ਦਿਲਦਾਰ, ਬਣ ਵੰਗਾਰ

-ਇੰਦਰਜੀਤ ਚੁਗਾਵਾਂ

ਦਿਲਦਾਰ ਏਂ
ਦੀਦਾਰ ਦੇ
ਮਹਿਬੂਬ ਏੰ
ਪਿਆਰ ਦੇ
ਇਸ਼ਕ ਐ
ਕਰਾਰ ਦੇ !

ਆਸਰਾ ਕਿਉਂ ਭਾਲ਼ੇਂ?

ਗਵਾਰਾ ਨਹੀਂ
ਤੇਰਾ ਵੇਲ ਬਣਨਾ
ਉੱਠ, ਬਣ ਚੰਡੀ
ਭਰ ਹੁੰਕਾਰ
ਹਰ ਵੰਗਾਰ ਨੂੰ
ਵੰਗਾਰ ਦੇ !

ਜਮਘਟਾ ਬਹੁਤ ਐ

ਆਣ ਪਈ ਸਿਰ ‘ਤੇ
ਲਾਹੁਣੇ ਨੇ ਸੱਥਰ
ਬੈਠਣ ਦਾ ਨਹੀਂ ਸਮਾਂ
ਤੂੰ ਮੇਰੇ ਹੱਥ ਬੱਸ
ਕਲਮ ਕਟਾਰ ਦੇ !

ਜ਼ਰਾ ਕੁ ਠਹਿਰ

ਗਾਵਾਂਗੇ ਆਪਾਂ ਵੀ
ਮੁਹੱਬਤ ਦੇ ਨਗ਼ਮੇ
ਲਹਿਰਾਅ ਪੱਲੂ
ਮੇਰੀ ਕਲਪਨਾ ਨੂੰ
ਜ਼ਰਾ ਹੋਰ
ਉੱਚੀ ਉਡਾਰ ਦੇ !

ਰੁੱਸ ਨਾ
ਇਹ ਜ਼ਿੰਦਗੀ ਐ
ਜ਼ੁਲਫ ਸੰਵਾਰ
ਇਹਨੂੰ ਨਿਹਾਰ
ਬਾਹਾਂ ‘ਚ ਭਰ
ਏਸ ਨੂੰ ਦੁਲਾਰ ਦੇ !