ ਨਾਲ ਦੇਖ ਸਕਣ ਦੇ ਸਥਲ ਬਣ ਗਏ। ਉਨ੍ਹਾਂ ਦੀ ਸੂਰਬੀਰਤਾ ਨੇ ਉਨ੍ਹਾਂ ਨੂੰ ਆਪਣੀਆਂ ਹੀ ਨਜ਼ਰਾਂ ਵਿੱਚ ਵਿਲੱਖਣ ਤੇ ਸੰਪੂਰਨ ਬਣਾ ਦਿੱਤਾ। ਇਸ ਤਰ੍ਹਾਂ ਜੇ ਤੁਹਾਡੇ ਕੋਲ ਜਾਂਬਾਜ਼ੀ, ਸੂਰਬੀਰਤਾ ਤੇ ਤਾਕਤ ਹੈ ਤਾਂ ਤੁਹਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਇਹੀ ਪੰਜਾਬੀਆਂ ਦੇ ਸਭਿਆਚਰਕ ਆਦਰਸ਼ ਬਣ ਗਏ ਤੇ ਇਹੀ ਸਭਿਆਚਾਰਕ ਮੁੱਲ। ਜਿਵੇਂ ਕਰਤਾਰ ਸਿੰਘ ਦੁੱਗਲ ਦੀ ਪ੍ਰਸਿੱਧ ਕਹਾਣੀ ‘ਕਰਾਮਾਤ’ ਵਿੱਚ, ਅਕਾਲੀਆਂ ਵੱਲੋਂ ਨਨਕਾਣਾ ਸਾਹਿਬ ਵਾਲੀ ਗੱਡੀ ਤੇ ਗੁਰੂ ਨਾਨਕ ਦੁਆਰਾ ਵਲੀ ਕੰਧਾਰੀ ਦਾ ਪੱਥਰ ਰੋਕਣ ਦਾ ਇਕੋ ਜਿਹਾ ਤਰਕ ਸਿਰਜਿਆ ਜਾਂਦਾ ਹੈ, ਹਕੀਕਤ ਵਿੱਚ ਹੀ ਪੰਜਾਬੀ ਆਪਣੀਆਂ ਕਰਾਮਾਤਾਂ ਵਿੱਚ ਵਿਸ਼ਵਾਸ ਕਰਨ ਲੱਗੇ। ਹੁਣ ਉਨ੍ਹਾਂ ਲਈ ਕੁਝ ਵੀ ਕਰਨਾ ਸੰਭਵ ਸੀ। ਉਨ੍ਹਾਂ ਦੇ ਇਸ ਆਤਮ-ਵਿਸ਼ਵਾਸ ਨੂੰ ਕਿਸੇ ਬੌਧਿਕ ਤਰਕ ਜਾਂ ਚਿੰਤਨੀ ਠੁੰਮਣੇ ਦੀ ਲੋੜ ਨਹੀਂ ਸੀ ਰਹੀ। ਸਗੋਂ ਬੌਧਿਕਤਾ ਜਾਂ ਚਿੰਤਨ, ਜੇਕਰ ਨਕਾਰਾਤਮਕ ਨਹੀਂ ਤਾਂ ਅਣਇੱਛਤ ਜ਼ਰੂਰ ਹੋ ਗਿਆ।

ਅਕਾਲੀ ਮੋਰਚੇ ਪੂਰੀ ਤਰ੍ਹਾਂ ਅਹਿੰਸਕ ਪ੍ਰਤੀਰੋਧ ਦੇ ਸਿਧਾਂਤ ਉੱਤੇ ਆਧਾਰਤ ਸਨ। ਮੋਰਚੇ ਵਿੱਚ ਗ੍ਰਿਫ਼ਤਾਰੀਆਂ ਦੇਣ ਲਈ ਜਾਣ ਵਾਲੇ ਸਿੰਘਾਂ ਨੂੰ ਬਾਕਾਇਦਾ ਅਕਾਲ ਤਖ਼ਤ ਉੱਤੇ ਸ਼ਾਂਤਮਈ ਰਹਿਣ ਦੀ ਸਹੁੰ ਖਵਾਈ ਜਾਂਦੀ ਸੀ। ਆਪਣੀ ਇਸ ਸਹੁੰ ਉੱਤੇ ਖਰੇ ਉੱਤਰਦਿਆਂ ਅਕਾਲੀਆਂ ਨੇ ਸ਼ਾਂਤਮਈ ਰਹਿ ਕੇ ਹੀ ਹਕੂਮਤ ਦੇ ਸਭ ਜ਼ੁਲਮ ਸਹਾਰੇ। ਅਕਾਲੀ ਮੋਰਚਿਆਂ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਬਹੁ-ਗਿਣਤੀ ਜੱਟ-ਕਿਸਾਨੀ ਦੀ ਸੀ। ਅਕਾਲੀਆਂ ਦੀ ‘ਸ਼ਾਂਤਮਈ’ ਦੇ ਪ੍ਰਤੀਕਰਮ ਵਜੋਂ ਜੱਟ-ਕਿਸਾਨੀ  ਵਿਚੋਂ ਹੀ ਬੱਬਰ-ਅਕਾਲੀਆਂ ਨੇ ਆਪਣੀਆਂ ਮਾਅਰਕੇਬਾਜ਼ ਹਿੰਸਕ ਕਾਰਵਾਈਆਂ ਸ਼ੁਰੂ ਕੀਤੀਆਂ। ਇਹ ਇੱਕ ਦਿਲਚਸਪ ਤੱਥ ਹੈ ਕਿ ਬੱਬਰ ਜਥਿਆਂ ਦੇ ਮੁਖੀ ਕਿਸ਼ਨ ਸਿੰਘ ਗੜਗੱਜ ਅਤੇ ਕਰਮ ਸਿੰਘ ਦੌਲਤਪੁਰ ਸਮੇਤ ਬਹੁਤ ਸਾਰੇ ਬੱਬਰ ਸਾਬਕਾ ਫ਼ੌਜੀ ਸਨ। ਉਨ੍ਹਾਂ ਨੂੰ ਉਹ ਧਾਰਮਿਕ ਆਸਥਾ ਅੰਗਰੇਜ਼ਾਂ ਨੇ ਹੀ ਫ਼ੌਜ ਵਿਚ ਸਿਖਾਈ ਸੀ, ਜਿਸ ਕਾਰਨ ਉਨ੍ਹਾਂ ਨੇ ਆਪਣੀਆਂ ਬੰਦੂਕਾਂ ਦੇ ਮੂੰਹ ਅੰਗਰੇਜ਼ ਦੇ ਟੋਡੀਆਂ ਖ਼ਿਲਾਫ਼ ਮੋੜੇ।

ਬਿਨਾਂ ਸ਼ੱਕ ਬੱਬਰ-ਅਕਾਲੀ ਲਹਿਰ ਅੰਗਰੇਜ਼ ਵਿਰੋਧੀ ਖਾੜਕੂ ਲਹਿਰ ਸੀ ਪਰ ਇਸ ਲਹਿਰ ਦੇ ਖਾੜਕੂਆਂ ਨੇ ਕੁਝ ਕਾਰਵਾਈਆਂ ਆਪਣੀ ਜਗੀਰੂ ਮਾਨਸਿਕਤਾ ਤੋਂ ਪ੍ਰੇਰਤ ਹੋ ਕੇ ਵੀ ਕੀਤੀਆਂ। ਜਿਵੇਂ ਸਾਧੂ ਸਿੰਘ ਸੰਧਾਰਾ ਨੇ ਬੱਬਰ ਬੰਤਾ ਸਿੰਘ ਧਾਮੀਆ ਦੀ ਵਿਧਵਾ ਨੂੰ ਅਤੇ ਇੱਕ ਹੋਰ ਬੱਬਰ ਨਰੈਣ ਸਿੰਘ ਦੀ ਪਤਨੀ ਨੂੰ ਕਤਲ ਕੀਤਾ। ਉਨ੍ਹਾਂ ਦਾ ਦੋਸ਼ ਇਹ ਸੀ ਕਿ ਉਹ ਆਪਣੇ ਪਤੀਆਂ ਤੋਂ ਵਿੱਛੜ ਜਾਣ ਪਿਛੋਂ ਹੋਰ ਮਰਦਾਂ ਨਾਲ ਰਹਿਣ ਲੱਗੀਆਂ ਸਨ। ਇਸ ਲਈ ਬੱਬਰਾਂ ਦੀ ਅਣਖ ਦੇ ਨਾਂ ਉੱਤੇ ਉਨ੍ਹਾਂ ਵਿਅਕਤੀਆਂ ਦੇ ਨਾਲ ਇਨ੍ਹਾਂ ਦੋਹਾਂ ਔਰਤਾਂ ਨੂੰ ਵੀ ਮਾਰ ਦਿੱਤਾ ਗਿਆ। ਇਸੇ ਤਰ੍ਹਾਂ ਬਾਅਦ ਵਾਲੇ ਬੱਬਰਾਂ ਨੇ ਆਪਣੇ ਅੰਦਰਲੇ ਗ਼ਦਾਰ ਅਨੂਪ ਸਿੰਘ ਮਾਣੋਕੇ ਨੂੰ ਮਾਰਨ ਦੇ ਨਾਲ ਨਾਲ ਉਸ ਦਾ ਬੀਜ ਨਾਸ ਕਰਨ ਲਈ ਉਸ ਦੇ ਦਸ ਸਾਲਾ ਮੁੰਡੇ ਨੂੰ ਕਤਲ ਕਰ ਦਿੱਤਾ। ਸਿਰਫ਼ ਖਾੜਕੂਪਣ ਨੂੰ ਵਿਸ਼ਲੇਸ਼ਣ ਦਾ ਆਧਾਰ ਬਣਾਉਣ ਵਾਲਾ ਪੰਜਾਬੀ ਇਤਿਹਾਸਕ ਚਿੰਤਨ ਉਨ੍ਹਾਂ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਵੀ ਪ੍ਰਸੰਸਾਮਈ ਢੰਗ ਨਾਲ ਹੀ ਪੇਸ਼ ਕਰਦਾ ਰਿਹਾ ਹੈ। ਇਨ੍ਹਾਂ ਕਾਰਵਾਈਆਂ ਦੇ ਵਿਚਾਰਧਾਰਕ ਅਨਾੜੀਪਣ ਅਤੇ ਇਖ਼ਲਾਕੀ ਬੇਅਸੂਲੀ ਵੱਲ ਇਸ਼ਾਰਾ ਕਰਨ ਦੀ ਕਿਸੇ ਨੇ ਹਿੰਮਤ ਨਹੀਂ ਕੀਤੀ। ਏਥੋਂ ਤੱਕ ਕਿ ਬੌਧਿਕ ਅੱਤ-ਉਤਸ਼ਾਹੀ ਵਿੱਚ ਕਿਸੇ ਵੀ ਤਰ੍ਹਾਂ ਦੀ ਮਾਅਰਕੇਬਾਜ਼ ਕਾਰਵਾਈ ਕਰ ਕੇ ਮਰ ਜਾਣ ਵਾਲਿਆਂ ਨੂੰ ਬਿਨਾਂ ਕਿਸੇ ਸ਼ੱਕ-ਸ਼ੁਭੇ ਤੋਂ ਬੱਬਰਾਂ ਦੀ ਪਰੰਪਰਾ ਵਿੱਚ ਸ਼ਾਮਲ ਕਰ ਦਿੱਤਾ ਗਿਆ। ਹੁਣ ਤੱਕ ਇਹੋ ਪੜ੍ਹਿਆ ਸੀ ਕਿ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਅੱਤ ਦੇ ਜ਼ੁਲਮ ਕਰਨ ਵਾਲੇ ਅਫ਼ਸਰ ਐੱਸ.ਜੀ.ਐੱਮ. ਬੀਟੀ ਨੂੰ ਮਾਰਨ ਵਾਲੇ ਸਿਆਸੀ ਸੂਝ ਵਾਲੇ ਬੱਬਰ ਸਨ। ਪਰ 22 ਅਗਸਤ 2010 ਦੀ ‘ਨਵਾਂ ਜ਼ਮਾਨਾ ਐਤਵਾਰਤਾ’ ਵਿੱਚ ਮਾਲਵੇ ਦੇ ਡਾਕੂ ਮਿਲਖੀ ਸਿੰਘ ਕੁੰਭੜਵਾਲ ਨਾਲ ਮੁਲਾਕਾਤ ਛਪੀ ਹੈ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਹੈ ਕਿ ਬੀਟੀ ਨੂੰ ਮਾਰਨ ਦੇ ਕਾਰਨ ਸਿਆਸੀ ਤੋਂ ਵੱਧ ਨਿੱਜੀ ਸਨ। ਬੀਟੀ ਨੂੰ ਉਸ ਦੇ ਕਾਕਾ ਸਿੰਘ ਚੱਠਾ ਦੀ ਭਰਜਾਈ ਨਾਲ ਸੰਬੰਧਾਂ ਕਾਰਨ ਕਤਲ ਕੀਤਾ ਗਿਆ ਸੀ। ਕਤਲ ਕਰਨ ਵਾਲਿਆਂ ਬਾਰੇ ਕੁੰਭੜਵਾਲ ਦੇ ਆਪਣੇ ਸ਼ਬਦ ਹਨ : ਨਹੀਂ ਬਿਲਕੁਲ ਨਹੀਂ, ਇਹ ਬੱਬਰ ਨਹੀਂ ਸਨ, ਇਹ ਤਾਂ ਸਾਰੇ ਡਾਕੂ ਸਨ, ਜਿਨ੍ਹਾਂ ਨੇ ਸੂਰਮਗਤੀ ਵਾਲਾ ਕੰਮ ਕੀਤਾ ਸੀ। ਇਹ ਬੀਟੀ ਅੰਗਰੇਜ਼ ਨੂੰ ਮਾਰਨ ਤੋਂ ਪਹਿਲਾਂ ਤੇ ਬਾਅਦ ਮੇਰੇ ਕੋਲ ਪਨਾਹ ਲੈਂਦੇ ਰਹੇ ਸਨ। ਬੀਟੀ ਅੰਗਰੇਜ਼ ਨੂੰ ਮਾਰਨ ਤੋਂ ਦੂਸਰੇ ਦਿਨ ਹੀ ਇਹ ਸਾਰੇ ਜਣੇ ਮੇਰੇ ਕੋਲ ਪਹੁੰਚ ਗਏ।

ਕੁੰਭੜਵਾਲ ਜਿਹੇ ਚਸ਼ਮਦੀਦਾਂ ਦੀ ਗੱਲ ਨੂੰ ਐਵੇਂ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਪੰਜਾਬੀਆਂ ਲਈ ਡਾਕੂ ਹੋਣਾ ਵੀ ਨਾਇਕਤਵ ਦਾ ਪ੍ਰਤੀਕ ਹੀ ਰਿਹਾ ਹੈ। ਸੁੱਚਾ ਸੂਰਮਾ, ਜਿਉਣਾ ਮੌੜ ਤੇ ਜੱਗੇ ਡਾਕੂ ਦੀਆਂ ਵਾਰਾਂ ਅਜੇ ਤੱਕ ਪੰਜਾਬੀ ਗਾਉਂਦੇ ਤੇ ਸੁਣਦੇ ਹਨ। ਪੰਜਾਬੀ ਬੰਦਾ ਨਾਇਕਤਵ ਉਸਾਰਦਿਆਂ ਸਿਆਸਤ ਨੂੰ ਬਹੁਤੀ ਅਹਿਮੀਅਤ ਨਹੀਂ ਦਿੰਦਾ। ਨਾਇਕ ਹੋਣ ਲਈ ਮਰਦਾਵੇਂ ਮੁੱਲ ਤੇ ਉਨ੍ਹਾਂ ਲਈ ਮਰਨ ਦਾ ਹੌਸਲਾ ਕਾਫ਼ੀ ਹੈ।


1947 ਪੰਜਾਬੀਆਂ ਦੇ ਇਨ੍ਹਾਂ ਮਰਦਾਵੇਂ ਮੁੱਲਾਂ ਵਿਚਲੀ ਹਿੰਸਾ ਦੀ ਸਿਖ਼ਰ ਸੀ। ਇਸ ਵਰ੍ਹੇ ਪੰਜਾਬੀਆਂ ਦੀ ਮਰਨ-ਮਿੱਟੀ ਨੇ ਉਨ੍ਹਾਂ ਨੂੰ ਹਮਸਾਇਆਂ ਦੀ ਕਤਲੋ-ਗਾਰਤ ਦੇ ਰਾਹ ਪਾ ਦਿੱਤਾ। ਸੁਭਾਵਕ ਹੈ ਕਿ ਇਸ ਮਰਦਾਵੀਂ ਹਿੰਸਾ ਦਾ ਖ਼ਮਿਆਜ਼ਾ ਸਭ ਤੋਂ ਵੱਧ ਪੰਜਾਬੀ ਔਰਤਾਂ ਨੂੰ ਭੁਗਤਣਾ ਪਿਆ। ਪੰਜਾਬਣਾਂ ਨੂੰ ਗੈਰ-ਮਜ਼੍ਹਬ ਲੋਕਾਂ ਹੱਥੋਂ ਬੇਪੱਤ ਤੇ ਕਤਲ ਹੋਣਾ ਪਿਆ। ਪਰ ਬਹੁਤ ਸਾਰੀਆਂ ਪੰਜਾਬਣਾਂ ਨੂੰ ਉਨ੍ਹਾਂ ਦੇ ਆਪਣੇ ਸਕਿਆਂ ਨੇ ਆਪਣੇ ਹੱਥੀਂ ਕਤਲ ਕੀਤਾ। ਉਹ ‘ਮਰਦ’ ਆਪਣੀ ਔਰਤਾਂ ਭਾਵ ਧੀਆਂ-ਭੈਣਾਂ ਨੂੰ ਜ਼ਬਰਦਸਤੀ ਚੁੱਕੇ ਜਾਣ ਦਾ ਮੰਜ਼ਰ ਦੇਖ ਕੇ ਬੇਇਜ਼ਤ ਨਹੀਂ ਹੋਣਾ ਚਾਹੁੰਦੇ ਸਨ। ਬੇਇਜ਼ਤੀ ਵੀ ਮਰਦਾਵਾਂ ਮੁੱਲ ਹੈ ਜਿਸ ਤੋਂ ਬਚਣ ਖ਼ਾਤਰ ਦੁਸ਼ਮਣ ਦੇ ਨਾਲ ਆਪਣੀਆਂ ਔਰਤਾਂ ਦਾ ਕਤਲ ਵੀ ਜਾਇਜ਼ ਬਣ ਜਾਂਦਾ ਹੈ। ਆਪਣੀਆਂ ਔਰਤਾਂ ਦਾ ਕਤਲ, ਕਤਲ ਨਹੀਂ ਰਹਿੰਦਾ ਸਗੋਂ ਕੁਰਬਾਨੀ ਬਣ ਜਾਂਦਾ ਹੈ। 

ਪੰਜਾਬੀ ਬੰਦਾ ਮੌਤ ਸੰਬੰਧੀ ਅਜਿਹੀਆਂ ਸਾਰੀਆਂ ਸਭਿਆਚਾਰਕ ਵਿਆਖਿਆਵਾਂ ਨੂੰ ਸਹਿਜ ਹੀ ਸਵੀਕਾਰਦਾ ਰਿਹਾ ਹੈ। ਉਸ ਕੋਲ ਮੌਤ ਦੇ ਬਦਲਵੇਂ ਚਿੰਤਨੀ ਅਰਥਾਂ ਦੀ ਅਣਹੋਂਦ ਰਹੀ ਹੈ। ਪੰਜਾਬ ਦੇ ਇਤਿਹਾਸ ਵਿੱਚ ਪਿਛਲੀ ਸਦੀ ਦੇ ਤੀਸਰੇ ਦਹਾਕੇ ਦੇ ਅਖ਼ੀਰ ਅਤੇ ਚੌਥੇ ਦੇ ਬਿਲਕੁਲ ਅਰੰਭ ਵਿੱਚ ਮੌਤ ਦੇ ਅਮਲ ਤੇ ਚਿੰਤਨ ਦਰਮਿਆਨ ਇਕਸੁਰਤਾ ਸਾਕਾਰ ਹੋਈ। ਪਹਿਲੀ ਸੰਸਾਰ ਜੰਗ ਤੋਂ ਬਾਅਦ ਦਾ ਇਹ ਸਮਾਂ ਪੰਜਾਬ ਵਿੱਚ ਹਲਚਲਾਂ ਦਾ ਸਮਾਂ ਸੀ। ਰੂਸ ਵਿੱਚ ਬਾਲਸ਼ਿਵਕ ਇਨਕਲਾਬ ਪਿਛੋਂ ਭਾਈ ਸੰਤੋਖ ਸਿੰਘ ਉੱਥੋਂ ਇਨਕਲਾਬ ਦੇ ਸਬਕ ਲੈ ਕੇ ਪੰਜਾਬ ਵਿੱਚ ‘ਕਿਰਤੀ’ ਕੱਢਣ ਲੱਗੇ ਸਨ। ਇਸ ਨਾਲ ਪੰਜਾਬ ਵਿੱਚ ਨਵੇਂ ਵਿਚਾਰਾਂ ਦਾ ਸੰਚਾਰ ਹੋਣ ਲੱਗਿਆ। ਪਰ ਪੰਜਾਬੀ ਇਹ ਨਵੇਂ ਵਿਚਾਰ ਆਪਣੀ ਖਾਸ ਬਸਤੀਵਾਦੀ ਇਤਿਹਾਸਕ ਸਮਝ ਦੇ ਘੇਰੇ ਵਿੱਚ ਹੀ ਆਪਣਾ ਰਹੇ ਸਨ। ਅਜਿਹੇ ਸਮੇਂ ਲਾਹੌਰ ਨੈਸ਼ਨਲ ਕਾਲਜ ਦੇ ਮਾਹੌਲ ਵਿੱਚ ਅਜਿਹੇ ਪ੍ਰਤਿਭਾਸ਼ਾਲੀ ਨੌਜਵਾਨਾਂ ਦਾ ਗਰੁੱਪ ਉਭਰਿਆ, ਜੋ ਆਪਣੀ ਸਿਆਸੀ ਪਹੁੰਚ ਤੇ ਦ੍ਰਿਸ਼ਟੀ ਨੂੰ ਘੜਨ ਲਈ ਅਜ਼ਾਦਾਨਾ ਚਿੰਤਨ ਦੇ ਰਾਹ ਤੁਰਨ ਲਈ ਤਿਆਰ ਸਨ। ਭਗਤ ਸਿੰਘ, ਭਗਵਤੀ ਚਰਨ ਵੋਹਰਾ ਤੇ ਸੁਖਦੇਵ ਜਿਹੇ ਨੌਜਵਾਨ ਚਿੰਤਨ ਤੇ ਅਮਲ ਦੀ ਦਵੰਦਾਤਮਕਤਾ ਨੂੰ ਸਾਕਾਰ ਕਰਨ ਵਿੱਚ ਮੋਹਰੀ ਬਣੇ। ਆਪਣੇ ਚਿੰਤਨ ਵਿੱਚ ਖਾਸ ਤੌਰ ‘ਤੇ ਉਹ ਅਤੀਤ ਦੇ ਪ੍ਰੇਤਾਂ ਤੋਂ ਖਹਿੜਾ ਛੁਡਾ ਕੇ ਭਵਿੱਖ ਦੇ ਰਾਹਾਂ ਦੀ ਤਲਾਸ਼ ਲਈ ਨਿੱਕਲੇ। ਆਪਣੀ ਮੌਤ ਵਿੱਚ ਉਨ੍ਹਾਂ ਨੇ ਆਪਣੀ ਤਰਕ ਤੇ ਗਿਆਨ ਆਧਾਰਤ ਸਿਆਸਤ ਦਾ ਪ੍ਰਤੀਬਿੰਬ ਪੇਸ਼ ਕੀਤਾ। ਉਹ ਧਰਮ ਤੋਂ ਪੂਰਨ ਰੂਪ ਵਿੱਚ ਮੁਕਤ ਹੋਣ ਵਿੱਚ ਵੀ ਕਾਮਯਾਬ ਰਹੇ। ਪਰ ਇਸ ਨੂੰ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਚਿੰਤਨ-ਬੌਧਿਕਤਾ ਤੇ ਸਿਆਸਤ ਦੇ ਮੇਲ ਦੀ ਇਹ ਪਰੰਪਰਾ ਹੋਰ ਅੱਗੇ ਨਾ ਤੁਰ ਸਕੀ। ਭਗਤ ਸਿੰਘ ਤੇ ਸਾਥੀਆਂ ਨਾਲ ਉੱਭਰੀਆਂ ਨਵੀਆਂ ਚਿੰਤਨੀ ਸੰਭਾਵਨਾਵਾਂ ਉਨ੍ਹਾਂ ਦੇ ਨਾਲ ਹੀ ਦਫ਼ਨ ਹੋ ਗਈਆਂ। ਪੰਜਾਬ 1947 ਤੱਕ ਅੰਗਰੇਜ਼-ਪ੍ਰਸਤ ਯੂਨੀਅਨਿਸਟ ਪਾਰਟੀ ਦੀ ਹਕੂਮਤ ਥੱਲੇ ਰਿਹਾ ਤੇ 1947 ਤੋਂ ਬਾਅਦ ਅਚਾਨਕ ਧਰਮ ਆਧਾਰਤ ਪਾਰਟੀਆਂ, ਮੁਸਲਿਮ ਲੀਗ ਅਤੇ ਅਕਾਲੀਆਂ ਦੇ ਲੜ ਲੱਗ ਕੇ ਆਤਮਘਾਤੀ ਹਿੰਸਾ ਵੱਚ ਮਸਰੂਫ਼ ਹੋ ਗਿਆ।

