ਜੰਮੀ-ਅਣਜੰਮੀ

ਰਾਮ ਸਰੂਪ ਅਣਖੀ

ਉਹ ਕਿੰਨੀ ਅਭਾਗੀ ਬੱਚੀ ਸੀ, ਮੈਨੂੰ ਹੁਣ ਇਹ ਵੀ ਯਾਦ ਨਹੀਂ ਰਹਿ ਗਿਆ ਹੈ ਕਿ ਉਹ ਕਿਹੜੇ ਮਹੀਨੇ ਦੀ ਕਿਹੜੀ ਤਰੀਕ ਨੂੰ ਜੰਮੀ ਸੀ। ਹਾਂ, ਸਾਲ ਯਾਦ ਹੈ, 1958 ਦਾ ਕੋਈ ਮਹੀਨਾ ਸੀ। ਮੈਂ ਆਪਣੇ ਪਿੰਡ ਦੇ ਸਕੂਲ ਵਿਚ ਹੀ ਅਧਿਆਪਕ ਸੀ। ਨਵੀਂ ਨਵੀਂ ਨੌਕਰੀ ਸੀ। ਉਸੇ ਮਹੀਨੇ ਮੇਰੀ ਤਨਖਾਹ ਵਧੀ ਸੀ। ਪਹਿਲਾਂ ਸਿਰਫ਼ ਅੱਸੀ ਰੁਪਏ ਮਿਲਦੇ ਹੁੰਦੇ। ਉਸ ਮਹੀਨੇ ਮੈਨੂੰ ਟਰੇਂਡ ਅਧਿਆਪਕ ਦਾ ਗਰੇਡ ਮਿਲ ਗਿਆ ਅਤੇ ਤਨਖਾਹ ਮੇਰੀ 112 ਰੁਪਏ ਹੋ ਗਈ। ਮੇਰੀ ਮਾਂ ਕਹਿੰਦੀ ਫਿਰੇ ”ਕੰਨਿਆ, ਕਿੰਨੇ ਭਾਗਾਂ ਵਾਲੀ ਹੈ, ਜੰਮੀ ਤਾਂ ਪਿਓ ਦੀ ਤਨਖਾਹ ਬੱਤੀ ਰੁਪਏ ਵੱਧ ਗਈ।”
ਦਲਜੀਤ ਮੇਰਾ ਦੋਸਤ ਹੁਣ ਇੰਗਲੈਂਡ ਵਿਚ ਹੈ ਅਤੇ ਉੱਥੋਂ ਦਾ ਹੀ ਹੋ ਕੇ ਰਹਿ ਗਿਆ ਹੈ। ਉਨ੍ਹਾਂ ਦਿਨਾਂ ਵਿਚ ਉਹ ਵੀ ਸਕੂਲ- ਅਧਿਆਪਕ ਸੀ। ਉਹਦਾ ਸਾਡੇ ਪਿੰਡ ਕੋਈ ਰਿਫਰੈਸ਼ਰ ਕੋਰਸ ਸੀ। ਘਰ ਆਉਂਦਾ ਹੁੰਦਾ। ਆਖਦਾ ਹੁੰਦਾ, ”ਬਈ ਭਰਜਾਈ ਦੇ ਮੁੰਡਾ ਹੋਇਆ ਤਾਂ ਫੀਸਟ ਲਵਾਂਗੇ।”
ਮੈਂ ਕਿਹਾ, ”ਜੇ ਕੁੜੀ ਹੋ ‘ਗੀ ਫੇਰ?”
”ਤਾਂ ਵੀ ਫੀਸਟ!” ਉਹਨੇ ਮਾਣ ਨਾਲ ਕਿਹਾ।
ਮੈਂ ਭਾਗਵੰਤੀ ਵੱਲ ਝਾਕ ਕੇ ਹਾਮੀ ਭਰੀ। ”ਚੱਲ ਠੀਕ ਐ, ਕੁੜੀ ਦੀ ਫੀਸਟ ਵੀ ਕਰਾਂਗੇ।”
ਉਹਦਾ ਨਾਂ ਮੈਂ ਚੇਤਨਾ ਰੱਖਿਆ। ਇਕ ਸਾਲ ਬਾਅਦ ਉਹਦਾ ਜਨਮ-ਦਿਨ ਮਨਾਇਆ ਗਿਆ। ਠੇਕੇਦਾਰ ਨਾਰਾਇਣ ਸਿੰਘ ਦੇ ਘਰ ਫੰਕਸ਼ਨ ਸੀ। ਫੀਸਟ ਦਾ ਸਾਰਾ ਪ੍ਰਬੰਧ ਜਗੀਰ ਸਿੰਘ ਜਗਤਾਰ ਨੇ ਕੀਤਾ ਸੀ। ਸੁਰਜੀਤ ਸਿੰਘ ਬਰਨਾਲਾ ਵੀ ਆਏ ਸਨ। ਉਨ੍ਹਾਂ ਦਿਨਾਂ ਵਿਚ ਉਹ ਇੱਥੇ ਵਕੀਲ ਸਨ। ਪਿੰਡ ਦਾ ਭਰੱਪਣ ਵੀ ਸੀ। ਉਹ ਵੀ ਮੇਰੇ ਪਿੰਡ ਦੇ ਹਨ। ਕੁੜੀ ਨੂੰ ਪੰਜ ਰੁਪਏ ਸ਼ਗਨ ਦੇ ਕੇ ਗਏ।
ਉਨ੍ਹਾਂ ਦਿਨਾਂ ਵਿਚ ਕੌਣ ਮਨਾਉਂਦਾ ਸੀ, ਕੁੜੀਆਂ ਦੇ ਜਨਮ ਦਿਨ? ਕੁੜੀ ਨੂੰ ਪੱਥਰ ਸਮਝਿਆ ਜਾਂਦਾ। ਕੋਈ ਆਖਦਾ ਸੀ, ਅਣਖੀ ਦੇ ਭੂਆ ਨ੍ਹੀਂ ਹੋਣੀ, ਤਾਂ ਮਨਾਇਆ ਕੁੜੀ ਦਾ ਜਨਮ ਦਿਨ। ਕੋਈ ਆਖਦਾ, ਅਣਖੀ ਦੇ ਕੋਈ ਭੈਣ ਨ੍ਹੀਂ ਹੋਣੀ, ਤਾਂ ਮਨਾਇਆ ਕੁੜੀ ਦਾ ਜਨਮ ਦਿਨ। ਪਰ ਜਗਤਾਰ ਜੋ ਘਰ ਦਾ ਭੇਤੀ ਸੀ, ਜਵਾਬ ਦਿੰਦਾ, ”ਅਣਖੀ ਦੀ ਭੂਆ ਵੀ ਐ, ਅਣਖੀ ਦੀ ਭੈਣ ਵੀ ਐ। ਬੱਸ ਇਹ ਤਾਂ ਗੱਲ ਹੋ ‘ਗੀ।”
ਚੇਤਨਾ ਤੋਂ ਬਾਅਦ ਅਗਲੇ ਸਾਲ ਹੀ ਮੁੰਡਾ ਹੋਇਆ- ਸਨੇਹਪਾਲ, ਮਾਂ ਆਖਦੀ ਸੀ, ਦੇਖਿਆ, ”ਕੁੜੀ ਵੀਰ ਨੂੰ ਲੈ ਕੇ ਆਈ ਐ।”
ਦੋ ਸਾਲਾਂ ਦੀ ਹੋਈ ਤਾਂ ਉਹਦੀ ਗਰਦਨ ਨਾ ਖੜ੍ਹਿਆ ਕਰੇ। ਟੇਢੀ ਦੀ ਟੇਢੀ। ਪੰਜ ਸਾਲ ਦੀ ਹੋ ਕੇ ਉਹ ਖੜ੍ਹਨ ਮਸਾਂ ਲੱਗੀ। ਲੱਕੜ ਦਾ ਗਡੀਰਾ ਲਿਆ ਕੇ ਦਿੱਤਾ। ਉਹ ਪੈਰ ਪੁੱਟਣ ਲੱਗੀ ਕੰਬੀ ਜਾਇਆ ਕਰੇ। ਤੇ ਫਿਰ ਤੁਰਨ ਤਾਂ ਲੱਗ ਪਈ, ਬੋਲਣਾ ਨਹੀਂ ਆਇਆ। ਅੱਠ ਸਾਲ ਦੀ ਸੀ, ਉਹਦਾ ਸ਼ਬਦ-ਭੰਡਾਰ ਬੱਸ ਅੱਠ-ਦਸ ਸ਼ਬਦ ਹੀ ਸਨ। ਪਾਪਾ, ਮਾਂ, ਵੀਰ, ਚਾਚਾ ਆਦਿ ਬੱਸ। ਦਸ ਸਾਲ ਦੀ ਹੋਈ ਤਾਂ ਸਾਨੂੰ ਫ਼ਿਕਰ ਪਿਆ। ਕੀ ਗੱਲ ਬਣੀ। ਇਹ ਬੋਲਦੀ-ਚੱਲਦੀ ਐਨਾ ਘੱਟ ਕਿਉਂ ਐਂ? ਇਹਨੂੰ ਸੁਰਤ ਜਿਹੀ ਕਿਉਂ ਨਹੀਂ। ਉਨ੍ਹਾਂ ਦਿਨਾਂ ਵਿਚ ਮੇਰਾ ਦੋਸਤ ਗੁਰਬਚਨ ਸਿੰਘ ਭੁੱਲਰ ਦਿੱਲੀ ਗਿਆ ਸੀ। ਮੈਂ ਉਹਨੂੰ ਚਿੱਠੀ ਲਿਖੀ। ਉਨ੍ਹਾਂ ਦਿਨਾਂ ਵਿਚ ਫੋਨ ਨਹੀਂ ਸਨ। ”ਯਾਰ ਭੁੱਲਰ, ਕੁੜੀ ਦਸ ਸਾਲ ਦੀ ਹੋ ‘ਗੀ। ਸੁਰਤ ਭੋਰਾ ਵੀ ਨ੍ਹੀਂ। ਤੂੰ ਵਧ ਕਿਸੇ ਡਾਕਟਰ ਦਾ ਪਤਾ ਕਰ। ਆਪਾਂ ਦਖਾਲੀਏ ਕੁੜੀ ਨੂੰ।” ਉਹਨੇ ਪਤਾ ਕੀਤਾ, ਅਸੀਂ ਮੈਂ, ਮੇਰੀ ਪਤਨੀ, ਕੁੜੀ ਨੂੰ ਦਿੱਲੀ ਲੈ ਗਏ। ਉਨ੍ਹਾਂ ਦਿਨਾਂ ਵਿਚ ਕਰਾਂਤੀਪਾਲ ਦੋ-ਤਿੰਨ ਸਾਲ ਦਾ ਸੀ। ਅਸੀਂ ਕੁੜੀ ਨੂੰ ਇਕ ਡਾਕਟਰ ਦੇ ਲੈ ਕੇ ਗਏ, ਜਿਸ ਦਾ ਪਤਾ-ਸੁਤਾ ਭੁੱਲਰ ਨੇ ਪਹਿਲਾਂ ਹੀ ਕਰ ਰੱਖਿਆ ਸੀ। ਕੁੜੀ ਦੇ ਐਕਸਰੇ ਲਏ ਗਏ। ਡਾਕਟਰ ਨੇ ਦੱਸਿਆ ਕਿ ਇਹਦਾ ਦਿਮਾਗ ਡੇਢ ਸਾਲ ਦੇ ਬੱਚੇ ਜਿੰਨਾ ਹੈ। ਟਰੀਟਮੈਂਟ ਦੇ ਕੇ ਦੇਖਦੇ ਹਾਂ।
ਡਾਕਟਰ ਨੇ ‘ਬਰੇਨੋ’ ਨਾਂ ਦੀਆਂ ਗੋਲੀਆਂ ਦਿੱਤੀਆਂ, ਜੋ ਉਹਦੇ ਕੋਲ ਸੈਂਪਲ ਵਜੋਂ ਆਈਆਂ ਹੋਈਆਂ ਸਨ। ਤਾਕਤ ਦੀਆਂ ਦਵਾਈਆਂ, ਹਾਈ-ਪੋਟੈਂਸ਼ਿਆਲਿਟੀ ਦੀਆਂ। ਅਸੀਂ ਤਿੰਨ-ਤਿੰਨ ਮਹੀਨਿਆਂ ਬਾਅਦ ਤਿੰਨ ਵਾਰ ਉਸ ਡਾਕਟਰ ਕੋਲ ਦਿੱਲੀ ਗਏ। ਕਦੇ
ਸਾਡੇ ਨਾਲ ਭੁੱਲਰ ਜਾਂਦਾ, ਕਦੇ ਉਹਦੀ ਘਰ ਵਾਲੀ ਗੁਰਚਰਨ, ਫੇਰ ਡਾਕਟਰ ਨੇ ਸੁਝਾਓ ਦਿੱਤਾ ਕਿ ਇਹ ਬਰੇਨੋ ਖੁਆਂਦੇ ਜਾਓ, ਫ਼ਰਕ ਪੈ ਸਕਦਾ ਹੈ। ਪੰਜਾਬ ਵਿਚ ਇਹ ਗੋਲੀਆਂ ਕਿਧਰੇ ਨਹੀਂ ਮਿਲਦੀਆਂ ਸਨ। ਇਕ ਵਾਰ ਮੇਰੇ ਗੁਰੂ-ਮਿੱਤਰ, ਸੁਖਬੀਰ ਨੇ ਇਹ ਗੋਲੀਆਂ ਸਾਨੂੰ ਬੰਬਈ ਤੋਂ ਭੇਜੀਆਂ ਸਨ, ਪਰ ਕੁੜੀ ਵਿਚ ਕੋਈ ਫ਼ਰਕ ਨਹੀਂ ਪਿਆ। ਗ਼ਜ਼ਬ ਇਹ ਕਿ ਕੁੜੀ ਨੂੰ ਬਾਰਾਂ ਸਾਲ ਦੀ ਉਮਰ ਵਿਚ ਹੀ ਮਾਹਵਾਰੀ ਆਉਣੀ ਸ਼ੁਰੂ ਹੋ ਗਈ। ਮੇਰੀ ਮਾਂ ਝੂਰਿਆ ਕਰੇ, ‘ਭਾਈ, ਰਾਮ ਸਰੂਪ ਇਹ ਕਹਿਰ ਮੈਂ ਕਦੇ ਨ੍ਹੀਂ ਸੀ ਦੇਖਿਆ। ਆਪਣੇ ਤਾਂ ਚੌਦਾਂ-ਪੰਦਰਾਂ ਸਾਲਾਂ ਬਾਅਦ। ਇਹ ਭਾਣਾ ਈ ਐ ਭਾਈ।’ ਮੈਂ ਤੇ ਮੇਰੀ ਪਤਨੀ ਹੋਰ ਭੈਅ-ਭੀਤ ਹੋ ਗਏ। ਖ਼ੈਰ, ਉਹ ਪੰਦਰਾਂ-ਸੋਲਾਂ ਸਾਲਾਂ ਦੀ ਹੋਈ ਤਾਂ ਬੋਲਣ ਵੀ ਲੱਗੀ। ਉਹਦਾ ਸ਼ਬਦ-ਭੰਡਾਰ ਕਾਫ਼ੀ ਵਧ ਗਿਆ ਸੀ। ਗੱਲ ਸਮਝ ਸਕਦੀ
ਸੀ। ਪਰ ਇਕ ਗੱਲ ਸੀ, ਉਹ ਕਿਵੇਂ ਵੀ ਸ਼ਾਦੀਯੋਗ ਨਹੀਂ ਸੀ। ਮੇਰੀ ਭੈਣ ਭਾਗਵੰਤੀ ਜਲਾਲ ਤੋਂ ਆਈ ਤੇ ਕਹਿਣ ਲੱਗੀ, ”ਭਾਈ ਰਾਮ ਸਰੂਪ, ਉਹਨੂੰ ਬੁੜ੍ਹੀਆਂ ਵਾਲੀ ਬਿਮਾਰੀ ਔਂਦੀ ਐ। ਇਹਦੇ ਬੱਚਾ ਹੋ ਸਕਦੈ। ਕੋਈ ਲੋੜਵੰਦ ਇਹਨੂੰ ਲੈ ਸਕਦੈ।” ਤੇ ਫੇਰ ਮੁੰਡਿਆਂ ਦੀ ਭਾਲ।
ਇਕ ਥਾਂ ਮੇਰਾ ਭਾਣਜ-ਜਮਾਈ ਮੈਨੂੰ ਲੈ ਕੇ ਗਿਆ। ਮੁੰਡਾ ਪੰਜਾਹ ਸਾਲ ਦਾ ਸੀ। ਮੈਂਟਲ ਜਿਹਾ। ਸਾਡੇ ਕੋਲ ਦੋ ਮਿੰਟ ਬੈਠਾ ਤੇ ਭੱਜ ਗਿਆ, ਅਖੇ-ਖੇਤ ਕੰਮ ਐ ਮੈਨੂੰ। ਮਾਂ-ਬਾਪ ਸੱਤਰ-ਅੱਸੀ ਸਾਲ ਦੇ। ਸੋਚਿਆ, ਜਦੋਂ ਨੂੰ ਕੁੜੀ ਦੇ ਬੱਚਾ ਹੋਇਆ, ਇਹ ਮਰ ਚੁੱਕੇ ਹੋਣਗੇ। ਇਹ ਮੁੰਡਾ (?) ਘਰ ਸੰਭਾਲਣਯੋਗ ਨਹੀਂ। ਕੁੜੀ ਨੂੰ ਵੀ ਕੀ ਸੁਰਤ ਐ। ਮਨ
ਬੜਾ ਖੱਟਾ ਹੋਇਆ। ਅਸੀਂ ਉਦਾਸ ਹੋ ਗਏ। ਫ਼ੈਸਲਾ ਕੀਤਾ, ਕੁੜੀ ਨੂੰ ਵਿਆਹੁਣਾ ਹੀ ਨਹੀਂ। ਹੋਰ ਵੀ ਦੁਖੀ ਹੋ ਜਾਵਾਂਗੇ।
ਕੁੜੀ ਜਦੋਂ ਜੰਮੀ ਸੀ, ਉਹਦੀ ਮਾਂ ਭਾਗਵੰਤੀ ਨੂੰ ਫਿੱਟ ਪੈਂਦੇ ਹੁੰਦੇ ਸਨ। ਕੁੜੀ ਪੈਦਾ ਹੁੰਦਿਆਂ ਉਹਨੂੰ ਕਈ ਫਿੱਟ ਪਏ। ਬੁੜ੍ਹੀਆਂ ਉਹਨੂੰ ਸਾਂਭਣ ‘ਤੇ ਹੋ ਜਾਣ। ਕਿਤੇ ਇਉਂ ਈ ਨਾ ਇਹ ਮਰ ਜਾਵੇ। ਬੱਚੇ ਦਾ ਕੀਹ ਐ, ਕਿਤੇ ਮੁੰਡੇ ਦਾ ਘਰ ਨਾ ਪੱਟਿਆ ਜਾਵੇ। ਜਦੋਂ ਉਹ ਪੈਦਾ ਹੋਈ ਤਾਂ ਭਾਗਵੰਤੀ ਨੂੰ ਫਿੱਟ ਪੈ ਗਿਆ। ਇਸ ਵਾਰ ਇਹ ਜਾਨ ਲੇਵਾ ਫਿੱਟ ਸੀ। ਆਸੋ ਦਾਈ ਨੇ ਕੁੜੀ ਨੂੰ ਪਰ੍ਹਾਂ ਬੋਰੀ ਉੱਤੇ ਪਾ ਦਿੱਤਾ। ਸਾਰੀਆਂ ਹੀ ਭਾਗਵੰਤੀ ਨੂੰ ਸੁਰਤ ਵਿਚ ਲਿਆਉਣ ਲਈ ਤਰਲੇ ਕਰਨ ਲੱਗੀਆਂ। ਗੂੜ੍ਹਾ ਸਿਆਲ ਸੀ। ਕੁੜੀ ਬੋਰੀ ਉੱਤੇ ਪਈ ਪਾਲੇ ਨਾਲ ਸੁੰਨ ਹੋ ਗਈ। ਦਾਈ ਨੇ ਤੱਤੇ-ਤਤੇ ਪਾਣੀ ਦਾ ਬੱਠਲ ਮੰਗਾਇਆ ਅਤੇ ਕੁੜੀ ਨੂੰ ਪਾਣੀ ਵਿਚ ਡੋਬ ਦਿੱਤਾ। ਅਖੇ-ਇਹਦਾ ਠਰ ਫੁੱਟ ਜੂ। ਕੁੜੀ ਨੇ ਹੁੱਬਕੀ ਲਈ ਅਤੇ ਚੁੱਪ।
ਦਿੱਲੀ ਵਾਲੇ ਡਾਕਟਰ ਨੇ ਦੱਸਿਆ ਸੀ ਕਿ ਕੁੜੀ ਦਾ ਦਿਮਾਗ ਡੈਮੇਜ ਹੋਇਆ ਹੈ। ਬਚਪਨ ਵਿਚ ਹੀ ਕਿਸੇ ਕਾਰਨ। ਮੈਂ ਡਾਕਟਰ ਨੂੰ ਘਟਨਾ ਸੁਣਾਈ ਸੀ ਤਾਂ ਉਹਨੇ ਕਾਰਨ ਲੱਭ ਲਿਆ ਸੀ। ਕੁੜੀ ਜਦੋਂ ਤੱਤੇ ਅੱਗ ਜਿਹੇ ਪਾਣੀ ਵਿਚ ਡੋਬੀ ਸੀ, ਉਹਦਾ ਦਿਮਾਗ ਓਸੇ ਵੇਲੇ ਡੈਮੇਜ ਹੋ ਗਿਆ ਹੋਵੇਗਾ। ਜਿੰਨਾ ਬਾਕੀ ਸੀ, ਉਹ ਉਸ ਵਕਤ ਦਸ ਸਾਲ ਦੀ ਉਮਰ ਵਿਚ ਡੇਢ ਸਾਲ ਦੇ ਬੱਚੇ ਜਿੰਨਾ ਸੀ।
1976 ਵਿਚ ਜਦੋਂ ਭਾਗਵੰਤੀ ਮਰੀ, ਚੇਤਨਾ ਦੀ ਉਮਰ ਸਤਾਰਾਂ-ਅਠਾਰਾਂ ਸਾਲ ਸੀ। ਭਾਗਵੰਤੀ ਤੋਂ ਸਾਲ ਕੁ ਪਿੱਛੋਂ ਹੀ ਮੇਰੀ ਮਾਂ ਮਰ ਗਈ। 1977 ਵਿਚ ਸ਼ੋਭਾ ਬਰਨਾਲੇ ਆ ਗਈ ਸੀ। ਕਰਾਂਤੀਪਾਲ ਤੇ ਵੱਡੀ ਕੁੜੀ (ਚੇਤਨਾ ਤੋਂ ਛੋਟੀ) ਆਰਤੀ ਸਾਡੇ ਕੋਲ ਬਰਨਾਲੇ ਸਨ, ਚੇਤਨਾ ਧੌਲੇ ਰਹਿੰਦੀ, ਮੇਰੇ ਭਰਾ ਨਵਜੋਸ਼ ਕੋਲ। ਬੱਸ ਉਹ ਦਿਨ ਕੱਟ ਰਹੀ ਸੀ।
ਉਹਦਾ ਕੋਈ ਭਵਿੱਖ ਨਹੀਂ ਸੀ। ਮੈਂ ਬਰਨਾਂਲੇ ਰਹਿ ਕੇ ਆਪਣਾ ਬਾਕੀ ਦਾ ਭਵਿੱਖ ਸੰਵਾਰ ਰਿਹਾ ਸਾਂ। ਮੁੰਡੇ-ਕੁੜੀ ਨੂੰ ਪੜ੍ਹਾ ਰਿਹਾ ਸਾਂ। ਸ਼ੋਭਾ ਕਰਕੇ ਰੋਟੀ ਪੱਕਦੀ ਹੋ ਗਈ ਸੀ। ਸਨੇਹਪਾਲ ਕਿਧਰੇ ਵੀ ਨਹੀਂ ਸੀ। ਨਾ ਉਹ ਮੇਰੇ ਭਰਾ ਦੇ ਘਰ ਰਹਿੰਦਾ ਅਤੇ ਨਾ ਮੇਰੇ ਕੋਲ ਬਰਨਾਲੇ। ਲਟਬੌਰਾ ਹੋਇਆ ਫਿਰਦਾ ਸੀ। ਕਦੇ ਕਿਸੇ ਗੁਰਦੁਆਰੇ, ਕਦੇ ਕਿਸੇ ਡੇਰੇ ਰੋਟੀਆਂ ਖਾਂਦਾ ਫਿਰਦਾ। ਮੈਂ ਪਰਿਵਾਰ ਨੂੰ ਜੋੜਨਾ ਚਾਹੁੰਦਾ, ਪਰ ਪਰਿਵਾਰ ਮੇਰੇ ਹੱਥਾਂ
ਵਿਚੋਂ ਨਿਕਲ ਨਿਕਲ ਜਾਂਦਾ। ਸਭ ਕੁਝ ਹੀ ਬਿਖਰ ਕੇ ਰਹਿ ਗਿਆ। ਆਰਤੀ ਦੀ ਪੜ੍ਹਾਈ ਵਿਚ ਕੋਈ ਰੁਚੀ ਨਹੀਂ ਸੀ। ਕਰਾਂਤੀਪਾਲ ਆਪਣੇ ਆਪ ਹੀ ਪਤਾ ਨਹੀਂ ਕਿਵੇਂ ਪੜ੍ਹੀ ਜਾ ਰਿਹਾ ਸੀ।
ਵੀਹ-ਬਾਈ ਸਾਲ ਦੀ ਉਮਰ ਤੱਕ ਚੇਤਨਾ ਆਪਣੇ ਆਪ ਨੂੰ ਸੰਭਾਲਣ ਲੱਗੀ ਸੀ। ਕੱਪੜਾ-ਲੀੜਾ ਪਾਉਣ ਦਾ ਉਹਨੂੰ ਚੱਜ ਆ ਗਿਆ ਸੀ। ਆਪੇ ਨਹਾ ਲੈਂਦੀ। ਬੋਲਦੀ ਵੀ ਸੀ। ਉਹਦਾ ਸ਼ਬਦ-ਭੰਡਾਰ ਖਾਸਾ ਵਧ ਗਿਆ ਸੀ। ਗੱਲਾਂ ਕਰ ਲੈਂਦੀ। ਗੀਤ ਗਾਉਂਦੀ ਰਹਿੰਦੀ। ਉਹ ਇਕ ਗੀਤ ਹਮੇਸ਼ਾ ਗਾਉਂਦੀ : ਥੋੜ੍ਹੀ ਥੋੜ੍ਹੀ ਪੀ ਵੇ ਬਾਬਲਾ…
ਪਿੰਡ ਵਿਚ ਉਹਨੂੰ ਦੇਵੀ ਦਾ ਰੂਪ ਸਮਝਿਆ ਜਾਂਦਾ। ਬੁੜ੍ਹੀਆਂ ਆਖਦੀਆਂ, ਚੇਤਨਾ ਦੇ ਬੋਲ ਪੂਰੇ ਹੁੰਦੇ ਨੇ। ਕੋਈ ਬਹੂ ਉਹਨੂੰ ਪੁੱਛਦੀ, ‘ਵਿੱਚੇਤਨਾ ਮੇਰੇ ਕੀ ਹੋਊਗਾ?” ਚੇਤਨਾ ਬੋਲਦੀ, ”ਮੁੰਡਾ।” ਜੇ ਮੁੰਡਾ ਹੀ ਹੁੰਦਾ ਤਾਂ ਬਹੂ ਦੀ ਸੱਸ ਚੇਤਨਾ ਨੂੰ ਸੂਟ ਦੇ ਕੇ ਜਾਂਦੀ। ਆਖਦੀ, ”ਲੈ ਭਾਈ ਚੇਤਨਾ ਦੇ ਮੂੰਹੋਂ ਮੁੰਡਾ ਨਿਕਲਿਆ। ਮੁੰਡਾ ਈ ਹੋਇਆ!” ਜਿਨ੍ਹਾਂ ਦੇ ਕੁੜੀ ਹੁੰਦੀ, ਉਹ ਚੁੱਪ ਹੋ ਜਾਂਦੇ। ਮੈਂ ਪਿੰਡ ਜਾਂਦਾ ਤਾਂ ਇਹ ਗੱਲਾਂ ਸੁਣਦਾ, ਸਗੋਂ ਹੋਰ ਦੁਖੀ ਹੋ ਜਾਂਦਾ। ਉਹਦੀ ਬਥੇਰਾ ਨਿਗਰਾਨੀ ਰੱਖੀ ਜਾਂਦੀ। ਫੇਰ ਵੀ ਪਤਾ ਨਹੀਂ ਉਹ ਕਿਹੜੇ ਵੇਲੇ ਘਰੋਂ ਨਿਕਲ ਜਾਂਦੀ। ਪਤਾ ਵੀ ਨਾ ਲੱਗਦਾ, ਉਹ ਕੀਹਦੇ ਘਰ ਬੈਠੀ ਐ। ਟੱਬਰ ਉਹਨੂੰ ਭਾਲਦਾ ਫਿਰਦਾ। ਆਥਣੇ ਜਿਹੇ ਕੋਈ ਬੁੜ੍ਹੀ ਉਹਨੂੰ ਘਰ ਛੱਡ ਜਾਂਦੀ। ਅਖੇ ”ਅਸੀਂ ਤਾਂ ਚੇਤਨਾ ਦੇ ਗੀਤ ਸੁਣਦੇ ਸੀ। ਗੱਲਾਂ ਕਰਦੀ ਐ। ਬਲਾਈਂ ਹਸੌਂਦੀ ਐ ਇਹ ਤਾਂ।’ ਕਦੇ ਅਸੀਂ ਉਹਨੂੰ ਬਰਨਾਲੇ ਲੈ ਆਉਂਦੇ। ਪਰ ਇੱਥੇ ਉਹ ਜੀਅ ਨਹੀਂ ਲਾਉਂਦੀ ਸੀ। ਇਕ ਵਾਰ ਉਹਨੂੰ ਟਾਈਫਾਈਡ ਹੋ ਗਿਆ।
ਟਾਈਫਾਈਡ ਹੀ ਸੀ ਜਾਂ ਪਤਾ ਨਹੀਂ ਕੀ ਬਿਮਾਰੀ ਸੀ, ਉਹ ਰਾਜ਼ੀ ਨਹੀਂ ਹੋ ਰਹੀ ਸੀ। ਮੇਰਾ ਭਰਾ ਉਹਨੂੰ ਮੇਰੇ ਕੋਲ ਸਕੂਲ ਵਿਚ ਛੱਡ ਗਿਆ। ਮੈਂ ਉਹਦਾ ਖੂਨ ਟੈਸਟ ਕਰਾਇਆ। ਸਟੂਲ ਟੈਸਟ ਕਰਾਏ। ਉਹ ਨੂੰ ਬੁਖਾਰ ਸੀ, ਖੰਘ ਵੀ। ਡਾਕਟਰ ਨੇ ਜੋ ਦਵਾਈਆਂ ਦਿੱਤੀਆਂ, ਅਸੀਂ ਦਿੰਦੇ ਰਹੇ। ਚੌਦਾਂ-ਪੰਦਰਾਂ ਦਿਨ ਲੰਘ ਗਏ। ਉਹਨੂੰ ਬੁਖਾਰ ਤਾਂ ਉੱਤਰ ਗਿਆ। ਖੰਘ ਵੀ ਘਟ ਹੋਈ, ਪਰ ਸੁਸਤ ਜਿਹਾ ਰਹਿੰਦੀ। ਸ਼ੋਭਾ ਉਹਨੂੰ ਪੁੱਛਦੀ, ‘ਵਿੱਚੇਤਨਾ, ਤੇਰਾ ਕੀ ਦੁਖਦੈ?” ਉਹ ਕੁਝ ਨਾ ਦੱਸਦੀ। ਗੀਤ ਉਹਨੂੰ ਭੁੱਲ
ਚੁੱਕੇ ਸਨ। ਕੋਈ ਗੱਲ ਵੀ ਨਹੀਂ ਕਰਦੀ ਸੀ, ਚਾਹ ਦੀ ਘੁੱਟ ਪੀ ਲੈਂਦੀ। ਹੋਰ ਕੁਝ ਸੰਵਾਰ ਕੇ ਖਾਂਦੀ-ਪੀਂਦੀ ਨਹੀਂ ਸੀ। ਕਦੇ ਕਦੇ ਹਾਕ ਮਾਰਦੀ, ”ਮੰਮੀ!” ਸ਼ੋਭਾ ਪੁੱਛਦੀ, ”ਕੀ ਐ?” ਉਹ ਜਵਾਬ ਦਿੰਦੀ, ”ਕੁਸ ਨ੍ਹੀ।” ਕਦੇ ਹਾਕ ਮਾਰਦੀ, ”ਪਾਪਾ।” ਮੈਂ ਪੁੱਛਦਾ, ”ਕੀ ਐ ਚੇਤਨਾ ਪੁੱਤ?” ਉਹ ਬੋਲਦੀ, ”ਕੁਸ਼ ਨ੍ਹੀਂ।” ਮੇਰੇ ਵੱਲ ਝਾਕਦੀ ਤੇ ਝਾਕਦੀ ਰਹਿੰਦੀ। ਉਹਦੀਆਂ ਅੱਖਾਂ ਪਤਾ ਨਹੀਂ ਕੀ ਆਖ ਰਹੀਆਂ ਹੁੰਦੀਆਂ।
ਜਲੰਧਰ ਰੇਡੀਓ ‘ਤੇ ਮੇਰੀ ਰਿਕਾਰਡਿੰਗ ਸੀ। ਮੈਂ ਸਵੇਰੇ ਛੇ ਵਜੇ ਘਰੋਂ ਤੁਰਨ ਲੱਗਿਆਂ ਉਹਨੂੰ ਪੁੱਛ ਕੇ ਗਿਆ, ”ਚੇਤਨਾ , ਮੈਂ ਜਾਵਾਂ ਪੁੱਤ?”
