ਭਾਰਤ ਦੀ ਅੱਧੀ ਕੰਮਕਾਜੀ ਆਬਾਦੀ ਕਰਜ਼ਦਾਰ

ਮੁੰਬਈ : ਕਰੈਡਿਟ ਇਨਫਰਮੇਸ਼ਨ ਕੰਪਨੀ (ਸੀ.ਆਈ.ਸੀ.) ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਦੀ ਕੁੱਲ 40 ਕਰੋੜ ਕੰਮਕਾਜੀ ਆਬਾਦੀ ਦੇ ਕਰੀਬ ਅੱਧੇ ਲੋਕ ਕਰਜ਼ਦਾਰ ਹਨ, ਜਿਨ੍ਹਾਂ ਨੇ ਘੱਟੋ-ਘੱਟ ਕਰਜ਼ਾ ਲਿਆ ਹੈ ਜਾਂ ਉਨ੍ਹਾਂ ਕੋਲ ਕਰੈਡਿਟ ਕਾਰਡ ਹੈ।
ਟਰਾਂਸਯੂਨੀਅਨ ਸਿਬਿਲ ਦੀ ਰਿਪੋਰਟ ਮੁਤਾਬਕ, ਕਰਜ਼ਾ ਸੰਸਥਾਵਾਂ ਤੇਜ਼ੀ ਨਾਲ ਨਵੇਂ ਗਾਹਕਾਂ ਤੱਕ ਪਹੁੰਚ ਬਣਾ ਰਹੀਆਂ ਹਨ ਕਿਉਂਕਿ ਇਨ੍ਹਾਂ ਸੰਸਥਾਵਾਂ ਦੇ ਅੱਧੋਂ ਵੱਧ ਕਰਜ਼ਦਾਰ ਬੈਂਕ ਦੇ ਮੌਜੂਦਾ ਗਾਹਕ ਹੀ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਨਵਰੀ 2021 ਤੱਕ ਭਾਰਤ ਦੀ ਕੁੱਲ ਕੰਮਕਾਜੀ ਆਬਾਦੀ 40.07 ਕਰੋੜ ਸੀ ਜਦਕਿ ਖੁਦਰਾ ਕਰਜ਼ਾ ਬਾਜ਼ਾਰ ਵਿਚ 20 ਕਰੋੜ ਲੋਕਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਕਰਜ਼ਾ ਲਿਆ ਹੈ।
ਸੀ.ਆਈ.ਸੀ. ਦੇ ਅੰਕੜਿਆਂ ਮੁਤਾਬਕ, ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿਚ 18-33 ਸਾਲ ਦੀ ਉਮਰ ਦੇ 40 ਕਰੋੜ ਲੋਕਾਂ ਵਿਚਾਲੇ ਕਰਜ਼ਾ ਬਾਜ਼ਾਰ ਦੇ ਵਾਧੇ ਦੀਆਂ ਸੰਭਾਵਨਾਵਾਂ ਹਨ ਅਤੇ ਇਸ ਸ਼੍ਰੇਣੀ ਵਿਚ ਕਰਜ਼ੇ ਦਾ ਪਾਸਾਰ ਸਿਰਫ਼ 8 ਫ਼ੀਸਦੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਿਊ ਟੂ ਕਰੈਡਿਟ (ਐਨ.ਟੀ.ਸੀ.) ਵਿਚ ਨਿੱਜੀ ਕਰਜ਼ਾ ਅਤੇ ਖਪਤਕਾਰ ਡਿਊਰੇਬਲ ਲੋਨ ਸਮੇਤ ਉਤਪਾਦਾਂ ਲਈ 30 ਸਾਲ ਤੋਂ ਘੱਟ ਉਮਰ ਦੇ ਉਤਪਾਦਾਂ ਅਤੇ ਟਿਅਰ-1 ਸ਼ਹਿਰਾਂ ਦੇ ਬਾਹਰ ਰਹਿਣ ਵਾਲੇ ਲੋਕਾਂ ਲਈ ਉੱਚ ਤਰਜੀਹ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਨ.ਟੀ.ਸੀ. ਸ਼੍ਰੇਣੀ ਵਿਚ ਮਹਿਲਾ ਕਰਮਚਾਰੀ ਦੀ ਗਿਣਤੀ ਘੱਟ ਹੈ। ਆਟੋ ਲੋਨ ਵਿਚ ਮਹਿਲਾ ਕਰਜ਼ਦਾਰ ਸਿਰਫ਼ 15 ਫ਼ੀਸਦੀ ਹਨ। ਹੋਮ ਲੋਨ ਵਿਚ 31 ਫ਼ੀਸਦੀ, ਨਿੱਜੀ ਲੋਨ ਵਿਚ 22 ਫ਼ੀਸਦੀ ਅਤੇ ਕੰਜ਼ਿਊਮਰ ਡਿਊਰੇਬਲ ਲੋਨ ਵਿਚ ਔਰਤਾਂ ਕਰਜ਼ਦਾਰਾਂ ਦੀ ਗਿਣਤੀ 25 ਫ਼ੀਸਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੀ.ਆਈ.ਸੀ. ਦੇ ਅੰਕੜਿਆਂ ਤੋਂ ਇਹ ਵੀ ਪਤਾ ਚਲਦਾ ਹੈ ਕਿ ਐਨ.ਟੀ.ਸੀ. ਖਪਤਕਾਰ ਅਜਿਹੀਆਂ ਕਰੈਡਿਟ ਸੰਸਥਾਵਾਂ ਪ੍ਰਤੀ ਉੱਚ ਨਿਸ਼ਠਾ ਦਿਖਾਉਂਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਪਹਿਲੀ ਵਾਰ ਕਰਜ਼ਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਕ ਦਹਾਕੇ ਵਿਚ ਬੈਂਕਾਂ ਨੇ ਖੁਦਰਾ ਕਰਜ਼ਾ ਨੂੰ ਤਰਜੀਹ ਦਿੱਤੀ ਹੈ ਪਰ ਕਰੋਨਾ ਤੋਂ ਬਾਅਦ ਇਸ ਸ਼੍ਰੇਣੀ ਵਿਚ ਲਚਕੀਲਾਪਣ ਦੇਖਿਆ ਜਾ ਰਿਹਾ ਹੈ।