ਅਜੋਕੇ ਸਮੇਂ ਤੱਕ ਪਹੁੰਚਦਿਆਂ ਭਗਤ ਸਿੰਘ ਤੇ ਸਾਥੀਆਂ ਨੂੰ ਸੱਤਾ ਨੇ ਸਾਰੇ ਬੌਧਿਕ ਤੇ ਚਿੰਤਨੀ ਅਰਥਾਂ ਤੋਂ ਮਹਿਰੂਮ ਕਰਕੇ ਇੱਕ ਖੋਖਲੇ ਬਿੰਬ ਵਿੱਚ ਘਟਾ ਦਿੱਤਾ ਹੈ। ਸੱਤਾ ਦੀ ਇਸ ਨਿਰੰਤਰ ਪ੍ਰਕਿਰਿਆ ਦੌਰਾਨ ਪੰਜਾਬ ਦਾ ਪ੍ਰਗਤੀਵਾਦੀ ਚਿੰਤਨ ਵੀ ਆਪਣਾ ਨਾਤਾ ਉਸ ਚਿੰਤਨ ਨਾਲ ਨਹੀਂ ਜੋੜ ਸਕਿਆ। ਇਸ ਨੇ ਵੀ ਭਗਤ ਸਿੰਘ ਦੇ ਵਿਚਾਰਾਂ ਨਾਲ ਆਪਣੀ ਸਾਂਝ ਨੂੰ ਨਿਰੋਲ ਭਾਵਨਾਤਮਕ ਆਧਾਰਾਂ ਵਿਚੋਂ ਹੀ ਖੋਜਣ ਦੀ ਕੋਸ਼ਿਸ਼ ਕੀਤੀ ਹੈ। ਸੋਵੀਅਤ ਯੂਨੀਅਨੀ ਮਾਰਕਸਵਾਦ ਨਾਲ ਆਪਣਾ ਨਾਤਾ ਰੱਖ ਕੇ ਭਗਤ ਸਿੰਘ ਦੀ ਬਣ ਰਹੀ ਅਜ਼ਾਦਾਨਾ ਮਾਰਕਸਵਾਦੀ ਸਮਝ ਨੂੰ ਅੱਗੇ ਨਹੀਂ ਸੀ ਵਧਾਇਆ ਜਾ ਸਕਦਾ। ਇਸੇ ਲਈ ਪ੍ਰਗਤੀਵਾਦੀ ਚਿੰਤਨ ਲਾਲ ਇਨਕਲਾਬ ਦੀ ਗੱਲ ਕਰਦਿਆਂ ਹਰੇ ਇਨਕਲਾਬ ਤੋਂ ਅੱਗੇ ਨਾ ਵਧ ਸਕਿਆ। ਉਹ ਪੰਜਾਬੀ ਬੰਦੇ ਦੇ ਮਨ ਤੱਕ ਆਪਣੀ ਪਹੁੰਚ ਨਾ ਬਣਾ ਸਕਿਆ। ਉਂਜ ਵੀ ਇਹ ਚਿੰਤਨ ਖੁਦ ਵੀ ਅੱਜ ਤੱਕ ਬਸਤੀਵਾਦੀ ਇਤਿਹਾਸਕ ਚੇਤਨਾ-ਅਚੇਤਨਾ ਤੋਂ ਮੁਕਤ ਨਹੀਂ ਹੋ ਸਕਿਆ।

ਪੰਜਾਬ ਵਿਚਲਾ ਅੱਤਵਾਦ ਦਾ ਦਹਾਕਾ ਪ੍ਰਗਤੀਵਾਦੀ ਚਿੰਤਨ ਦੀ ਹਾਰ ਦੀ ਹੀ ਉਪਜ ਸੀ। ਇਹ ਚਿੰਤਨ ਗਿਆਨਕਰਨੀ ਸਰੋਕਾਰਾਂ ਨੂੰ ਲੋਕ ਮਨਾਂ ਦਾ ਹਿੱਸਾ ਬਣਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਿਹਾ ਸੀ। ਇਹ ਤਾਂ ਉਨ੍ਹਾਂ ਸਰੋਕਾਰਾਂ ਨੂੰ ਆਪਣੇ ਚਿੰਤਨ ਵਿੱਚ ਵੀ ਪੂਰੀ ਤਰ੍ਹਾਂ ਸ਼ਾਮਲ ਨਾ ਕਰ ਸਕਿਆ। ਪੰਜਾਬ ਦੀ ਖੱਬੀ ਲਹਿਰ ਪ੍ਰਤੀ ਪ੍ਰਤੀਰੋਧ ਵਿਚੋਂ ਉੱਭਰੀ ਨਕਸਲੀ ਲਹਿਰ ਦਾ ਵੀ ਇਹੀ ਦੁਖਾਂਤ ਰਿਹਾ। ਅਜੀਬ ਵਿਡੰਬਨਾ ਹੈ ਕਿ ਨਕਸਲੀ ਕਵੀ ਸੰਤ ਰਾਮ ਉਦਾਸੀ ਦਾ ਗੀਤ ‘ਦਿੱਲੀਏ ਦਿਆਲਾ ਦੇਖ ਦੇਗ ‘ਚ ਉੱਭਲਦਾ ਅਜੇ ਤੇਰਾ ਚਿੱਤ ਨਾ ਠਰੇ’ ਸਿੱਖ ਸਟੇਜਾਂ ਉੱਤੇ ਵੀ ਵੱਜਦਾ ਰਿਹਾ ਹੈ। ਇਸੇ ਲਈ ਧਰਮ ਆਧਾਰਤ ਅੱਤਵਾਦ ਦੇ ਫੈਲਾਅ ਲਈ ਪੰਜਾਬ ਦੀ ਮਿੱਟੀ ਵੱਤਰ ਸੀ। ਅੱਤਵਾਦ ਦੇ ਸਮੇਂ ਦੌਰਾਨ ਲਿਖੀ ਗਈ ਪੰਜਾਬੀ ਕਵਿਤਾ ਵਿੱਚ ਪੰਜਾਬੀਆਂ ਦੀ ਮਰਨ-ਮਿੱਟੀ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਪਰ ਇਹ ਕਵਿਤਾ ਇਸ ਮਰਨ-ਮਿੱਟੀ ਦੀਆਂ ਅਸਲ ਖ਼ਸਲਤਾਂ ਤੇ ਤੱਤਾਂ ਦਾ ਖੁਲਾਸਾ ਨਹੀਂ ਕਰ ਸਕੀ। ਇੱਥੇ ਵੀ ਕਾਵਿਕ ਹੁੰਗਾਰਾ ਭਾਵਨਾਤਮਕ ਪ੍ਰਤੀਕਰਮ ਤੱਕ ਹੀ ਸੀਮਤ ਰਿਹਾ। ਪੰਜਾਬੀਆਂ ਦੀ ਮਰਨ-ਮਿੱਟੀ ਦੀਆਂ ਇਤਿਹਾਸਕ ਖ਼ਸਲਤਾਂ ਤੇ ਤੱਤਾਂ ਨੂੰ ਸਮਝ ਕੇ ਹੀ ਭਗਤ ਸਿੰਘ ਤੇ ਸਾਥੀਆਂ ਦੀ ਗਵਾਚ ਗਈ ਬੌਧਿਕ ਤੇ ਚਿੰਤਨੀ ਵਿਰਾਸਤ ਨੂੰ ਮੁੜ ਲੱਭਿਆ ਜਾ ਸਕਦਾ ਹੈ। ਇਸ ਵਿਰਾਸਤ ਨਾਲ ਜੁੜ ਕੇ ਹੀ ਪੰਜਾਬੀਆਂ ਦੀ ਮਰਨ-ਮਿੱਟੀ ਸਿਰਜਣਾਤਮਕ ਅਮਲ-ਪ੍ਰਕਿਰਿਆ ਦੇ ਰਾਹ ਮੁੜ ਸਕਦੀ ਹੈ।

Leave a Reply

Your email address will not be published. Required fields are marked *