ਕੈਨੇਡੀਅਨ ਮੂਲ ਨਿਵਾਸੀ ਬੱਚਿਆਂ ‘ਤੇ ਹੋਏ ਅੱਤਿਆਚਾਰਾਂ ਦੀ ਮੁਕੰਮਲ ਤੇ ਨਿਰਪੱਖ ਜਾਂਚ ਹੋਵੇ

ਕੁਝ ਹਫਤੇ ਪਹਿਲਾਂ ਕਨੇਡਾ ਨੂੰ ਉਸ ਵਕਤ ਸਾਰੀ ਦੁਨੀਆਂ ਵਿੱਚ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਬੀ. ਸੀ. ਦੇ ਸ਼ਹਿਰ ਕੈਮਲੂਪਸ ਦੇ ਇੱਕ ‘ਰੈਜ਼ੀਡੈਂਸ਼ੀਅਲ ਸਕੂਲਜ਼’ ਦੀਆਂ ਬੇਨਾਮ ਕਬਰਾਂ ਵਿੱਚੋਂ 215 ਬੱਚਿਆਂ ਦੇ ਰੀਮੇਨਜ਼ (ਦਫਨਾਏ ਸਰੀਰ ਦੇ ਕੁਝ ਅੰਸ਼) ਮਿਲ਼ੇ ਸਨ। ਅਜੇ ਇਨ੍ਹਾਂ ਖ਼ਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਹੁਣ ਲੰਘੇ ਵੀਕੈਂਡ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੈਨੀਟੋਬਾ ਦੇ ਸ਼ਹਿਰ ਬਰੈਂਡਨ ਕੋਲ਼ ਵੀ ਇੱਕ ਹੋਰ ਰੈਜ਼ੀਡੈਂਸੀਅਲ ਸਕੂਲ ਦੀਆਂ ਬੇਨਾਮ ਕਬਰਾਂ ਵਿੱਚੋਂ 104 ਬੱਚਿਆਂ ਦੇ ਰੀਮੇਨਜ਼ (ਦਫਨਾਏ ਸਰੀਰ ਦੇ ਕੁਝ ਅੰਸ਼) ਮਿਲ਼ ਰਹੇ ਹਨ। ਕਨੇਡਾ ਵਿੱਚ ਅਜਿਹੇ ‘ਰੈਜ਼ੀਡੈਂਸ਼ੀਅਲ ਸਕੂਲ’ ਸਨ, ਜਿਨ੍ਹਾਂ ਵਿੱਚ ਕਨੇਡੀਅਨ ਮੂਲ ਨਿਵਾਸੀਆਂ ਦੇ ਬੱਚਿਆਂ ਨੂੰ ਧੱਕੇ ਨਾਲ਼ ਮਾਪਿਆਂ ਤੋਂ ਖੋਹ ਕੇ ਅਜਿਹੀ ਸਿੱਖਿਆ ਦਿੱਤੀ ਜਾਂਦੀ ਸੀ ਕਿ ਉਹ ਆਪਣੇ ਸਭਿਆਚਾਰ, ਧਰਮ, ਬੋਲੀ ਆਦਿ ਨੂੰ ਭੁੱਲ ਕੇ ਇੰਗਲੈਂਡ ਦੇ ਬਸਤੀਵਾਦੀ ਗੋਰਿਆਂ ਦੇ ਕਲਚਰ ਨੂੰ ਅਪਨਾ ਲੈਣ।ਉਨ੍ਹਾਂ ਸਮਿਆਂ ਵਿੱਚ ਕਨੇਡਾ ਨੂੰ ਸਿਰਫ ਗੋਰਿਆਂ (Only for Whites) ਲਈ ਤਿਆਰ ਕੀਤਾ ਜਾ ਰਿਹਾ ਸੀ।ਇਹ ਸਕੂਲ ਕਨੇਡਾ ਸਰਕਾਰ ਦੇ ‘ਡਿਪਾਰਟਮੈਂਟ ਆਫ ਇੰਡੀਅਨ ਅਫੇਅਰਜ਼’ ਦੀ ਸਰਕਾਰੀ ਫੰਡਿੰਗ ਨਾਲ਼ ‘ਕਰਿਸਚੀਅਨ ਚਰਚਜ਼’ ਵਲੋਂ ਚਲਾਇਆ ਜਾਂਦਾ ਸੀ।ਇਹ ਸਕੂਲ 1870 ਤੋਂ 1996 ਤੱਕ ਚੱਲਦੇ ਰਹੇ ਸਨ।