”ਹਾਂ ਪਾਪਾ, ਜਾ।” ਉਹ ਜਾਗਦੀ ਪਈ ਸੀ। ਉੱਠ ਕੇ ਬੈਠ ਗਈ।
”ਆਥਣ ਨੂੰ ਮੁੜ ਆਊਂਗਾ। ਮੈਂ ਰੇਡੀਓ ਵਿੱਚ ਬੋਲਣੈ।” ਮੈਂ ਚੰਗੇ ਲਹਿਜ਼ੇ ਵਿਚ ਬੋਲਿਆ।
ਉਹ ਜਿਵੇਂ ਮੁਸਕਰਾਈ ਹੋਵੇ, ਕਹਿੰਦੀ, ‘ਵਿੱਚੰਗਾ ਫੇਰ।”
ਰਿਕਾਰਡਿੰਗ ਕੁਝ ਲੇਟ ਹੋਈ ਸੀ। ਉਨ੍ਹਾਂ ਦਿਨਾਂ ਵਿਚ ਬੱਸਾਂ ਦਾ ਸਿਲਸਿਲਾ ਵੀ ਠੀਕ ਨਹੀਂ ਸੀ। 1982 ਦੀ ਗੱਲ ਹੈ। ਪੰਜਾਬ ਦੇ ਹਾਲਾਤ ਦਿਨੋ-ਦਿਨ ਖ਼ਰਾਬ ਹੋ ਰਹੇ ਸਨ। ਮੈਂ ਨੌਂ ਵਜੇ ਰਾਤ ਨੂੰ ਘਰ ਵੜਿਆ। ਗੇਟ ਖੋਲ੍ਹ ਕੇ ਜਿਉਂ ਹੀ ਅੰਦਰ ਝਾਕਿਆ, ਬੈਠਕ ਦੇ ਬਾਰ ਅੱਗੇ ਜੁੱਤੀਆਂ ਹੀ ਜੁੱਤੀਆਂ ਸਨ। ਬੰਦੇ ਮੈਨੂੰ ਨਹੀਂ ਦਿਸੇ। ਜੁੱਤੀਆਂ ਤੋਂ ਅੰਦਾਜ਼ਾ ਲਾਇਆ ਕਿ ਭਾਣਾ ਤਾਂ ਬੀਤ ਗਿਆ ਹੈ। ਘਰ ਦੇ ਬੰਦੇ ਮੈਨੂੰ ਦੇਖ ਕੇ ਰੋਣ ਲੱਗੇ। ਮੈਂ ਸੁੰਨ ਦਾ ਸੁੰਨ ਰਹਿ ਗਿਆ।
ਸ਼ੋਭਾ ਨੇ ਦੱਸਿਆ ਕਿ ਜਦੋਂ ਮੈਂ ਸਵੇਰੇ ਘਰੋਂ ਤੁਰਿਆ ਹਾਂ, ਚੇਤਨਾ ਆਰਾਮ ਨਾਲ ਪਈ ਹੋਈ ਸੀ। ਪਰ ਕੁਝ ਵੀ ਖਾਧਾ ਪੀਤਾ ਨਹੀਂ ਸੀ। ਦੁਪਹਿਰੇ ਜਿਹੇ ਉਲਟੀ ਆਈ ਸੀ। ਉਲਟੀ ਵਿਚ ਖੂਨ ਦੀਆਂ ਗੰਢਾਂ ਸਨ। ਉਹਨੇ ਉਹਦਾ ਮੂੰਹ ਧੋਤਾ ਸੀ। ਚੇਤਨਾ ਨੇ ਪਾਣੀ ਦੀ ਇਕ ਘੁੱਟ ਅੰਦਰ ਵੀ ਲੰਘਾਈ। ਪੈ ਗਈ, ਮੁੜ ਕੇ ਨਹੀਂ ਜਾਗੀ। ਕੁਝ ਦੇਰ ਬਾਅਦ ਉਹਦੇ ਵਿਚ ਸਾਹ ਨਹੀਂ ਸਨ। ਆਰਤੀ, ਕਰਾਂਤੀਪਾਲ ਤੇ ਸ਼ੋਭਾ ਨੇ ਉਹਨੂੰ ਮੰਜੇ ਤੋਂ
ਉਤਾਰ ਲਿਆ ਅਤੇ ਫਰਸ਼ ਉੱਤੇ ਪਾ ਦਿੱਤਾ। ਘਰ ਵਿਚ ਹਾਏ-ਵਿਰਲਾਪ ਸੀ। ਗੁਆਂਢੀ ਆ ਗਏ। ਧੌਲਿਓਂ ਨਵਜੋਸ਼ ਮੇਰਾ ਭਾਈ ਆ ਗਿਆ। ਰਿਸ਼ਤੇਦਾਰ ਆ ਗਏ। ਦਿਨ ਛਿਪਦਾ ਦੇਖ ਕੇ ਸਭ ਨੇ ਮੈਨੂੰ ਨਹੀਂ ਉਡੀਕਿਆ, ਉਹਦਾ ਰਾਮਬਾਗ ਵਿਚ ਜਾ ਕੇ ਦਾਹ ਸੰਸਕਾਰ ਕਰ ਦਿੱਤਾ ਗਿਆ। ਮੈਨੂੰ ਦੱਸਿਆ ਗਿਆ, ਉਹਦੀ ਮਜਲ ਵਿਚ ਸੱਤਰ ਬੰਦੇ ਸਨ-ਮੇਰੇ ਅਧਿਆਪਕ ਦੋਸਤ, ਲੇਖਕ, ਪੱਤਰਕਾਰ ਅਤੇ ਬਰਨਾਲੇ ਵਿਚ ਰਹਿੰਦੇ ਮੇਰੇ ਨਿਕਟ-ਵਰਤੀ, ਕੁਝ ਸਾਡੇ ਪਿੰਡ ਦੇ ਲੋਕ। ਮੈਂ ਹਰਿਦੁਆਰ ਜਾ ਕੇ ਉਹਦੇ ਫੁੱਲ ਗੰਗਾ ਵਿਚ ਪਾ ਕੇ ਆਇਆ। ਗਰੁੜ ਪੁਰਾਣ ਦਾ ਪਾਠ ਰੱਖਿਆ ਗਿਆ। ਭੋਗ ਪੈ ਗਿਆ। ਤੇ ਫੇਰ ਕੁਝ ਮਹੀਨਿਆਂ ਤੱਕ, ਸਾਲ ਦੋ ਸਾਲ ਵੀ ਚੇਤਨਾ ਦੀਆਂ ਗੱਲਾਂ ਹੁੰਦੀਆਂ ਰਹੀਆਂ। ਉਹਦੀਆਂ ਗੱਲਾਂ ਕਰਕੇ ਅਸੀਂ ਹੱਸਦੇ ਵੀ ਅਤੇ ਉਦਾਸ ਹੋ ਜਾਂਦੇ। ਜੱਗ ਵਿਚ ਉਹਦਾ ਕੋਈ ਸੀਰ ਨਹੀਂ ਰਹਿ ਗਿਆ ਸੀ। ਉਹ ਪੈਦਾ ਹੋ ਕੇ ਵੀ ਅਣਹੋਇਆਂ ਵਿਚ ਗਿਣੀ ਗਈ। ਜਨਮ ਲੈ ਕੇ ਵੀ ਅਣਜੰਮੀ ਸੀ।
ਮੈਂ ਚੇਤਨਾ ਦੇ ਅਹਿਸਾਸ ਨੂੰ ਲੈ ਕੇ ਖੁਸ਼ ਵੀ ਸੀ ਅਤੇ ਉਦਾਸ ਵੀ। ਖੁਸ਼ ਇਸ ਕਰਕੇ ਕਿ ਚੰਗਾ ਹੋਇਆ ਉਹ ਮੇਰੇ ਹੱਥਾਂ ਵਿਚ ਮੁੱਕ ਗਈ। ਮੇਰੀ ਮੌਤ ਬਾਅਦ ਉਹਦਾ ਪਤਾ ਨਹੀਂ ਕੀ ਹਾਲ ਹੋਣਾ ਸੀ। ਉਦਾਸ ਇਸ ਕਰਕੇ ਕਿ ਉਹ ਮੇਰੀ ਧੀ ਸੀ। ਉਹ ਵੀ ਪਰਿਵਾਰ ਦਾ ਇਕ ਜੀਅ ਸੀ। ਰਾਸ਼ਨ-ਕਾਰਡ ਵਿਚ ਉਹਦਾ ਨਾਂ ਸੀ।
ਮੇਰੇ ਕਈ ਨਾਵਲਾਂ ਵਿਚ ਅਤੇ ਕਹਾਣੀਆਂ ਵਿਚ ਸਾਡੇ ਸਾਰੇ ਟੱਬਰ ਦੇ ਪਾਤਰ ਆਏ ਹਨ। ਬਾਪੂ, ਬੇਬੇ ਤੇ ਚਾਚਾ ਨੱਥੂ ਰਾਮ ਦਾ ਕਿਰਦਾਰ। ਕਿਧਰੇ ਨਵਜੋਸ਼ ਵੀ ਹੋਵੇਗਾ। ਕਰਾਂਤੀਪਾਲ, ਸਨੇਹਪਾਲ, ਆਰਤੀ ਅਤੇ ਉਨ੍ਹਾਂ ਦੀ ਮਾਂ ਭਾਗਵੰਤੀ। ਸ਼ੋਭਾ ਦਾ ਪਾਤਰ ਵੀ। ਇਥੋਂ ਤੱਕ ਕਿ ਮੈਂ ਆਪਣੇ ਸੀਰੀਆਂ-ਪਾਲੀਆਂ ਦਾ ਕਰੈਕਟਰ ਵੀ ਪੇਸ਼ ਕੀਤਾ ਹੈ
ਖੇਤੀ ਦਾ ਕੰਮ ਕਰਨ ਵੇਲੇ ਦੇ ਦੋ ਬਲਦਾਂ ਦਾ ਵੀ। ਪਰ ਚੇਤਨਾ ਮੇਰੇ ਲਈ ਅਜਿਹਾ ਇਕ ਅਹਿਸਾਸ, ਜਿਵੇਂ ਇਹ ਕੋਈ ਵੀ ਅਹਿਸਾਸ ਨਾ ਹੋਵੇ। ਉਹ ਕਦੇ ਵੀ ਮੇਰੇ ਕਿਸੇ ਨਾਵਲ ਜਾਂ ਕਹਾਣੀ ਵਿਚ ਨਹੀਂ ਆ ਸਕੀ। ਮੇਰੇ ਵਿਚ ਹਿੰਮਤ ਹੀ ਨਹੀਂ ਸੀ ਕਿ ਉਹਦਾ ਕਿਧਰੇ ਜ਼ਿਕਰ ਕਰਦਾ। ਕਰਦਾ ਵੀ ਤਾਂ ਕੀ ਕਰਦਾ। ਕਿਵੇਂ ਕਰਦਾ? ਹਾਂ-ਮੈਂ ਆਪਣੀ ਸਵੈਜੀਵਨੀ ‘ਮਲ੍ਹੇਝਾੜੀਆਂ’ ਵਿਚ ਜ਼ਰੂਰ ਉਹਦਾ ਥੋੜ੍ਹਾ ਮੋਟਾ ਜ਼ਿਕਰ ਕੀਤਾ ਹੈ ਤੇ ਬੱਸ।
‘ਹੁਣ’ ਦੇ ਅੰਕ 3 ਵਿਚੋਂ ਧੰਨਵਾਦ ਸਹਿਤ