ਕੈਨੇਡਾ ਵਿੱਚ ਫਿਰ ਵੱਧ ਰਹੀਆਂ ਨਸਲਵਾਦੀ ਘਟਨਾਵਾਂ ਦੀ ਸਖ਼ਤ ਨਿੰਦਾ

ਟਰਾਂਟੋ : ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ (ਕੈਲਗਰੀ), ਸਿੱਖ ਵਿਰਸਾ ਇੰਟਰਨੈਸ਼ਨਲ (ਕੈਲਗਰੀ) ਅਤੇ ਅਦਾਰਾ ਸਰੋਕਾਰਾਂ ਦੀ ਆਵਾਜ਼ (ਟਰਾਂਟੋ) ਨੇ ਕੈਨੇਡਾ ਵਿੱਚ ਫਿਰ ਵੱਧ ਰਹੀਆਂ ਨਸਲਵਾਦੀ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਹੈ।‍
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਟਰਾਂਟੋ ਏਰੀਏ ਵਿੱਚ ਇੱਕ ਨਸਲਵਾਦੀ ਅੱਤਵਾਦੀ ਵਲੋਂ ਇੱਕ ਮੁਸਲਿਮ ਪਰਿਵਾਰ ਦੀ ਕਾਰ ਵਿੱਚ ਟੱਕਰ ਮਾਰ ਕੇ ਪਰਿਵਾਰ ਦੇ ਚਾਰ ਜੀਆਂ ਦਾ ਕਤਲ ਕਰ ਦਿੱਤਾ ਸੀ ਤੇ ਇੱਕ ਬੱਚਾ ਜੀਵਨ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਤੋਂ ਬਾਅਦ ਪਿਛਲੇ ਬੁੱਧਵਾਰ ਸੇਂਟ ਐਲਬਰਟ ਵਿੱਚ ਸੈਰ ਕਰ ਰਹੀ ਇੱਕ ਮੁਸਲਮਾਨ ਔਰਤ ‘ਤੇ ਛੁਰੇ ਨਾਲ਼ ਹਮਲਾ ਕਰਕੇ ਬੇਹੋਸ਼ ਕਰਕੇ ਸੁੱਟ ਦਿੱਤਾ ਸੀ। ਇਸੇ ਤਰ੍ਹਾਂ ਸ਼ੁੱਕਰਵਾਰ ਸਵੇਰ ਨੂੰ ਸੈਸਕਾਟੂਨ ਵਿੱਚ ਇੱਕ ਮੁਸਲਿਮ ਵਿਅਕਤੀ ਤੇ ਉਸ ਦੇ ਘਰ ਦੇ ਨਜ਼ਦੀਕ ਹੀ ਅਣਪਛਾਤੇ ਨਸਲਵਾਦੀ ਵਲੋਂ ਚਾਕੂ ਨਾਲ਼ ਹਮਲਾ ਕਰਨ, ਦਾੜ੍ਹੀ ਕੱਟਣ, ਮੁੱਕੇ ਮਾਰਨ, ਗਾਲ਼ਾਂ ਕੱਢਣ ਦੀ ਘਟਨਾ ਤੋਂ ਬਾਅਦ ਕੈਲਗਰੀ ਦੇ ਡਾਊਨ ਟਾਊਨ ਵਿਖੇ ਯੂ.ਸੀ.ਪੀ. ਮਨਿਸਟਰ ਰਾਜਨ ਸਾਹਨੀ ਦੀ 25 ਸਾਲਾ ਪੁੱਤਰੀ ‘ਤੇ ਕੰਮ ਤੋਂ ਨਿਕਲਦਿਆਂ ਹਮਲਾ ਕੀਤਾ ਗਿਆ, ਉਸ ਦੀ ਖਿੱਚ-ਧੂਹ ਕਰਨ ਦੀ ਕੋਸ਼ਿਸ਼ ਤੇ ਨਸਲੀ ਗਾਲ਼ਾਂ ਕੱਢੀਆਂ ਗਈਆਂ। ਇਸ ਤੋਂ ਇਲਾਵਾ ਕੈਨੇਡਾ ਵਿੱਚ ਕਈ ਹੋਰ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਅਸੀਂ ਇਨ੍ਹਾਂ ਸਭ ਘਟਨਾਵਾਂ ਦੀ ਸਖ਼ਤ ਨਿੰਦਾ ਕਰਦੇ ਹਾਂ। ਬੇਸ਼ੱਕ ਪਿਛਲੇ 3-4 ਦਹਾਕਿਆਂ ਤੋਂ ਹਾਲਾਤ ਬਦਲੇ ਹਨ, ਪਰ ਕੈਨੇਡਾ ਵਿੱਚ ਨਸਲਵਾਦ ਹਮੇਸ਼ਾ ਭਾਰੂ ਰਿਹਾ ਹੈ। ਪਿਛਲੇ ਦਿਨਾਂ ਵਿੱਚ ਮੂਲ ਨਿਵਾਸੀ ਬੱਚਿਆਂ ਦੀਆਂ ਹਜ਼ਾਰਾਂ ਅਣਪਛਾਤੀਆਂ ਕਬਰਾਂ ਨੇ ਦੁਨੀਆ ਭਰ ਵਿੱਚ ਉਨ੍ਹਾਂ ਸਮਿਆਂ ਦੀਆਂ ਕੈਨੇਡਾ ਦੀਆਂ ਸਰਕਾਰਾਂ ਵਲੋਂ ਚਰਚ ਦੀ ਮਿਲ਼ੀ ਭੁਗਤ ਰਾਹੀਂ ਕੀਤਾ ਗਿਆ ਨਸਲਵਾਦੀ ਅੱਤਿਆਚਾਰ ਕੈਨੇਡਾ ਨੂੰ ਸ਼ਰਮਿੰਦਾ ਕਰ ਰਿਹਾ ਹੈ। ਭਾਰਤੀ ਤੇ ਚੀਨੇ ਲੋਕਾਂ ਨੇ ਪਿਛਲੀ ਸਦੀ ਵਿੱਚ ਨਸਲਵਾਦ ਆਪਣੇ ਪਿੰਡੇ ਤੇ ਹੰਢਾਇਆ ਹੈ। ਹੁਣ ਇਹ ਨਸਲਵਾਦ ਮੁਸਲਿਮ ਭਾਈਚਾਰੇ ਨੂੰ ਟਾਰਗੈਟ ਕਰ ਰਿਹਾ ਹੈ। ਨਸਲਵਾਦੀਆਂ ਤੇ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ, ਇਸ ਲਈ ਸਾਨੂੰ ਸਭ ਨੂੰ ਰਲ਼ ਕੇ ਇਸ ਸਮੱਸਿਆ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਇਸ ਲਈ ਜਵਾਬਦੇਹ ਬਣਾਉਣਾ ਚਾਹੀਦਾ ਹੈ। ਧਰਮ, ਜਾਤ, ਨਸਲ, ਰੰਗ, ਦੇਸ਼, ਕੌਮ, ਲਿੰਗ ਆਧਾਰਿਤ ਵਿਤਕਰਾ ਅੱਜ ਦੇ ਸਭਿਅਕ ਸਮਾਜ ਵਿੱਚ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਸੀਂ ਪੁਲਿਸ ਸਮੇਤ ਫੈਡਰਲ ਤੇ ਸੂਬਾਈ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੀਆਂ ਨਸਲਵਾਦੀ ਘਟਨਾਵਾਂ ਨੂੰ ਇੱਕ-ਦੁੱਕਾ ਘਟਨਾਵਾਂ ਸਮਝ ਕੇ ਨਜ਼ਰ ਅੰਦਾਜ਼ ਨਾ ਕਰਨ, ਸਗੋਂ ਗੰਭੀਰਤਾ ਨਾਲ਼ ਵਧ ਰਹੇ ਨਸਲਵਾਦ ਦੇ ਸੰਦਰਭ ਵਿੱਚ ਜਾਂਚ ਕਰਨ।

Leave a Reply

Your email address will not be published. Required fields are marked *