ਪਿਛਲੇ 50 ਕੁ ਸਾਲਾਂ ਵਿੱਚ ਕਨੇਡਾ ਦੇ ਬਦਲੇ ਰਾਜਨੀਤਕ ਮਾਹੌਲ ਤੋਂ ਬਾਅਦ ਅਜਿਹੀਆਂ ਖ਼ਬਰਾਂ ਆਉਂਦੀਆਂ ਰਹੀਆਂ ਕਿ ਇਨ੍ਹਾਂ ਸਕੂਲਾਂ ਵਿੱਚ ਮੂਲ ਨਿਵਾਸੀ ਸਕੂਲੀ ਬੱਚਿਆਂ ਤੇ ਅੱਤਿਆਚਾਰ ਹੁੰਦੇ ਰਹੇ ਹਨ, ਜਿਸ ਨਾਲ਼ ਮੌਤ ਹੋਣ ਤੋਂ ਬਾਅਦ ਮਾਪਿਆਂ ਨੂੰ ਦੱਸੇ ਬਿਨਾਂ ਉਨ੍ਹਾਂ ਨੂੰ ਦਫਨਾ ਦਿੱਤਾ ਜਾਂਦਾ ਸੀ। ਪਰ ਸਰਕਾਰਾਂ ਅਜਿਹਾ ਮੰਨਣ ਤੋਂ ਇਨਕਾਰੀ ਸਨ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹੇ 5 ਤੋਂ 6 ਹਜ਼ਾਰ ਬੱਚੇ ਹੋ ਸਕਦੇ ਹਨ। ਇਨ੍ਹਾਂ ਸਕੂਲਾਂ ਵਿੱਚ ਡੇਢ ਲੱਖ ਤੋਂ ਉਪਰ ਬੱਚੇ ਪੜ੍ਹਦੇ ਰਹੇ ਹਨ। ਬੱਚਿਆਂ ਨੂੰ ਜਾਣ-ਬੁਝ ਕੇ ਉਨ੍ਹਾਂ ਦੇ ਘਰਾਂ ਤੋਂ ਦੂਰ ਵਾਲ਼ੇ ਸਕੂਲਾਂ ਵਿੱਚ ਰੱਖਿਆ ਜਾਂਦਾ ਸੀ ਤਾਂ ਕਿ ਉਹ ਮਾਪਿਆਂ ਨੂੰ ਨਾ ਮਿਲ਼ ਸਕਣ। ਮੂਲ ਨਿਵਾਸੀਆਂ ਵਲੋਂ ਇਸ ਨੂੰ ‘ਕਲਚਰਲ ਜੈਨੋਸਾਈਡ’ ਦਾ ਨਾਮ ਵੀ ਦਿੱਤਾ ਜਾਂਦਾ ਰਿਹਾ ਹੈ। ਇਸ ਸਬੰਧੀ ਮੂਲ ਨਿਵਾਸੀਆਂ ਵਲੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਜਾਂਦੀ ਰਹੀ, ਜਿਸ ਦੇ ਨਤੀਜੇ ਵਜੋਂ 11 ਜੂਨ, 2008 ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਬਾਕੀ ਪਾਰਟੀਆਂ ਸਮੇਤ ਪਾਰਲੀਮੈਂਟ ਵਿੱਚ ‘ਜਨਤਕ ਮੁਆਫੀ’ ਮੰਗ ਕੇ ‘ਟਰੁੱਥ ਅਤੇ ਰੀਕੌਂਸਲੀਏਸ਼ਨ ਕਮਿਸ਼ਨ’ ਬਣਾਇਆ ਸੀ, ਜੋ ਲਗਾਤਾਰ ਜਾਂਚ ਕਰ ਰਿਹਾ ਹੈ ਜਿ ਸਦੇ ਨਤੀਜੇ ਵਜੋਂ ਪਹਿਲਾਂ ਬੀ. ਸੀ. ਤੇ ਹੁਣ ਮੈਨੀਟੋਬਾ ਵਿੱਚ ਬੱਚਿਆਂ ਦੇ ਰੀਮੇਨਜ਼ (ਦਫਨਾਏ ਸਰੀਰ ਦੇ ਕੁਝ ਅੰਸ਼) ਸਾਹਮਣੇ ਆਏ ਹਨ।

