ਬਰਤਾਨੀਆ, ਯੂਰਪੀ ਯੂਨੀਅਨ ਵਿਚ ਫੇਸਬੁੱਕ ਖ਼ਿਲਾਫ਼ ਜਾਂਚ ਸ਼ੁਰੂ, ਬਾਜ਼ਾਰ ਵਿੱਚ ਮੁਕਾਬਲੇਬਾਜ਼ੀ ਵਿਗਾੜਨ ਦਾ ਦੋਸ਼

ਲੰਡਨ : ਯੂਰਪੀ ਸੰਘ ਅਤੇ ਬਰਤਾਨਵੀ ਰੈਗੁਲੇਟਰਾਂ ਨੇ ਕਲਾਸੀਫਾਈਡ ਇਸ਼ਤਿਹਾਰਬਾਜ਼ੀ ਬਾਜ਼ਾਰ ਵਿਚ ਮੁਕਾਬਲੇ ਦੇ ਨਿਯਮਾਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੀ ਜਾਂਚ ਸ਼ੁਰੂ ਕੀਤੀ ਹੈ। ਜਾਂਚ ਵਿਚ ਪਤਾ ਲਗਾਇਆ ਜਾਵੇਗਾ ਕਿ ਕੀ ਕੰਪਨੀ ਨੇ ਮੁਕਾਬਲੇਬਾਜ਼ੀ ਸੇਵਾਵਾਂ ਰਾਹੀਂ ਪ੍ਰਾਪਤ ਅੰਕੜਿਆਂ ਦੀ ਵਰਤੋਂ ਮੁਕਾਬਲੇਬਾਜ਼ੀ ਵਿਗਾੜਨ ਵਿਚ ਤਾਂ ਨਹੀਂ ਕੀਤੀ।
ਯੂਰਪੀ ਕਮਿਸ਼ਨ ਨੇ ਕਿਹਾ ਕਿ ਉਹ ਇਹ ਵੀ ਜਾਂਚ ਕਰੇਗਾ ਕਿ ਜਿਸ ਤਰੀਕੇ ਨਾਲ ਫੇਸਬੁੱਕ ਨੇ ਆਪਣੇ ਖੁਦ ਦੇ ਕਲਾਸੀਫਾਈਡ ਇਸ਼ਤਿਹਾਰ ਸੇਵਾ ਬਾਜ਼ਾਰ ਮੰਚ ਨੂੰ ਸੋਸ਼ਲ ਨੈਂੱਟਵਰਕ ਨਾਲ ਸਬੰਧਤ ਕੀਤਾ ਹੈ, ਇਸ ਨਾਲ ਕੀ ਉਸ ਨੂੰ ਗਾਹਕਾਂ ਤੱਕ ਪਹੁੰਚਣ ਵਿਚ ਲਾਭ ਮਿਲ ਰਿਹਾ ਹੈ ਅਤੇ ਕੀ ਇਸ ਨਾਲ ਯੂਰਪੀ ਯੂਨੀਅਨ ਦੇ ਮੁਕਾਬਲੇਬਾਜ਼ੀ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ।
ਇਸ ਦੌਰਾਨ ਬਰਤਾਨੀਆ ਦੇ ਮੁਕਾਬਲੇਬਾਜ਼ੀ ਕਮਿਸ਼ਨ ਨੇ ਵੀ ਫੇਸਬੁੱਕ ਖ਼ਿਲਾਫ਼ ਜਾਂਚ ਦਾ ਐਲਾਨ ਕੀਤਾ ਹੈ। ਜਾਂਚ ਵਿਚ ਇਸ ਗੱਲ ਦਾ ਪਤਾ ਲਗਾਇਆ ਜਾਵੇਗਾ ਕਿ ਕੀ ਫੇਸਬੁੱਕ ਦਾ ਅੰਕੜਿਆਂ ਦਾ ਸੰਗ੍ਰਹਿ ਅਤੇ ਉਸ ਦੀ ਵਰਤੋਂ ਉਸ ਨੂੰ ਕਲਾਸੀਫਾਈਡ ਅੰਕੜੇ ਅਤੇ ‘ਆਨਲਾਈਨ ਡੇਟਿੰਗ’ ਦੀ ਸੁਵਿਧਾ ਮੁਹੱਈਆ ਕਰਵਾਉਣ ਵਾਲੀਆਂ ਮੁਕਾਬਲੇਬਾਜ਼ੀ ਵਾਲੀਆਂ ਕੰਪਨੀਆਂ ਦੇ ਮੁਕਾਬਲੇ ਅਣਉਚਿਤ ਲਾਭ ਦਿੰਦਾ ਹੈ।