04
Jun
ਖੜਾਂਗੇ ਸਾਥੀ…

ਵਾਸ਼ਰੂਮ ਦੀ ਰਿਪੇਅਰ
ਅੱਧਖੜ ਗੋਰਾ ਬਰੂਸ
ਹੱਥ ਹਥੋੜੀ ਮੱਥੇ ਮੁੜ੍ਹਕਾ
ਕਰ ਰਿਹਾ ਕੰਮ ਅਪਣੇ ਧਿਆਨ।
ਮੈਂ ਅਪਣੇ ਫੋਨ ਚੋਂ ਉਸਨੂੰ ਵਿਖਾ ਰਿਹਾਂ
ਗੂਗਲ ਤੋਂ ਡਾਊਨਲੋਡ ਵਾਸ਼ਰੂਮ ਡਿਜਾਇਨ
ਫੋਟੋਆਂ ‘ਚ ਇਕ ਫੋਟੋ
ਮੈਂ ਅਤੇ ਬੇਟਾ ਚੌਰਾਹੇ ਖੜੇ
ਹੱਥਾਂ ‘ਚ ‘ਨੋ ਫਾਰਮਰ ਨੋ ਫੂਡ’ ਦੀ ਤਖ਼ਤੀ।
ਬਰੂਸ ਮੇਰੇ ਵੱਲ ਗਹੁ ਨਾਲ ਵੇਖ ਪੁੱਛਦਾ:
‘ਤੂੰ ਕਿਸਾਨ ਏਂ?’
ਮੈਂ: ‘ਹਾਂ!
ਅਸੀਂ ਕਿਸਾਨ ਮਾਰੂ ਕਾਨੂੰਨਾ ਦਾ ਵਿਰੋਧ ਕਰ ਰਹੇ ਹਾਂ।’
ਬਰੂਸ ਅਪਣੱਤ ਨਾਲ ਦੱਸਦਾ:
‘ਮੇਰੇ ਵਡੇਰੇ ਵੀ ਕਿਸਾਨ ਸਨ
ਪੰਜਾਹ ਏਕੜ ਦਾ ਫਾਰਮ ਸੀ
ਫਿਰ ਸੀਰੀਅਲ ਕੰਪਨੀ ਆਈ
ਅਸੀਂ ਕੰਟਰੈਕਟ ਸਾਈਨ ਕਰ ਲਿਆ
ਫਿਰ ਕੁਝ ਸਾਲਾਂ ‘ਚ ਹੀ ਅਸੀਂ-
ਅਪਣੇ ਫਾਰਮ ਤੇ ਬੰਧੂਆ-ਮਜ਼ਦੂਰ ਹੋ ਗਏ।
ਚੰਗਾ ਹੈ ਤੁਸੀਂ ਲੜ ਰਹੇ ਓ
ਕਿਸਾਨ ਮਾਰੂ ਕਾਨੂੰਨਾਂ ਖਿਲਾਫ਼ ਖੜ ਰਹੇ ਓ
ਅਸੀਂ ਲੜੇ ਨਹੀਂ, ਖੜੇ ਨਹੀਂ।‘
ਕਹਿੰਦਿਆਂ ਹਥੌੜੀ ਵਾਲੇ ਹੱਥ ਨਾਲ ਮੱਥੇ ਤੋਂ ਮੁੜ੍ਹਕਾ ਪੂੰਝ
ਉਸ ਹੌਕਾ ਭਰਿਆ…ਪੁਸ਼ਤਾਂ ਲੰਮਾ।
ਮੈਂ ਉਸਦਾ ਹੱਥ ਘੁਟਦਾਂ
ਭਰੇ ਗੱਚ ਨਾਲ ਹੁਣ ਉਹ ਤੇ ਉਸਦੇ ਵਡੇਰੇ ਜਿਵੇਂ
ਮੇਰੇ ਅਤੇ ਬੇਟੇ ਨਾਲ ਫੋਟੋ ‘ਚ ਖੜ੍ਹੇ!!