ਜਥੇਬੰਦੀਆਂ ‘ਪ੍ਰੋਗਰੈਸਿਵ ਕਲਚਰਲ਼ ਐਸੋਸੀਏਸ਼ਨ, ਕੈਲਗਰੀ’, ‘ਸਿੱਖ ਵਿਰਸਾ ਇੰਟਰਨੈਸ਼ਨਲ, ਕੈਲਗਰੀ’, ‘ਸਰੋਕਾਰਾਂ ਦੀ ਆਵਾਜ਼, ਟੋਰਾਂਟੋ’ ਨੇ ਬਸਤੀਵਾਦੀ ਗੋਰੇ ਹਾਕਮਾਂ ਵਲੋਂ ਕੈਥੋਲਿਕ ਚਰਚ ਨਾਲ਼ ਰਲ਼ ਕੇ ਦੁਨੀਆਂ ਭਰ ਵਿੱਚ ਲੋਕਾਂ ਨੂੰ ਗੁਲਾਮ ਬਣਾ ਕੇ ਅੱਤਿਆਚਾਰ ਕਰਨ ਦੀ ਨਿਖੇਧੀ ਕੀਤੀ ਹੈ। ਕੈਨੇਡਾ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੱਚ ਲੱਭਣ ਲਈ ਬਣਾਏ ਗਏ ਕਮਿਸ਼ਨ ਤੋਂ ਜਲਦੀ ਰਿਪੋਰਟ ਲੈ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਮੂਲ ਨਿਵਾਸੀ ਭਾਈਚਾਰੇ ਨਾਲ਼ ਹੋਏ ਜ਼ੁਲਮਾਂ ਲਈ ਉਨ੍ਹਾਂ ਨੂੰ ਇਨਸਾਫ ਮਿਲ਼ ਸਕੇ। ਪਿਛਲੇ ਦਿਨੀਂ ਕੈਨੇਡਾ ਸਰਕਾਰ ਵਲੋਂ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਮੂਲ ਨਿਵਾਸੀ ਭਾਈਚਾਰੇ ਤੋਂ ਮੁਆਫੀ ਮੰਗੀ ਹੈ ਅਤੇ ਕੈਥੋਲਿਕ ਚਰਚ ਮੁਖੀ ਪੋਪ ਨੂੰ ਇਨ੍ਹਾਂ ਜ਼ੁਲਮਾਂ ਦੀ ਜ਼ਿੰਮੇਵਾਰੀ ਲੈ ਕੇ ਮੁਆਫੀ ਮੰਗਣ ਲਈ ਅਪੀਲ ਕੀਤੀ ਹੈ। ਜਥੇਬੰਦੀਆਂ ਨੇ ਕਿਹ‍ ਕਿ ਕੈਨੇਡਾ ਦੇ ਕੈਥੋਲਿਕ ਚਰਚ ਅਤੇ ਪੋਪ ਤੋਂ ਚਰਚ ਵਲੋਂ ਕੀਤੇ ਗਏ ਜ਼ੁਲਮਾਂ ਦੀ ਜ਼ਿੰਮੇਵਾਰੀ ਲੈ ਕੇ ਮੁਆਫੀ ਮੰਗੀ ਜਾਵੇ। ਜਥੇਬੰਦੀਆਂ ਨੇ ਕਿਹ‍ ਕਿ ਮੁਆਫੀ ਮੰਗ ਲੈਣਾ ਹੀ ਕਾਫੀ ਨਹੀਂ, ਸਗੋਂ ਚਰਚ ਵਲੋਂ ਅਜੇ ਵੀ ਪੱਛਮੀ ਸਰਮਾਏਦਾਰ ਸਰਕਾਰਾਂ ਨਾਲ਼ ਰਲ਼ ਕੇ ਗਰੀਬ, ਪਛੜੇ ਤੇ ਆਦਿਵਾਸੀ ਲੋਕਾਂ ਅਤੇ ਦੇਸ਼ਾਂ ਵਿੱਚ ਧੱਕੇ ਤੇ ਲਾਲਚ ਨਾਲ਼ ਕੀਤੇ ਜਾ ਰਹੇ ਧਰਮ ਪ੍ਰੀਵਰਤਨ, ਉਜਾੜੇ ਜਾ ਰਹੇ ਕਲਚਰ ਤੇ ਲੁੱਟੇ ਜਾ ਰਹੇ ਕੁਦਰਤੀ ਸੋਮਿਆਂ ਦੀ ਨੀਤੀ ਬੰਦ ਕੀਤੀ ਜਾਵੇ ਤਾਂ ਹੀ ਅਜਿਹੀਆਂ ਮੁਆਫੀਆਂ ਸਾਰਥਕ ਹੋ ਸਕਦੀਆਂ ਹਨ।

Leave a Reply

Your email address will not be published. Required fields are marked *