ਟੋਕੀਓ ਉਲਪਿੰਕ ਖੇਡਾਂ : ਮਨਪ੍ਰੀਤ ਸਿੰਘ ਕਰੇਗਾ ਭਾਰਤੀ ਹਾਕੀ ਟੀਮ ਦੀ ਕਪਤਾਨੀ

ਚੰਡੀਗੜ੍ਹ : ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦਾ ਜੰਮਪਲ ਮਨਪ੍ਰੀਤ ਸਿੰਘ ਟੋਕੀਓ ਉਲਪਿੰਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰੇਗਾ। ਪੰਜਾਬ ਨੂੰ ਇਹ ਮੌਕਾ 21 ਸਾਲਾਂ ਪਿੱਛੋਂ ਮਿਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਮਿੱਠਾਪੁਰ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੈ, ਜਿਸ ਨੂੰ ਭਾਰਤ ਦੀ ਹਾਕੀ ਟੀਮ ਦੀ ਤੀਜੀ ਵਾਰ ਉਲਪਿੰਕ ਖੇਡਾਂ ਵਿਚ ਕਪਤਾਨੀ ਦਾ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ ਪਰਗਟ ਸਿੰਘ (ਵਿਧਾਇਕ) ਭਾਰਤੀ ਟੀਮ ਦੀ ਬਾਰਸੀਲੋਨਾ-1992, ਐਟਲਾਂਟਾ-1996 ਵਿਚ ਕਪਤਾਨੀ ਕਰ ਚੁੱਕਿਆ ਹੈ। ਉਂਝ ਮਨਪ੍ਰੀਤ ਸਿੰਘ ਪੰਜਾਬ ਦਾ ਅੱਠਵਾਂ ਹਾਕੀ ਖਿਡਾਰੀ ਹੈ, ਜਿਹੜਾ ਉਲਪਿੰਕ ਭਾਰਤੀ ਟੀਮ ਦੀ ਕਪਤਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਰਮਨਦੀਪ ਸਿੰਘ ਗਰੇਵਾਲ ਨੇ ਉਲਪਿੰਕਸ ਦੇ ਹਾਕੀ ਮੁਕਾਬਲਿਆਂ ਵਿੱਚ 2000 -ਸਿਡਨੀ ਵਿਚ ਕਪਤਾਨੀ ਕੀਤੀ ਸੀ। ਮਨਪ੍ਰੀਤ ਸਿੰਘ ਅਤੇ ਰਮਨਦੀਪ ਸਿੰਘ ਦੋਨੋਂ ਪੰਜਾਬ ਪੁਲੀਸ ਦੇ ਅਧਿਕਾਰੀ ਅਤੇ ਖਿਡਾਰੀ ਹਨ। ਵੱਖ-ਵੱਖ ਸਮੇਂ ਪੰਜਾਬ ਨਾਲ ਸਬੰਧਤ ਬਲਬੀਰ ਸਿੰਘ ਸੀਨੀਅਰ (1956 ਮੈਲਬਰਨ), ਚਰਨਜੀਤ ਸਿੰਘ (1964 ਟੋਕੀਓ), ਪ੍ਰਿਥੀਪਾਲ ਸਿੰਘ (1968 ਮੈਕਸੀਕੋ), ਹਰਮੀਕ ਸਿੰਘ (1972 ਮਿਊਨਿਖ), ਅਜੀਤਪਾਲ ਸਿੰਘ (1976 ਮਾਂਟਰੀਅਲ), ਪਰਗਟ ਸਿੰਘ (1992 ਬਾਰਸੀਲੋਨਾ ਤੇ 1996 ਐਟਲਾਂਟਾ) ਤੇ ਰਮਨਦੀਪ ਸਿੰਘ ਗਰੇਵਾਲ (2000 ਸਿਡਨੀ) ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਹੋਈ ਹੈ।