ਬਰਫ਼ ਤੇ ਅੱਗ

ਤੇਰਾ ਚੁੱਪ ਹੋ ਜਾਣਾ
ਬੁੱਲ੍ਹ ਸੀਊ ਲੈਣਾ
ਨੈਣਾਂ ‘ਚ ਛਲਕਦਾ
ਮੁਹੱਬਤੀ ਸਮੁੰਦਰ
ਬੰਨ੍ਹ ਲੈਣਾ
ਏਨੀ ਤਕਲੀਫ਼ ਨਹੀਂ ਦਿੰਦਾ ।
ਮੁਹੱਬਤੀ ਅਹਿਸਾਸ
ਨਾਲ ਲਬਾ ਲਬ ਭਰੇ
ਰਿਸ਼ਤੇ ਤੋਂ ਤੇਰਾ
ਅੱਖਾਂ ਮੀਟ ਲੈਣਾ
ਆਪਣੇ ਹੱਥੀਂ ਲਾਈਆਂ
ਪੁੰਗਰੀਆਂ ਹੋਈਆਂ
ਕਲਮਾਂ ਮਸਲ ਦੇਣਾ
ਏਨਾ ਵੀ ਤਕਲੀਫ਼ ਨਹੀਂ ਦਿੰਦਾ।
ਤਕਲੀਫ ਦਿੰਦਾ ਹੈ
ਤਾਂ ਇੰਝ ਤੇਰਾ
ਬਰਫ਼ ਹੋ ਜਾਣਾ
ਆਪਣੇ ਹੀ
ਦਿਲ ਦੀ ਲਗ਼ਰ
ਮਸਲ ਦੇਣਾ
ਜਿਊਣ ਦੀ ਥਾਂ
ਤੁਰੀ ਫਿਰਦੀ
ਲੋਥ ਹੋ ਜਾਣਾ ।
ਤਕਲੀਫ਼ ਦਿੰਦਾ ਹੈ ਤਾਂ
ਤੇਰਾ ਆਪਣੇ ਆਪ ਤੋਂ
ਬੇਖ਼ਬਰ ਹੋ ਜਾਣਾ
ਕਤਲ ਹੋਈਆਂ ਸੱਧਰਾਂ ਦੇ
ਖ਼ੂਨ ਨਾਲ ਭਰੇ ਟੋਭੇ ‘ਚ
ਨਿਰਜਿੰਦ ਬੈਠੇ ਰਹਿਣਾ
ਆ, ਹੱਥ ਦੇ
ਉੱਠ ਬਾਹਰ ਆ
ਪੁਲਾਂਘ ਭਰ
ਪਿੱਛੇ ਛੱਡ ਹਨੇਰਾ
ਅੱਖਾਂ ਖੋਲ੍ਹ
ਪਾ ਚਾਨਣ ਦਾ ਸੁਰਮਾ
ਅੰਮ੍ਰਿਤ ਵੇਲੇ
ਲਰਜ਼ਦੀ ਹਵਾ ‘ਚ
ਬਾਹਾਂ ਫੈਲਾ
ਲੈ ਡੂੰਘੇ ਡੂੰਘੇ ਸਾਹ ।
ਜੀਊਣ ਲਈ
ਹੁੰਦੀ ਹੈ ਜ਼ਿੰਦਗੀ
ਤੇ ਜੀਊਣ ਲਈ
ਟੱਕਰਾਂ ਨਾਲ ਟੱਕਰ ਲੈ
ਅੱਗੇ ਵਧਣਾ ਸਿੱਖ
ਅੱਖਾਂ ਮੀਟਿਆਂ
ਖ਼ਤਮ ਨਹੀਂ ਹੁੰਦੇ ਰਿਸ਼ਤੇ
ਅੱਖ ‘ਚ ਅੱਖ ਪਾਉਣੀ ਸਿੱਖ !
ਤੂੰ ਤਾਂ ਹੈਂ
ਜ਼ਿੰਦਗੀ ਦੀ ਜਨਮਦਾਤੀ
ਤੂੰ ਹੀ ਨਿਰਜਿੰਦ ਹੋ ਜਾਵੇਂ
ਤਾਂ ਖ਼ਤਮ ਹੋ ਜਾਵੇਗੀ
ਪੂਰੀ ਕਾਇਨਾਤ
ਆਪਣੇ ਲਈ ਹੀ ਨਹੀਂ
ਇਸ ਕਾਇਨਾਤ ਲਈ
ਜੀਊਣਾ ਸਿੱਖ !
ਜਾਣ ਲੈ
ਬਰਫ਼ ‘ਚ ਵੀ
ਹੁੰਦੀ ਹੈ ਅੱਗ
ਜੋ ਕਦੇ ਬਣਦੀ ਹੈ ਰਾਵੀ
ਕਦੇ ਗੰਗਾ ਤੇ ਸਤਲੁਜ
ਨਾ ਮਾਰ ਬੰਨ੍ਹ
ਇਨ੍ਹਾਂ ਨਦੀਆਂ ਨੂੰ
ਵਗਣ ਦੇ ਪੂਰੇ ਵੇਗ ਨਾਲ
ਕਰਨ ਦੇ ਇੱਕ
ਸਭ ਟੋਏ-ਟਿੱਬੇ !
ਇਕੱਲੀ ਨਹੀਂ ਤੂੰ
ਤੇਰੇ ਸਿਰ ‘ਤੇ
ਟਿਕੀ ਹੋਈ ਹੈ ਇਹ ਦੁਨੀਆ
ਤੇ ਟੱਕਰ ਲੈਣੀ ਹੀ ਪੈਣੀ ਹੈ
ਆਪਣੀ ਦੁਨੀਆ ਲਈ
ਪੂਰੀ ਦੁਨੀਆ ਨਾਲ
ਫੇਰ ਹੀ ਮਿਲੇਗਾ ਤੈਨੂੰ
ਤੇਰਾ ਪੂਰਾ ਅੰਬਰ !